ਜਾਣੋ ਨਵੇਂ ਸਾਲ ITR-1 ਫਾਰਮ 'ਚ ਕਿਹੜੇ ਹੋਏ ਵੱਡੇ ਬਦਲਾਅ

01/07/2020 1:20:43 PM

ਨਵੀਂ ਦਿੱਲੀ — ਸਰਕਾਰ ਆਮ ਤੌਰ ’ਤੇ ਹਰ ਸਾਲ ਅਪ੍ਰੈਲ ਮਹੀਨੇ ਵਿਚ ਆਮਦਨ ਕਰ ਰਿਟਰਨ ਭਰਨ ਦੇ ਫ਼ਾਰਮ ਦਾ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਪਰ ਸਰਕਾਰ ਨੇ ਇਸ ਵਾਰ ਮੁਲਾਂਕਣ ਸਾਲ 2020-21 ਲਈ 3 ਜਨਵਰੀ ਨੂੰ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਮੌਜੂਦਾ ਵਿਵਸਥਾ ਅਨੁਸਾਰ 50 ਲੱਖ ਰੁਪਏ ਤੱਕ ਦੀ ਸਾਲਾਨਾ ਕਮਾਈ ਕਰਨ ਵਾਲੇ ਆਮ ਨਿਵਾਸੀ ਆਈ.ਟੀ.ਆਰ.-1 ਸਹਿਜ ਫ਼ਾਰਮ ਭਰ ਸਕਦੇ ਹਨ। ਇਸੇ ਤਰ੍ਹਾਂ ਵਪਾਰਕ ਅਤੇ ਪੇਸ਼ੇ ਤੋਂ ਹੋਣ ਵਾਲੀ ਅੰਦਾਜ਼ਨ ਅਤੇ 50 ਲੱਖ ਰੁਪਏ ਤੱਕ ਦੀ ਸਾਲਾਨਾ ਕਮਾਈ ਵਾਲੇ ਹਿੰਦੂ ਅਣਵੰਡੇ ਪਰਿਵਾਰ, ਐੱਲ. ਐੱਲ. ਪੀ. ਨੂੰ ਛੱਡ ਕੇ ਹੋਰ ਕੰਪਨੀਆਂ, ਵਿਅਕਤੀਗਤ ਕਰਦਾਤੇ ਆਈ. ਟੀ. ਆਰ.-4 ਸੁਗਮ ਵਿਚ ਰਿਟਰਨ ਭਰਦੇ ਹਨ ਪਰ ਤਾਜ਼ਾ ਜਾਰੀ ਨੋਟੀਫਿਕੇਸ਼ਨ ਮੁਤਾਬਕ ਇਸ ’ਚ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ।

ਜੇਕਰ ਕਿਸੇ ਵਿਅਕਤੀ ਕੋਲ ਘਰ ਦਾ ਸਾਂਝਾ ਮਾਲਿਕਾਨਾ ਅਧਿਕਾਰ ਹੈ ਤਾਂ ਉਹ ਆਈ.ਟੀ.ਆਰ.-1 ਜਾਂ ਆਈ.ਟੀ.ਆਰ. -4 ਵਿਚ ਆਪਣੀ ਰਿਟਰਨ ਨਹੀਂ ਭਰ ਸਕਦਾ ਹੈ। ਦੂਜੇ ਜਿਨ੍ਹਾਂ ਕੋਲ ਬੈਂਕ ਖਾਤੇ ਵਿਚ ਇਕ ਕਰੋਡ਼ ਰੁਪਏ ਤੋਂ ਜ਼ਿਆਦਾ ਜਮ੍ਹਾ ਰਾਸ਼ੀ ਹੈ, ਜਿਨ੍ਹਾਂ ਨੇ ਵਿਦੇਸ਼ ਯਾਤਰਾਵਾਂ ’ਤੇ ਦੋ ਲੱਖ ਰੁਪਏ ਖਰਚ ਕੀਤੇ ਹੈ ਅਤੇ ਸਾਲ ਵਿਚ ਇਕ ਲੱਖ ਰੁਪਏ ਜਾਂ ਇਸ ਤੋਂ ਵੱਧ ਬਿਜਲੀ ਦਾ ਬਿੱਲ ਭਰਿਆ ਹੈ, ਉਨ੍ਹਾਂ ਲਈ ਆਈ.ਟੀ.ਆਰ. -1 ਵਿਚ ਰਿਟਰਨ ਭਰਨਾ ਜਾਇਜ਼ ਨਹੀਂ ਹੋਵੇਗਾ।

ਆਮਦਨ ਟੈਕਸ ਵਿਭਾਗ ਨੇ ਵਿੱਤੀ ਸਾਲ 2019-20 ਲਈ ਆਮਦਨ ਟੈਕਸ ਰਿਟਰਨ(ITR-1) ਫਾਰਮ ਨੂੰ ਬੀਤੀ 3 ਜਨਵਰੀ 2020 ਨੂੰ ਨੋਟੀਫਾਈਡ ਕਰ ਦਿੱਤਾ। ਇਸ ਸਾਲ ITR ਫਾਰਮ-1 'ਚ ਕਈ ਤਰ੍ਹਾਂ ਦੇ ਬਦਲਾਅ ਹੋਏ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਬਦਲਾਵਾਂ ਨਾਲ ਜਾਣੂ ਕਰਵਾ ਰਹੇ ਹਾਂ ਜਿਹੜੇ ਕਿ ਤੁਹਾਡੇ ITR-1 ਫਾਰਮ 'ਚ ਦਿਖਾਈ ਦੇਣਗੇ।

1. ਪਾਸਪੋਰਟ ਵੇਰਵੇ

ਇਸ ਸਾਲ ITR-1 ਫਾਰਮ 'ਚ ਪਾਸਪੋਰਟ ਨੰਬਰ(ਜੇਕਰ ਆਮਦਨ ਟੈਕਸ ਦਾਤੇ ਕੋਲ ਉਪਲੱਬਧ ਹੋਣ) ਵੀ ਭਰਨਾ ਹੋਵੇਗਾ। ਫਾਰਮ 'ਚ ਇਹ ਨਵਾਂ ਨਿਯਮ ਜੋੜਿਆ ਗਿਆ ਹੈ। ਹਾਲਾਂਕਿ ਵਿਦੇਸ਼ ਯਾਤਰਾ 'ਤੇ 2 ਲੱਖ ਰੁਪਏ ਜਾਂ ਇਸ ਤੋਂ ਜ਼ਿਆਦਾ ਰਾਸ਼ੀ ਖਰਚ ਕਰਨ ਵਾਲੇ ਟੈਕਸ ਦਾਤੇ ITR-1 ਫਾਰਮ ਭਰਨ ਯੋਗ ਨਹੀਂ ਰਹਿਣਗੇ। ਅਜਿਹੇ ਕਰਦਾਤਿਆਂ ਨੂੰ ਦੂਜੇ ਫ਼ਾਰਮ ਵਿਚ ਰਿਟਰਨ ਭਰਨੀ ਹੋਵੇਗੀ, ਜਿਸ ਨੂੰ ਆਉਣ ਵਾਲੇ ਦਿਨਾਂ ਵਿਚ ਨੋਟੀਫਾਈ ਕੀਤਾ ਜਾਵੇਗਾ। ਸਰਕਾਰੀ ਨੋਟੀਫਿਕੇਸ਼ਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।  

2. ਰੁਜ਼ਗਾਰਦਾਤਾ ਦਾ ਟੈਨ ਨੰਬਰ

ਹੁਣ ਆਈ ਟੀ ਆਰ -1 ਫਾਰਮ ਵਿਚ, ਤੁਹਾਡੇ ਕੋਲੋਂ ਤੁਹਾਡੇ ਰੁਜ਼ਗਾਰਦਾਤਾ(ਮਾਲਕ) ਬਾਰੇ ਵਿਸਥਾਰਪੂਰਵਕ ਜਾਣਕਾਰੀ ਮੰਗੀ ਜਾਏਗੀ। ਹਾਲਾਂਕਿ ਪਿਛਲੇ ਸਾਲ ਆਈਟੀਆਰ -1 ਫਾਰਮ 'ਚ ਡਰਾਪ ਡਾਊਨ ਮੈਨਿਊ ਤੋਂ ਸਿਰਫ ਰੁਜ਼ਗਾਰ ਦੀ ਸ਼੍ਰੇਣੀ ਜਾਂ ਕਿਸਮ ਦੀ ਹੀ ਚੋਣ ਕਰਨੀ ਪੈਂਦੀ ਸੀ ਜਿਵੇਂ ਕਿ ਸਰਕਾਰੀ, ਪੀਐਸਯੂ, ਪੈਨਸ਼ਨਰ ਅਤੇ ਹੋਰ ਦੀ ਮੈਨਿਊ ਤੋਂ ਚੋਣ ਕਰਨੀ ਹੁੰਦੀ ਸੀ। ਜੇਕਰ ਤੁਹਾਡਾ ਮਾਲਕ ਟੈਕਸ (ਟੀਡੀਐਸ) ਦੀ ਕਟੌਤੀ ਕਰਦਾ ਹੈ, ਤਾਂ ਤੁਹਾਡੇ ਲਈ ਇਸ ਸਾਲ ਤੋਂ ਆਈ ਟੀ ਆਰ -1 ਭਰਦੇ ਸਮੇਂ ਟੈਕਸ ਕਟੌਤੀ ਖਾਤਾ ਨੰਬਰ (ਟੀਏਐਨ) ਦੇਣਾ ਲਾਜ਼ਮੀ ਹੋਵੇਗਾ। ਹੋਰ ਵੇਰਵਿਆਂ ਵਿਚ ਨਾਮ, ਰੁਜ਼ਗਾਰ ਦੀ ਸ਼੍ਰੇਣੀ ਅਤੇ ਮਾਲਕ ਦਾ ਪਤਾ ਦੇਣਾ ਹੋਵੇਗਾ।

3. ਕਿਰਾਏਦਾਰ ਪੈਨ ਜਾਂ ਆਧਾਰ ਨੰਬਰ

ਜੇਕਰ ਤੁਸੀਂ ਆਪਣੀ ਕੋਈ ਜਾਇਦਾਦ ਕਿਰਾਏ 'ਤੇ ਦਿੱਤੀ ਹੈ, ਤਾਂ ਤੁਹਾਨੂੰ ਆਪਣੇ ਕਿਰਾਏਦਾਰ ਦਾ ਪੈਨ ਜਾਂ ਆਧਾਰ ਨੰਬਰ ਦੇਣਾ ਹੋਵੇਗਾ ਜੇਕਰ ਉਪਲੱਬਧ ਹੋਵੇ।

4. ਆਈ.ਟੀ.ਆਰ. -1 ਲਈ ਘਟਾਏ ਗਏ ਯੋਗਤਾ ਮਾਪਦੰਡ 

ਹੁਣ ਵਿੱਤੀ ਸਾਲ 2019-20 ਦਾ ਆਈਟੀਆਰ -1 ਫਾਰਮ ਉਨ੍ਹਾਂ ਲੋਕਾਂ ਦੁਆਰਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਹੈ ਜਿਨ੍ਹਾਂ ਕੋਲ ਘਰ ਦੀ ਸਾਂਝੀ ਮਾਲਕੀ ਦਾ ਅਧਿਕਾਰ ਹੈ। ਪਿਛਲੇ ਸਾਲ ਮਕਾਨ ਦੇ ਸਾਂਝੇ ਮਾਲਕੀ ਅਧਿਕਾਰ ਰੱਖਣ ਵਾਲੇ ਲੋਕ ਵੀ ਆਈਟੀਆਰ -1 ਫਾਰਮ ਭਰ ਸਕਦੇ ਸਨ। ਇਸੇ ਤਰ੍ਹਾਂ ਇਸ ਸਾਲ ਉਹ ਲੋਕ ਵੀ ITR-1 ਫਾਰਮ ਨਹੀਂ ਭਰ ਸਕਦੇ ਹਨ ਜਿਹੜੇ ਕਿ ਕਿਸੇ ਕੰਪਨੀ ਵਿਚ ਡਾਇਰੈਕਟਰ ਹਨ ਜਾਂ ਗੈਰ-ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ ਵਿਚ ਨਿਵੇਸ਼ ਕਰਦੇ ਹਨ।

5. ਆਪਣੇ ਘਰ ਦਾ ਪੂਰਾ ਪਤਾ

ਹੁਣ ਆਈ ਟੀ ਆਰ -1 ਫਾਰਮ ਵਿਚ, ਤੁਹਾਨੂੰ ਆਪਣੇ ਘਰ ਦਾ ਪੂਰਾ ਪਤਾ ਦੇਣਾ ਹੋਵੇਗਾ।

6. ਅਣਅਧਿਕਾਰਤ ਕਿਰਾਏ ਦਾ ਵੇਰਵਾ

ਅਣਅਧਿਕਾਰਤ ਕਿਰਾਇਆ ਭਾਵ ਰਿਹਾਇਸ਼ੀ ਜਾਇਦਾਦ ਤੋਂ ਪ੍ਰਾਪਤ ਹੋਈ ਕਿਰਾਏ ਦੀ ਉਸ ਰਕਮ ਦਾ ਵੇਰਵਾ ਵੀ ਦੇਣਾ ਹੋਵੇਗਾ ਜਿਹੜਾ ਕਿ ਕਿਸੇ ਕਾਰਨ ਕਰਕੇ ਮਕਾਨ ਮਾਲਕ ਨੂੰ ਪ੍ਰਾਪਤ ਨਹੀਂ ਹੋਇਆ ਹੈ।

 


Related News