ਭਾਰਤ ਦੇ ਵਿੱਤੀ ਖੇਤਰ ਵਿੱਚ ਵੱਡੇ ਵਿਦੇਸ਼ੀ ਨਿਵੇਸ਼: ਜਾਣੋ ਹਾਲ ਹੀ ਦੇ ਮੁੱਖ ਸੌਦੇ

Thursday, Aug 13, 2026 - 02:08 PM (IST)

ਭਾਰਤ ਦੇ ਵਿੱਤੀ ਖੇਤਰ ਵਿੱਚ ਵੱਡੇ ਵਿਦੇਸ਼ੀ ਨਿਵੇਸ਼: ਜਾਣੋ ਹਾਲ ਹੀ ਦੇ ਮੁੱਖ ਸੌਦੇ

ਮੁੰਬਈ- ਭਾਰਤ ਦੇ ਵਿੱਤੀ ਖੇਤਰ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਵਿਦੇਸ਼ੀ ਬੈਂਕਾਂ ਅਤੇ ਵਿੱਤੀ ਅਦਾਰਿਆਂ ਵੱਲੋਂ ਭਾਰਤੀ ਬੈਂਕਾਂ ਅਤੇ ਲੈਂਡਿੰਗ ਕੰਪਨੀਆਂ ਵਿੱਚ ਹਿੱਸੇਦਾਰੀ ਖਰੀਦਣ ਦੇ ਕਈ ਵੱਡੇ ਸੌਦੇ ਦੇਖਣ ਨੂੰ ਮਿਲੇ ਹਨ। ਕੰਸਲਟੈਂਸੀ ਫਰਮ ਗ੍ਰਾਂਟ ਥੌਰਨਟਨ ਦੇ ਅੰਕੜਿਆਂ ਅਨੁਸਾਰ, ਸਾਲ 2025 ਵਿੱਚ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਭਾਰਤੀ ਵਿੱਤੀ ਖੇਤਰ ਵਿੱਚ ਕੁੱਲ 11.7 ਅਰਬ ਡਾਲਰ ਦਾ ਮਰਜਰ ਅਤੇ ਐਕੁਈਜ਼ੀਸ਼ਨ (M&A) ਨਿਵੇਸ਼ ਕੀਤਾ ਗਿਆ। ਜਦੋਂ ਕਿ ਇਸ ਸਾਲ ਜੂਨ ਦੇ ਅੰਤ ਤੱਕ ਹੀ 1.4 ਅਰਬ ਡਾਲਰ ਦੇ ਹੋਰ ਸੌਦੇ ਹੋ ਚੁੱਕੇ ਹਨ।

ਇੱਥੇ ਇਨ੍ਹਾਂ ਮੁੱਖ ਸੌਦਿਆਂ ਨਾਲ ਜੁੜੇ ਅਹਿਮ ਤੱਥ ਦਿੱਤੇ ਗਏ ਹਨ:

ਬੈਂਕ ਆਫ਼ ਅਮਰੀਕਾ 
ਬੈਂਕ ਆਫ਼ ਅਮਰੀਕਾ ਨੇ 'ਜੀਓ ਫਾਈਨੈਂਸ਼ੀਅਲ ਸਰਵਿਸਿਜ਼' ਦੀ ਗੈਰ-ਬੈਂਕਿੰਗ ਲੈਂਡਿੰਗ ਸ਼ਾਖਾ ਵਿੱਚ 182.68 ਅਰਬ ਰੁਪਏ (ਲਗਭਗ 1.92 ਅਰਬ ਡਾਲਰ) ਵਿੱਚ 49.9% ਤੱਕ ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ ਹੈ। ਇਸ ਨਾਲ ਬੈਂਕ ਆਫ਼ ਅਮਰੀਕਾ ਪ੍ਰੈਫਰੈਂਸ਼ੀਅਲ ਸ਼ੇਅਰਾਂ ਅਤੇ ਵਾਰੰਟਾਂ ਰਾਹੀਂ ਇਸ ਫਾਈਨੈਂਸ ਕੰਪਨੀ ਵਿੱਚ ਜੁਆਇੰਟ ਵੈਂਚਰ ਪਾਰਟਨਰ ਬਣ ਜਾਵੇਗਾ।

ਮੈਟਾ - ਕ੍ਰੈਡ 
ਜੂਨ ਮਹੀਨੇ ਵਿੱਚ ਮੈਟਾ ਨੇ ਭਾਰਤੀ ਫਿਨਟੈਕ ਸਟਾਰਟਅੱਪ 'CRED' ਵਿੱਚ 900 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ, ਜਿਸ ਨਾਲ CRED ਦਾ ਮੁਲਾਂਕਣ 4.5 ਅਰਬ ਡਾਲਰ ਤੱਕ ਪਹੁੰਚ ਗਿਆ। ਇਸ ਦੇ ਨਾਲ ਹੀ ਮੈਟਾ ਨੇ CRED ਦੇ ਸੰਸਥਾਪਕ ਕੁਣਾਲ ਸ਼ਾਹ ਨੂੰ ਗਲੋਬਲ ਪੱਧਰ 'ਤੇ ਆਪਣੇ ਮੈਸੇਜਿੰਗ ਪਲੇਟਫਾਰਮ ਵਾਟਸਐਪ ਦਾ ਹੈੱਡ ਨਿਯੁਕਤ ਕੀਤਾ।

MUFG - ਸ਼੍ਰੀਰਾਮ ਫਾਈਨੈਂਸ 
ਜਾਪਾਨ ਦੇ MUFG ਬੈਂਕ ਨੇ ਦਸੰਬਰ 2025 ਵਿੱਚ 'ਸ਼੍ਰੀਰਾਮ ਫਾਈਨੈਂਸ' ਵਿੱਚ 4.4 ਅਰਬ ਡਾਲਰ ਵਿੱਚ 20% ਹਿੱਸੇਦਾਰੀ ਖਰੀਦੀ, ਜੋ ਕਿ ਭਾਰਤ ਦੇ ਵਿੱਤੀ ਖੇਤਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਕਰਾਸ-ਬਾਰਡਰ (ਸੀਮਾ ਪਾਰ) ਨਿਵੇਸ਼ ਹੈ।

ਐਮੀਰੇਟਸ NBD - RBL ਬੈਂਕ 
ਅਕਤੂਬਰ 2025 ਵਿੱਚ ਦੁਬਈ ਸਥਿਤ 'ਐਮੀਰੇਟਸ NBD' ਬੈਂਕ ਨੇ ਭਾਰਤੀ ਨਿੱਜੀ ਖੇਤਰ ਦੇ ਬੈਂਕ 'RBL ਬੈਂਕ' ਵਿੱਚ 3 ਅਰਬ ਡਾਲਰ ਦੇ ਸੌਦੇ ਰਾਹੀਂ 60% ਹਿੱਸੇਦਾਰੀ ਖਰੀਦੀ। ਇਸ ਨਾਲ ਮਿਡਲ ਈਸਟ ਦੇ ਇਸ ਬੈਂਕ ਨੂੰ ਭਾਰਤ ਵਿੱਚ ਇੱਕ ਵੱਡਾ ਬ੍ਰਾਂਚ ਨੈੱਟਵਰਕ ਮਿਲ ਗਿਆ ਹੈ।

SMBC – ਯੈੱਸ ਬੈਂਕ 
ਮਈ 2025 ਵਿੱਚ ਜਾਪਾਨ ਦੀ 'ਸੁਮੀਤੋਮੋ ਮਿਤਸੁਈ ਬੈਂਕਿੰਗ ਕਾਰਪੋਰੇਸ਼ਨ' (SMBC) ਨੇ ਯੈੱਸ ਬੈਂਕ ਵਿੱਚ 1.6 ਅਰਬ ਡਾਲਰ ਵਿੱਚ 20% ਹਿੱਸੇਦਾਰੀ ਖਰੀਦਣ 'ਤੇ ਸਹਿਮਤੀ ਜਤਾਈ ਸੀ। ਇਸ ਤੋਂ ਬਾਅਦ ਸਤੰਬਰ ਵਿੱਚ 4.99% ਹਿੱਸੇਦਾਰੀ ਹੋਰ ਖਰੀਦੀ ਗਈ।

ਬਲੈਕਸਟੋਨ - ਫੈਡਰਲ ਬੈਂਕ 
ਪ੍ਰਾਈਵੇਟ ਇਕੁਇਟੀ ਫਰਮ ਬਲੈਕਸਟੋਨ ਨੇ ਅਕਤੂਬਰ 2025 ਵਿੱਚ ਸਿੰਗਾਪੁਰ ਸਥਿਤ ਆਪਣੀ ਸਹਿਯੋਗੀ ਕੰਪਨੀ ਰਾਹੀਂ 'ਫੈਡਰਲ ਬੈਂਕ' ਵਿੱਚ 9.9% ਹਿੱਸੇਦਾਰੀ ਲਈ 61.97 ਅਰਬ ਰੁਪਏ (705.05 ਮਿਲੀਅਨ ਡਾਲਰ) ਦਾ ਨਿਵੇਸ਼ ਕੀਤਾ।

IHC – ਸੰਮਾਨ ਕੈਪੀਟਲ 
ਅਬੂ ਧਾਬੀ ਦੀ 'ਇੰਟਰਨੈਸ਼ਨਲ ਹੋਲਡਿੰਗ ਕੰਪਨੀ' (IHC) ਨੇ ਅਕਤੂਬਰ 2025 ਵਿੱਚ ਹਾਊਸਿੰਗ ਲੋਨ 'ਤੇ ਕੇਂਦਰਿਤ ਗੈਰ-ਬੈਂਕ ਲੈਂਡਰ 'ਸੰਮਾਨ ਕੈਪੀਟਲ' ਵਿੱਚ 43.5% ਹਿੱਸੇਦਾਰੀ ਲਈ ਲਗਭਗ 1 ਅਰਬ ਡਾਲਰ ਦਾ ਨਿਵੇਸ਼ ਕੀਤਾ।

ਵਾਰਬਰਗ ਪਿੰਕਸ, ADIA – IDFC ਫਰਸਟ ਬੈਂਕ 
ਅਪ੍ਰੈਲ 2025 ਵਿੱਚ ਵਾਰਬਰਗ ਪਿੰਕਸ ਅਤੇ 'ਅਬੂ ਧਾਬੀ ਇਨਵੈਸਟਮੈਂਟ ਅਥਾਰਟੀ' (ADIA) ਨੇ ਕਨਵਰਟੀਬਲ ਪ੍ਰੈਫਰੈਂਸ ਸ਼ੇਅਰਾਂ ਰਾਹੀਂ 'IDFC ਫਰਸਟ ਬੈਂਕ' ਵਿੱਚ 877 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ।

ਬੇਨ ਕੈਪੀਟਲ – ਮਨੱਪੁਰਮ ਫਾਈਨੈਂਸ 
ਮਾਰਚ 2025 ਵਿੱਚ ਬੇਨ ਕੈਪੀਟਲ ਨੇ ਗੋਲਡ ਲੋਨ ਕੰਪਨੀ 'ਮਨੱਪੁਰਮ ਫਾਈਨੈਂਸ' ਵਿੱਚ 508 ਮਿਲੀਅਨ ਡਾਲਰ ਵਿੱਚ 18% ਹਿੱਸੇਦਾਰੀ ਖਰੀਦਣ 'ਤੇ ਸਹਿਮਤੀ ਜਤਾਈ।

ਬਜਾਜ ਗਰੁੱਪ - ਅਲਾਇੰਜ਼ 
ਮਾਰਚ 2025 ਵਿੱਚ ਭਾਰਤ ਦੇ ਬਜਾਜ ਗਰੁੱਪ ਨੇ ਆਪਣੀਆਂ ਦੋ ਜੁਆਇੰਟ ਵੈਂਚਰ ਫਰਮਾਂ—ਬਜਾਜ ਅਲਾਇੰਜ਼ ਜਨਰਲ ਇੰਸ਼ੋਰੈਂਸ ਅਤੇ ਬਜਾਜ ਅਲਾਇੰਜ਼ ਲਾਈਫ ਇੰਸ਼ੋਰੈਂਸ—ਵਿੱਚ ਆਪਣੀ ਭਾਈਵਾਲ ਕੰਪਨੀ ਅਲਾਇੰਜ਼ (Allianz) ਤੋਂ 2.8 ਅਰਬ ਡਾਲਰ ਵਿੱਚ 26% ਹਿੱਸੇਦਾਰੀ ਵਾਪਸ ਖਰੀਦ ਕੇ ਦਹਾਕੇ ਪੁਰਾਣੀ ਭਾਈਵਾਲੀ ਖਤਮ ਕਰ ਦਿੱਤੀ।
 


author

Tarsem Singh

Content Editor

Related News