ਇਕ ‘ਕਲਿੱਕ’ ’ਤੇ ਹੋਵੇਗਾ ਬੀਮਾ ਦਾਅਵਿਆਂ ਦਾ ਨਿਪਟਾਰਾ!

02/16/2020 7:53:23 AM

ਕੋਲਕਾਤਾ— ਸਿਹਤ ਬੀਮੇ ਦੇ ਦਾਅਵਿਆਂ ਦਾ ਨਿਪਟਾਰਾ ਜਲਦ ਹੀ ਇਕ ‘ਕਲਿੱਕ’ ’ਤੇ ਹੋਵੇਗਾ। ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਆਈ. ਆਰ. ਡੀ. ਏ. ਆਈ.) ਇਸ ਪ੍ਰਕਿਰਿਆ ਲਈ ਸਾਂਝਾ ਪੋਰਟਲ ਬਣਾਉਣ ਦਾ ਪ੍ਰਸਤਾਵ ਕਰ ਰਿਹਾ ਹੈ। ਉਦਯੋਗ ਸੰਗਠਨ ਐਸੋਚੈਮ ਵੱਲੋਂ ਆਯੋਜਿਤ ਇਕ ਪ੍ਰੋਗਰਾਮ ’ਚ ਆਈ. ਆਰ. ਡੀ. ਏ. ਆਈ. ਦੀ ਮੈਂਬਰ (ਗੈਰ-ਜੀਵਨ ਬੀਮਾ) ਟੀ. ਐੱਲ. ਅਲਾਮੇਲੂ ਨੇ ਕਿਹਾ ਕਿ ਰੈਗੂਲੇਟਰੀ ਚਾਹੁੰਦੀ ਹੈ ਕਿ ਸਿਹਤ ਬੀਮਾ ਨਾਲ ਜੁਡ਼ੇ ਸਾਰੇ ਹਿੱਤਧਾਰਕਾਂ-ਬੀਮਾਕਰਤਾ, ਬੀਮਿਤ ਵਿਅਕਤੀ ਦੇ ਨਾਲ-ਨਾਲ ਹਸਪਤਾਲਾਂ ਨੂੰ ਇਕੱਠੇ ਲਿਆਂਦਾ ਜਾਵੇ ਅਤੇ ਇਕ ਸਮਾਂਬੱਧ ਤੇ ਮਾਪਦੰਡਾਂ ਅਨੁਸਾਰ ਦਾਅਵਾ ਨਿਪਟਾਰਾ ਪ੍ਰਕਿਰਿਆ ਬਣਾਈ ਜਾਵੇ। ਬੀਮਾ ਰੈਗੂਲੇਟਰੀ ਨੇ ਇਸ ਮਾਮਲੇ ’ਤੇ ਵਿਚਾਰ ਕਰਨ ਲਈ ਇਕ ਕਮੇਟੀ ਦਾ ਵੀ ਗਠਨ ਕੀਤਾ ਹੈ ਅਤੇ ਇਸ ਮੰਚ ਨੂੰ ਇੰਸ਼ੋਰੈਂਸ ਇਨਫਾਰਮੈਟਿਕਸ ਬਿਊਰੋ ਵੱਲੋਂ ਵਿਕਸਿਤ ਕੀਤਾ ਜਾਵੇਗਾ।

 

ਅਲਾਮੇਲੂ ਨੇ ਕਿਹਾ ਕਿ ਇਸ ਨਾਲ ਸਿਹਤ ਬੀਮਾ ਦੇ ਦਾਅਵਿਆਂ ਦੇ ਨਿਪਟਾਰੇ ਦੇ ਤਰੀਕਿਆਂ ’ਚ ਥੋੜ੍ਹਾ ਬਦਲਾਅ ਆਉਣ ਦੀ ਉਮੀਦ ਹੈ। ਮੌਜੂਦਾ ਸਮੇਂ ਵਿਵਸਥਾ ’ਚ ਦਾਅਵਿਆਂ ਦਾ ਨਿਪਟਾਰਾ ਥਰਡ ਪਾਰਟੀ ਪ੍ਰਸ਼ਾਸਕ (ਟੀ. ਪੀ. ਏ.) ਜਾਂ ਇਨ-ਹਾਊਸ ਦਾਅਵਾ ਨਿਪਟਾਰਾ ਟੀਮ ਰਾਹੀਂ ਕੀਤਾ ਜਾਂਦਾ ਹੈ। ਇਸ ’ਚ ਆਮ ਤੌਰ ’ਤੇ ਦਾਅਵੇ ਦਾ ਨਿਪਟਾਰਾ ਕਰਨ ’ਚ ਕਰੀਬ ਇਕ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਦੋਵੇਂ ਹੀ ਪ੍ਰਕਿਰਿਆਵਾਂ ਦੇ ਆਪਣੇ ਗੁਣ-ਦੋਸ਼ ਹਨ। ਉਦਾਹਰਣ ਲਈ ਨਕਦ ਰਹਿਤ (ਕੈਸ਼ਲੈੱਸ) ਨਿਪਟਾਰੇ ’ਚ ਟੀ. ਪੀ. ਏ. ਦਾ ਹਸਪਤਾਲਾਂ ਨਾਲ ਗੱਠਜੋਡ਼ ਰਹਿੰਦਾ ਹੈ, ਜਿਸ ਨਾਲ ਨਿਪਟਾਰਾ ਦੀ ਪ੍ਰਕਿਰਿਆ ਸਰਲ ਹੁੰਦੀ ਹੈ। ਇਨ-ਹਾਊਸ ਨਿਪਟਾਰੇ ’ਚ ਦਾਅਵੇ ਦੇ ਨਿਪਟਾਰੇ ’ਚ ਘੱਟ ਸਮਾਂ ਲੱਗਦਾ ਹੈ ਕਿਉਂਕਿ ਇਸ ’ਚ ਬੀਮਾਕਰਤਾ ਅਤੇ ਬੀਮਿਤ ਵਿਅਕਤੀ ’ਚ ਸਿੱਧੀ ਗੱਲਬਾਤ ਹੁੰਦੀ ਹੈ। ਜ਼ਿਕਰਯੋਗ ਹੈ ਕਿ ਆਈ. ਆਰ. ਡੀ. ਏ. ਆਈ. ਪਿਛਲੇ ਕੁਝ ਸਮੇਂ ਤੋਂ ਸਿਹਤ ਬੀਮਾ ਨੂੰ ਮਿਆਰੀਕਰਨ ਕਰਨ ਦੀ ਦਿਸ਼ਾ ’ਚ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਰੈਗੂਲੇਟਰੀ ਗਾਹਕਾਂ ਨੂੰ ਆਪਣੀ ਪਸੰਦ ਦਾ ਟੀ. ਪੀ. ਏ. ਚੁਣਨ ਦੀ ਵੀ ਸਹੂਲਤ ਦੇਣ ਦੀ ਯੋਜਨਾ ਬਣਾ ਰਿਹਾ ਹੈ।


Related News