ਭਾਰਤੀ ਸ਼ੇਅਰ ਬਾਜ਼ਾਰ ਵੱਖ-ਵੱਖ ਝਟਕਿਆਂ ਨੂੰ ਝੱਲਣ ਵਿਚ ਸਮਰੱਥ : ਸੇਬੀ ਚੇਅਰਮੈਨ
Tuesday, May 19, 2026 - 12:12 AM (IST)
ਭੁਵਨੇਸ਼ਵਰ, (ਭਾਸ਼ਾ)- ਬਾਜ਼ਾਰ ਰੈਗੂਲੇਟਰ ਸੇਬੀ ਦੇ ਚੇਅਰਮੈਨ ਤੁਹਿਨ ਕਾਂਤ ਪਾਂਡੇ ਨੇ ਕਿਹਾ ਕਿ ਪੱਛਮੀ ਏਸ਼ੀਆ ਵਿਚ ਜਾਰੀ ਸੰਘਰਸ਼ ਕਾਰਨ ਵਿਸ਼ਵਵਿਆਪੀ ਵਿੱਤੀ ਬਾਜ਼ਾਰਾਂ ਵਿਚ ਉਤਰਾਅ-ਚੜ੍ਹਾਅ ਵਧਿਆ ਹੈ ਪਰ ਭਾਰਤੀ ਸ਼ੇਅਰ ਬਾਜ਼ਾਰ ਵੱਖ-ਵੱਖ ਤਰ੍ਹਾਂ ਦੇ ਝਟਕੇ ਝੱਲਣ ਵਿਚ ਸਮਰੱਥ ਹੈ। ਪਾਂਡੇ ਨੇ ਇੱਥੇ ਆਯੋਜਿਤ 'ਖੇਤਰੀ ਨਿਵੇਸ਼ਕ ਜਾਗਰੂਕਤਾ ਸੈਮੀਨਾਰ' ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਪੈਦਾ ਹੋਣ ਵਾਲੇ ਸੰਕਟ ਦਾ ਅਸਰ ਦੂਜੀਆਂ ਅਰਥਵਿਵਸਥਾਵਾਂ ’ਤੇ ਵੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਦੇ ਮੌਜੂਦਾ ਸੰਘਰਸ਼ ਨਾਲ ਤੇਲ ਸਪਲਾਈ ਚੇਨ ਅਤੇ ਕੀਮਤਾਂ ਪ੍ਰਭਾਵਿਤ ਹੋਈਆਂ ਹਨ, ਜਿਸ ਨਾਲ ਵਿਸ਼ਵ ਪੱਧਰ ’ਤੇ ਮਹਿੰਗਾਈ ਦਾ ਖ਼ਤਰਾ ਵਧਿਆ ਹੈ।
ਉਨ੍ਹਾਂ ਕਿਹਾ ਕਿ ਇਸ ਸਥਿਤੀ ਦਾ ਅਸਰ ਸਾਰੀਆਂ ਅਰਥਵਿਵਸਥਾਵਾਂ ’ਤੇ ਪਿਆ ਹੈ ਅਤੇ ਅੱਗੇ ਚੱਲ ਕੇ ਇਸ ਦੇ ਪ੍ਰਭਾਵ ਦਾ ਅਸਰ ਹੋਰ ਵੀ ਦੇਖਣ ਨੂੰ ਮਿਲੇਗਾ। ਹਾਲਾਂਕਿ, ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਦੇ ਮੁਖੀ ਨੇ ਭਾਰਤੀ ਬਾਜ਼ਾਰ ਦੀ ਮਜ਼ਬੂਤੀ ’ਤੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਇਹ ਇਸ ਤਰ੍ਹਾਂ ਦੇ ਝਟਕਿਆਂ ਨੂੰ ਬਰਦਾਸ਼ਤ ਕਰ ਲੈਂਦਾ ਹੈ ਅਤੇ ਸਥਿਤੀ ਆਮ ਵਾਂਗ ਹੋਣ ’ਤੇ ਫਿਰ ਤੋਂ ਆਪਣੀ ਕੁਦਰਤੀ ਚਾਲ ਫੜ ਲੈਂਦਾ ਹੈ।
ਪਾਂਡੇ ਨੇ ਇਹ ਵੀ ਸਵੀਕਾਰ ਕੀਤਾ ਕਿ ਸਤੰਬਰ, 2024 ਤੋਂ ਬਾਅਦ ਵਿਦੇਸ਼ੀ ਪੋਰਟਫੋਲੀਓ ਨਿਵੇਸ਼ (ਐੱਫ.ਪੀ.ਆਈ.) ਵਿਚ ਕੁਝ ਨਿਕਾਸੀ ਦੇਖੀ ਗਈ ਹੈ ਪਰ ਘਰੇਲੂ ਨਿਵੇਸ਼ਕਾਂ ਦਾ ਭਰੋਸਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ’ਤੇ ਬਾਜ਼ਾਰ ਆਪਸ ਵਿਚ ਜੁੜੇ ਹੋਏ ਹਨ, ਇਸ ਲਈ ਉਤਰਾਅ-ਚੜ੍ਹਾਅ ਦੀ ਸਥਿਤੀ ਹੋਣਾ ਸੁਭਾਵਿਕ ਹੈ।
