ਇਹ ਹਨ ਟਾਪ-5 ਸਸਤੇ ਸਮਾਰਟ ਫੋਨ, ਜਿਨ੍ਹਾਂ ਦੇ ਲੋਕ ਹੋਏ ਦੀਵਾਨੇ
Friday, Oct 27, 2017 - 03:43 PM (IST)
ਨਵੀਂ ਦਿੱਲੀ— ਸਸਤੇ ਸਮਾਰਟ ਫੋਨ ਅਤੇ 4ਜੀ ਸੇਵਾਵਾਂ ਦੇ ਦਮ 'ਤੇ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਮਾਰਟ ਫੋਨ ਬਾਜ਼ਾਰ ਬਣ ਕੇ ਉਭਰਿਆ ਹੈ। ਹੁਣ ਭਾਰਤ ਸਿਰਫ ਚੀਨ ਤੋਂ ਹੀ ਪਿੱਛੇ ਹੈ, ਜਦੋਂ ਕਿ ਅਮਰੀਕਾ ਤੀਜੇ ਨੰਬਰ 'ਤੇ ਖਿਸਕ ਗਿਆ ਹੈ। ਭਾਰਤ 'ਚ ਇਸ ਸਮੇਂ 100 ਮੋਬਾਇਲ ਬਰਾਂਡ ਕਾਰੋਬਾਰ ਕਰ ਰਹੇ ਹਨ। ਰਿਪੋਰਟ ਮੁਤਾਬਕ, ਤੀਜੀ ਤਿਮਾਹੀ 'ਚ ਭਾਰਤ 'ਚ 4 ਕਰੋੜ ਸਮਾਰਟ ਫੋਨਾਂ ਦਾ ਕੋਰਾਬਰ ਹੋਇਆ ਹੈ। ਉੱਥੇ ਹੀ, ਟਾਪ-5 ਸਮਾਰਟ ਫੋਨਾਂ 'ਚ ਸੈਮਸੰਗ, ਸ਼ਿਓਮੀ, ਵੀਵੋ, ਓਪੋ ਅਤੇ ਲੇਨੋਵੋ ਦੇ ਫੋਨ ਹਨ, ਜੋ ਕਿ ਭਾਰਤ 'ਚ ਕੁਲ ਬਾਜ਼ਾਰ ਦਾ 75 ਫੀਸਦੀ ਹਨ। ਸ਼ਿਓਮੀ ਆਪਣੇ 15 ਤੋਂ 20 ਹਜ਼ਾਰ ਦੀ ਕੀਮਤ ਵਾਲੇ ਸਮਾਰਟ ਫੋਨਾਂ ਦੇ ਦਮ 'ਤੇ ਇਕ ਸਾਲ ਤੋਂ ਵੀ ਘੱਟ ਸਮੇਂ 'ਚ ਸੈਮਸੰਗ ਨੂੰ ਪਿੱਛ ਛੱਡ ਸਕਦਾ ਹੈ। ਸਸਤੇ ਮੋਬਾਇਲ ਅਤੇ 4ਜੀ ਤਕਨੀਕ ਦੀ ਬਦੌਲਤ ਭਾਰਤ 'ਚ ਮੋਬਾਇਲ ਬਾਜ਼ਾਰ ਤੇਜ਼ੀ ਨਾਲ ਵਧਿਆ ਹੈ। ਕੈਨਾਲਿਜ਼ ਰਿਸਰਚ ਦੀ ਰਿਪੋਰਟ ਮੁਤਾਬਕ, ਭਾਰਤੀ ਬਾਜ਼ਾਰ ਦੀ ਸਮਰੱਥਾ ਨੂੰ ਲੈ ਕੇ ਜੋ ਖਦਸ਼ੇ ਦੇ ਬੱਦਲ ਛਾਏ ਸਨ ਉਹ ਹੁਣ ਪੂਰੀ ਤਰ੍ਹਾਂ ਨਾਲ ਸਾਫ ਹੋ ਗਏ ਹਨ। ਭਾਰਤ 'ਚ ਇਸ ਕਾਰੋਬਾਰ 'ਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਹੈ। ਇਸ ਲਈ ਇਹ ਤੇਜ਼ੀ ਜਾਰੀ ਰਹੇਗੀ। ਸਸਤੇ ਸਮਾਰਟ ਫੋਨ ਅਤੇ 4ਜੀ ਤਕਨੀਕ ਨੇ ਵਿਕਰੀ ਨੂੰ ਤੇਜ਼ੀ ਦਿੱਤੀ ਹੈ।
ਕੈਨਾਲਿਜ਼ ਦੀ ਰਿਪੋਰਟ ਮੁਤਾਬਕ, ਭਾਰਤ ਦੇ 75 ਫੀਸਦੀ ਬਾਜ਼ਾਰ 'ਤੇ ਟਾਪ 5 ਕੰਪਨੀਆਂ ਦਾ ਕਬਜ਼ਾ ਹੈ। ਇਨ੍ਹਾਂ 'ਚ ਸੈਮਸੰਗ, ਸ਼ਿਓਮੀ, ਵੀਵੋ, ਓਪੋ ਅਤੇ ਲੇਨੋਵੋ ਸ਼ਾਮਲ ਹਨ,ਯਾਨੀ ਇਨ੍ਹਾਂ ਸਮਾਰਟ ਫੋਨਜ਼ ਦੇ ਲੋਕ ਦੀਵਾਨੇ ਹਨ।। 2017 ਦੀ ਤੀਜੀ ਤਿਮਾਹੀ 'ਚ ਸਾਰੀਆਂ ਕੰਪਨੀਆਂ ਨੇ ਮਜ਼ਬੂਤ ਤੇਜ਼ੀ ਦਰਜ ਕੀਤੀ ਹੈ। ਹਾਲਾਂਕਿ ਪੂਰੇ ਬਾਜ਼ਾਰ ਦੇ 50 ਫੀਸਦੀ 'ਤੇ ਸਮੈਸੰਗ ਅਤੇ ਸ਼ਿਓਮੀ ਦਾ ਕਬਜ਼ਾ ਹੈ। ਸ਼ਿਓਮੀ ਨੇ ਹਰ ਰੇਂਜ਼ ਦੇ ਫੋਨ ਭਾਰਤ 'ਚ ਪੇਸ਼ ਕੀਤੇ ਹਨ ਪਰ ਇਸ ਦੇ ਸਸਤੇ ਫੋਨ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਉੱਥੇ ਹੀ, ਇਸ ਦੇ ਦਰਮਿਆਨੀ ਰੇਂਜ ਦੇ ਫੋਨ ਓਨੇ ਸਫਲ ਨਹੀਂ ਹਨ। ਇਸ ਸ਼੍ਰੇਣੀ 'ਚ ਸੈਮਸੰਗ, ਵੀਵੋ ਅਤੇ ਓਪੋ ਕਾਫ਼ੀ ਖਰੇ ਹਨ। ਰਿਪੋਰਟ ਮੁਤਾਬਕ, ਹਾਲਾਂਕਿ ਅਜਿਹਾ ਹੋ ਸਕਦਾ ਹੈ ਕਿ ਆਉਣ ਵਾਲੇ ਕੁਝ ਹੀ ਸਮੇਂ 'ਚ ਸ਼ਿਓਮੀ ਭਾਰਤ 'ਚ ਸੈਮਸੰਗ ਨੂੰ ਪਿੱਛੇ ਛੱਡ ਦੇਵੇ। ਰਿਪੋਰਟ ਮੁਤਾਬਕ, ਹਾਲਾਂਕਿ ਐਪਲ ਨੇ ਭਾਰਤੀ ਬਾਜ਼ਾਰ ਵਿਚ ਚੋਟੀ ਦੇ ਪੰਜ ਵਿਕਰੇਤਾਵਾਂ ਦੇ ਮੁਕਾਬਲੇ ਲਈ ਕੋਈ ਪ੍ਰਬੰਧ ਨਹੀਂ ਕੀਤਾ ਪਰ ਇਸ ਦੇ ਆਈਫੋਨਾਂ ਦੀ ਗਿਣਤੀ ਤੀਜੀ ਤਿਮਾਹੀ ਵਿਚ ਦੁਗਣੀ ਤੋਂ ਵਧ ਕੇ 900,000 ਤਕ ਪਹੁੰਚ ਗਈ ਹੈ।
