ਭਾਰਤ ਨੇ ਪੋਲੈਂਡ ਨੂੰ ਐਕਸਪੋਰਟ ਕੀਤਾ ਰੈਡੀ-ਟੂ-ਡਰਿੰਕ ਅੰਜੀਰ ਜੂਸ
Sunday, Aug 18, 2024 - 04:12 PM (IST)

ਨਵੀਂ ਦਿੱਲੀ (ਭਾਸ਼ਾ) - ਖੇਤੀਬਾੜੀ ਅਤੇ ਪ੍ਰਾਸੈਸਿੰਗ ਖੁਰਾਕ ਉਤਪਾਦ ਬਰਾਮਦ ਵਿਕਾਸ ਅਥਾਰਟੀ (ਏਪੀਡਾ) ਨੇ ਜੀ. ਆਈ.-ਟੈਗ ਵਾਲੇ ਅੰਜੀਰ ਤੋਂ ਬਣੇ ਭਾਰਤ ਦੇ ਪਹਿਲੇ ਰੈਡੀ-ਟੂ-ਡਰਿੰਕ ਅੰਜੀਰ ਜੂਸ ਨੂੰ ਪੋਲੈਂਡ ਨੂੰ ਬਰਾਮਦ (ਐਕਸਪੋਰਟ) ਕੀਤਾ। ਵਣਜ ਅਤੇ ਉਦਯੋਗ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਏਪੀਡਾ ਦੀ ਮਦਦ ਨਾਲ ਅੰਜੀਰ ਦੇ ਜੂਸ ਨੂੰ ਇਟਲੀ ਦੇ ਰਿਮਿਨੀ ’ਚ ‘ਮੈਕਫਰੂਟ 2024’ ’ਚ ਵੀ ਪ੍ਰਦਰਸ਼ਿਤ ਕੀਤਾ ਗਿਆ। ਇਸ ਨਾਲ ਇਸ ਦੀ ਕੌਮਾਂਤਰੀ ਪੱਧਰ ’ਤੇ ਪਹੁੰਚ ਬਣ ਗਈ ਹੈ।
ਮੰਤਰਾਲਾ ਨੇ ਕਿਹਾ ਕਿ ਅੰਜੀਰ ਦੇ ਜੂਸ ਦੀ ਯਾਤਰਾ ਗ੍ਰੇਟਰ ਨੋਇਡਾ, ਨਵੀਂ ਦਿੱਲੀ ਤੋਂ ਸ਼ੁਰੂ ਹੋਈ। ਇੱਥੇ ਆਯੋਜਿਤ ਐੱਸ. ਆਈ. ਏ. ਐੱਲ. 2023 ਦੌਰਾਨ ਏਪੀਡਾ ਪੰਡਾਲ ’ਚ ਇਸ ਦਾ ਪ੍ਰਦਰਸ਼ਨ ਕੀਤਾ ਗਿਆ ਸੀ। ਪੁਰੰਦਰ ਹਾਈਲੈਂਡਸ ਫਾਰਮਰਸ ਪ੍ਰੋਡਿਊਸਰ ਕੰਪਨੀ ਲਿਮਟਿਡ ਵੱਲੋਂ ਇਸ ਅੰਜੀਰ ਦੇ ਜੂਸ ਨੂੰ ਬਣਾਇਆ ਗਿਆ ਹੈ। ਜੂਸ ਨੇ ਇਸ ਦੌਰਾਨ ਕਾਫੀ ਲੋਕਾਂ ਦਾ ਧਿਆਨ ਆਕਰਸ਼ਿਤ ਕੀਤਾ ਅਤੇ ਇਨਾਮ ਵੀ ਜਿੱਤਿਆ, ਜਿਸ ਨਾਲ ਕੌਮਾਂਤਰੀ ਬਾਜ਼ਾਰ ’ਚ ਇਸ ਦੀ ਸਮਰੱਥਾ ਦੀ ਚਰਚਾ ਹੋਈ।
ਸਰਕਾਰ ਨੇ ਕਿਹਾ ਕਿ ਇਹ ਉਪਲੱਬਧੀ ਨਾ ਸਿਰਫ ਭਾਰਤੀ ਖੇਤੀਬਾੜੀ ਉਤਪਾਦਾਂ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਦੀ ਹੈ, ਸਗੋਂ ਖੇਤੀਬਾੜੀ ਬਰਾਮਦ ਦੇ ਮੁੱਲ ਨੂੰ ਵਧਾਉਣ ’ਚ ਖੋਜ ਅਤੇ ਵਿਕਾਸ ਦੇ ਮਹੱਤਵ ਨੂੰ ਵੀ ਕੇਂਦਰਿਤ ਕਰਦੀ ਹੈ। ਮੰਤਰਾਲਾ ਨੇ ਕਿਹਾ,“ਇਹ ਉਪਲੱਬਧੀ ਭਾਰਤੀ ਖੇਤੀਬਾੜੀ ਉਤਪਾਦਾਂ ਦੀ ਸਮਰੱਥਾ ਅਤੇ ਟਿਕਾਊ ਖੇਤੀਬਾੜੀ ਪ੍ਰਣਾਲੀਆਂ ਅਤੇ ਬਰਾਮਦ ਨੂੰ ਬੜ੍ਹਾਵਾ ਦੇਣ ’ਚ ਐੱਫ. ਪੀ. ਸੀ. ਦੀ ਮਹੱਤਵਪੂਰਨ ਭੂਮਿਕਾ ਨੂੰ ਪ੍ਰਗਟ ਕਰਦੀ ਹੈ।