ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 729 ਅਰਬ ਡਾਲਰ ਦੇ ਰਿਕਾਰਡ ਉੱਚ ਪੱਧਰ ''ਤੇ ਪੁੱਜਾ

Sunday, Aug 30, 2026 - 12:36 PM (IST)

ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 729 ਅਰਬ ਡਾਲਰ ਦੇ ਰਿਕਾਰਡ ਉੱਚ ਪੱਧਰ ''ਤੇ ਪੁੱਜਾ

ਮੁੰਬਈ : ਭਾਰਤੀ ਰਿਜ਼ਰਵ ਬੈਂਕ (RBI) ਦੇ ਤਾਜ਼ਾ ਅੰਕੜਿਆਂ ਅਨੁਸਾਰ, 21 ਅਗਸਤ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 729.33 ਅਰਬ ਡਾਲਰ ਦੇ ਸਰਵ-ਉੱਚ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਦੇਸ਼ ਦੇ ਭੁਗਤਾਨ ਸੰਤੁਲਨ  ਨੂੰ ਮਜ਼ਬੂਤ ਕਰਨ ਲਈ ਲਏ ਗਏ ਨੀਤੀਗਤ ਫੈਸਲਿਆਂ ਤੋਂ ਬਾਅਦ ਹੋਏ ਭਾਰੀ ਵਿਦੇਸ਼ੀ ਨਿਵੇਸ਼ ਕਾਰਨ ਇਹ ਵਾਧਾ ਦਰਜ ਕੀਤਾ ਗਿਆ ਹੈ।

ਵਿਦੇਸ਼ੀ ਮੁਦਰਾ ਭੰਡਾਰ ਵਿੱਚ ਲਗਾਤਾਰ ਅੱਠਵੇਂ ਹਫ਼ਤੇ ਤੇਜ਼ੀ ਦੇਖੀ ਗਈ ਹੈ। ਇਸ ਦੌਰਾਨ ਕੁੱਲ ਭੰਡਾਰ ਵਿੱਚ ਲਗਭਗ 63 ਅਰਬ ਡਾਲਰ ਦਾ ਵਾਧਾ ਹੋਇਆ ਹੈ, ਜਿਸ ਨੇ ਫਰਵਰੀ ਵਿੱਚ ਬਣੇ ਪਿਛਲੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ ਹੈ।  21 ਅਗਸਤ ਨੂੰ ਖ਼ਤਮ ਹੋਏ ਹਫ਼ਤੇ ਵਿੱਚ ਕੁੱਲ ਭੰਡਾਰ 12.4 ਅਰਬ ਵਧਿਆ। ਇਸ ਵਿੱਚ 9.5 ਅਰਬ ਡਾਲਰ ਦਾ ਵਾਧਾ ਵਿਦੇਸ਼ੀ ਮੁਦਰਾ ਸੰਪਤੀਆਂ ਵਿੱਚ ਅਤੇ 2.8 ਅਰਬ ਡਾਲਰ ਦਾ ਵਾਧਾ ਸੋਨੇ ਦੀਆਂ ਕੀਮਤਾਂ ਵਧਣ ਕਾਰਨ ਹੋਇਆ।

ਜੂਨ ਮਹੀਨੇ ਵਿੱਚ ਸਰਕਾਰ ਅਤੇ ਆਰ.ਬੀ.ਆਈ. ਵੱਲੋਂ ਸ਼ੁਰੂ ਕੀਤੀਆਂ ਗਈਆਂ ਵਿਸ਼ੇਸ਼ ਯੋਜਨਾਵਾਂ ਤਹਿਤ 5 ਜੂਨ ਤੋਂ 21 ਅਗਸਤ ਦਰਮਿਆਨ ਕੁੱਲ 73 ਅਰਬ ਡਾਲਰ ਪ੍ਰਾਪਤ ਹੋਏ, ਜਿਨ੍ਹਾਂ ਵਿੱਚੋਂ 65 ਅਰਬ ਡਾਲਰ ਤੋਂ ਵੱਧ ਰਾਸ਼ੀ ਗੈਰ-ਨਿਵਾਸੀ ਭਾਰਤੀਆਂ (ਐੱਨ. ਆਰ. ਆਈ.) ਦੇ ਡਿਪਾਜ਼ਿਟਾਂ ਤੋਂ ਆਈ ਹੈ।

ਨੀਤੀਆਂ ਅਤੇ ਮਾਹਿਰਾਂ ਦੀ ਰਾਏ

ਆਈ.ਡੀ.ਐੱਫ.ਸੀ. ਫਰਸਟ ਬੈਂਕ ਦੀ ਮੁੱਖ ਅਰਥਸ਼ਾਸਤਰੀ ਗੌਰਾ ਸੇਨ ਗੁਪਤਾ ਅਨੁਸਾਰ, ਇਸ ਵਾਧੇ ਦਾ ਮੁੱਖ ਕਾਰਨ ਰਿਜ਼ਰਵ ਬੈਂਕ ਵੱਲੋਂ ਕੀਤੀ ਗਈ ਡਾਲਰਾਂ ਦੀ ਖਰੀਦਦਾਰੀ ਅਤੇ ਅੰਤਰਰਾਸ਼ਟਰੀ ਮੁਦਰਾਵਾਂ ਦੀਆਂ ਕੀਮਤਾਂ ਵਿੱਚ ਹੋਏ ਬਦਲਾਅ ਦਾ ਲਾਭ ਹੈ।

ਵਿਦੇਸ਼ੀ ਡਾਲਰਾਂ ਦੀ ਭਾਰੀ ਆਮਦ ਨੂੰ ਦੇਖਦੇ ਹੋਏ ਰਿਜ਼ਰਵ ਬੈਂਕ ਨੇ ਬੈਂਕਾਂ ਲਈ ਸ਼ੁਰੂ ਕੀਤੀ ਗਈ ਡਿਪਾਜ਼ਿਟ ਹੈਜਿੰਗ ਸੁਵਿਧਾ ਨੂੰ ਨਿਰਧਾਰਤ ਸਮੇਂ ਤੋਂ ਇੱਕ ਮਹੀਨਾ ਪਹਿਲਾਂ, ਅਗਸਤ ਦੇ ਅੰਤ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ, ਭਾਰਤੀ ਰੁਪਏ ਨੂੰ ਸਥਿਰ ਰੱਖਣ ਲਈ ਰਿਜ਼ਰਵ ਬੈਂਕ ਵੱਲੋਂ ਬਾਜ਼ਾਰ ਵਿੱਚ ਸਮੇਂ-ਸਮੇਂ 'ਤੇ ਕੀਤਾ ਜਾ ਰਿਹਾ ਦਖਲ ਵੀ ਡਾਲਰ ਦੀ ਆਮਦ ਦੇ ਪ੍ਰਭਾਵ ਨੂੰ ਸੰਤੁਲਿਤ ਕਰ ਰਿਹਾ ਹੈ।


author

Tarsem Singh

Content Editor

Related News