ਨਿਵੇਸ਼ਕਾਂ ਲਈ ਮੌਕਾ, ਕੋਵਿਡ ਦੌਰ 'ਚ ਕਮਾਈ ਕਰਾਉਣਗੇ ਇਹ 12 ਵੱਡੇ IPO
Wednesday, May 19, 2021 - 02:28 PM (IST)
ਮੁੰਬਈ- ਬਾਜ਼ਾਰ ਨਿਵੇਸ਼ਕਾਂ ਨੂੰ ਇਸ ਸਾਲ ਮੋਟਾ ਰਿਟਰਨ ਕਮਾਉਣ ਦਾ ਮੌਕਾ ਮਿਲ ਸਕਦਾ ਹੈ। ਭਾਰਤ ਦੇ ਪ੍ਰਾਇਮਰੀ ਬਾਜ਼ਾਰ ਵਿਚ ਫਾਰਮਾ, ਸਿਹਤ ਸੰਭਾਲ ਤੇ ਸਬੰਧਤ ਕੰਪਨੀਆਂ ਵੱਲੋਂ 2021 ਵਿਚ ਰਿਕਾਰਡ ਫੰਡ ਜੁਟਾਉਣ ਦੀ ਸੰਭਾਵਨਾ ਹੈ ਕਿਉਂਕਿ ਮਹਾਮਾਰੀ ਦੌਰਾਨ ਨਿਵੇਸ਼ਕ ਅਜਿਹੀਆਂ ਫਰਮਾਂ ਦੇ ਆਈ. ਪੀ. ਓ. ਦੀ ਉਡੀਕ ਕਰ ਰਹੇ ਹਨ ਜਿਨ੍ਹਾਂ ਨੂੰ ਇਸ ਹਾਲਾਤ ਵਿਚ ਫਾਇਦਾ ਹੋ ਸਕਦਾ ਹੈ। ਲਿਹਾਜਾ ਫਾਰਮਾ ਕੰਪਨੀਆਂ ਨੂੰ ਵੀ ਉਮੀਦ ਹੈ ਕਿ ਉਨ੍ਹਾਂ ਦੇ ਆਈ. ਪੀ. ਓ. ਨੂੰ ਵਧੀਆ ਰਿਸਪਾਂਸ ਮਿਲੇਗਾ।
ਬੈਂਕਰਾਂ ਅਨੁਸਾਰ, ਘੱਟੋ-ਘੱਟ 12 ਦਵਾ ਨਿਰਮਾਤਾ ਅਤੇ ਸਿਹਤ ਸੇਵਾਵਾਂ ਕੰਪਨੀਆਂ 2021 ਵਿਚ ਆਈ. ਪੀ. ਓ. ਲਿਆਉਣ ਦੀ ਤਿਆਰੀ ਵਿਚ ਹਨ। ਪਿਛਲੇ ਪੰਜ ਸਾਲਾਂ ਵਿਚ ਇਸ ਖੇਤਰ ਦੀਆਂ ਸਿਰਫ਼ ਸੱਤ ਕੰਪਨੀਆਂ ਨੇ ਹੀ ਆਈ. ਪੀ. ਓ. ਬਾਜ਼ਾਰ ਵਿਚ ਦਸਤਕ ਦਿੱਤੀ ਹੈ। ਹੁਣ ਦਰਜਨ ਕੰਪਨੀਆਂ ਆਈ. ਪੀ. ਓ. ਪ੍ਰਕਿਰਿਆ ਦੇ ਵੱਖ-ਵੱਖ ਪੜਾਵਾਂ ਵਿਚ ਹਨ। 8 ਫਰਮਾਂ ਨੇ ਸੇਬੀ ਕੋਲ ਡੀ. ਆਰ. ਐੱਚ. ਪੀ. ਵੀ ਜਮ੍ਹਾ ਕਰਾ ਦਿੱਤੀ ਹੈ, ਜਦੋਂ ਕਿ ਬਾਕੀ 4 ਫਰਮਾਂ- ਐੱਮਕਿਓਰ ਫਾਰਮਾ, ਵੈਲਨੈੱਸ ਫਾਰਏਵਰ, ਵਿਜੈ ਡਾਇਗੋਨੋਸਟਿਕ ਤੇ ਸਟਾਰ ਹੈਲਥ ਇੰਸ਼ੋਰੈਂਸ ਇਸ ਪ੍ਰਕਿਰਿਆ ਵਿਚ ਹਨ। ਬੈਂਕਰਾਂ ਦਾ ਕਹਿਣਾ ਹੈ ਕਿ ਮਹਾਮਾਰੀ ਵਿਚ ਇਸ ਸੈਕਟਰ ਦੇ ਆਈ. ਪੀ. ਓ. ਨੂੰ ਲੈ ਕੇ ਨਿਵੇਸ਼ਕਾਂ ਵਿਚ ਮੰਗ ਕਾਫ਼ੀ ਵਧੀ ਹੈ।
ਲਾਂਚ ਹੋਣਗੇ 3,500 ਕਰੋੜ ਰੁਪਏ ਤੱਕ ਦੇ ਆਈ. ਪੀ. ਓ.
ਹੁਣ ਤੱਕ ਜਿਨ੍ਹਾਂ ਫਰਮਾਂ ਨੇ ਸੇਬੀ ਕੋਲ ਡੀ. ਆਰ. ਐੱਚ. ਪੀ. ਯਾਨੀ ਡਰਾਫਟ ਰੇਡ ਹੈਰਿੰਗ ਪ੍ਰਾਸਪੈਕਟ ਦਾਇਰ ਕੀਤੀ ਹੈ ਉਨ੍ਹਾਂ ਵਿਚ ਗਲੇਨਮਾਰਕ ਲਾਈਫ ਸਾਇੰਸਿਜ਼, ਸੁਪਰੀਆ ਲਾਈਫ ਸਾਇੰਸਿਜ਼, ਕ੍ਰਿਸ਼ਨਾ ਡਾਇਗੋਨੋਸਟਿਕ, ਕਿਮਸ ਹਾਸਪਿਟਲਜ਼, ਤੱਤਵ ਚਿੰਤਨ ਫਾਰਮਾ, ਮੈਡੀ ਐਸਿਸਟ ਹੈਲਥਕੇਅਰ, ਸਿਗਾਚੀ ਇੰਡਸਟਰੀਜ਼ ਅਤੇ ਵਿੰਡਲਾਸ ਬਾਇਓਟੈਕ ਸ਼ਾਮਲ ਹਨ। ਇਨ੍ਹਾਂ ਕੰਪਨੀਆਂ ਦੀ 450 ਤੋਂ 3,500 ਕਰੋੜ ਰੁਪਏ ਤੱਕ ਦਾ ਆਈ. ਪੀ. ਓ. ਲਿਆਉਣ ਦੀ ਯੋਜਨਾ ਹੈ। ਗਲੇਨਮਾਰਕ ਲਾਈਫ ਸਾਇੰਸਿਜ਼ ਨੇ ਪਿਛਲੇ ਮਹੀਨੇ ਆਈ. ਪੀ. ਓ. ਲਈ ਦਾਇਰ ਕੀਤਾ ਹੈ। ਇਹ ਤਕਰੀਬਨ 2,000 ਕਰੋੜ ਰੁਪਏ ਦਾ ਹੋ ਸਕਦਾ ਹੈ। ਪੁਣੇ ਦੀ ਦਵਾ ਨਿਰਮਾਤਾ ਕੰਪਨੀ ਐੱਮਕਿਓਰ ਫਾਰਮਾ 3,500-4000 ਕਰੋੜ ਰੁਪਏ ਦੇ ਆਈ. ਪੀ. ਓ. ਲਈ ਨਿਵੇਸ਼ ਬੈਂਕਰਾਂ ਨਾਲ ਸਲਾਹ ਮਸ਼ਵਰਾ ਕਰ ਰਹੀ ਹੈ।
ਉੱਥੇ ਹੀ, ਅਦਾਰ ਪੂਨਾਵਾਲਾ ਦੇ ਸਮਰਥਨ ਵਾਲੀ ਰਿਟੇਲ ਫਾਰਮੇਸੀ ਚੇਨ ਵੈਲਨੈੱਸ ਫਾਰਏਵਰ ਦੀ ਆਈ. ਪੀ. ਓ. ਜ਼ਰੀਏ 1,200 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ।
ਇਹ ਵੀ ਪੜ੍ਹੋੋ- ਗੌਤਮ ਅਡਾਨੀ ਦੀ ਸਭ ਤੋਂ ਵੱਡੀ ਡੀਲ, 25,500 ਕਰੋੜ 'ਚ ਖ਼ਰੀਦੀ ਇਹ ਕੰਪਨੀ
2020 'ਚ ਇਸ ਖੇਤਰ ਦੇ ਸਿਰਫ਼ ਇਕ ਆਈ. ਪੀ. ਓ. ਨੇ ਦਿੱਤੀ ਸੀ ਦਸਤਕ
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕੋਵਿਡ ਕਾਰਨ ਦਵਾ, ਟੀਕੇ ਤੇ ਸਿਹਤ ਨਾਲ ਸਬੰਧਤ ਹੋਰ ਸੇਵਾਵਾਂ ਦੀ ਮੰਗ ਜ਼ਬਰਦਸਤ ਵਧਣ ਵਾਲੀ ਹੈ। ਲਿਹਾਜਾ ਕੰਪਨੀਆਂ ਨੂੰ ਕੰਪਨੀਆਂ ਨੂੰ ਫੰਡ ਜੁਟਾਉਣ ਦੀ ਜ਼ਰੂਰਤ ਹੋਵੇਗੀ ਅਤੇ ਨਿਵੇਸ਼ਕ ਵੀ ਪੈਸਾ ਲਾਉਣ ਲਈ ਕਾਹਲੇ ਹਨ। ਫਰਵਰੀ ਵਿਚ ਕੋਵਿਡ ਦੀ ਦੂਜੀ ਲਹਿਰ ਸ਼ੁਰੂ ਹੋਣ ਮਗਰੋਂ ਨਿਫਟੀ ਫਾਰਮਾ ਇੰਡੈਕਸ 7 ਫ਼ੀਸਦੀ ਰਿਟਰਨ ਦੇ ਚੁੱਕਾ ਹੈ, ਜਦੋਂ ਕਿ ਨਿਫਟੀ ਇਸ ਦੌਰਾਨ ਲਗਭਗ ਉੱਥੇ ਕੁ ਹੀ ਖੜ੍ਹਾ ਹੈ। ਸਾਲ 2020 ਵਿਚ ਗਲੈਂਡ ਫਾਰਮਾ ਇਸ ਖੇਤਰ ਦੀ ਇਕੋ-ਇਕ ਕੰਪਨੀ ਸੀ, ਜਿਸ ਨੇ 5,230 ਕਰੋੜ ਰੁਪਏ ਦਾ ਆਈ. ਪੀ. ਓ. ਲਾਂਚ ਕੀਤਾ ਸੀ। ਨਵੰਬਰ ਵਿਚ ਲਿਸਟਿੰਗ ਤੋਂ ਬਾਅਦ ਇਸ ਦਾ ਸਟਾਕ 86 ਫ਼ੀਸਦੀ ਰਿਟਰਨ ਦੇ ਚੁੱਕਾ ਹੈ।
ਇਹ ਵੀ ਪੜ੍ਹੋੋ- ਵੋਡਾ-IDEA ਦੀ ਸੌਗਾਤ, 6 ਕਰੋੜ ਗਾਹਕਾਂ ਨੂੰ ਫ੍ਰੀ ਮਿਲੇਗਾ '294 ਕਰੋੜ' ਦਾ ਪੈਕ