ਅਗਲੇ ਸਾਲ ਇਸਪਾਤ ਖੇਤਰ ਨੂੰ ਉਤਸ਼ਾਹਿਤ ਕਰਨ ’ਤੇ ਸਰਕਾਰ ਦਾ ਖਾਸ ਧਿਆਨ ਰਹਿਣ ਦੀ ਸੰਭਾਵਨਾ

Sunday, Dec 25, 2022 - 10:37 AM (IST)

ਅਗਲੇ ਸਾਲ ਇਸਪਾਤ ਖੇਤਰ ਨੂੰ ਉਤਸ਼ਾਹਿਤ ਕਰਨ ’ਤੇ ਸਰਕਾਰ ਦਾ ਖਾਸ ਧਿਆਨ ਰਹਿਣ ਦੀ ਸੰਭਾਵਨਾ

ਨਵੀਂ ਦਿੱਲੀ–ਦੇਸ਼ ’ਚ ਇਸਪਾਤ ਦਾ ਉਤਪਾਦਨ ਵਧਣ ਦੇ ਨਾਲ ਹੀ ਸਰਕਾਰ ਦਾ ਧਿਆਨ ਸਾਲ 2023 ’ਚ ਕੱਚੇ ਮਾਲ ਦੀ ਸਪਲਾਈ ਅਤੇ ਵਿਸ਼ੇਸ਼ ਕਿਸਮ ਦੇ ਇਸਪਾਤ ਦਾ ਉਤਪਾਦਨ ਵਧਾਉਣ ’ਤੇ ਖਾਸ ਤੌਰ ’ਤੇ ਰਹਿ ਸਕਦਾ ਹੈ। ਭਾਰਤ ਨੇ ਜਨਵਰੀ-ਨਵੰਬਰ 2022 ਦੀ ਮਿਆਦ ’ਚ 11.34 ਕਰੋੜ ਟਨ ਕੱਚੇ ਇਸਪਾਤ ਦਾ ਉਤਪਾਦਨ ਕੀਤਾ, ਜੋ ਸਾਲਾਨਾ ਆਧਾਰ ’ਤੇ 10 ਫੀਸਦੀ ਵੱਧ ਹੈ। ਸਰਕਾਰ ਦਾ ਟੀਚਾ ਕੱਚੇ ਇਸਪਾਤ ਦੀ ਉਤਪਾਦਨ ਸਮਰੱਥਾ ਨੂੰ 15 ਕਰੋੜ ਟਨ ਦੇ ਮੌਜੂਦਾ ਪੱਧਰ ਤੋਂ ਵਧਾ ਕੇ 30 ਕਰੋੜ ਟਨ ਕਰਨ ਤੱਕ ਪਹੁੰਚਾਉਣਾ ਹੈ।
ਇਸਪਾਤ ਰਾਜ ਮੰਤਰੀ ਫੱਗਣ ਸਿੰਘ ਕੁਲਸਤੇ ਨੇ ਇਕ ਇੰਟਰਵਿਊ ’ਚ ਕਿਹਾ ਕਿ ਸਾਲ 2023 ’ਚ ਇਸਪਾਤ ਖੇਤਰ ਲਈ ਹੋਰ ਪਹਿਲ ਕੀਤੀ ਜਾਵੇਗੀ। ਸਰਕਾਰ ਨੇ ਪਿਛਲੇ ਸਾਲ ਉੱਚ ਗੁਣਵੱਤਾ ਵਾਲੇ ਧਾਤੂ ਦਾ ਉਤਪਦਨ ਵਧਾਉਣ ਲਈ ਵਿਸ਼ੇਸ਼ ਸ਼੍ਰੇਣੀ ਵਾਲੇ ਇਸਪਾਤ ਲਈ ਉਤਪਾਦਨ ਨਾਲ ਲਿੰਕਡ ਇੰਸੈਂਟਿਵ (ਪੀ. ਐੱਲ. ਆਈ.) ਸਕੀਮ ਸ਼ੁਰੂ ਕੀਤੀ ਸੀ। ਬਿਜਲੀ, ਸ਼ਿਪਿੰਗ, ਰੇਲਵੇ ਅਤੇ ਆਟੋ ਸਮੇਤ ਵੱਖ-ਵੱਖ ਖੇਤਰਾਂ ’ਚ ਵਿਸ਼ੇਸ਼ ਸ਼੍ਰੇਣੀ ਦੇ ਇਸਪਾਤ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਇਸਪਾਤ ਦੀ ਮੰਗ ਨੂੰ ਇੰਪੋਰਟ ਰਾਹੀਂ ਪੂਰਾ ਕੀਤਾ ਜਾ ਰਿਹਾ ਹੈ।
ਭਾਰਤ ਕੋਕਿੰਗ ਕੋਲ ਲਈ ਇੰਪੋਰਟ ’ਤੇ ਨਿਰਭਰ
ਉਨ੍ਹਾਂ ਨੇ ਕਿਹਾ ਕਿ ਸਾਡਾ ਧਿਆਨ ਨਵੇਂ ਬਾਜ਼ਾਰਾਂ ਨੂੰ ਲੱਭਣ ਤੋਂ ਇਲਾਵਾ ਉਦਯੋਗ ਨੂੰ ਸਮਰਥਨ ਦੇਣ ਦੇ ਉਪਾਅ ਕਰਨ ’ਤੇ ਵੀ ਹੋਵੇਗਾ ਕਿਉਂਕਿ ਦੇਸ਼ ’ਚ ਇਸਪਾਤ ਦਾ ਉਤਪਾਦਨ ਲਗਾਤਾਰ ਵਧ ਰਿਹਾ ਹੈ। ਇਸਪਾਤ ਉਤਪਦਨ ਲਈ ਕੱਚੇ ਮਾਲ ਦੀ ਸੁਰੱਖਿਆ ਯਕੀਨੀ ਕਰਨ ’ਤੇ ਸਰਕਾਰ ਦਾ ਮੁੱਖ ਜ਼ੋਰ ਹੋਵੇਗਾ ਕਿਉਂਕਿ ਦੇਸ਼ ਕੋਕਿੰਗ ਕੋਲ ਵਰਗੇ ਜ਼ਿਆਦਾਤਰ ਕੱਚੇ ਮਾਲ ਲਈ ਇੰਪੋਰਟ ’ਤੇ ਨਿਰਭਰ ਹੈ। ਕੁਲਸਤੇ ਨੇ ਕਿਹਾ ਕਿ ਭਾਰਤ ਕੋਕਿੰਗ ਕੋਲ ਲਈ ਇੰਪੋਰਟ ’ਤੇ ਨਿਰਭਰ ਹੈ ਜਦ ਕਿ ਹੋਰ ਖਣਿਜ ਲੋੜੀਂਦੀ ਮਾਤਰਾ ’ਚ ਮੁਹੱਈਆ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਦਮਾਂ ਨਾਲ ਦੇਸ਼ ਆਤਮ ਨਿਰਭਰ ਬਣੇਗਾ ਅਤੇ ਨਾਲ ਹੀ ਵੱਡੀ ਗਿਣਤੀ ’ਚ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।
ਹਾਲਾਤ ਬਿਹਤਰ ਹੋਣ ਦੀ ਉਮੀਦ
ਭਾਰਤੀ ਇਸਪਾਤ ਸੰਘ (ਆਈ. ਐੱਸ. ਏ.) ਦੇ ਜਨਰਲ ਸਕੱਤਰ ਅਲੋਕ ਸਹਾਏ ਨੇ ਕਿਹਾ ਕਿ ਇਸਪਾਤ ਦਾ ਐਕਸਪੋਰਟ ਅਪ੍ਰੈਲ-ਅਕਤੂਬਰ 2022 ’ਚ ਸਾਲਾਨਾ ਆਧਾਰ ’ਤੇ ਲਗਭਗ 55 ਫੀਸਦੀ ਡਿਗ ਗਿਆ ਸੀ ਪਰ ਇਸ ’ਚ ਅੱਗੇ ਹੌਲੀ ਰਫਤਾਰ ਨਾਲ ਸੁਧਾਰ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਘਰੇਲੂ ਇਸਪਾਤ ਉਦਯੋਗ ਲਈ ਵਧਦਾ ਇੰਪੋਰਟ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਟਾਟਾ ਸਟੀਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਨੇਜਿੰਗ ਡਾਇਰੈਕਟਰ ਟੀ. ਵੀ. ਨਰੇਂਦਰਨ ਨੇ ਸਾਲ 2022 ਨੂੰ ਇਸਪਾਤ ਉਦਯੋਗ ਲਈ ਉਤਰਾਅ-ਚੜਾਅ ਭਰਿਆ ਸਾਲ ਦੱਸਦੇ ਹੋਏ ਕਿਹਾ ਕਿ ਯੂਕ੍ਰੇਨ ’ਚ ਜੰਗ ਛਿੜਨ ਨਾਲ ਕੋਵਿਡ ਤੋਂ ਬਾਅਦ ਹੋ ਰਹੇ ਰਿਵਾਈਵਲ ’ਤੇ ਅਸਰ ਪਿਆ ਅਤੇ ਸਪਲਾਈ ਨਾਲ ਜੁੜੀਆਂ ਮੁਸ਼ਕਲਾਂ ਵੀ ਖੜ੍ਹੀਆਂ ਹੋ ਗਈਆਂ। ਹਾਲਾਂਕਿ ਉਨ੍ਹਾਂ ਨੇ ਸਾਲ 2023 ’ਚ ਹਾਲਾਤ ਬਿਹਤਰ ਹੋਣ ਦੀ ਉਮੀਦ ਪ੍ਰਗਟਾਈ।
ਐਕਸਪੋਰਟ ਡਿਊਟੀ ਹਟਾਉਣ ਨਾਲ ਘਰੇਲੂ ਇਸਪਾਤ ਉਦਯੋਗ ਨੂੰ ਬੜ੍ਹਤ ਮਿਲੇਗੀ
ਜੇ. ਐੱਸ. ਡਬਲਯੂ. ਸਟੀਲ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਅਤੇ ਸਮੂਹ ਮੁੱਖ ਵਿੱਤੀ ਅਧਿਕਾਰੀ ਸ਼ੇਸ਼ਗਿਰੀ ਰਾਵ ਨੇ ਕਿਹਾ ਕਿ ਇਸ ਸਾਲ ਗਲੋਬਲ ਮੰਗ ’ਚ ਭਾਰੀਤ ਗਿਰਾਵਟ ਦੇ ਨਾਲ ਕੱਚੇ ਮਾਲ ਅਤੇ ਇਸਪਾਤ ਦੀਆਂ ਕੀਮਤਾਂ ’ਚ ਉਤਰਾਅ-ਚੜਾਅ ਦੇਖਿਆ ਗਿਆ। ਜਿੰਦਲ ਸਟੀਲ ਐਂਡ ਪਾਵਰ ਲਿਮਟਿਡ (ਜੇ. ਐੱਸ. ਪੀ. ਐੱਲ.) ਦੇ ਮੈਨੇਜਿੰਗ ਡਾਇਰੈਕਟਰ ਵਿਮਲੇਂਦਰ ਝਾ ਨੇ ਕਿਹਾ ਕਿ 2023 ’ਚ ਇਸਪਾਤ ਦੀ ਮੰਗ 8 ਫੀਸਦੀ ਵਧਣ ਦੀ ਉਮੀਦ ਹੈ। ਜਨਤਕ ਖੇਤਰ ਦੀ ਕੰਪਨੀ ਸਟੀਲ ਅਥਾਰਿਟੀ ਆਫ ਇੰਡੀਆ ਲਿਮਟਿਡ (ਸੇਲ) ਨੇ ਕਿਹਾ ਕਿ ਹਾਲ ਹੀ ’ਚ ਐਕਸਪੋਰਟ ਡਿਊਟੀ ਨੂੰ ਹਟਾਉਣ ਨਾਲ ਘਰੇਲੂ ਇਸਪਾਤ ਉਦਯੋਗ ਨੂੰ ਬੜ੍ਹਤ ਮਿਲੇਗੀ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News