ਸਰਕਾਰ ਨੇ E100 ਈਂਧਨ ਨੂੰ ਦਿੱਤੀ ਮਨਜ਼ੂਰੀ, ਜਾਣੋ E20 ਨਾਲੋਂ ਹੈ ਕਿੰਨਾ ਹੈ ਵੱਖਰਾ?

Tuesday, Oct 27, 2026 - 08:40 PM (IST)

ਸਰਕਾਰ ਨੇ E100 ਈਂਧਨ ਨੂੰ ਦਿੱਤੀ ਮਨਜ਼ੂਰੀ, ਜਾਣੋ E20 ਨਾਲੋਂ ਹੈ ਕਿੰਨਾ ਹੈ ਵੱਖਰਾ?

ਨਵੀਂ ਦਿੱਲੀ : ਭਾਰਤ ਸਰਕਾਰ ਨੇ ਏਥੇਨੌਲ (Ethanol) ਨਾਲ ਚੱਲਣ ਵਾਲੇ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ (MoRTH) ਨੇ ਫਲੇਕਸ-ਫਿਊਲ (Flex-fuel) ਵਾਹਨਾਂ ਵਿੱਚ E100 ਈਂਧਨ ਦੇ ਇਸਤੇਮਾਲ ਨੂੰ ਅਧਿਕਾਰਤ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਭਵਿੱਖ ਵਿੱਚ ਦੇਸ਼ ਅੰਦਰ 100 ਫੀਸਦੀ ਏਥੇਨੌਲ ਨਾਲ ਚੱਲਣ ਵਾਲੀਆਂ ਕਾਰਾਂ ਦੀ ਗਿਣਤੀ ਵਧੇਗੀ, ਜਿਸ ਨਾਲ ਪੈਟਰੋਲ ਦੀ ਦਰਾਮਦ (ਆਯਾਤ) 'ਤੇ ਭਾਰਤ ਦੀ ਨਿਰਭਰਤਾ ਘਟਾਉਣ ਵਿੱਚ ਮਦਦ ਮਿਲੇਗੀ।

ਮੰਤਰਾਲੇ ਵੱਲੋਂ 23 ਅਕਤੂਬਰ 2026 ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ, ਜਿਸ ਨੂੰ 26 ਅਕਤੂਬਰ ਨੂੰ ਅਧਿਕਾਰਤ ਗਜ਼ਟ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੇਂਦਰੀ ਮੋਟਰ ਵਾਹਨ ਨਿਯਮ, 1989 ਵਿੱਚ ਜ਼ਰੂਰੀ ਸੋਧਾਂ ਲਾਗੂ ਹੋ ਗਈਆਂ ਹਨ।

ਕੀ ਹੈ E100 ਈਂਧਨ ਅਤੇ E20 ਨਾਲੋਂ ਕਿਵੇਂ ਹੈ ਵੱਖਰਾ?  
 E100 ਈਂਧਨ: ਇਸ ਵਿੱਚ ਲਗਭਗ 100 ਫੀਸਦੀ ਸ਼ੁੱਧ ਏਥੇਨੌਲ ਹੁੰਦਾ ਹੈ। ਏਥੇਨੌਲ ਇੱਕ ਪ੍ਰਕਾਰ ਦਾ ਅਲਕੋਹਲ ਹੈ ਜੋ ਮੁੱਖ ਤੌਰ 'ਤੇ ਗੰਨੇ, ਮੱਕੀ ਅਤੇ ਹੋਰ ਖੇਤੀਬਾੜੀ ਉਤਪਾਦਾਂ ਤੋਂ ਤਿਆਰ ਕੀਤਾ ਜਾਂਦਾ ਹੈ।  
 E20 ਪੈਟਰੋਲ: ਵਰਤਮਾਨ ਵਿੱਚ ਭਾਰਤ ਵਿੱਚ ਵਿਕ ਰਹੇ E20 ਪੈਟਰੋਲ ਵਿੱਚ 20 ਫੀਸਦੀ ਏਥੇਨੌਲ ਅਤੇ 80 ਫੀਸਦੀ ਪੈਟਰੋਲ ਹੁੰਦਾ ਹੈ।  
 ਅੰਤਰ: E100 ਵਿੱਚ ਪੈਟਰੋਲ ਦੀ ਮਾਤਰਾ ਬਿਲਕੁਲ ਨਹੀਂ ਹੁੰਦੀ, ਜਦਕਿ E20 ਵਿੱਚ ਪੈਟਰੋਲ ਦਾ ਵੱਡਾ ਹਿੱਸਾ ਸ਼ਾਮਲ ਹੁੰਦਾ ਹੈ।

ਕੀ ਆਮ ਪੈਟਰੋਲ ਕਾਰਾਂ ਵਿੱਚ ਪਾਇਆ ਜਾ ਸਕਦਾ ਹੈ E100?  
ਨਹੀਂ, ਆਮ ਪੈਟਰੋਲ ਕਾਰਾਂ ਵਿੱਚ ਸਿੱਧੇ ਤੌਰ 'ਤੇ E100 ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਨਵੇਂ ਨਿਯਮਾਂ ਅਨੁਸਾਰ E85 ਅਤੇ E100 ਈਂਧਨ ਦੀ ਵਰਤੋਂ ਸਿਰਫ ਉਨ੍ਹਾਂ ਵਾਹਨਾਂ ਵਿੱਚ ਹੀ ਹੋ ਸਕਦੀ ਹੈ, ਜਿਨ੍ਹਾਂ ਨੂੰ ਆਟੋਮੋਬਾਈਲ ਕੰਪਨੀਆਂ ਖਾਸ ਤੌਰ 'ਤੇ 'ਫਲੇਕਸ-ਫਿਊਲ' ਤਕਨੀਕ ਨਾਲ ਤਿਆਰ ਕਰਦੀਆਂ ਹਨ। ਜੇਕਰ ਕਿਸੇ ਸਧਾਰਨ ਪੈਟਰੋਲ ਕਾਰ ਵਿੱਚ E100 ਪਾਇਆ ਜਾਵੇ, ਤਾਂ ਇਸ ਨਾਲ ਵਾਹਨ ਦੇ ਫਿਊਲ ਸਿਸਟਮ ਦੇ ਪੁਰਜ਼ਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਇੰਜਣ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋ ਸਕਦੀ ਹੈ।

ਕਾਰ ਕੰਪਨੀਆਂ ਲਈ ਕੀ ਬਦਲੇਗਾ?  
ਨਵੇਂ ਨਿਯਮਾਂ ਨਾਲ ਆਟੋਮੋਬਾਈਲ ਕੰਪਨੀਆਂ ਨੂੰ E100 'ਤੇ ਚੱਲਣ ਵਾਲੀਆਂ ਕਾਰਾਂ ਦੀ ਟੈਸਟਿੰਗ ਅਤੇ ਸਰਟੀਫਿਕੇਸ਼ਨ ਲਈ ਸਪੱਸ਼ਟ ਵਿਵਸਥਾ ਮਿਲ ਗਈ ਹੈ। ਮੰਤਰਾਲੇ ਨੇ ਵਾਹਨਾਂ ਦੇ ਨਿਯਮਾਂ ਅਧੀਨ ਵਜ਼ਨ ਦੀ ਸੀਮਾ 3,000 ਕਿਲੋਗ੍ਰਾਮ ਤੋਂ ਵਧਾ ਕੇ 3,500 ਕਿਲੋਗ੍ਰਾਮ ਕਰ ਦਿੱਤੀ ਹੈ। ਹਾਲਾਂਕਿ, ਸਰਕਾਰ ਨੇ ਅਜੇ ਪੂਰੇ ਦੇਸ਼ ਵਿੱਚ E100 ਦੀ ਖੁੱਲ੍ਹੀ ਵਿਕਰੀ ਸ਼ੁਰੂ ਕਰਨ ਜਾਂ ਇਹਨਾਂ ਕਾਰਾਂ ਦੀਆਂ ਕੀਮਤਾਂ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ।

ਕੀ E100 ਨਾਲ ਕਾਰ ਚਲਾਉਣਾ ਸਸਤਾ ਪਵੇਗਾ?  
ਫਿਲਹਾਲ ਇਹ ਕਹਿਣਾ ਮੁਸ਼ਕਿਲ ਹੈ ਕਿ E100 ਨਾਲ ਕਾਰ ਚਲਾਉਣ ਦਾ ਖ਼ਰਚਾ ਘਟੇਗਾ ਜਾਂ ਨਹੀਂ। ਏਥੇਨੌਲ ਵਿੱਚ ਪੈਟਰੋਲ ਦੇ ਮੁਕਾਬਲੇ ਪ੍ਰਤੀ ਲੀਟਰ ਘੱਟ ਊਰਜਾ ਹੁੰਦੀ ਹੈ, ਜਿਸ ਕਰਕੇ ਉਹੀ ਦੂਰੀ ਤੈਅ ਕਰਨ ਲਈ ਕਾਰ ਨੂੰ ਜ਼ਿਆਦਾ ਈਂਧਨ ਦੀ ਲੋੜ ਪੈ ਸਕਦੀ ਹੈ। ਇਸ ਦਾ ਅਸਲ ਖ਼ਰਚਾ E100 ਦੀ ਬਾਜ਼ਾਰੀ ਕੀਮਤ, ਵਾਹਨ ਦੀ ਮਾਈਲੇਜ ਅਤੇ ਈਂਧਨ ਦੀ ਉਪਲਬਧਤਾ 'ਤੇ ਨਿਰਭਰ ਕਰੇਗਾ।
 


author

Inder Prajapati

Content Editor

Related News