ਸੋਨੇ ਦਾ ਆਯਾਤ ਅਪ੍ਰੈਲ-ਜਨਵਰੀ ''ਚ 9 ਫੀਸਦੀ ਘੱਟ ਕੇ ਰਿਹਾ 24.64 ਅਰਬ ਡਾਲਰ

02/16/2020 1:53:36 PM

ਨਵੀਂ ਦਿੱਲੀ—ਦੇਸ਼ 'ਚ ਸੋਨੇ ਦਾ ਆਯਾਤ ਚਾਲੂ ਵਿੱਤੀ ਸਾਲ 'ਚ ਅਪ੍ਰੈਲ-ਜਨਵਰੀ ਦੇ ਦੌਰਾਨ ਕਰੀਬ 9 ਫੀਸਦੀ ਘੱਟ ਕੇ 24.64 ਅਰਬ ਡਾਲਰ (1.74 ਲੱਖ ਕਰੋੜ ਰੁਪਏ) ਰਿਹਾ ਹੈ। ਵਪਾਰਕ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਸ ਤੋਂ ਪਹਿਲਾਂ ਵਿੱਤੀ ਸਾਲ 2018-19 ਦੀ ਇਸ ਮਿਆਦ 'ਚ ਮਹਿੰਗੀ ਧਾਤੂ ਦਾ ਆਯਾਤ 27 ਅਰਬ ਡਾਲਰ ਸੀ। ਸੋਨੇ ਦੇ ਆਯਾਤ 'ਚ ਕਮੀ ਨਾਲ ਦੇਸ਼ ਦਾ ਵਪਾਰ ਘਾਟਾ ਘੱਟ ਹੋ ਕੇ ਅਪ੍ਰੈਲ-ਜਨਵਰੀ ਮਿਆਦ 'ਚ 133.27 ਅਰਬ ਡਾਲਰ ਰਿਹਾ ਜਦੋਂਕਿ ਇਕ ਸਾਲ ਪਹਿਲਾਂ ਇਸ ਮਿਆਦ 'ਚ ਇਹ 163.27 ਅਰਬ ਡਾਲਰ ਸੀ। ਪੀਲੀ ਧਾਤੂ ਦੇ ਆਯਾਤ 'ਚ ਪਿਛਲੇ ਸਾਲ ਜੁਲਾਈ ਤੋਂ ਹੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਹਾਲਾਂਕਿ ਪਿਛਲੇ ਸਾਲ ਅਕਤੂਬਰ ਅਤੇ ਨਵੰਬਰ 'ਚ ਇਸ 'ਚ ਹਾਂ-ਪੱਖੀ ਵਾਧਾ ਹੋਇਆ। ਉੱਧਰ ਦਸੰਬਰ 'ਚ ਕਰੀਬ 4 ਫੀਸਦੀ ਅਤੇ ਇਸ ਸਾਲ ਜਨਵਰੀ 'ਚ 31.5 ਫੀਸਦੀ ਦੀ ਗਿਰਾਵਟ ਆਈ। ਭਾਰਤ ਸੋਨੇ ਦਾ ਸਭ ਤੋਂ ਵੱਡਾ ਆਯਾਤਕ ਹੈ। ਮੁੱਖ ਰੂਪ ਨਾਲ ਗਹਿਣਾ ਉਦਯੋਗ ਦੀ ਮੰਗ ਪੂਰੀ ਕਰਨ ਲਈ ਇਸ ਦਾ ਆਯਾਤ ਕੀਤਾ ਜਾਂਦਾ ਹੈ। ਮਾਤਰਾ ਦੇ ਹਿਸਾਬ ਨਾਲ ਦੇਸ਼ 'ਚ ਸਾਲਾਨਾ 800 ਤੋਂ 900 ਟਨ ਸੋਨੇ ਦਾ ਆਯਾਤ ਹੁੰਦਾ ਹੈ। ਸੋਨੇ ਦੇ ਆਯਾਤ 'ਤੇ ਵਪਾਰ ਘਾਟਾ ਅਤੇ ਚਾਲੂ ਖਾਤੇ ਦੇ ਘਾਟੇ 'ਤੇ ਨਾ-ਪੱਖੀ ਪ੍ਰਭਾਵ ਨੂੰ ਘੱਟ ਕਰਨ ਲਈ ਸਰਕਾਰ ਨੇ ਧਾਤੂ 'ਤੇ ਆਯਾਤ ਡਿਊਟੀ 10 ਫੀਸਦੀ ਤੋਂ ਵਧਾ ਕੇ 12.5 ਫੀਸਦੀ ਕਰ ਦਿੱਤੀ ਹੈ। ਉਦਯੋਗ ਵਿਸ਼ਲੇਸ਼ਕਾਂ ਦਾ ਦਾਅਵਾ ਹੈ ਕਿ ਇਸ ਖੇਤਰ 'ਚ ਕੰਮ ਕਰ ਰਹੀ ਇਕਾਈਆਂ ਉੱਚ ਡਿਊਟੀ ਦੇ ਕਾਰਨ ਆਪਣਾ ਵਿਨਿਰਮਾਣ ਆਧਾਰ ਗੁਆਂਢੀ ਦੇਸ਼ 'ਚ ਸਥਾਪਿਤ ਕਰ ਰਹੇ ਹਨ। ਰਤਨ ਅਤੇ ਗਹਿਣਾ ਨਿਰਯਾਤ ਚਾਲੂ ਵਿੱਤੀ ਸਾਲ 'ਚ ਅਪ੍ਰੈਲ-ਜਨਵਰੀ ਦੇ ਦੌਰਾਨ 1.45 ਫੀਸਦੀ ਘੱਟ ਕੇ 25.11 ਅਰਬ ਡਾਲਰ ਰਿਹਾ ਹੈ। ਦੇਸ਼ ਦਾ ਸੋਨਾ ਆਯਾਤ 2018-19 'ਚ ਕਰੀਬ 3 ਫੀਸਦੀ ਘੱਟ ਕੇ 32.8 ਅਰਬ ਡਾਲਰ ਰਿਹਾ। ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਚਾਲੂ ਖਾਤੇ ਦਾ ਘਾਟਾ ਮੌਜੂਦਾ ਵਿੱਕੀ ਸਾਲ 'ਚ ਜੁਲਾਈ-ਦਸੰਬਰ ਦੌਰਾਨ ਘੱਟ ਕੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ 0.9 ਫੀਸਦੀ ਭਾਵ 6.3 ਅਰਬ ਡਾਲਰ ਰਿਹਾ।


Aarti dhillon

Content Editor

Related News