ਆਲ ਟਾਈਮ ਹਾਈ ’ਤੇ ਪੁੱਜਾ ਸੋਨਾ, ਅੱਗੇ ਵੀ ਜਾਰੀ ਰਹਿ ਸਕਦੀ ਹੈ ਤੇਜ਼ੀ
Friday, Oct 25, 2024 - 10:43 AM (IST)
ਜਲੰਧਰ (ਵਿਸ਼ੇਸ਼) - ਦੁਨੀਆ ਭਰ ’ਚ ਬਦਲਦੇ ਭੂ-ਸਿਆਸੀ ਹਾਲਾਤ, ਅਮਰੀਕਾ ਦੀ ਅਰਥਵਿਵਸਥਾ ’ਚ ਸੁਧਾਰ ਤੇ ਈਰਾਨ ਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਤਣਾਅ ਕਾਰਨ ਸੋਨੇ ਦੀਆਂ ਕੀਮਤਾਂ ਆਲ ਟਾਈਮ ਹਾਈ ’ਤੇ ਚੱਲ ਰਹੀਆਂ ਹਨ। ਅਮਰੀਕਾ ’ਚ ਨਿਊਯਾਰਕ ਕਮੋਡਿਟੀ ਐਕਸਚੇਂਜ (ਕੋਮੈਕਸ) ’ਤੇ ਸੋਨਾ 2750 ਡਾਲਰ ਤੋਂ ਉੱਪਰ ਕਾਰੋਬਾਰ ਕਰ ਰਿਹਾ ਹੈ, ਜਦਕਿ ਭਾਰਤ ’ਚ ਵੀ ਸੋਨੇ ਦੀ ਕੀਮਤ 80,000 ਰੁਪਏ ਪ੍ਰਤੀ ਤੋਲਾ ’ਤੇ ਪਹੁੰਚ ਗਈ ਹੈ। ਭਾਰਤ ’ਚ ਤਿਉਹਾਰਾਂ ਤੇ ਵਿਆਹਾਂ ਦੇ ਸੀਜ਼ਨ ਕਾਰਨ ਸੋਨੇ ਦੀ ਭਾਰੀ ਮੰਗ ਹੈ ਪਰ ਇਸ ਦੌਰਾਨ ਸੋਨੇ ਦੀ ਵਧਦੀ ਕੀਮਤ ਲੋਕਾਂ ਦਾ ਬਜਟ ਵਿਗਾੜ ਰਹੀ ਹੈ।
ਹਾਲਾਂਕਿ ਕੁਝ ਲੋਕ ਸੋਨਾ ਖਰੀਦਣ ਲਈ ਇਸ ਦੀਆਂ ਕੀਮਤਾਂ ਹੇਠਾਂ ਆਉਣ ਦਾ ਇੰਤਜ਼ਾਰ ਕਰ ਰਹੇ ਹਨ ਪਰ ਦੁਨੀਆ ਦੇ ਬਦਲਦੇ ਹਾਲਾਤ ਵਿਚਾਲੇ ਸੋਨੇ ਦੀਆਂ ਕੀਮਤਾਂ ਹੇਠਾਂ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ ਤੇ ਸਾਲ ਦੇ ਅੰਤ ਤੱਕ ਸੋਨਾ 85,000 ਰੁਪਏ ਪ੍ਰਤੀ ਤੋਲਾ ਤੱਕ ਪਹੁੰਚ ਸਕਦਾ ਹੈ। ਉੱਥੇ ਹੀ, ਚਾਂਦੀ ਦੀਆਂ ਕੀਮਤਾਂ ਵੀ ਵਧਣ ਦੀ ਸੰਭਾਵਨਾ ਹੈ।
ਭੂ-ਸਿਆਸੀ ਹਾਲਾਤ ’ਚ ਬਦਲਾਅ ਕਾਰਨ ਜਾਰੀ ਰਹੇਗੀ ਸੋਨੇ ’ਚ ਤੇਜ਼ੀ
ਦੁਨੀਆ ਭਰ ’ਚ ਭੂ-ਸਿਆਸੀ ਹਾਲਾਤ ਬਦਲ ਰਹੇ ਹਨ। ਚੀਨ, ਰੂਸ ਤੇ ਭਾਰਤ ਦੇ ਹਾਲ ਹੀ ’ਚ ਇਕੱਠੇ ਆਉਣ ਨਾਲ ਵੀ ਬਾਜ਼ਾਰ ’ਤੇ ਆਉਣ ਵਾਲੇ ਦਿਨਾਂ ’ਚ ਅਸਰ ਪਵੇਗਾ। ਬਾਜ਼ਾਰ ਨੂੰ ਡਰ ਹੈ ਕਿ ਇਜ਼ਰਾਈਲ ਤੇ ਈਰਾਨ ਵਿਚਾਲੇ ਚੱਲ ਰਿਹਾ ਟਕਰਾਅ ਵਧ ਜਾਵੇਗਾ, ਜਿਸ ਕਾਰਨ ਸੋਨੇ ਨੂੰ ਸੁਰੱਖਿਅਤ ਨਿਵੇਸ਼ ਮੰਨਿਆ ਜਾ ਰਿਹਾ ਹੈ।
ਦਿੱਲੀ ਦੀ ਖੋਜ ਫਰਮ ਐੱਸ. ਐੱਸ. ਵੈਲਥ ਸਟਰੀਟ ਦੀ ਸੰਸਥਾਪਕ ਸੁਗੰਧਾ ਸਚਦੇਵਾ ਨੇ ਕਿਹਾ ਕਿ ਸਾਲ 2024 ’ਚ ਸੋਨੇ ਦੀਆਂ ਕੀਮਤਾਂ 2800 ਡਾਲਰ ਨੂੰ ਪਾਰ ਕਰ ਸਕਦੀਆਂ ਹਨ, ਜਦਕਿ 2025 ’ਚ ਸੋਨਾ 3000 ਡਾਲਰ ਨੂੰ ਪਾਰ ਕਰ ਜਾਵੇਗਾ। ਉਨ੍ਹਾਂ ਕਿਹਾ ਕਿ ਅਸਲ ’ਚ ਅਮਰੀਕਾ ’ਚ ਅਰਥਵਿਵਸਥਾ ਤੇਜ਼ੀ ਨਾਲ ਬਦਲ ਰਹੀ ਹੈ, ਮਹਿੰਗਾਈ ਦਰ ਘਟ ਰਹੀ ਹੈ, ਜਿਸ ਕਾਰਨ ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਵੱਲੋਂ ਦਸੰਬਰ ’ਚ ਵੀ ਵਿਆਜ ਦਰਾਂ ’ਚ ਕਟੌਤੀ ਕੀਤੇ ਜਾਣ ਦੀ ਸੰਭਾਵਨਾ ਹੈ। ਕੇਂਦਰੀ ਬੈਂਕਾਂ ਵੱਲੋਂ ਸੋਨੇ ਦੀ ਖਰੀਦ ’ਚ ਵੀ ਵਾਧਾ ਹੋਵੇਗਾ, ਜਿਸ ਕਾਰਨ ਸੋਨੇ ਦੀਆਂ ਕੀਮਤਾਂ ਵਧ ਸਕਦੀਆਂ ਹਨ।
ਚੀਨ ਵੱਲੋਂ ਆਪਣੀ ਆਰਥਿਕਤਾ ਨੂੰ ਸੁਧਾਰਨ ਲਈ ਆਰਥਿਕ ਪੈਕੇਜ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਚਾਂਦੀ ਦੀਆਂ ਕੀਮਤਾਂ ਵੀ ਵਧਣਗੀਆਂ ਤੇ ਚਾਂਦੀ ਦੀ ਕੀਮਤ 45 ਡਾਲਰ ਪ੍ਰਤੀ ਅੌਂਸ ਤੱਕ ਪਹੁੰਚ ਸਕਦੀ ਹੈ। ਭਾਰਤ ’ਚ ਚਾਂਦੀ ਦੀ ਕੀਮਤ ਇਸ ਸਮੇਂ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ ਤੇ 1.25 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚਣ ਦੀ ਉਮੀਦ ਹੈ।
ਵਕਰੀ ਗੁਰੂ ਤੇ ਸ਼ਨੀ ਨਾਲ ਵੀ ਸੋਨੇ ’ਚ ਆਵੇਗੀ ਤੇਜ਼ੀ
ਸੋਨੇ ਤੇ ਚਾਂਦੀ ਦੀ ਕੀਮਤ ’ਚ ਤੇਜ਼ੀ ਦਾ ਸਿੱਧਾ ਸਬੰਧ ਜੋਤਿਸ਼ ਨਾਲ ਵੀ ਹੈ। ਸੋਨੇ ਦੀ ਨੁਮਾਇੰਦਗੀ ਕਰਨ ਵਾਲਾ ਜੂਪੀਟਰ ਇਸ ਮੌਕੇ ਬ੍ਰਿਖ ਰਾਸ਼ੀ ’ਚ ਵਕਰੀ ਸਥਿਤੀ ’ਚ ਚੱਲ ਰਿਹਾ ਹੈ ਤੇ 4 ਫਰਵਰੀ ਤੱਕ ਵਕਰੀ ਸਥਿਤੀ ’ਚ ਰਹੇਗਾ। ਗੁਰੂ ਦੀ ਇਹ ਵਕਰੀ ਸਥਿਤੀ ਵੀ ਸੋਨੇ ’ਚ ਤੇਜ਼ੀ ਲਿਆਉਣ ਦਾ ਕੰਮ ਕਰੇਗੀ, ਜਿਸ ਕਾਰਨ ਵੀ ਕੀਮਤ ਵਧ ਸਕਦੀ ਹੈ। ਗੁਰੂ ਤੋਂ ਇਲਾਵਾ ਸ਼ਨੀ ਵੀ 15 ਨਵੰਬਰ ਤੱਕ ਵਕਰੀ ਸਥਿਤੀ ’ਚ ਹੈ ਤੇ ਸ਼ਨੀ ਧਾਤ ਦੀ ਨੁਮਾਇੰਦਗੀ ਕਰਦਾ ਹੈ। ਇਸ ਨਾਲ ਬੇਸ ਮੈਟਲ ਦੀਆਂ ਕੀਮਤਾਂ ’ਚ ਵੀ ਤੇਜ਼ੀ ਆ ਸਕਦੀ ਹੈ।
ਮੰਗਲ ਸ਼ਨੀ ਦੇ ਸ਼ਟਾਸ਼ਟਕ ਯੋਗ ਨਾਲ ਵੀ ਮਹਿੰਗਾ ਹੋਵੇਗਾ ਸੋਨਾ
20 ਅਕਤੂਬਰ ਨੂੰ ਮੰਗਲ ਨੇ ਕਰਕ ਰਾਸ਼ੀ ’ਚ ਪ੍ਰਵੇਸ਼ ਕੀਤਾ ਹੈ ਤੇ ਮੰਗਲ ਦਾ ਕੁੰਭ ਰਾਸ਼ੀ ’ਚ ਗੋਚਰ ਕਰ ਰਹੇ ਸ਼ਨੀ ਨਾਲ ਸ਼ਟਾਸ਼ਟਕ ਯੋਗ ਬਣਾ ਗਿਆ ਹੈ। ਮੰਗਲ ਸ਼ਨੀ ਦਾ ਇਹ ਸ਼ਟਾਸ਼ਟਕ ਯੋਗ ਦੁਨੀਆ ’ਚ ਸ਼ਾਂਤੀ ਲਈ ਸ਼ੁੱਭ ਨਹੀਂ ਹੈ। ਮੰਗਲ ਝਗੜੇ ਦਾ ਕਾਰਕ ਗ੍ਰਹਿ ਹੈ ਤੇ 20 ਜਨਵਰੀ ਤੱਕ ਸ਼ਨੀ ਨਾਲ ਸ਼ਟਾਸ਼ਟਕ ਯੋਗ ’ਚ ਰਹੇਗਾ। ਇਸ ਕਾਰਨ ਇਰਾਨ ਇਜ਼ਰਾਈਲ ਵਿਟਾਲੇ ਤਣਾਅ ਵਧ ਸਕਦਾ ਹੈ, ਇਸ ਦੇ ਨਾਲ ਹੀ ਦੁਨੀਆ ਦੇ ਕਈ ਹੋਰ ਦੇਸ਼ਾਂ ’ਚ ਵੀ ਜੰਗ ਦੇ ਹਾਲਾਤ ਪੈਦਾ ਹੋ ਸਕਦੇ ਹਨ।
ਇਸ ਦਾ ਅਸਰ ਵੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਤੇ ਪਵੇਗਾ ਤੇ ਸੋਨੇ ਨੂੰ ਸੁਰੱਖਿਅਤ ਨਿਵੇਸ਼ ਮੰਨ ਕੇ ਨਿਵੇਸ਼ਕ ਇਸ ’ਚ ਨਿਵੇਸ਼ ਕਰਨਗੇ। ਲਿਹਾਜ਼ਾ ਸੋਨੇ ਦੀਆਂ ਕੀਮਤਾਂ ਘਟਣ ਦੀ ਜਗ੍ਹਾ ਹੋਰ ਜ਼ਿਆਦਾ ਵਧਦੀਆਂ ਨਜ਼ਰ ਆ ਸਕਦੀਆਂ ਹਨ।