ਕਪਾਹ ਉਤਪਾਦਕਾਂ ਨੂੰ ਮੋਦੀ ਸਰਕਾਰ ਦਾ ਤੋਹਫਾ, ਕੱਚੇ ਕਪਾਹ ਦਾ MSP 6 ਫੀਸਦੀ ਵਧਿਆ
Thursday, Jan 23, 2025 - 11:17 AM (IST)
ਨਵੀਂ ਦਿੱਲੀ (ਭਾਸ਼ਾ) – ਕੇਂਦਰੀ ਮੰਤਰੀ ਮੰਡਲ ਨੇ ਮਾਰਕੀਟਿੰਗ ਸੈਸ਼ਨ 2025-26 ਲਈ ਕੱਚੇ ਕਪਾਹ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨੂੰ ਵਧਾ ਕੇ 5650 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਬੁੱਧਵਾਰ ਨੂੰ ਮਨਜ਼ੂਰੀ ਦੇ ਦਿੱਤੀ। ਇਹ ਕੱਚਾ ਕਪਾਹ ਪਿਛਲੇ ਐੱਮ. ਐੱਸ. ਪੀ. ਤੋਂ 315 ਰੁਪਏ ਪ੍ਰਤੀ ਕੁਇੰਟਲ ਭਾਵ 6 ਫੀਸਦੀ ਵੱਧ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿਚ ਇਹ ਫੈਸਲਾ ਕੀਤਾ ਗਿਆ। ਬੈਠਕ ਤੋਂ ਬਾਅਦ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਇਹ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ 40 ਲੱਖ ਖੇਤੀਯੋਗ ਪਰਿਵਾਰਾਂ ਦਾ ਰੋਜ਼ਗਾਰ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਕਪਾਹ ਉਦਯੋਗ ’ਤੇ ਨਿਰਭਰ ਹੈ। ਕਪਾਹ ਮਿੱਲਾਂ ਅਤੇ ਕਪਾਹ ਦੇ ਵਪਾਰ ਨਾਲ ਲਗਭਗ 4 ਲੱਖ ਮਜ਼ਦੂਰਾਂ ਨੂੰ ਪ੍ਰਤੱਖ ਰੂਪ ਨਾਲ ਰੋਜ਼ਗਾਰ ਮਿਲਦਾ ਹੈ।
ਕੇਂਦਰੀ ਮੰਤਰੀ ਮੰਡਲ ਨੇ ਰਾਸ਼ਟਰੀ ਸਿਹਤ ਮਿਸ਼ਨ ਨੂੰ ਅਗਲੇ 5 ਸਾਲ ਤੱਕ ਜਾਰੀ ਰੱਖਣ ਦੀ ਵੀ ਮਨਜ਼ੂਰੀ ਦੇ ਦਿੱਤੀ। ਪਿਊਸ਼ ਗੋਇਲ ਨੇ ਕਿਹਾ ਕਿ ਮਿਸ਼ਨ ਨੇ ਪਿਛਲੇ 10 ਸਾਲਾਂ ਵਿਚ ਇਤਿਹਾਸਕ ਟੀਚੇ ਹਾਸਲ ਕੀਤੇ ਹਨ।
ਗੋਇਲ ਨੇ ਦੱਸਿਆ ਕਿ 2021 ਤੋਂ 2022 ਦਰਮਿਆਨ ਲਗਭਗ 12 ਲੱਖ ਸਿਹਤ ਕਰਮਚਾਰੀ ਰਾਸ਼ਟਰੀ ਸਿਹਤ ਮਿਸ਼ਨ (ਐੱਨ. ਐੱਚ. ਐੱਮ.) ਨਾਲ ਜੁੜੇ ਅਤੇ ਭਾਰਤ ਨੇ ਐੱਨ. ਐੱਚ. ਐੱਮ. ਤਹਿਤ ਕੋਵਿਡ-19 ਮਹਾਮਾਰੀ ਖਿਲਾਫ ਡਟ ਕੇ ਲੜਾਈ ਲੜੀ।