ਵਿਦੇਸ਼ੀ ਮੁਦਰਾ ਭੰਡਾਰ 3.017 ਅਰਬ ਡਾਲਰ ਘਟਿਆ
Saturday, Oct 03, 2020 - 11:30 PM (IST)
ਮੁੰਬਈ (ਭਾਸ਼ਾ)–ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 25 ਸਤੰਬਰ ਨੂੰ ਸਮਾਪਤ ਹਫਤੇ ’ਚ 3.017 ਅਰਬ ਡਾਲਰ ਘਟ ਕੇ 542.021 ਅਰਬ ਡਾਲਰ ਰਹਿ ਗਿਆ। ਇਸ ਤੋਂ ਪਹਿਲਾਂ ਦੇ ਹਫਤੇ ’ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਸਭ ਤੋਂ ਉੱਚ ਪੱਧਰ ’ਤੇ ਪਹੁੰਚ ਗਿਆ ਸੀ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸ਼ੁੱਕਰਵਾਰ ਨੂੰ ਇਸ ਸਬੰਧ ’ਚ ਅੰਕੜੇ ਜਾਰੀ ਕੀਤੇ। ਇਸ ਤੋਂ ਪਹਿਲਾਂ 18 ਸਤੰਬਰ ਨੂੰ ਸਮਾਪਤ ਹਫਤੇ ’ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 3.378 ਅਰਬ ਡਾਲਰ ਵਧ ਕੇ 545.038 ਅਰਬ ਡਾਲਰ ਰਿਹਾ ਸੀ।
ਸਮੀਖਿਆ ਅਧੀਨ ਮਿਆਦ ’ਚ ਵਿਦੇਸ਼ੀ ਮੁਦਰਾ ਭੰਡਾਰ ’ਚ ਗਿਰਾਵਟ ਦਾ ਪ੍ਰਮੁੱਖ ਕਾਰਣ ਵਿਦੇਸ਼ੀ ਮੁਦਰਾ ਜਾਇਦਾਦਾਂ (ਐੱਫ. ਸੀ. ਏ.) ’ਚ ਕਮੀ ਆਉਣਾ ਹੈ। ਇਹ ਕੁਲ ਵਿਦੇਸ਼ੀ ਮੁਦਰਾ ਭੰਡਾਰ ਦਾ ਇਕ ਅਹਿਮ ਅੰਗ ਹੁੰਦਾ ਹੈ। ਇਸ ਦੌਰਾਨ ਐੱਫ. ਸੀ. ਏ. 1.523 ਅਰਬ ਡਾਲਰ ਘਟ ਕੇ 499.941 ਅਰਬ ਡਾਲਰ ਰਹਿ ਗਿਆ। ਰਿਜ਼ਰਵ ਬੈਂਕ ਦੇ ਅੰਕੜੇ ਦਰਸਾਉਂਦੇ ਹਨ ਕਿ ਸਮੀਖਿਆ ਅਧੀਨ ਹਫਤੇ ’ਚ ਦੇਸ਼ ਦਾ ਕੁਲ ਸੋਨੇ ਦਾ ਭੰਡਾਰ 1.441 ਅਰਬ ਡਾਲਰ ਘਟ ਹੋ ਕੇ 35.999 ਅਰਬ ਡਾਲਰ ਰਹਿ ਗਿਆ। ਇਸ ਤੋਂ ਇਲਾਵਾ ਕੌਮਾਂਤਰੀ ਮੁਦਰਾ ਫੰਡ ਤੋਂ ਮਿਲਿਆ ਵਿਸ਼ੇਸ਼ ਵਿਦਡ੍ਰਾਲ ਅਧਿਕਾਰ (ਐੱਸ. ਡੀ. ਆਰ.) 1 ਕਰੋੜ ਡਾਲਰ ਘਟ ਕੇ 1.472 ਅਰਬ ਡਾਲਰ ਰਹਿ ਗਿਆ। ਅੰਕੜਿਆਂ ਮੁਤਾਬਕ ਕੌਮਾਂਤਰੀ ਮੁਦਰਾ ਫੰਡ ਕੋਲ ਜਮ੍ਹਾ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਵੀ 4.3 ਕਰੋੜ ਡਾਲਰ ਘਟ ਕੇ 4.608 ਅਰਬ ਡਾਲਰ ਰਹਿ ਗਿਆ।