ਵਿਦੇਸ਼ੀ ਕਰੰਸੀ ਭੰਡਾਰ 17.76 ਅਰਬ ਡਾਲਰ ਘਟਿਆ
Saturday, Nov 23, 2024 - 11:18 AM (IST)
ਮੁੰਬਈ (ਭਾਸ਼ਾ) – ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 15 ਨਵੰਬਰ ਨੂੰ ਖਤਮ ਹਫਤੇ ’ਚ 17.76 ਅਰਬ ਡਾਲਰ ਘਟ ਕੇ 657.89 ਅਰਬ ਅਮਰੀਕੀ ਡਾਲਰ ਰਿਹਾ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਿਛਲੇ ਹਫਤੇ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 6.47 ਅਰਬ ਡਾਲਰ ਘਟ ਕੇ 675.65 ਅਰਬ ਡਾਲਰ ਰਿਹਾ ਸੀ।
ਸਤੰਬਰ ਦੇ ਅਖੀਰ ’ਚ ਵਿਦੇਸ਼ੀ ਕਰੰਸੀ ਭੰਡਾਰ 704.88 ਅਰਬ ਡਾਲਰ ਦੇ ਸਰਵਕਾਲੀ ਉੱਚ ਪੱਧਰ ’ਤੇ ਪਹੁੰਚ ਗਿਆ ਸੀ। ਉਸ ਦੇ ਬਾਅਦ ਤੋਂ ਇਸ ’ਚ ਪਿਛਲੇ ਕਈ ਹਫਤਿਆਂ ਤੋਂ ਗਿਰਾਵਟ ਆ ਰਹੀ ਹੈ। ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ 8 ਨਵੰਬਰ ਨੂੰ ਖਤਮ ਹਫਤੇ ’ਚ ਵਿਦੇਸ਼ੀ ਕਰੰਸੀ ਭੰਡਾਰ ਦਾ ਅਹਿਮ ਹਿੱਸਾ ਮੰਨੀਆਂ ਜਾਣ ਵਾਲੀਆਂ ਵਿਦੇਸ਼ੀ ਕਰੰਸੀ ਜਾਇਦਾਦਾਂ 15.55 ਅਰਬ ਡਾਲਰ ਘਟ ਕੇ 569.83 ਅਰਬ ਡਾਲਰ ਰਹੀਆਂ।
ਸਮੀਖਿਆ ਅਧੀਨ ਹਫਤੇ ’ਚ ਸੋਨੇ ਦੇ ਭੰਡਾਰ ਦਾ ਮੁੱਲ 2.07 ਅਰਬ ਡਾਲਰ ਘਟ ਕੇ 65.75 ਅਰਬ ਡਾਲਰ ਰਿਹਾ। ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ. ਡੀ. ਆਰ.) 9.4 ਕਰੋੜ ਡਾਲਰ ਘਟ ਕੇ 18.06 ਅਰਬ ਡਾਲਰ ਰਿਹਾ। ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਹਫਤੇ ’ਚ ਕੌਮਾਂਤਰੀ ਕਰੰਸੀ ਫੰਡ (ਆਈ. ਐੱਮ. ਐੱਫ.) ਕੋਲ ਭਾਰਤ ਦਾ ਰਾਖਵਾਂ ਭੰਡਾਰ 5.1 ਕਰੋੜ ਡਾਲਰ ਘਟ ਕੇ 4.25 ਅਰਬ ਡਾਲਰ ’ਤੇ ਆ ਗਿਆ।