ਸਾਬਣ ਤੇ ਤੇਲ ਵਰਗੇ ਰੋਜ਼ਾਨਾ ਵਰਤੋਂ ਦੇ ਉਤਪਾਦਾਂ ਦੀਆਂ ਕੀਮਤਾਂ ਘੱਟ ਕਰੇਗੀ FMCG ਕੰਪਨੀਆਂ

Friday, May 19, 2023 - 02:24 PM (IST)

ਸਾਬਣ ਤੇ ਤੇਲ ਵਰਗੇ ਰੋਜ਼ਾਨਾ ਵਰਤੋਂ ਦੇ ਉਤਪਾਦਾਂ ਦੀਆਂ ਕੀਮਤਾਂ ਘੱਟ ਕਰੇਗੀ FMCG ਕੰਪਨੀਆਂ

ਬਿਜ਼ਨੈੱਸ ਡੈਸਕ : ਰੋਜ਼ਾਨਾ ਵਰਤੋਂ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਬਣਾਉਣ ਵਾਲੀਆਂ (FMCG) ਕੰਪਨੀਆਂ ਮਾਤਰਾ ਦੇ ਹਿਸਾਬ ਨਾਲ ਆਪਣੀ ਵਿਕਰੀ ਵਧਾਉਣ ਦੀ ਤਿਆਰੀ ਕਰ ਰਹੀਆਂ ਹਨ। ਅਪ੍ਰੈਲ ਦੇ ਮਹੀਨੇ ਪ੍ਰਚੂਨ ਮਹਿੰਗਾਈ ਦਰ 18 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 4.7 ਫ਼ੀਸਦੀ 'ਤੇ ਆਉਣ ਤੋਂ ਬਾਅਦ ਗਾਹਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਕੰਪਨੀ ਸਾਬਣ, ਤੇਲ, ਪੇਸਟ ਵਰਗੀਆਂ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਦੀਆਂ ਕੀਮਤਾਂ ਘਟਾਉਣ ਜਾ ਰਹੀ ਹੈ। ਅਜਿਹੇ ਸੰਕੇਤ ਵੱਡੀਆਂ FMCG ਕੰਪਨੀਆਂ ਦੇ ਸੀਈਓ ਵਲੋਂ ਦਿੱਤੇ ਗਏ ਹਨ।

ਸੂਤਰਾਂ ਅਨੁਸਾਰ ਵੱਖ-ਵੱਖ ਕੰਪਨੀਆਂ ਦੇ ਸੀਈਓ ਨੇ ਕਿਹਾ ਹੈ ਕਿ ਅਨਾਜ ਵਰਗੇ ਕੱਚੇ ਮਾਲ ਦੀਆਂ ਕੀਮਤਾਂ ਘੱਟ ਹੋਣ ਕਾਰਨ ਉਨ੍ਹਾਂ ਦੀ ਕਮਾਈ ਵਿੱਚ ਵਾਧਾ ਹੋਇਆ ਹੈ। ਚੀਜ਼ਾਂ ਦੀਆਂ ਕੀਮਤਾਂ ਘੱਟ ਹੋਣ ਕਾਰਨ ਗਾਹਕ ਉਹਨਾਂ ਦਾ ਸਾਮਾਨ ਵੱਧ ਖਰੀਦ ਰਹੇ ਹਨ। ਤਿਮਾਹੀ ਨਤੀਜਿਆਂ ਦੀ ਘੋਸ਼ਣਾ ਕਰਦੇ ਹੋਏ ਕੰਪਨੀਆਂ ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਜਿੱਥੇ ਵੀ ਸੰਭਵ ਹੋਵੇਗਾ, ਉਹ ਉਤਪਾਦਾਂ ਦੀ ਪੈਕਿੰਗ ਵਿੱਚ ਕੀਮਤਾਂ ਘਟਾਉਣ ਜਾਂ ਭਾਰ ਵਧਾਉਣਾ ਲਗਾਤਾਰ ਜਾਰੀ ਰੱਖਣਗੇ। ਕੱਚੇ ਮਾਲ ਦੀਆਂ ਕੀਮਤਾਂ 'ਚ ਨਰਮੀ ਦਾ ਫ਼ਾਇਦਾ ਗਾਹਕਾਂ ਤੱਕ ਪਹੁੰਚਾਉਣ ਲਈ ਕੰਪਨੀਆਂ ਉਤਪਾਦ ਦੀ ਮਾਤਰਾ ਵਧਾ ਰਹੀਆਂ ਹਨ ਅਤੇ ਕੀਮਤ ਘਟਾ ਰਹੀਆਂ ਹਨ। ਇਸ ਨਾਲ ਵਿਕਰੀ 'ਚ ਤੇਜ਼ੀ ਆਵੇਗੀ।

ਦੱਸ ਦੇਈਏ ਕਿ ਰਿਟੇਲ ਐਸੋਸੀਏਸ਼ਨ ਆਫ ਇੰਡੀਆ ਦੇ ਮੁਤਾਬਕ ਅਪ੍ਰੈਲ 'ਚ ਪ੍ਰਚੂਨ ਵਿਕਰੀ 6 ਫ਼ੀਸਦੀ ਵਧੀ ਹੈ। ਪ੍ਰਚੂਨ ਵਿਕਰੀ ਅਪ੍ਰੈਲ 2019 ਦੇ ਮੁਕਾਬਲੇ 23% ਅਤੇ ਅਪ੍ਰੈਲ 2021 ਦੇ ਮੁਕਾਬਲੇ 41% ਵਧੀ ਹੈ। NIQ ਦੇ ਅੰਕੜਿਆਂ ਅਨੁਸਾਰ 18 ਮਹੀਨਿਆਂ ਦੀ ਗਿਰਾਵਟ ਤੋਂ ਬਾਅਦ ਮਾਰਚ ਤਿਮਾਹੀ ਵਿੱਚ ਪੇਂਡੂ ਖਪਤ ਵਿੱਚ 0.3% ਦਾ ਵਾਧਾ ਹੋਇਆ ਹੈ। ਹਾਲਾਂਕਿ, ਸ਼ਹਿਰੀ ਖੇਤਰਾਂ ਵਿੱਚ ਵਿਕਰੀ ਵਾਧਾ 5.3% 'ਤੇ ਸਥਿਰ ਰਹੀ ਹੈ। 


author

rajwinder kaur

Content Editor

Related News