Exit Poll ਦਾ ਅਸਰ : ਸੈਂਸੈਕਸ 'ਚ 1421 ਅੰਕ ਦਾ ਵਾਧਾ, ਨਿਫਟੀ 425 ਅੰਕ ਚੜ੍ਹ ਕੇ ਹੋਇਆ ਬੰਦ

05/20/2019 4:39:31 PM

ਮੁੰਬਈ —  ਦੇਸ਼ ਭਰ ਦੇ ਲਗਭਗ ਸਾਰੇ Exit Poll 'ਚ ਇਕ ਵਾਰ ਫਿਰ ਭਾਜਪਾ-ਐਨ.ਡੀ.ਏ. ਦੀ ਭਾਰੀ ਜਿੱਤ ਅਤੇ ਮੋਦੀ ਸਰਕਾਰ ਦੇ ਫਿਰ ਤੋਂ ਸੱਤਾ 'ਚ ਆਉਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਪੋਲ ਦੇ ਬਾਅਦ ਸੋਮਵਾਰ ਨੂੰ ਸ਼ੇਅਰ ਬਜ਼ਾਰ ਵਿਚ ਭਾਰੀ ਉਛਾਲ ਦੇਖਿਆ ਗਿਆ। ਐਗਜ਼ਿਟ ਪੋਲ 'ਚ ਦੁਬਾਰਾ ਪੂਰਨ ਬਹੁਮਤ ਦੀ ਰਾਜਗ ਸਰਕਾਰ ਦੇ ਸੱਤਾ ਵਿਚ ਆਉਣ ਦੇ ਸੰਕੇਤ ਨਾਲ ਸ਼ੇਅਰ ਬਜ਼ਾਰ 'ਚ ਨਿਵੇਸ਼ਕਾਂ 'ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ ਹੈ । ਸੋਮਵਾਰ ਨੂੰ ਸ਼ੇਅਰ ਬਜ਼ਾਰ ਭਾਰੀ ਉਛਾਲ ਦੇ ਨਾਲ ਬੰਦ ਹੋਇਆ। ਸੈਂਸੈਕਸ 1,421.90 ਅੰਕਾਂ ਦੇ ਵਾਧੇ ਨਾਲ 39,352.67 ਅਤੇ ਨਿਫਟੀ 425.55 ਅੰਕ ਦੇ ਉਛਾਲ ਨਾਲ 11,832.70 'ਤੇ ਬੰਦ ਹੋਇਆ। ਸੈਂਸੈਕਸ ਦੀਆਂ 30 ਵਿਚੋਂ 28 ਕੰਪਨੀਆਂ ਹਰੇ ਨਿਸ਼ਾਨ ਵਿਚ ਰਹੀਆਂ ਅਤੇ ਸਿਰਫ ਦੋ ਕੰਪਨੀਆਂ ਲਾਲ ਨਿਸ਼ਾਨ ਵਿਚ ਰਹੀਆਂ।

ਸੋਮਵਾਰ ਹਫਤੇ ਦੀ ਸ਼ੁਰੂਆਤ ਦੇ ਪਹਿਲੇ ਦਿਨ ਸੈਂਸਕਸ ਸਵੇਰ ਦੇ ਸਮੇਂ 888.91 ਅੰਕ ਦੇ ਵਾਧੇ ਨਾਲ 38,819.68 'ਤੇ ਖੁੱਲ੍ਹਾ ਅਤੇ ਨਿਫਟੀ ਵੀ 284.15 ਅੰਕ ਦੇ ਵਾਧੇ ਨਾਲ 11,691.30 ਅੰਕ 'ਤੇ ਖੁੱਲ੍ਹਾ । ਦੁਪਹਿਰ ਦੇ ਕਾਰੋਬਾਰ 'ਚ ਸੈਂਸਕਸ  1,261.81 ਅੰਕ ਉਛਲ ਕੇ 39,192.58 'ਤੇ ਕਾਰੋਬਾਰ ਕਰ ਰਿਹਾ । ਇਸ ਦੇ ਨਾਲ ਹੀ ਨਿਫਟੀ 381.20 ਅੰਕ ਯਾਨੀ ਕਿ 3.34 ਫੀਸਦੀ ਦੇ ਵਾਧੇ ਨਾਲ 11,788.35 ਅੰਕ 'ਤੇ ਕਾਰੋਬਾਰੀ ਪੱਧਰ 'ਤੇ ਰਿਹਾ।

ਦਿੱਗਜ ਸ਼ੇਅਰਾਂ ਦਾ ਹਾਲ

ਯੈੱਸ ਬੈਂਕ, ਐਮ ਐੰਡ ਐੱਮ, ਇੰਡਸਇੰਡ ਬੈਂਕ, ਐਲ ਐਂਡ ਟੀ, ਬਜਾਜ ਫਾਈਨੈਂਸ, ਅਡਾਣੀ ਪੋਰਟਾਂ, ਐਚਪੀਸੀਐਲ, ਬੀਪੀਸੀਐਲ, ਟਾਟਾ ਮੋਟਰਜ਼, ਆਈਸੀਆਈਸੀਆਈ ਬੈਂਕ, ਐਚ.ਡੀ.ਐਫ.ਸੀ. ਅਤੇ ਸੋਭਾ ਦੇ ਸਟਾਕਸ ਹਰੇ ਨਿਸ਼ਾਨ 'ਚ ਖੁੱਲ੍ਹੇ।

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ

ਸੈਕਟੋਰਿਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਆਈ.ਟੀ ਤੋਂ ਇਲਾਵਾ ਸਾਰੇ ਸੈਕਟਰ ਹਰੇ ਨਿਸ਼ਾਨ 'ਚ ਕਾਰੋਬਾਰ ਕਰ ਰਹੇ ਹਨ। ਇਨ੍ਹਾਂ ਵਿਚ ਬੈਂਕ, ਆਟੋ, ਐਨਰਜੀ, ਇਨਫਰਾ ਅਤੇ ਐਫ.ਐਮ.ਸੀ.ਜੀ. ਸ਼ਾਮਲ ਹਨ। 

ਰੁਪਏ 'ਚ ਤੇਜ਼ੀ

ਡਾਲਰ ਦੇ ਮੁਕਾਬਲੇ ਅੱਜ 73 ਪੈਸੇ ਮਜ਼ਬੂਤ 69.49 ਦੇ ਪੱਧਰ 'ਤੇ ਖੁੱਲ੍ਹਿਆ। ਹਾਲਾਂਕਿ ਪਿਛਲੇ ਸੈਸ਼ਨ 'ਚ ਰੁਪਏ 'ਚ ਕਮਜ਼ੋਰੀ ਦੇਖਣ ਨੂੰ ਮਿਲੀ ਸੀ। ਡਾਲਰ ਦੇ ਮੁਕਾਬਲੇ ਰੁਪਿਆ ਸ਼ੁੱਕਰਵਾਰ ਨੂੰ 19 ਪੈਸੇ ਕਮਜ਼ੋਰ ਹੋ ਕੇ 70.22 ਦੇ ਪੱਧਰ 'ਤੇ ਬੰਦ ਹੋਇਆ ਸੀ।

ਆਮ ਚੋਣਾਂ ਦੇ ਦੌਰਾਨ 7 ਪੜਾਵਾਂ 'ਚ ਪੂਰੀ ਹੋਈ ਵੋਟਿੰਗ ਦੇ ਖਤਮ ਹੋਣ ਦੇ ਬਾਅਦ ਐਤਵਾਰ ਨੂੰ ਜਾਰੀ ਜ਼ਿਆਦਾਤਰ ਐਗਜ਼ਿਟ ਪੋਲ 'ਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਫਿਰ ਤੋਂ ਸੱਤਾ ਵਿਚ ਆਉਣ ਦੇ ਅੰਦਾਜ਼ੇ ਜਾਰੀ ਹੋਣ ਅਤੇ ਗਠਬੰਧਨ ਨੂੰ 300 ਤੋਂ ਜ਼ਿਆਦਾ ਸੀਟਾਂ ਮਿਲਣ ਦੀ ਉਮੀਦ ਨਾਲ ਸ਼ੇਅਰ ਬਜ਼ਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਹੈ । 7 ਪੜਾਵਾਂ 'ਚ ਹੋਈ ਇਸ ਵੋਟਿੰਗ ਦੇ ਨਤੀਜੇ 23 ਮਈ ਨੂੰ ਘੋਸ਼ਿਤ ਹੋਣਗੇ।