ਕੋਰੋਨਾ ਦਾ ਕਹਿਰ : ਅਮਰੀਕੀ ਹਵਾਈ ਕੰਪਨੀਆਂ ਨੇ ਅੰਤਰਰਾਸ਼ਟਰੀ ਉਡਾਣਾਂ ''ਚ ਕੀਤੀ 75% ਦੀ ਕਟੌਤੀ
Monday, Mar 16, 2020 - 01:11 PM (IST)
ਨਵੀਂ ਦਿੱਲੀ — ਅਮਰੀਕਾ ਦੀਆਂ ਹਵਾਈ ਕੰਪਨੀਆਂ ਨੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਉਡਾਣਾਂ ਦੀ ਸੰਖਿਆ 'ਚ ਵੱਡੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਕੰਪਨੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਯੂਰੋਪ ਦੇ ਯਾਤਰੀਆਂ ਦੇ ਪ੍ਰਵੇਸ਼ 'ਤੇ ਰੋਕ ਲਗਾਉਣ ਦੇ ਬਾਅਦ ਇਹ ਫੈਸਲਾ ਲਿਆ ਹੈ।
ਹਵਾਈ ਕੰਪਨੀ ਅਮਰੀਕਨ ਏਅਰਲਾਈਂਸ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਉਡਾਣਾਂ ਦੀ ਸਮਰੱਥਾ 'ਚ 75 ਫੀਸਦੀ ਦੀ ਕਟੌਤੀ ਕਰਨ ਵਾਲੇ ਹਨ। ਇਹ ਕਟੌਤੀ 6 ਮਈ ਤੱਕ ਜਾਰੀ ਰਹੇਗੀ। ਇਹ ਮੰਗ 'ਚ ਕਮੀ ਅਤੇ ਅਮਰੀਕੀ ਸਰਕਾਰ ਵਲੋਂ ਯਾਤਰੀਆਂ 'ਤੇ ਲਗਾਈ ਗਈ ਰੋਕ ਕਰਕੇ ਹੈ।
ਕੰਪਨੀ ਨੇ ਘਰੇਲੂ ਸੇਵਾਵਾਂ 'ਤ ਵੀ ਸਾਲ ਭਰ ਪਹਿਲਾਂ ਦੀ ਤੁਲਨਾ ਵਿਚ 20 ਫੀਸਦੀ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਮੁਕਾਬਲੇਬਾਜ਼ ਕੰਪਨੀ ਡੈਲਟਾ ਨੇ ਵੀ ਕਿਹਾ ਕਿ ਉਹ ਸੋਮਵਾਰ (16 ਮਾਰਚ) ਨੂੰ ਯੂਰਪ ਦੀਆਂ ਉਡਾਣਾਂ 'ਚ ਵੱਡੀ ਕਟੌਤੀ ਕਰ ਰਹੀ ਹੈ। ਸਾਊਥ ਵੈਸਟ ਏਅਰਲਾਈਨ ਨੇ ਵੀ ਮੰਗ 'ਚ ਆਈ ਕਮੀ ਨੂੰ ਲੈ ਕੇ ਉਡਾਣਾਂ ਘਟਾਉਣ ਦਾ ਐਲਾਨ ਕੀਤਾ ਹੈ।