ਜ਼ੋਮੈਟੋ ਤੇ ਸਵਿੱਗੀ ਵਰਗੀਆਂ ਕੰਪਨੀਆਂ 'ਤੇ ਟੁੱਟਿਆ ਕੋਰੋਨਾ ਦਾ ਕਹਿਰ, ਘਰ ਦੀ ਰੋਟੀ ਦੀ ਵਧੀ ਮੰਗ

Sunday, Apr 05, 2020 - 06:13 PM (IST)

ਜ਼ੋਮੈਟੋ ਤੇ ਸਵਿੱਗੀ ਵਰਗੀਆਂ ਕੰਪਨੀਆਂ 'ਤੇ ਟੁੱਟਿਆ ਕੋਰੋਨਾ ਦਾ ਕਹਿਰ, ਘਰ ਦੀ ਰੋਟੀ ਦੀ ਵਧੀ ਮੰਗ

ਨਵੀਂ ਦਿੱਲੀ - ਦੇਸ਼ ਭਰ 'ਚ ਕੋਰੋਨਾ ਵਾਇਰਸ ਦੀ ਮਹਾਮਾਰੀ ਫੈਲਣ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਦਾ ਲਾਕਡਾਊਨ ਜਾਰੀ ਕੀਤਾ ਹੋਇਆ ਹੈ। ਇਸ ਕਾਰਨ ਜੇਕਰ ਅੱਤ ਜ਼ਰੂਰੀ ਚੀਜ਼ਾਂ ਦੇ ਕਾਰੋਬਾਰ ਨੂੰ ਛੱਡ ਦਿੱਤਾ ਜਾਵੇ ਤਾਂ ਦੇਸ਼ ਭਰ ਦਾ ਵਪਾਰ ਅਤੇ ਕੰਮਕਾਜ ਠੱਪ ਹੈ। ਅਜਿਹੀ ਸਥਿਤੀ ਵਿਚ ਇਸ ਮਹਾਂਮਾਰੀ ਦਾ ਪ੍ਰਭਾਵ ਦੇਸ਼ ਦੇ ਹੋਰ ਕਾਰੋਬਾਰ ਵਾਂਗ ਫੂਡ ਡਿਲਿਵਰੀ ਕਰਨ ਵਾਲੀਆਂ ਕੰਪਨੀਆਂ ਉੱਤੇ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ, ਇਸ ਦੌਰਾਨ ਜ਼ੋਮੈਟੋ ਅਤੇ ਸਵਿੱਗੀ ਵਰਗੀਆਂ ਆਨਲਾਈਨ ਫੂਡ ਡਿਲਿਵਰੀ ਕੰਪਨੀਆਂ ਵਿਚ ਪਿਛਲੇ ਦਸ ਦਿਨਾਂ 'ਚ ਵੱਡੀ ਗਿਰਾਵਟ ਵੇਖੀ ਗਈ ਹੈ। ਜ਼ਿਕਰਯੋਗ ਹੈ ਕਿ ਲੋਕ ਵਾਇਰਸ ਦੇ ਡਰ ਕਾਰਨ ਅਤੇ ਕਰਫਿਊ ਕਾਰਨ ਘਰ ਵਿਚ ਹੀ ਕੈਦ ਹਨ ਅਤੇ ਪਰਿਵਾਰ ਵਿਚ ਰਹਿਣ ਕਾਰਣ ਲੋਕ ਆਪਣੇ ਮਾਂ ਦੇ ਹੱਥ ਦਾ ਖਾਣਾ ਪਸੰਦ ਕਰ ਰਹੇ ਹਨ। 

ਦਰਅਸਲ ਪਿਛਲੇ 10 ਦਿਨਾਂ ਵਿਚ ਜ਼ੋਮੈਟੋ ਅਤੇ ਸਵਿੱਗੀ ਦੇ ਆਨ-ਲਾਈਨ ਆਰਡਰ ਵਿਚ 70 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਦੇਸ਼ ਵਿਚ ਲਾਕਡਾਊਨ ਤੋਂ ਪਹਿਲਾਂ ਇਨ੍ਹਾਂ ਕੰਪਨੀਆਂ ਨੂੰ ਰੋਜ਼ਾਨਾ 25 ਲੱਖ ਆਰਡਰ ਮਿਲਦੇ ਸਨ। ਪਰ ਹੁਣ ਇਹ ਆਨਲਾਈਨ ਆਰਡਰ 70 ਪ੍ਰਤੀਸ਼ਤ ਘੱਟ ਗਏ ਹਨ। ਵਾਇਰਸ ਦੇ ਡਰ ਕਾਰਨ ਅਤੇ ਬੰਦ ਹੋਣ ਕਾਰਨ ਲੋਕਾਂ ਨੇ ਆਨਲਾਈਨ ਫੂਡ ਆਰਡਰ ਘਟਾ ਦਿੱਤਾ ਹੈ। ਇਸ ਕਾਰਣ ਆਨਲਾਈਨ ਆਰਡਰ ਵਿਚ ਭਾਰੀ ਗਿਰਾਵਟ ਆ ਰਹੀ ਹੈ, ਹੁਣ ਇਨ੍ਹਾਂ ਕੰਪਨੀਆਂ ਦਾ ਕਾਰੋਬਾਰ ਬੁਰੀ ਤਰ੍ਹਾਂ ਡਿੱਗ ਗਿਆ ਹੈ।

ਇਸ ਕਾਰਨ ਘੱਟ ਆ ਰਹੇ ਆਰਡਰ

ਮਾਹਰ ਕਹਿੰਦੇ ਹਨ ਕਿ ਆਨਲਾਈਨ ਆਰਡਰ ਘੱਟ ਹੋਣ ਦੇ ਬਹੁਤ ਸਾਰੇ ਕਾਰਨ ਹਨ। ਇਨ੍ਹਾਂ ਵਿਚ ਕੰਪਨੀ ਦੁਆਰਾ ਆਨਲਾਈਨ ਆਰਡਰ 'ਤੇ ਦਿੱਤੀ ਜਾਂਦੀ ਛੋਟ ਵਿਚ ਕਟੌਤੀ ਅਤੇ ਜ਼ੋਮੈਟੋ ਵਲੋਂ ਉਬੇਰ ਈਟਸ ਦੀ ਖਰੀਦ ਸ਼ਾਮਲ ਹੈ।

ਦੂਜੇ ਪਾਸੇ ਪਰਿਵਾਰ ਦੇ ਸਾਰੇ ਮੈਂਬਰ ਘਰ ਹੋਣ ਕਾਰਣ ਅਤੇ ਵਾਇਰਸ ਦੇ ਡਰ ਕਾਰਣ ਲੋਕ ਘਰ ਦਾ ਪੱਕਿਆ ਹੋਇਆ ਭੋਜਨ ਹੀ ਖਾਣਾ ਪਸੰਦ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਲਾਕਡਾਊਨ ਤੋਂ ਪਹਿਲਾਂ ਮਾਰਚ ਦੇ ਪਹਿਲੇ ਦੋ ਹਫਤਿਆਂ ਵਿਚ ਆਨਲਾਈਨ ਭੋਜਨ ਡਿਲਵਰੀ ਦੇ ਆਰਡਰ ਵਿਚ 20 ਪ੍ਰਤੀਸ਼ਤ ਦੀ ਗਿਰਾਵਟ ਆਈ। ਕੁਝ ਡਿਲਵਰੀ ਐਪਸ ਦਾ ਕਹਿਣਾ ਹੈ ਕਿ ਲਾਕਡਾਊਨ ਕਾਰਨ ਸ਼ੁਰੂਆਤੀ ਪੜਾਅ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਸਨ, ਜਿਸ ਵਿਚ ਪੁਲਿਸ ਦੁਆਰਾ ਡਿਲਵਰੀ ਸਟਾਫ ਨੂੰ ਰੋਕਣਾ ਵੀ ਸ਼ਾਮਲ ਸੀ।

ਇਸ ਮਾਮਲੇ 'ਤੇ ਸਵਿਗੀ ਦਾ ਕਹਿਣਾ ਹੈ ਕਿ ਇਸ ਸਮੇਂ 60 ਤੋਂ 70 ਫ਼ੀਸਦੀ ਸ਼ਹਿਰਾਂ ਵਿਚ ਡਿਲਵਰੀ ਦਾ ਕੰਮ ਰੁਕਿਆ ਹੋਇਆ ਹੈ। ਇਨ੍ਹਾਂ ਵਿਚ ਵਡੋਦਰਾ, ਗੁਹਾਟੀ, ਵਿਸ਼ਾਖਾਪਟਨਮ, ਇੰਦੌਰ ਅਤੇ ਹੋਰ ਕਈ ਸ਼ਹਿਰ ਸ਼ਾਮਲ ਹਨ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਲਾਗ ਦੇ ਮੱਦੇਨਜ਼ਰ ਸਰਕਾਰ ਅਤੇ ਪ੍ਰਸ਼ਾਸਨ ਨੇ ਸਾਰੇ ਰੈਸਟੋਰੈਂਟ ਬੰਦ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ।
 


author

Harinder Kaur

Content Editor

Related News