ਕੋਰੋਨਾ ਵਾਇਰਸ ਨੇ ਮਹਾਂਮਾਰੀ ਦਾ ਰੂਪ ਲਿਆ, ਤਾਂ ਗਲੋਬਲ ਮੰਦੀ ਦਾ ਖਤਰਾ : Moody''s

02/26/2020 4:38:41 PM

ਨਵੀਂ ਦਿੱਲੀ — ਮੂਡੀਜ਼ ਦੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਕੋਰੋਨਾ ਵਾਇਰਸ ਇਕ ਮਹਾਂਮਾਰੀ ਦਾ ਰੂਪ ਧਾਰਨ ਕਰ ਲੈਂਦਾ ਹੈ, ਤਾਂ ਵਿਸ਼ਵਵਿਆਪੀ ਆਰਥਿਕਤਾ ਮੰਦੀ ਦੀ ਮਾਰ ਹੇਠ ਆ ਸਕਦੀ ਹੈ। ਮੂਡੀਜ਼ ਵਿਸ਼ਲੇਸ਼ਣ ਦੇ ਮੁੱਖ ਅਰਥ ਸ਼ਾਸਤਰੀ ਮਾਰਕ ਜੈਂਡੀ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਹੁਣ ਇਟਲੀ ਅਤੇ ਕੋਰੀਆ ਵਿਚ ਵੀ ਫੈਲ ਚੁੱਕਾ ਹੈ। ਅਜਿਹੀ ਸਥਿਤੀ ਵਿਚ ਇਸ ਦੇ ਮਹਾਂਮਾਰੀ ਦਾ ਰੂਪ ਧਾਰਨ ਕਰਨ ਦੀ ਸੰਭਾਵਨਾ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੇ ਚੀਨ ਦੀ ਆਰਥਿਕਤਾ ਨੂੰ ਵੱਡਾ ਝਟਕਾ ਦਿੱਤਾ ਹੈ। ਹੁਣ ਇਹ ਪੂਰੀ ਦੁਨੀਆ ਦੀ ਆਰਥਿਕਤਾ ਲਈ ਖ਼ਤਰਾ ਬਣ ਗਿਆ ਹੈ। ਕੋਰੋਨਾ ਵਾਇਰਸ ਦਾ ਅਧਿਕਾਰਤ ਨਾਮ ਕੋਵਿਡ-19 ਹੈ। ਇਸ ਦੀ ਸ਼ੁਰੂਆਤ ਦਸੰਬਰ 2019 ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਸੀ। 

ਮੂਡੀਜ਼ ਨੇ ਕਿਹਾ, 'ਕੋਵਿਡ -19 ਗਲੋਬਲ ਆਰਥਿਕਤਾ ਨੂੰ ਕਈ ਤਰੀਕਿਆਂ ਨਾਲ ਝਟਕਾ ਦੇ ਰਿਹਾ ਹੈ। ਚੀਨ 'ਚ ਵਪਾਰ ਦੇ ਮਕਸਦ ਨਾਲ ਯਾਤਰਾ ਅਤੇ ਸੈਰ-ਸਪਾਟਾ ਉਦਯੋਗ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ। ਦੁਨੀਆ ਭਰ ਦੀਆਂ ਏਅਰ ਲਾਈਨ ਕੰਪਨੀਆਂ ਨੇ ਚੀਨ ਲਈ ਆਪਣੀਆਂ ਉਡਾਣਾਂ ਰੋਕ ਦਿੱਤੀਆਂ ਹਨ। ਅਮਰੀਕਾ ਵਰਗੇ ਵੱਡੇ ਯਾਤਰਾ ਸਥਾਨਾਂ ਲਈ ਵੀ ਇਹ ਸਮੱਸਿਆ ਖੜ੍ਹੀ ਹੋ ਗਈ ਹੈ। ਹਰ ਸਾਲ ਚੀਨ ਤੋਂ 3 ਲੱਖ ਸੈਲਾਨੀ ਅਮਰੀਕਾ ਜਾਂਦੇ ਹਨ। ਮੂਡੀਜ਼ ਨੇ ਕਿਹਾ ਕਿ ਅਮਰੀਕਾ 'ਚ ਵਿਦੇਸ਼ੀ ਸੈਲਾਨੀਆਂ ਵਲੋਂ ਖਰਚ ਕੀਤੇ ਜਾਣ ਦੇ ਮਾਮਲੇ ਵਿਚ ਚੀਨੀ ਸੈਲਾਨੀ ਸਭ ਤੋਂ ਅੱਗੇ ਹਨ। ਇਸ ਵਾਇਰਸ ਕਾਰਨ ਯੂਰਪ ਦੀ ਯਾਤਰਾ ਵੀ ਪ੍ਰਭਾਵਤ ਹੋਈ ਹੈ। ਮੂਡੀਜ਼ ਵਿਸ਼ਲੇਸ਼ਣ ਨੇ ਕਿਹਾ ਕਿ ਬੰਦ ਪਈਆਂ ਫੈਕਟਰੀਆਂ ਚੀਨ ਦੀ ਨਿਰਮਾਣ ਸਪਲਾਈ ਚੇਨ 'ਤੇ ਨਿਰਭਰ ਦੇਸ਼ਾਂ ਅਤੇ ਕੰਪਨੀਆਂ ਲਈ ਸਮੱਸਿਆ ਹਨ।

ਐਪਲ, ਨਾਈਕ ਅਤੇ ਜਨਰਲ ਮੋਟਰਜ਼ ਅਜਿਹੀਆਂ ਅਮਰੀਕੀ ਕੰਪਨੀਆਂ ਹਨ ਜਿਹੜੀਆਂ ਇਸ ਤੋਂ ਪ੍ਰਭਾਵਿਤ ਹਨ। ਜੈਂਡੀ ਨੇ ਕਿਹਾ ਕਿ ਚੀਨ ਵਿਚ ਮੰਗ ਘਟਣ ਨਾਲ ਇਸ ਦਾ ਅਸਰ ਅਮਰੀਕਾ ਦੇ ਨਿਰਯਾਤ ਨੂੰ ਵੀ ਪ੍ਰਭਾਵਤ ਕਰੇਗਾ। ਪਿਛਲੇ ਸਾਲ ਦੋਵਾਂ ਦੇਸ਼ਾਂ ਵਿਚਕਾਰ ਹੋਏ ਪਹਿਲੇ ਪੜਾਅ ਦੇ ਕਰਾਰ ਦੇ ਤਹਿਤ ਚੀਨ ਨੇ ਅਮਰੀਕਾ ਤੋਂ ਆਯਾਤ ਵਧਾਉਣਾ ਸੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤੋਂ ਹੀ ਇਹ ਸਵਾਲ ਹੋ ਰਿਹਾ ਸੀ ਕਿ ਚੀਨ ਅਸਲ ਵਿਚ ਅਮਰੀਕਾ ਤੋਂ ਕਿੰਨੀ ਖਰੀਦ ਕਰਦਾ ਹੈ। ਹੁਣ ਕੋਵਿਡ -19 ਤੋਂ ਬਾਅਦ ਇਹ ਸਵਾਲ ਹੋਰ ਵੱਡਾ ਹੋ ਗਿਆ ਹੈ।


Related News