ਕੇਂਦਰ ਦੀ ਏਵੀਏਸ਼ਨ ਪਹਿਲ ਨਾਲ ਪੰਜਾਬ ਦੀ ਅਰਥ-ਵਿਵਸਥਾ ਤੇ ਸੈਰ-ਸਪਾਟੇ ਨੂੰ ਲੱਗਣਗੇ ਨਵੇਂ ਖੰਭ
Sunday, May 24, 2026 - 12:06 AM (IST)
ਜਲੰਧਰ- ਏਵੀਏਸ਼ਨ ਇਨਫ੍ਰਾਸਟ੍ਰਕਚਰ ਵਿਚ ਵੱਡੇ ਨਿਵੇਸ਼ਾਂ ਰਾਹੀਂ ਕੇਂਦਰ ਸਰਕਾਰ ਪੰਜਾਬ ਨੂੰ ਵਪਾਰ, ਸੈਰ-ਸਪਾਟੇ, ਉਦਯੋਗ ਅਤੇ ਗਲੋਬਲ ਕਨੈਕਟਿਵਿਟੀ ਦੇ ਮਜ਼ਬੂਤ ਕੇਂਦਰ ਵਜੋਂ ਵਿਕਸਤ ਕਰਨ ਦੀ ਦਿਸ਼ਾ ਵਿਚ ਅੱਗੇ ਵਧ ਰਹੀ ਹੈ।
ਦਹਾਕਿਆਂ ਤੋਂ ਪੰਜਾਬ ਭਾਰਤ ਦੇ ਸਭ ਤੋਂ ਆਰਥਿਕ ਅਤੇ ਰਣਨੀਤਕ ਤੌਰ ’ਤੇ ਮਹੱਤਵਪੂਰਨ ਸੂਬਿਆਂ ਵਿਚ ਸ਼ਾਮਲ ਰਿਹਾ ਹੈ। ਚਾਹੇ ਉਹ ਦੇਸ਼ ਦੀ ਖੁਰਾਕ ਸੁਰੱਖਿਆ ਹੋਵੇ, ਮੈਨੂਫੈਕਚਰਿੰਗ ਸੈਕਟਰ, ਐਕਸਪੋਰਟ, ਰੱਖਿਆ ਸੇਵਾਵਾਂ ਜਾਂ ਦੁਨੀਆ ਭਰ ਵਿਚ ਵਸਦੇ ਪੰਜਾਬੀ ਪ੍ਰਵਾਸੀ ਭਾਈਚਾਰੇ ਨਾਲ ਜੁੜਾਅ। ਹੁਣ ਸੂਬਾ ਇਕ ਨਵੇਂ ਦੌਰ ਵਿਚ ਦਾਖਲ ਹੋ ਰਿਹਾ ਹੈ, ਜਿੱਥੇ ਬਿਹਤਰ ਹਵਾਈ ਕਨੈਕਟਿਵਿਟੀ ਪੰਜਾਬ ਦੇ ਵਿਕਾਸ ਦੇ ਅਗਲੇ ਪੜਾਅ ਦੀ ਮਜ਼ਬੂਤ ਨੀਂਹ ਬਣਦੀ ਨਜ਼ਰ ਆ ਰਹੀ ਹੈ।
ਇਨਫ੍ਰਾਸਟ੍ਰਕਚਰ ਆਧਾਰਤ ਵਿਕਾਸ ਬਾਰੇ ਕੇਂਦਰ ਸਰਕਾਰ ਦੀ ਵਿਆਪਕ ਸੋਚ ਦੇ ਤਹਿਤ ਪੰਜਾਬ ਦਾ ਏਵੀਏਸ਼ਨ ਨੈੱਟਵਰਕ ਤੇਜ਼ੀ ਨਾਲ ਵਿਸਥਾਰ ਅਤੇ ਆਧੁਨਿਕੀਕਰਨ ਵੱਲ ਵਧ ਰਿਹਾ ਹੈ। ਏਅਰਪੋਰਟ ਵਿਸਥਾਰ, ਆਧੁਨਿਕ ਸਹੂਲਤਾਂ, ਖੇਤਰੀ ਕਨੈਕਟਿਵਿਟੀ ਯੋਜਨਾਵਾਂ ਅਤੇ ਲੌਜਿਸਟਿਕਸ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਵਰਗੇ ਕਦਮਾਂ ਨੇ ਸੂਬੇ ਵਿਚ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹੇ ਹਨ। ਖ਼ਾਸ ਤੌਰ ’ਤੇ ਹਲਵਾਰਾ ਏਅਰਪੋਰਟ ਨੂੰ ਆਪ੍ਰੇਸ਼ਨ ਲਈ ਤਿਆਰ ਕਰਨ ਵੱਲ ਹੋਈ ਤਰੱਕੀ ਨੂੰ ਲੁਧਿਆਣਾ ਅਤੇ ਪੂਰੇ ਪੰਜਾਬ ਦੀ ਉਦਯੋਗਿਕ ਅਰਥ-ਵਿਵਸਥਾ ਲਈ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ।
ਉਦਯੋਗਿਕ ਪੰਜਾਬ ਲਈ ਨਵੀਂ ਉਡਾਣ
ਲੁਧਿਆਣਾ ਨੂੰ ਲੰਮੇ ਸਮੇਂ ਤੋਂ ਪੰਜਾਬ ਦੀ ਉਦਯੋਗਿਕ ਰਾਜਧਾਨੀ ਮੰਨਿਆ ਜਾਂਦਾ ਹੈ। ਇੱਥੇ ਕੱਪੜਾ, ਸਾਈਕਲ ਨਿਰਮਾਣ, ਆਟੋ ਕੰਪੋਨੈਂਟਸ, ਮਸ਼ੀਨ ਟੂਲਸ ਅਤੇ ਐਕਸਪੋਰਟ-ਮੁਖੀ ਉਦਯੋਗਾਂ ਨਾਲ ਜੁੜੀਆਂ ਹਜ਼ਾਰਾਂ ਲਘੂ ਅਤੇ ਮੱਧਮ ਉਦਯੋਗ ਇਕਾਈਆਂ ਸਥਿਤ ਹਨ। ਆਰਥਿਕ ਤੌਰ ’ਤੇ ਮਹੱਤਵਪੂਰਨ ਹੋਣ ਦੇ ਬਾਵਜੂਦ ਲੰਮੇ ਸਮੇਂ ਤੱਕ ਇਸ ਖੇਤਰ ਵਿਚ ਅਜਿਹਾ ਪੂਰੀ ਤਰ੍ਹਾਂ ਵਿਕਸਿਤ ਕਮਰਸ਼ੀਅਲ ਏਅਰਪੋਰਟ ਨਹੀਂ ਸੀ, ਜੋ ਵਧ ਰਹੀਆਂ ਯਾਤਰੀ ਅਤੇ ਕਾਰਗੋ ਲੋੜਾਂ ਨੂੰ ਪੂਰਾ ਕਰ ਸਕੇ।
ਕੇਂਦਰ ਸਰਕਾਰ, ਇੰਡੀਅਨ ਏਅਰਫੋਰਸ ਅਤੇ ਨਾਗਰਿਕ ਹਵਾਈ ਉਡਾਣ ਨਾਲ ਜੁੜੀਆਂ ਏਜੰਸੀਆਂ ਦੇ ਸਹਿਯੋਗ ਨਾਲ ਵਿਕਸਤ ਹੋ ਰਿਹਾ ਹਲਵਾਰਾ ਏਅਰਪੋਰਟ ਇਸ ਘਾਟ ਨੂੰ ਪੂਰਾ ਕਰਨ ਵੱਲ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
ਇਹ ਏਅਰਪੋਰਟ ਲੁਧਿਆਣਾ ਨੂੰ ਦੇਸ਼ ਦੇ ਪ੍ਰਮੁੱਖ ਆਰਥਿਕ ਕੇਂਦਰਾਂ ਨਾਲ ਹੋਰ ਬਿਹਤਰ ਤਰੀਕੇ ਨਾਲ ਜੋੜੇਗਾ, ਜਿਨ੍ਹਾਂ ਵਿਚ ਦਿੱਲੀ, ਮੁੰਬਈ, ਬੈਂਗਲੁਰੂ ਅਤੇ ਹੈਦਰਾਬਾਦ ਸ਼ਾਮਲ ਹਨ। ਉਦਯੋਗ ਜਗਤ ਦਾ ਮੰਨਣਾ ਹੈ ਕਿ ਇਸ ਨਾਲ ਐਕਸਪੋਰਟਰਾਂ, ਨਿਵੇਸ਼ਕਾਂ, ਖਰੀਦਦਾਰਾਂ ਅਤੇ ਕਾਰੋਬਾਰੀ ਪ੍ਰਤੀਨਿਧ ਮੰਡਲਾਂ ਲਈ ਯਾਤਰਾ ਆਸਾਨ ਹੋਵੇਗੀ, ਜਿਸ ਨਾਲ ਪੰਜਾਬ ਦੀ ਮੁਕਾਬਲੇ ਦੀ ਸਮਰੱਥਾ ਘਰੇਲੂ ਅਤੇ ਕੌਮਾਂਤਰੀ ਬਾਜ਼ਾਰਾਂ ਵਿਚ ਹੋਰ ਮਜ਼ਬੂਤ ਹੋਵੇਗੀ।
ਲੁਧਿਆਣਾ ਦੀ ਐਕਸਪੋਰਟ ਆਧਾਰਤ ਅਰਥ-ਵਿਵਸਥਾ ਨੂੰ ਬਿਹਤਰ ਹਵਾਈ ਕਨੈਕਟਿਵਿਟੀ ਨਾਲ ਹਾਈ-ਵੈਲਿਊ ਕਾਰਗੋ ਮੂਵਮੈਂਟ, ਟੈਕਸਟਾਈਲ ਐਕਸਪੋਰਟ, ਇੰਜੀਨੀਅਰਿੰਗ ਉਤਪਾਦਾਂ ਦਾ ਵਪਾਰ, ਸਟਾਰਟਅਪ, ਟੈਕਨੋਲੋਜੀ ਨਿਵੇਸ਼ ਅਤੇ ਅੰਤਰਰਾਸ਼ਟਰੀ ਕਾਰੋਬਾਰੀ ਭਾਗੀਦਾਰੀ ਵਰਗੇ ਖੇਤਰਾਂ ਵਿਚ ਖ਼ਾਸ ਲਾਭ ਮਿਲਣ ਦੀ ਉਮੀਦ ਹੈ।
ਆਰਥਿਕ ਵਿਕਾਸ ਦਾ ਨਵਾਂ ਇੰਜਣ ਬਣਦਾ ਏਵੀਏਸ਼ਨ ਸੈਕਟਰ
ਕੇਂਦਰ ਸਰਕਾਰ ਲਗਾਤਾਰ ਇਸ ਗੱਲ ’ਤੇ ਜ਼ੋਰ ਦਿੰਦੀ ਰਹੀ ਹੈ ਕਿ ਮਜ਼ਬੂਤ ਇਨਫ੍ਰਾਸਟ੍ਰਕਚਰ ਆਰਥਿਕ ਵਿਕਾਸ ਦੀ ਬੁਨਿਆਦ ਹੁੰਦਾ ਹੈ। ਪੰਜਾਬ ਵਿਚ ਬਿਹਤਰ ਹਵਾਈ ਕਨੈਕਟਿਵਿਟੀ ਹੁਣ ਉਦਯੋਗਿਕ ਵਿਕਾਸ, ਸੈਰ-ਸਪਾਟੇ ਵਿਚ ਵਾਧਾ, ਲੌਜਿਸਟਿਕਸ ਕੁਸ਼ਲਤਾ, ਰੋਜ਼ਗਾਰ ਦੀ ਸਿਰਜਣਾ ਅਤੇ ਸੰਤੁਲਿਤ ਖੇਤਰੀ ਵਿਕਾਸ ਵਰਗੇ ਖੇਤਰਾਂ ਨਾਲ ਸਿੱਧੇ ਤੌਰ ’ਤੇ ਜੁੜਦੀ ਨਜ਼ਰ ਆ ਰਹੀ ਹੈ। ਪਿਛਲੇ ਕੁਝ ਸਾਲਾਂ ਵਿਚ ਪੰਜਾਬ ਦੇ ਕਈ ਏਅਰਪੋਰਟਾਂ ’ਤੇ ਆਧੁਨਿਕੀਕਰਨ ਅਤੇ ਕਨੈਕਟਿਵਿਟੀ ਵਿਸਥਾਰ ਦੇ ਕੰਮ ਹੋਏ ਹਨ।
ਪੰਜਾਬ ਦੇ ਹੋਰ ਹਵਾਈ ਅੱਡਿਆਂ ’ਤੇ ਵੀ ਹੋਇਆ ਆਧੁਨਿਕੀਕਰਨ ਅਤੇ ਕਨੈਕਟੀਵਿਟੀ ਵਿਸਥਾਰ ਦਾ ਕੰਮ
ਪਿਛਲੇ ਕੁਝ ਸਾਲਾਂ ਵਿਚ ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡਾ (ਅੰਮ੍ਰਿਤਸਰ), ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ (ਮੋਹਾਲੀ/ਚੰਡੀਗੜ੍ਹ), ਬਠਿੰਡਾ ਹਵਾਈ ਅੱਡਾ ਅਤੇ ਪਠਾਨਕੋਟ ਹਵਾਈ ਅੱਡੇ ’ਤੇ ਆਧੁਨਿਕੀਕਰਨ ਅਤੇ ਕਨੈਕਟੀਵਿਟੀ ਵਿਸਥਾਰ ਦਾ ਕੰਮ ਕੀਤਾ ਗਿਆ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਬਿਹਤਰ ਹਵਾਈ ਸੰਪਰਕ ਨਾਲ ਹੋਟਲ ਅਤੇ ਮਹਿਮਾਨਨਿਵਾਜ਼ੀ ਦੇ ਖੇਤਰ ਵਿਚ ਵਾਧਾ, ਸੈਰ-ਸਪਾਟਾ ਸਰਕਟ ਦਾ ਵਿਸਥਾਰ ਅਤੇ ਸਮਾਗਮਾਂ ਦੀਆਂ ਦਰਾਂ ਵਿਚ ਵਾਧਾ ਹੋਵੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਬਿਹਤਰ ਆਵਾਜਾਈ ਪ੍ਰਣਾਲੀ ਬਣੇਗੀ।
ਦੁਨੀਆ ਭਰ ਵਿਚ ਫੈਲੇ ਪੰਜਾਬੀ ਪ੍ਰਵਾਸੀ ਭਾਈਚਾਰੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ
ਪੰਜਾਬ ਦਾ ਦੁਨੀਆ ਭਰ ਵਿਚ ਫੈਲੇ ਭਾਰਤੀ ਪ੍ਰਵਾਸੀ (ਐੱਨ. ਆਰ. ਆਈ.) ਭਾਈਚਾਰੇ ਨਾਲ ਡੂੰਘਾ ਸਬੰਧ ਰਿਹਾ ਹੈ, ਜਿਸ ਵਿਚ ਕੈਨੇਡਾ, ਯੂ. ਕੇ ., ਆਸਟ੍ਰੇਲੀਆ, ਇਟਲੀ ਅਤੇ ਹੋਰ ਦੇਸ਼ ਸ਼ਾਮਲ ਹਨ। ਕੇਂਦਰ ਸਰਕਾਰ ਦੀ ਏਵੀਏਸ਼ਨ ਪਹਿਲ ਨੂੰ ਪੰਜਾਬ ਨੂੰ ਗਲੋਬਲ ਵਪਾਰ ਅਤੇ ਯਾਤਰਾ ਨੈੱਟਵਰਕ ਨਾਲ ਹੋਰ ਜ਼ਿਆਦਾ ਜੋੜਨ ਦੀ ਰਣਨੀਤੀ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਸੈਰ-ਸਪਾਟਾ ਖੇਤਰ ਨੂੰ ਮਿਲੇਗੀ ਰਫਤਾਰ
ਪੰਜਾਬ ਵਿਚ ਸੈਰ-ਸਪਾਟਾ ਮੁੱਖ ਤੌਰ ’ਤੇ ਅਧਿਆਤਮਿਕ, ਸੱਭਿਆਚਾਰਕ ਅਤੇ ਵਿਰਾਸਤੀ ਸਥਾਨਾਂ ’ਤੇ ਆਧਾਰਤ ਰਿਹਾ ਹੈ। ਬਿਹਤਰ ਹਵਾਈ ਸੰਪਰਕ ਨਾਲ ਸੂਬੇ ਵਿਚ ਸੈਰ-ਸਪਾਟੇ ਨੂੰ ਨਵੀਂ ਰਫਤਾਰ ਮਿਲਣ ਦੀ ਉਮੀਦ ਹੈ। ਸੈਰ-ਸਪਾਟੇ ਦੇ ਮੁੱਖ ਸਥਾਨਾਂ ਵਿਚ ਸ੍ਰੀ ਹਰਿਮੰਦਰ ਸਾਹਿਬ, ਜਲ੍ਹਿਆਂਵਾਲਾ ਬਾਗ਼, ਵਾਹਗਾ ਬਾਰਡਰ, ਸ੍ਰੀ ਅਨੰਦਪੁਰ ਸਾਹਿਬ , ਪੇਂਡੂ ਸੈਰ-ਸਪਾਟਾ ਸਥਾਨ, ਵਿਰਾਸਤੀ ਪਿੰਡ ਅਤੇ ਸੱਭਿਆਚਾਰਕ ਤਿਉਹਾਰ ਸ਼ਾਮਲ ਹਨ। ਇਸ ਤੋਂ ਇਲਾਵਾ ਬਿਹਤਰ ਹਵਾਈ ਸੰਪਰਕ ਪੰਜਾਬ ਨੂੰ ਧਾਰਮਿਕ ਪਰੰਪਰਾ, ਪ੍ਰਵਾਸੀ ਸੈਰ-ਸਪਾਟਾ, ਮੈਡੀਕਲ ਟੂਰਿਜ਼ਮ, ਖੇਤੀਬਾੜੀ, ਖੇਤਰੀ ਸੰਪਰਕ ਅਤੇ ਸਮਾਵੇਸ਼ੀ ਵਿਕਾਸ ਦੇ ਖੇਤਰਾਂ ਵਿਚ ਇਕ ਨਵੀਂ ਪਛਾਣ ਦੇ ਸਕਦਾ ਹੈ।
ਪੰਜਾਬ ਦੇ ਵਿਕਾਸ ਲਈ ਨਵੀਂ ਦਿਸ਼ਾ
ਹਲਵਾਰਾ ਹਵਾਈ ਅੱਡੇ ਅਤੇ ਪੰਜਾਬ ਦੇ ਹਵਾਈ ਨੈੱਟਵਰਕ ਦੇ ਨਿਰੰਤਰ ਵਿਸਥਾਰ ਦਾ ਮਕਸਦ ਸਿਰਫ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਨਹੀਂ ਹੈ, ਬਲਕਿ ਸੂਬੇ ਦੀ ਉਦਯੋਗਿਕ ਸਮਰੱਥਾ, ਨਿਰਮਾਣ ਸਮਰੱਥਾ ਅਤੇ ਗਲੋਬਲ ਪਛਾਣ ਨੂੰ ਆਧੁਨਿਕ ਭਾਰਤ ਦੇ ਮੌਕਿਆਂ ਨਾਲ ਜੋੜਨਾ ਹੈ। ਇਸ ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਨਾਲ ਛੋਟੇ ਕਾਰੋਬਾਰੀਆਂ, ਵਿਦਿਆਰਥੀਆਂ, ਐਕਸਪੋਰਟਰਾਂ, ਕਿਸਾਨਾਂ, ਸਟਾਰਟਅੱਪ ਉੱਦਮੀਆਂ ਅਤੇ ਸੇਵਾ ਖੇਤਰ ਦੇ ਪੇਸ਼ੇਵਰਾਂ ਨੂੰ ਲਾਭ ਹੋਣ ਦੀ ਉਮੀਦ ਹੈ।
