Budget 2023: ਕਿਸਾਨਾਂ ਲਈ ਵਿੱਤ ਮੰਤਰੀ ਨੇ ਕੀਤੇ ਇਹ ਵੱਡੇ ਐਲਾਨ

Wednesday, Feb 01, 2023 - 03:04 PM (IST)

Budget 2023: ਕਿਸਾਨਾਂ ਲਈ ਵਿੱਤ ਮੰਤਰੀ ਨੇ ਕੀਤੇ ਇਹ ਵੱਡੇ ਐਲਾਨ

ਬਿਜ਼ਨੈੱਸ ਡੈਸਕ- ਸਰਕਾਰ ਨੇ ਬੁੱਧਵਾਰ ਨੂੰ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਅਗਲੇ ਵਿੱਤੀ ਸਾਲ ਲਈ ਖੇਤੀ ਕਰਜ਼ੇ ਦੇ ਟੀਚੇ ਨੂੰ 11 ਫ਼ੀਸਦੀ ਵਧਾ ਕੇ 20 ਲੱਖ ਕਰੋੜ ਰੁਪਏ ਕਰਨ ਦਾ ਐਲਾਨ ਕੀਤਾ। ਚਾਲੂ ਵਿੱਤੀ ਸਾਲ 2022-23 ਲਈ ਖੇਤੀਬਾੜੀ ਕਰਜ਼ੇ ਦਾ ਟੀਚਾ 18 ਲੱਖ ਕਰੋੜ ਰੁਪਏ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ 'ਚ ਕਿਹਾ ਕਿ ਸਰਕਾਰ 2,200 ਕਰੋੜ ਰੁਪਏ ਦੇ ਖਰਚੇ ਨਾਲ ਉੱਚ-ਮੁੱਲ ਵਾਲੀਆਂ ਬਾਗਬਾਨੀ ਫਸਲਾਂ ਲਈ ਰੋਗ ਮੁਕਤ, ਗੁਣਵੱਤਾ ਵਾਲੀ ਬਿਜਾਈ ਸਮੱਗਰੀ ਦੀ ਉਪਲਬਧਤਾ ਨੂੰ ਵਾਧਾ ਦੇਣ ਲਈ ਇੱਕ 'ਆਤਮ-ਨਿਰਭਰ ਸਾਫ਼ ਪਲਾਂਟ ਪ੍ਰੋਗਰਾਮ' ਸ਼ੁਰੂ ਕਰੇਗੀ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਦੀ ਇੱਕ ਨਵੀਂ ਉਪ-ਸਕੀਮ 6,000 ਕਰੋੜ ਰੁਪਏ ਦੇ ਟੀਚੇ ਵਾਲੇ ਨਿਵੇਸ਼ ਨਾਲ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਮਛੇਰਿਆਂ, ਮੱਛੀ ਵਿਕਰੇਤਾਵਾਂ ਅਤੇ ਸੂਖਮ ਅਤੇ ਛੋਟੇ ਉੱਦਮਾਂ ਦੀਆਂ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ, ਮੁੱਲ ਲੜੀ ਦੀ ਕੁਸ਼ਲਤਾ 'ਚ ਸੁਧਾਰ ਅਤੇ ਮਾਰਕੀਟ ਦਾ ਵਿਸਥਾਰ ਕੀਤਾ ਜਾ ਸਕੇ। ਵਿੱਤ ਮੰਤਰੀ ਨੇ ਕਿਹਾ, “ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ 'ਤੇ ਧਿਆਨ ਦੇਣ ਦੇ ਨਾਲ ਖੇਤੀਬਾੜੀ ਕਰਜ਼ੇ ਦਾ ਟੀਚਾ ਵਧਾ ਕੇ 20 ਲੱਖ ਕਰੋੜ ਰੁਪਏ ਕੀਤਾ ਜਾਵੇਗਾ।” ਸਰਕਾਰ ਹਰ ਸਾਲ ਖੇਤੀਬਾੜੀ ਸੈਕਟਰ ਲਈ ਕਰਜ਼ੇ ਦੇ ਟੀਚੇ ਨੂੰ ਵਧਾ ਰਹੀ ਹੈ। ਆਮ ਤੌਰ 'ਤੇ, ਖੇਤੀਬਾੜੀ ਕਰਜ਼ਿਆਂ 'ਤੇ 9 ਫ਼ੀਸਦੀ ਦੀ ਵਿਆਜ ਦਰ ਲੱਗਦੀ ਹੈ। 

ਹਾਲਾਂਕਿ, ਸਰਕਾਰ ਥੋੜ੍ਹੇ ਸਮੇਂ ਦੇ ਫਸਲੀ ਕਰਜ਼ੇ ਨੂੰ ਕਿਫਾਇਤੀ ਦਰਾਂ 'ਤੇ ਉਪਲਬਧ ਕਰਾਉਣ ਅਤੇ ਖੇਤੀਬਾੜੀ ਉਤਪਾਦਨ ਨੂੰ ਵਧਾਉਣ 'ਚ ਮਦਦ ਕਰਨ ਲਈ ਵਿਆਜ ਸਹਾਇਤਾ ਪ੍ਰਦਾਨ ਕਰ ਰਹੀ ਹੈ। ਕਿਸਾਨਾਂ ਨੂੰ 7 ਫ਼ੀਸਦੀ ਸਾਲਾਨਾ ਦੀ ਪ੍ਰਭਾਵੀ ਦਰ 'ਤੇ 3 ਲੱਖ ਰੁਪਏ ਤੱਕ ਦੇ ਥੋੜ੍ਹੇ ਸਮੇਂ ਦੇ ਖੇਤੀ ਕਰਜ਼ੇ ਨੂੰ ਯਕੀਨੀ ਬਣਾਉਣ ਲਈ, ਸਰਕਾਰ 2 ਫ਼ੀਸਦੀ ਵਿਆਜ ਸਬਸਿਡੀ ਪ੍ਰਦਾਨ ਕਰ ਰਹੀ ਹੈ। ਰਸਮੀ ਕਰਜ਼ਾ ਪ੍ਰਣਾਲੀ 'ਚ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਦਾਇਰੇ ਨੂੰ ਵਧਾਉਣ ਲਈ ਰਿਜ਼ਰਵ ਬੈਂਕ ਨੇ ਗਾਰੰਟੀ ਮੁਕਤ ਖੇਤੀ ਕਰਜ਼ਿਆਂ ਦੀ ਸੀਮਾ 1 ਲੱਖ ਰੁਪਏ ਤੋਂ ਵਧਾ ਕੇ 1.6 ਲੱਖ ਰੁਪਏ ਕਰਨ ਦਾ ਫ਼ੈਸਲਾ ਕੀਤਾ ਹੈ।


author

Aarti dhillon

Content Editor

Related News