ਬਾਈਜੂ ਨੇ ਨਹੀਂ ਦਿੱਤੀ ਜੁਲਾਈ ਦੀ ਸੈਲਰੀ ਨਹੀਂ ਦਿੱਤੀ, ਕੰਪਨੀ ਦੇ ਸੀਈਓ ਨੇ ਕਰ ਦਿੱਤੇ ਹੱਥ ਖੜੇ

Wednesday, Aug 21, 2024 - 03:45 PM (IST)

ਬਿਜ਼ਨੈੱਸ ਡੈਸਕ- ਮੁਸੀਬਤ ’ਚ ਫਸੀ ਐਡਟੈਕ ਕੰਪਨੀ ਬਾਈਜੂ (Byju) ਦੇ ਮੁਲਾਜ਼ਮਾਂ ਦਾ ਸੰਕਟ ਘਟਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਕੰਪਨੀ ਜੁਲਾਈ ਦੀ ਸੈਲਰੀ ਦੇਣ ’ਚ ਨਾਕਾਮ ਰਹੀ ਹੈ। ਇਸ ਤੋਂ ਪਹਿਲਾਂ ਵੀ ਬਾਈਜੂ ਕਈ ਮਹੀਨਿਆਂ ਤੋਂ ਮੁਲਾਜ਼ਮਾਂ ਨੂੰ ਦੇਰੀ ਨਾਲ ਸੈਲਰੀ ਦੇ ਰਹੀ ਸੀ ਪਰ ਇਸ ਵਾਰ, ਕੰਪਨੀ ਦੇ ਸੀਈਓ ਬਾਈਜੂ ਰਵਿੰਦਰਨ (Byju Raveendran) ਨੇ ਹੱਥ ਖੜੇ ਕਰ ਦਿੱਤੇ ਹਨ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਭੇਜੇ ਪੱਤਰ ’ਚ ਕਿਹਾ ਕਿ ਕੰਪਨੀ ਦੇ ਬੈਂਕ ਖਾਤੇ ਹੁਣ ਸਾਡੇ ਕੰਟ੍ਰੋਲਰ ’ਚ ਨਹੀਂ ਹਨ। ਇਸ ਲਈ ਇਸ ਵਾਰ ਸੈਲਰੀ ਦੀ ਕੋਈ ਆਸ ਨਹੀਂ ਦਿਖਾਈ ਦੇ ਰਹੀ ਹੈ।

NCLAT ਦੇ ਹੁਕਮ 'ਤੇ ਸੁਪਰੀਮ ਕੋਰਟ ਨੇ ਲਗਾਈ ਰੋਕ

ਹਾਲ ਹੀ ’ਚ ਬਾਈਜੂ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਸੀ। ਕੰਪਨੀ ਨੂੰ ਬੀ.ਸੀ.ਸੀ.ਆਈ. (BCCI) ਦੇ ਮਾਮਲੇ ’ਚ ਨੈਸ਼ਨਲ ਕੰਪਨੀ ਲਾ ਅਪੀਲੇਟ ਟ੍ਰਿਬਿਊਨਲ (NCLAT) ਨੇ ਪੈਸਾ ਚੁਕਾਉਣ ਦੀ ਮਨਜ਼ੂਰੀ ਦੇ ਦਿੱਤੀ ਸੀ ਪਰ ਸੁਪਰੀਮ ਕੋਰਟ ਨੇ ਗਲਾਸ ਟ੍ਰਸਟ ਕੰਪਨੀ (Glas Trust Company) ਦੀ ਪਟੀਸ਼ਨ 'ਤੇ ਇਸ ਸਮਝੌਤੇ 'ਤੇ ਰੋਕ ਲਗਾ ਕੇ ਬਾਈਜੂ ਨੂੰ ਨਿਰਾਸ਼ ਕਰ ਦਿੱਤਾ ਹੈ। ਬਾਈਜੂ ਦੀ ਮਾਤਰੀ ਕੰਪਨੀ ਥਿੰਕ ਐਂਡ ਲਰਨ ਅਜੇ ਤੱਕ ਜੁਲਾਈ ਦੀ ਸੈਲਰੀ ਨਹੀਂ ਦੇ ਸਕੀ ਹੈ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ NCLAT ਦੇ ਫੈਸਲੇ 'ਤੇ ਸੁਪਰੀਮ ਕੋਰਟ ਦੀ ਰੋਕ ਕਾਰਨ ਸੈਲਰੀ ਦਾ ਸੰਕਟ ਖੜਾ ਹੋ ਗਿਆ ਹੈ।

ਬਾਈਜੂ ਰਵਿੰਦਰਨ ਨੇ ਮੁਲਾਜ਼ਮਾਂ ਨੂੰ ਭੇਜਿਆ ਈਮੇਲ

ਇਸ ਦੌਰਾਨ, ਬਾਈਜੂ ਰਵਿੰਦਰਨ ਨੇ ਮੁਲਾਜ਼ਮਾਂ ਨੂੰ ਭੇਜੇ ਇਕ ਈਮੇਲ ’ਚ ਕਿਹਾ ਕਿ ਕਾਨੂੰਨੀ ਚੁਣੌਤੀਆਂ ਕਾਰਨ ਕੰਪਨੀ ਦੀ ਰਿਕਵਰੀ ਦੀ ਯਾਤਰਾ ਲੰਬੀ ਹੁੰਦੀ ਜਾ ਰਹੀ ਹੈ। ਅਸੀਂ ਦੋ ਸਾਲਾਂ ਤੋਂ ਇਨ੍ਹਾਂ ਪ੍ਰੇਸ਼ਾਨੀਆਂ ’ਚ ਫਸੇ ਹੋਏ ਹਾਂ। ਮੈਂ ਤੁਹਾਡੇ ਲਈ ਚਿੰਤਤ ਹਾਂ। ਜੁਲਾਈ ਲਈ ਤੁਹਾਡੀ ਸੈਲਰੀ ਅਜੇ ਤੱਕ ਜਮ੍ਹਾ ਨਹੀਂ ਕੀਤੀ ਗਈ ਹੈ। ਬੀ.ਸੀ.ਸੀ.ਆਈ. ਦੇ ਨਾਲ ਵਿਵਾਦ ਕਾਰਨ ਸਾਨੂੰ ਦਿਵਾਲੀਏਪਨ ’ਚ ਧੱਕਿਆ ਗਿਆ ਸੀ। ਅਸੀਂ ਪੈਸਾ ਅਦਾ ਕਰਨ ਲਈ ਤਿਆਰ ਹੋ ਗਏ ਸੀ ਪਰ ਸੁਪਰੀਮ ਕੋਰਟ ਨੇ ਇਸ 'ਤੇ ਅਸਥਾਈ ਰੋਕ ਲਗਾ ਦਿੱਤੀ ਹੈ। ਇਸ ਕਰ ਕੇ ਕੰਪਨੀ ਦੇ ਖਾਤੇ ਸਾਡੇ ਕੰਟਰੋਲ ’ਚ ਨਹੀਂ ਹਨ।

ਸੈਲਰੀ ਦੇਣ ਲਈ ਹੋਰ ਪੈਸਾ ਇਕੱਠਾ ਕਰਨ ਵਿਚ ਅਸਮਰੱਥ

ਬਾਈਜੂ ਰਵਿੰਦਰਣ ਨੇ ਕਿਹਾ ਕਿ ਅਸੀਂ ਸੈਲਰੀ ਦੇਣ ਲਈ ਹੋਰ ਪੈਸਾ ਇਕੱਠਾ ਕਰਨ ’ਚ ਅਸਮਰੱਥ ਹਾਂ। ਅਸੀਂ ਪਿਛਲੇ ਕਈ ਮਹੀਨਿਆਂ ’ਚ ਤੁਹਾਡੀਆਂ ਤਨਖਾਹਾਂ ਦਿੱਤੀਆਂ ਹਨ। ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਜਿਵੇਂ ਹੀ ਸਾਨੂੰ ਬੈਂਕ ਖਾਤੇ ਦਾ ਕੰਟਰੋਲ ਮਿਲੇਗਾ, ਤੁਹਾਡੀ ਤਨਖਾਹ ਦੀ ਪੇਮੈਂਟ ਤੁਰੰਤ ਕਰ ਦਿੱਤੀ ਜਾਵੇਗੀ। ਇਸ ਲਈ ਅਸੀਂ ਨਿੱਜੀ ਲੋਣ ਲੈਣ ਲਈ ਵੀ ਤਿਆਰ ਹਾਂ। ਉਨ੍ਹਾਂ ਨੇ ਕਿਹਾ ਕਿ ਬੀ.ਸੀ.ਸੀ.ਆਈ. ਨੂੰ 158 ਕਰੋੜ ਰੁਪਏ ਦਾ ਭੁਗਤਾਨ ਰਿਜੂ ਰਵਿੰਦਰਣ (Riju Raveendran) ਆਪਣੇ ਪੈਸੇ ਨਾਲ ਕਰ ਰਹੇ ਸਨ।


 


Sunaina

Content Editor

Related News