ਟਵਿਟਰ-ਫੇਸਬੁੱਕ-ਐਮਾਜ਼ੋਨ ਤੋਂ ਬਾਅਦ ਗੂਗਲ ''ਚ ਵੀ ਛਾਂਟੀ! ਅਲਫਾਬੇਟ 10 ਹਜ਼ਾਰ ਕਰਮਚਾਰੀਆਂ ਨੂੰ ਕੱਢੇਗੀ
Thursday, Dec 22, 2022 - 02:58 PM (IST)
ਨਵੀਂ ਦਿੱਲੀ: ਤਮਾਮ ਤਕਨੀਕੀ ਕੰਪਨੀਆਂ ਦੀ ਤਰ੍ਹਾਂ ਹੁਣ ਗੂਗਲ ਦੀ ਪੇਰੈਂਟ ਕੰਪਨੀ ਅਲਫਾਬੇਟ ਨੇ ਵੀ 10,000 ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾਈ ਹੈ। ਇਸ ਤਹਿਤ ਮਾੜੀ ਕਾਰਗੁਜ਼ਾਰੀ ਵਾਲੇ ਮੁਲਾਜ਼ਮਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਇਸ ਤੋਂ ਪਹਿਲਾਂ ਮੇਟਾ, ਐਮਾਜ਼ੋਨ, ਟਵਿਟਰ ਸਮੇਤ ਕਈ ਤਕਨੀਕੀ ਕੰਪਨੀਆਂ ਨੇ ਛਾਂਟੀ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਗੂਗਲ ਨੇ ਛਾਂਟੀ ਦਾ ਮੰਸ਼ਾ ਨਹੀਂ ਪ੍ਰਗਟਾਈ ਸੀ ਪਰ ਅਲਫਾਬੇਟ ਦੇ ਜ਼ਰੀਏ ਇਹ ਵੀ ਅਜਿਹੀਆਂ ਹੋਰ ਕੰਪਨੀਆਂ 'ਚੋਂ ਇੱਕ ਬਣ ਗਈ ਹੈ। ਬਰਖਾਸਤ ਕੀਤੇ ਜਾਣ ਵਾਲੇ 10,000 ਕਰਮਚਾਰੀ ਅਲਫਾਬੇਟ ਦੇ ਕੁੱਲ ਸਟਾਫ ਦਾ 6 ਫੀਸਦੀ ਹੋਣਗੇ।
ਜਾਣਕਾਰੀ ਮੁਤਾਬਕ ਗੂਗਲ ਨੇ ਕਰਮਚਾਰੀਆਂ ਲਈ ਨਵੀਂ ਰੈਂਕਿੰਗ ਅਤੇ ਪਰਫਾਰਮੈਂਸ ਪਲਾਨ ਬਣਾਇਆ ਹੈ। ਇਹ ਨਵੀਂ ਪ੍ਰਣਾਲੀ ਗੂਗਲ ਦੇ ਪ੍ਰਬੰਧਕਾਂ ਨੂੰ ਨਵੇਂ ਸਾਲ ਤੋਂ ਹਜ਼ਾਰਾਂ ਕਰਮਚਾਰੀਆਂ ਦੀ ਛਾਂਟੀ ਕਰਨ 'ਚ ਮਦਦ ਕਰੇਗੀ। ਇਸ ਯੋਜਨਾ ਦੇ ਤਹਿਤ, ਗੂਗਲ ਦੇ ਪ੍ਰਬੰਧਕ ਕਰਮਚਾਰੀਆਂ ਦੀ ਗਰੇਡਿੰਗ ਕਰਕੇ ਬੋਨਸ ਅਤੇ ਹੋਰ ਗ੍ਰਾਂਟਾਂ ਨੂੰ ਰੋਕਣ ਦੇ ਯੋਗ ਹੋਣਗੇ। ਪਹਿਲਾਂ ਦੀਆਂ ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਨੌਕਰੀ 'ਚ ਕਟੌਤੀ ਦੀ ਸਥਿਤੀ 'ਚ ਕੰਪਨੀ ਸਟਾਫ ਨੂੰ ਨਵੀਂ ਭੂਮਿਕਾਵਾਂ ਲਈ ਅਰਜ਼ੀ ਦੇਣ ਲਈ 60 ਦਿਨਾਂ ਦਾ ਸਮਾਂ ਦੇਵੇਗੀ।
ਅਲਫਾਬੇਟ ਦੇ ਕੁੱਲ ਕਰਮਚਾਰੀ 1.87 ਲੱਖ
ਨਵੀਂ ਪ੍ਰਣਾਲੀ ਦੇ ਤਹਿਤ ਪ੍ਰਬੰਧਕਾਂ ਨੂੰ ਆਪਣੇ ਸਟਾਫ ਦੇ ਛੇ ਫੀਸਦੀ ਜਾਂ ਲਗਭਗ 10,000 ਦੀ ਘੱਟ ਕਾਰਗੁਜ਼ਾਰੀ ਵਾਲੇ ਕਰਮਚਾਰੀਆਂ ਦੀ ਪਛਾਣ ਕਰਨ ਨੂੰ ਕਿਹਾ ਗਿਆ ਹੈ। ਅੰਦਾਜ਼ੇ ਅਨੁਸਾਰ ਅਲਫਾਬੇਟ ਦੇ ਕੁੱਲ ਕਰਮਚਾਰੀਆਂ ਦੀ ਗਿਣਤੀ 1.87 ਲੱਖ ਹੈ। ਯੂ.ਐੱਸ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਪਿਛਲੇ ਸਾਲ ਅਲਫਾਬੇਟ ਨੇ ਆਪਣੇ ਕਰਮਚਾਰੀਆਂ ਨੂੰ ਤਨਖਾਹ ਭੱਤੇ ਦੇ ਰੂਪ 'ਚ ਔਸਤਨ 2,95,884 ਡਾਲਰ ਪ੍ਰਦਾਨ ਕੀਤੇ ਸਨ।
ਮੁਨਾਫੇ 'ਚ 27 ਫੀਸਦੀ ਗਿਰਾਵਟ
ਨੌਕਰੀਆਂ 'ਚ ਕਟੌਤੀ ਦੀਆਂ ਖਬਰਾਂ ਵਿਚਕਾਰ ਇਹ ਕਿਹਾ ਗਿਆ ਹੈ ਕਿ ਅਲਫਾਬੇਟ ਦੇ ਸੀ.ਈ.ਓ ਸੁੰਦਰ ਪਿਚਾਈ ਕੰਪਨੀ ਦੀ ਸਮਰੱਥਾ ਨੂੰ 20 ਫੀਸਦੀ ਤੱਕ ਵਧਾਉਣਾ ਚਾਹੁੰਦੇ ਹਨ। ਕੰਪਨੀ ਦੇ ਵਿੱਤੀ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਅਲਫਾਬੇਟ ਨੇ ਤੀਜੀ ਤਿਮਾਹੀ 'ਚ 13.9 ਅਰਬ ਡਾਲਰ ਦਾ ਮੁਨਾਫਾ ਕਮਾਇਆ ਹੈ। ਇਹ ਪਿਛਲੇ ਸਾਲ ਨਾਲੋਂ 27 ਫੀਸਦੀ ਘੱਟ ਹੈ।
ਇਸੇ ਕਰਕੇ ਨੌਕਰੀਆਂ 'ਚ ਕੀਤੀ ਕਟੌਤੀ
ਦਰਅਸਲ ਤਕਨੀਕੀ ਕੰਪਨੀਆਂ ਨੇ ਅਰਥਵਿਵਸਥਾ ਦੀ ਕਮਜ਼ੋਰ ਸਥਿਤੀ ਅਤੇ ਆਪਣੀ ਸਥਿਤੀ ਨੂੰ ਦੇਖਦੇ ਹੋਏ ਵੱਡੇ ਪੱਧਰ 'ਤੇ ਛੁੱਟੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੀ ਸ਼ੁਰੂਆਤ ਟਵਿਟਰ, ਮੈਟਾ, ਅਮੇਜ਼ਨ, ਸੇਲਸਫੋਰਸ ਵਰਗੀਆਂ ਕੰਪਨੀਆਂ ਨੇ ਕੀਤੀ ਸੀ, ਜੋ ਹੁਣ ਗੂਗਲ ਤੱਕ ਪਹੁੰਚ ਗਈ ਹੈ। ਤਕਨੀਕੀ ਕੰਪਨੀਆਂ ਦੇ ਵਿੱਤੀ ਪ੍ਰਦਰਸ਼ਨ 'ਚ ਗਿਰਾਵਟ ਅਤੇ ਨਵੇਂ ਸਾਲ ਲਈ ਯੋਜਨਾਵਾਂ ਅਤੇ ਬਜਟ ਨੂੰ ਦੇਖਦੇ ਹੋਏ ਨੌਕਰੀਆਂ 'ਚ ਕਟੌਤੀ ਵੀ ਕੀਤੀ ਜਾ ਰਹੀ ਹੈ।