ਕੀ ਮੋਦੀ-ਸ਼ਾਹ ਅਤੇ ਸ਼ਿਵਰਾਜ ਵਿਚਾਲੇ ਤਰੇੜ ਖਤਮ ਹੋਵੇਗੀ

03/16/2020 1:36:20 AM

ਰਾਹਿਲ ਨੋਰਾ ਚੋਪੜਾ 

ਨਰਿੰਦਰ ਮੋਦੀ-ਅਮਿਤ ਸ਼ਾਹ ਨੇ ਸ਼ਿਵਰਾਜ ਸਿੰਘ ਚੌਹਾਨ ਨੂੰ ਮੁਆਫ ਨਹੀਂ ਕੀਤਾ ਹੈ, ਜਿਨ੍ਹਾਂ ਨੇ 2014 ’ਚ ਕੁਝ ਸਮੇਂ ਲਈ ਮੋਦੀ ਨੂੰ ਚੁਣੌਤੀ ਦਿੰਦਿਆਂ ਅਡਵਾਨੀ ਅਤੇ ਸੁਸ਼ਮਾ ਸਵਰਾਜ ਦੇ ਸਹਾਰੇ ਭਾਜਪਾ ਦੀ ਅਗਵਾਈ ਕਰਨ ਲਈ ਬਦਲਵਾਂ ਓ. ਬੀ. ਸੀ. ਚਿਹਰਾ ਬਣਨ ਦੀ ਕੋਸ਼ਿਸ਼ ਕੀਤੀ ਸੀ। ਦਸੰਬਰ 2018 ’ਚ ਹੋਈਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਬਾਅਦ ਚੌਹਾਨ ਨੂੰ ਪੂਰਾ ਭਰੋਸਾ ਸੀ ਕਿ ਉਹ ਸੂਬੇ ’ਚ ਸਰਕਾਰ ਬਣਾ ਲੈਣਗੇ ਕਿਉਂਕਿ ਭਾਜਪਾ ਅਤੇ ਕਾਂਗਰਸ ’ਚ 5 ਸੀਟਾਂ ਦਾ ਫਰਕ ਸੀ ਪਰ ਅੰਤਿਮ ਨਤੀਜਾ ਐਲਾਨੇ ਜਾਣ ਤੋਂ ਪਹਿਲਾਂ ਹੀ ਮੋਦੀ ਨੇ ਹਾਰ ਪ੍ਰਵਾਨ ਕਰ ਲਈ ਅਤੇ ਚੌਹਾਨ ਦਾ ਬਹੁਮਤ ਦਰਸਾਉਣ ਦਾ ਮਤਾ ਖਾਰਿਜ ਕਰ ਦਿੱਤਾ। ਜਯੋਤਿਰਾਦਿਤਿਆ ਸਿੰਧੀਆ ਵੱਲੋਂ ਕਾਂਗਰਸ ’ਚੋਂ ਬਗਾਵਤ ਕਰਨ ਤੋਂ ਬਾਅਦ ਹੁਣ ਭਾਜਪਾ ਨੂੰ ਇਕ ਹੋਰ ਮੌਕਾ ਮਿਲਿਆ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਭਾਜਪਾ ਵੀ ਚੌਹਾਨ ਦੇ ਸਮਰਥਨ ’ਚ ਹੈ, ਜੋ ਆਰ. ਐੱਸ. ਐੱਸ. ਦੇ ਨਜ਼ਦੀਕੀ ਮੰਨੇ ਜਾਂਦੇ ਹਨ। ਜੇਕਰ ਚੌਹਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਵਾਪਸੀ ਕਰਦੇ ਹਨ ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਮੋਦੀ ਅਤੇ ਸ਼ਾਹ ਨੇ ਚੌਹਾਨ ਪ੍ਰਤੀ ਪੁਰਾਣੀ ਨਾਰਾਜ਼ਗੀ ਭੁਲਾ ਦਿੱਤੀ ਹੈ।

ਸਮਾਜਵਾਦੀ ਪਾਰਟੀ ਦੀ ਸਾਈਕਲ ਯਾਤਰਾ

ਸਮਾਜਵਾਦੀ ਪਾਰਟੀ (ਸਪਾ) ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਸ਼ਨੀਵਾਰ ਨੂੰ ਹੋਈ, ਜਿਸ ’ਚ ਵੱਖ-ਵੱਖ ਮੁੱਦਿਆਂ ਤੋਂ ਇਲਾਵਾ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਤੇ ਚਰਚਾ ਹੋਈ। 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਰਾਸ਼ਟਰੀ ਕਾਰਜਕਾਰਨੀ ਦੀ ਪਹਿਲੀ ਬੈਠਕ ਸੀ। ਸਪਾ ਨੇ 23 ਮਾਰਚ ਨੂੰ ਸੂਬੇ ਭਰ ’ਚ ਸਾਈਕਲ ਯਾਤਰਾ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ, ਜੋ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਮੁਹਿੰਮ ਦਾ ਹਿੱਸਾ ਹੋਵੇਗੀ। 23 ਮਾਰਚ ਨੂੰ ਰਾਮ ਮਨੋਹਰ ਲੋਹੀਆ ਦਾ ਜਨਮ ਦਿਨ ਵੀ ਹੈ, ਇਸ ਲਈ ਹਰੇਕ ਪਿੰਡ ’ਚ ਸਾਈਕਲ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ ਅਤੇ ਇਨ੍ਹਾਂ ਬੈਠਕਾਂ ਲਈ 22 ਸੂਤਰੀ ਏਜੰਡਾ ਤਿਆਰ ਕੀਤਾ ਗਿਆ ਹੈ। ਇਸ ਦਰਮਿਆਨ ਸਪਾ ਨੇ ਇਕ ਬੈਨਰ ਲਾਇਆ, ਜਿਸ ’ਤੇ ਭਾਜਪਾ ਦੇ ਸਾਬਕਾ ਵਿਧਾਇਕ ਅਤੇ ਜਬਰ-ਜ਼ਨਾਹ ਦੇ ਦੋਸ਼ੀ ਪਾਏ ਗਏ ਕੁਲਦੀਪ ਸਿੰਘ ਸੇਂਗਰ ਅਤੇ ਸੈਕਸ ਸ਼ੋਸ਼ਣ ਦੇ ਦੋਸ਼ੀ ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿਨਮਯਾਨੰਦ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ। ਇਸ ਬੈਨਰ ਦੀ ਬੈਕਗਰਾਊਂਡ ਕਾਲੀ ਹੈ। ਚਿਨਮਯਾਨੰਦ ਅਤੇ ਸੇਂਗਰ ਦੇ ਨਾਂ ਵਾਲੇ ਇਸ ਬੈਨਰ ’ਤੇ ਲਿਖਿਆ ਹੈ, ‘‘ਇਹ ਸਰਕਾਰ ਦੇ ਅਪਰਾਧੀ ਹਨ। ਇਨ੍ਹਾਂ ਤੋਂ ਬਚ ਕੇ ਰਹੋ।’’ ਰਾਤ ਨੂੰ ਪੁਲਸ ਨੇ ਇਸ ਬੈਨਰ ਨੂੰ ਹਟਾ ਦਿੱਤਾ।

ਰਾਜਸਥਾਨ ’ਚ ਰਾਜ ਸਭਾ ਚੋਣ

ਭਾਜਪਾ ਨੇ ਰਾਜਸਥਾਨ ਤੋਂ ਰਾਜ ਸਭਾ ਚੋਣ ਲਈ 2 ਉਮੀਦਵਾਰ ਉਤਾਰ ਕੇ ਹੈਰਾਨ ਕਰ ਦਿੱਤਾ ਹੈ। ਤਿੰਨ ਸੀਟਾਂ ਲਈ 26 ਮਾਰਚ ਨੂੰ ਹੋਣ ਵਾਲੀਆਂ ਦੋ ਸਾਲਾ ਚੋਣਾਂ ’ਚ ਭਾਜਪਾ ਤੇ ਕਾਂਗਰਸ ਦਰਮਿਆਨ ਸਖਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਪਹਿਲਾਂ ਭਾਜਪਾ ਨੇ ਆਪਣੇ ਸੂਬਾ ਪ੍ਰਧਾਨ ਰਾਜਿੰਦਰ ਗਹਿਲੋਤ ਨੂੰ ਇਕਲੌਤਾ ਉਮੀਦਵਾਰ ਬਣਾਇਆ ਸੀ ਪਰ ਸਾਬਕਾ ਸੰਸਦ ਮੈਂਬਰ ਓਂਕਾਰ ਸਿੰਘ ਨੇ ਆਖਰੀ ਦਿਨ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ। ਦੂਜੇ ਪਾਸੇ ਕਾਂਗਰਸ ਨੇ ਆਪਣੇ ਦੋ ਉਮੀਦਵਾਰਾਂ ਕੇ. ਸੀ. ਵੇਣੂਗੋਪਾਲ ਅਤੇ ਨੀਰਜ ਡਾਂਗੀ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਕਾਂਗਰਸ ਦੇ 200 ਮੈਂਬਰੀ ਸਦਨ ’ਚ 107 ਵਿਧਾਇਕ ਹਨ ਅਤੇ ਉਸ ਨੂੰ ਰਾਸ਼ਟਰੀ ਲੋਕ ਦਲ ਤੇ ਆਜ਼ਾਦ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ। ਕਾਂਗਰਸ ਦੋ ਸੀਟਾਂ ਆਸਾਨੀ ਨਾਲ ਜਿੱਤ ਸਕਦੀ ਸੀ ਪਰ ਭਾਜਪਾ ਵੱਲੋਂ ਦੋ ਉਮੀਦਵਾਰ ਉਤਾਰੇ ਜਾਣ ਤੋਂ ਬਾਅਦ ਮੁਕਾਬਲਾ ਸਖਤ ਹੋਣ ਦੀ ਸੰਭਾਵਨਾ ਵਧ ਗਈ ਹੈ।

ਪੱਛਮੀ ਬੰਗਾਲ ’ਚ ਰਾਜ ਸਭਾ ਚੋਣ

ਪੱਛਮੀ ਬੰਗਾਲ ’ਚ 5 ਰਾਜ ਸਭਾ ਸੀਟਾਂ ਲਈ 26 ਮਾਰਚ ਨੂੰ ਚੋਣ ਹੋਵੇਗੀ। ਇਸ ਦੇ ਲਈ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੇ ਪੰਜ ਉਮੀਦਵਾਰ ਉਤਾਰੇ ਹਨ, ਜਦਕਿ ਕਾਂਗਰਸ-ਖੱਬੇਪੱਖੀ ਗੱਠਜੋੜ ਨੇ ਸਾਬਕਾ ਵਕੀਲ ਅਤੇ ਮੇਅਰ ਬਿਕਾਸ਼ ਭੱਟਾਚਾਰੀਆ ਨੂੰ ਉਮੀਦਵਾਰ ਬਣਾਇਆ ਹੈ। ਸੀ. ਪੀ. ਆਈ. (ਐੱਮ) ਦੇ ਉਮੀਦਵਾਰ ਭੱਟਾਚਾਰੀਆ ਨੇ ਚਿੱਟਫੰਡ ਘਪਲੇ ਵਿਰੁੱਧ ਕਾਫੀ ਆਵਾਜ਼ ਉਠਾਈ ਸੀ। ਟੀ. ਐੱਮ. ਸੀ. ਦੇ ਸਾਬਕਾ ਵਿਧਾਇਕ ਦਿਨੇਸ਼ ਬਜਾਜ ਵੀ ਆਜ਼ਾਦ ਉਮੀਦਵਾਰ ਵਜੋਂ ਰਾਜ ਸਭਾ ਮੈਂਬਰ ਲਈ ਚੋਣ ਮੈਦਾਨ ’ਚ ਉਤਰ ਗਏ ਹਨ। ਹਾਲਾਂਕਿ ਉਹ ਤਾਂ ਹੀ ਟੱਕਰ ਦੇ ਸਕਣਗੇ, ਜੇਕਰ ਉਨ੍ਹਾਂ ਨੂੰ ਭਾਜਪਾ ਦਾ ਸਾਥ ਮਿਲਦਾ ਹੈ। ਪੱਛਮੀ ਬੰਗਾਲ ’ਚ ਰਾਜ ਸਭਾ ਦੀ ਚੋਣ ਜਿੱਤਣ ਲਈ 49 ਵੋਟਾਂ ਦੀ ਲੋੜ ਹੈ। ਸੀ. ਪੀ. ਆਈ. (ਐੱਮ)-ਕਾਂਗਰਸ ਕੋਲ ਕੁਲ ਮਿਲਾ ਕੇ 51 ਵੋਟਾਂ ਹਨ। ਇਸ ਤੋਂ ਇਲਾਵਾ ਟੀ. ਐੱਮ. ਸੀ. ਦੇ ਲੱਗਭਗ 10 ਵਿਧਾਇਕ ਜਾਂ ਤਾਂ ਪਾਰਟੀ ਦੇ ਸੰਪਰਕ ’ਚ ਨਹੀਂ ਹਨ ਜਾਂ ਭਾਜਪਾ ’ਚ ਜਾ ਚੁੱਕੇ ਹਨ। ਟੀ. ਐੱਮ. ਸੀ. ਦੇ ਸੂਤਰਾਂ ਅਨੁਸਾਰ ਪਾਰਟੀ ਇਸ ਸਮੇਂ ਇਨ੍ਹਾਂ 10 ਵਿਧਾਇਕਾਂ ਤੋਂ ਇਲਾਵਾ ਹੋਰ ਭਾਜਪਾ ਮੈਂਬਰਾਂ ਅਤੇ ਗੋਰਖਾ ਜਨਮੁਕਤੀ ਮੋਰਚਾ ਦੇ ਦੋ ਮੈਂਬਰਾਂ ਨੂੰ ਮਨਾਉਣ ਦੀ ਕੋਸ਼ਿਸ਼ ’ਚ ਲੱਗੀ ਹੋਈ ਹੈ।


Bharat Thapa

Content Editor

Related News