ਕੀ ਮਹਾਰਾਸ਼ਟਰ ਦੀਆਂ ਮਹਾ-ਚੋਣਾਂ ਕੋਈ ਨਵੀਂ ਸਿਆਸਤ ਘੜਨਗੀਆਂ!
Wednesday, Nov 13, 2024 - 05:47 PM (IST)
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਬਿਲਕੁਲ ਵੱਖਰੇ ਮੋੜ ’ਤੇ ਪਹੁੰਚ ਰਹੀਆਂ ਹਨ। ਇੰਨਾ ਤਾਂ ਹੈ ਕਿ ਹਰਿਆਣਾ ਦੇ ਹੈਰਾਨ ਕਰਨ ਵਾਲੇ ਨਤੀਜਿਆਂ ਨੇ ਮਹਾਰਾਸ਼ਟਰ ਨੂੰ ਕਾਫੀ ਦਿਲਚਸਪ ਬਣਾ ਦਿੱਤਾ ਹੈ। ਇਸ ਦਾ ਕਾਰਨ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਤੋਂ ਲੈ ਕੇ ਉਥੇ ਪ੍ਰਚੱਲਿਤ ਜਾਤ-ਪਾਤ ਦੀ ਸਿਆਸਤ ਹੈ ਪਰ ਇਹ ਵੀ ਸੱਚ ਹੈ ਕਿ ਉਥੋਂ ਦੇ ਵੋਟਰ ਬੇਹੱਦ ਭੰਬਲਭੂਸੇ ਵਿਚ ਹਨ। ਦਲਬਦਲੀ ਕਾਰਨ ਮਹਾਰਾਸ਼ਟਰ ਦਾ ਲਗਾਤਾਰ ਬਦਲਦਾ ਸਿਆਸੀ ਨਕਸ਼ਾ ਲੋਕਾਂ ਲਈ ਹਮੇਸ਼ਾ ਹੀ ਉਤਸੁਕਤਾ ਅਤੇ ਚਰਚਾ ਦਾ ਵਿਸ਼ਾ ਰਿਹਾ ਹੈ। ਜ਼ਮੀਨੀ ਪੱਧਰ ’ਤੇ ਜਿਸ ਤਰ੍ਹਾਂ ਦੀ ਸਥਿਤੀ ਦਿਖਾਈ ਦੇ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਵੋਟਰਾਂ ਨੂੰ ਵੀ ਯਕੀਨ ਨਹੀਂ ਹੈ ਕਿ ਉਹ ਅਸਲ ਵਿਚ ਕਿਸ ਦੀ ਸਰਕਾਰ ਬਣਾਉਣ ਵਿਚ ਮਦਦ ਕਰ ਰਹੇ ਹਨ।
ਇਸ ਲਈ ਕਹਿਣ ਨੂੰ ਤਾਂ ਮਹਾਰਾਸ਼ਟਰ ਵਿਚ 6 ਮੁੱਖ ਪਾਰਟੀਆਂ ਅਤੇ ਦੋ ਗੱਠਜੋੜਾਂ ਵਿਚਾਲੇ ਸਿੱਧਾ ਮੁਕਾਬਲਾ ਹੈ ਪਰ ਦੋਵਾਂ ਗੱਠਜੋੜਾਂ ਵਿਚ ਅੰਦਰੂਨੀ ਮੁਕਾਬਲਾ ਅਜਿਹਾ ਹੈ ਕਿ ਸੁਰ ਮੇਲ ਨਹੀਂ ਖਾਂਦੇ ਤਾਂ ਦੇਖਣਾ ਹੋਵੇਗਾ ਕਿ ਬੇਮੇਲ ਤਾਲ ਕਿੰਨੀ ਕਮਾਲ ਕਰੇਗਾ। ਧਰਾਤਲ ’ਤੇ ਮਹਾਯੁਤੀ ਅਤੇ ਮਹਾ ਵਿਕਾਸ ਆਘਾੜੀ ਹਨ ਪਰ ਅਸਲ ਵਿਚ ਅਜਿਹਾ ਨਹੀਂ ਹੈ। ਪਾਰਟੀ ਵਰਕਰਾਂ ਜਾਂ ਸਮਰਥਕਾਂ ਤੋਂ ਇਲਾਵਾ ਆਮ ਵੋਟਰ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ। ਐਲਾਨਾਂ ਦੇ ਢੇਰ ਵਿਚ ਉਲਝਿਆ ਵੋਟਰ ਅਸਲ ਵਿਚ ਪਾਰਟੀਆਂ ਦੇ ਸਿਆਸੀ ਬਿਆਨਾਂ ਅਤੇ ਸਿਆਸੀ ਚਾਲਾਂ ਨੂੰ ਸਮਝ ਰਿਹਾ ਹੈ ਕਿ ਉਹ ਵਿਧਾਇਕ ਦੀ ਚੋਣ ਕਰ ਰਿਹਾ ਹੈ, ਨਾ ਕਿ ਸਰਕਾਰ ਦੀ। ਅਸਲ ’ਚ ਮਹਾਰਾਸ਼ਟਰ ’ਚ ਦਾਅਵਿਆਂ ਅਤੇ ਜਵਾਬੀ ਦਾਅਵਿਆਂ ਵਿਚਾਲੇ ਕੌਣ ਆਵੇਗਾ ਅਤੇ ਕੌਣ ਜਾਵੇਗਾ, ਇਸ ਦੀ ਧੁੰਦ ਨਤੀਜਿਆਂ ਤੋਂ ਬਾਅਦ ਹੀ ਸਾਫ ਹੋ ਸਕੇਗੀ, ਜੋ ਦਿਲਚਸਪ ਹੋਵੇਗਾ।
ਮਹਾਰਾਸ਼ਟਰ ਦਾ ਮੂਡ ਸੱਚਮੁੱਚ ਇਸ ਵਾਰ ਵੱਡਾ ਸਿਆਸੀ ਭੂਚਾਲ ਬਣ ਜਾਵੇਗਾ। ਨਤੀਜਿਆਂ ਤੋਂ ਬਾਅਦ ਦੇਸ਼ ਦੀ ਸਿਆਸਤ ਵਿਚ ਇਕ ਨਵਾਂ ਅਧਿਆਏ ਸ਼ੁਰੂ ਹੋਣਾ ਤੈਅ ਮੰਨਿਆ ਜਾ ਰਿਹਾ ਹੈ ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮਹਾਰਾਸ਼ਟਰ ਦੇ ਮੌਜੂਦਾ ਨਕਸ਼ੇ ’ਚ ਕਿਹੜਾ ਰੰਗ ਕਿੱਥੇ ਹੋਵੇਗਾ। ਅਸਲ ਲੜਾਈ ਸਰਕਾਰ ਬਣਾਉਣ ਦੀ ਹੋਵੇਗੀ। 20 ਨਵੰਬਰ ਨੂੰ ਚੋਣਾਂ, 23 ਨਵੰਬਰ ਨੂੰ ਨਤੀਜੇ ਅਤੇ ਮਹਿਜ਼ 72 ਘੰਟਿਆਂ ’ਚ ਹੀ ਸਰਕਾਰ ਦਾ ਗਠਨ ਬਹੁਤ ਦਿਲਚਸਪ ਹੋਵੇਗਾ। ਸਰਕਾਰ ਦਾ ਕਾਰਜਕਾਲ 26 ਨਵੰਬਰ ਨੂੰ ਖਤਮ ਹੋ ਰਿਹਾ ਹੈ।
ਮੌਜੂਦਾ ਵਿਧਾਨ ਸਭਾ ਦੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀਆਂ ਦੀ ਨਿਯੁਕਤੀ ਹੋਣ ਕਾਰਨ ਦੋ ਵੱਖ-ਵੱਖ ਗੱਠਜੋੜਾਂ ਵਿਚ ਸ਼ਾਮਲ ਪਾਰਟੀਆਂ ਚੋਣਾਂ ਤੋਂ ਬਾਅਦ ਵੀ ਪੁਰਾਣੇ ਗੱਠਜੋੜ ਪ੍ਰਤੀ ਨਰਮ ਰਹਿਣਗੀਆਂ, ਜਿਸ ਕਾਰਨ ਸੂਬੇ ਨੂੰ ਤਿੰਨ ਮੁੱਖ ਮੰਤਰੀ ਮਿਲੇ ਹਨ। ਦੋ ਸਭ ਤੋਂ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਖੇਤਰੀ ਪਾਰਟੀਆਂ ਸ਼ਿਵ ਸੈਨਾ ਅਤੇ ਐੱਨ. ਸੀ. ਪੀ. ਦੋ ਧੜਿਆਂ ਵਿਚ ਟੁੱਟ ਗਈਆਂ ਹਨ। ਇਸ ਤਰ੍ਹਾਂ ਦੋ ਤੋਂ ਚਾਰ ਬਣੀਆਂ ਇਨ੍ਹਾਂ ਖੇਤਰੀ ਪਾਰਟੀਆਂ ਦੇ ਪ੍ਰਭਾਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਕਾਰਨ ਉਥੇ ਸਰਕਾਰ ਲਈ ਸਮਰਥਨ ਦੀ ਤਸਵੀਰ ਵੀ ਅਨੋਖੀ ਹੈ।
ਮਹਾਰਾਸ਼ਟਰ ਵਿਚ ਵਿਧਾਨ ਸਭਾ ਦੀਆਂ 288 ਸੀਟਾਂ ਹਨ। ਮੌਜੂਦਾ ਮਹਾਯੁਤੀ ਸਰਕਾਰ ਦੀ ਸਥਿਤੀ ਬਹੁਤ ਦਿਲਚਸਪ ਹੈ। ਭਾਜਪਾ 103 ਵਿਧਾਇਕਾਂ ਨਾਲ ਸਭ ਤੋਂ ਵੱਡੀ ਪਾਰਟੀ ਹੈ ਅਤੇ ਦੇਵੇਂਦਰ ਫੜਨਵੀਸ ਉਪ ਮੁੱਖ ਮੰਤਰੀ ਹਨ, ਜਦੋਂ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਧੜੇ ਦੀ ਸ਼ਿਵ ਸੈਨਾ ਦੇ 40 ਵਿਧਾਇਕ ਹਨ। ਦੂਜੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ਵਾਲੀ ਐੱਨ. ਸੀ. ਪੀ. ਕੋਲ 43 ਵਿਧਾਇਕ ਹਨ। ਵਿਰੋਧੀ ਧਿਰ ਦੀ ਭੂਮਿਕਾ ਵਿਚ ਕਾਂਗਰਸ, ਜੋ ਕਿ ਮਹਾ ਵਿਕਾਸ ਆਘਾੜੀ ਦਾ ਹਿੱਸਾ ਹੈ, ਕੋਲ 43 ਵਿਧਾਇਕ ਹਨ, ਊਧਵ ਠਾਕਰੇ ਦੀ ਸ਼ਿਵ ਸੈਨਾ ਕੋਲ 15, ਸ਼ਰਦ ਪਵਾਰ ਦੀ ਐੱਨ. ਸੀ. ਪੀ. ਕੋਲ 10 ਅਤੇ ਹੋਰ 34 ਵਿਧਾਇਕ ਹਨ। ਹੁਣ ਨਵੀਂ ਤਸਵੀਰ ਕੀ ਹੋਵੇਗੀ, ਇਹ ਤਾਂ ਨਤੀਜਿਆਂ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ, ਇਸ ਬਾਰੇ ਕਿਸੇ ਕੋਲ ਕੋਈ ਅੰਦਾਜ਼ਾ ਜਾਂ ਜਵਾਬ ਨਹੀਂ ਹੈ।
ਭਵਿੱਖੀ ਗੱਠਜੋੜਾਂ ਬਾਰੇ ਸਾਰਿਆਂ ਦੀ ਚੁੱਪ ਵੀ ਸਮਝ ਵਿਚ ਆਉਂਦੀ ਹੈ। ਬੇਰੋਜ਼ਗਾਰੀ ਅਤੇ ਮਹਿੰਗਾਈ ਦਰਮਿਆਨ ਸਰਕਾਰੀ ਸਕੀਮਾਂ ਦੇ ਪ੍ਰਚਾਰ ਅਤੇ ਕਟੌਤੀ ’ਤੇ ਕੇਂਦ੍ਰਿਤ ਇਸ ਚੋਣ ’ਚ ਕਈ ਤਰ੍ਹਾਂ ਦੇ ਨਾਅਰੇ ਆਪਸ ’ਚ ਦਾਖਲ ਹੋਏ ਪਰ ਇਹ ਲੋਕ ਸਭਾ ਚੋਣਾਂ ਵਾਂਗ ਅਸਰਦਾਰ ਨਜ਼ਰ ਨਹੀਂ ਆਏ। ਸ਼ਾਇਦ ਇਹ ਮਹਾਰਾਸ਼ਟਰ ਦੀ ਆਪਣੀ ਵੱਖਰੀ ਸਿਆਸਤ ਅਤੇ ਮਰਾਠਾ ਪਛਾਣ ਦਾ ਪ੍ਰਭਾਵ ਹੈ ਜਿਸ ਨੂੰ ਵੋਟਰ ਸਮਝ ਰਹੇ ਹਨ ਪਰ ਚੁੱਪ ਵੱਟ ਰਹੇ ਹਨ।
ਦਿਲਚਸਪ ਗੱਲ ਇਹ ਹੈ ਕਿ ਕਈ ਥਾਵਾਂ ’ਤੇ ਗੱਠਜੋੜ ਦੇ ਉਮੀਦਵਾਰ ਆਪਸ ’ਚ ਲੜ ਰਹੇ ਹਨ। ਗੱਠਜੋੜ ਵਿਚ ਸ਼ਾਮਲ ਪਾਰਟੀਆਂ ਵੀ ਆਪੋ-ਆਪਣੀਆਂ ਸੀਟਾਂ ’ਤੇ ਕੇਂਦ੍ਰਿਤ ਹਨ। ਅਜਿਹੀ ਸਥਿਤੀ ਵਿਚ, ਬਾਹਰੋਂ ਇਕ ਦਿਖਾਈ ਦੇਣ ਵਾਲੇ ਗੱਠਜੋੜ ਦੀਆਂ ਭੂਮਿਕਾਵਾਂ ਨੂੰ ਸਮੇਂ ਸਿਰ ਤਿਆਗਣਾ ਪਵੇਗਾ। ਸ਼ਿੰਦੇ ਗਰੁੱਪ ਦਾ ਸਾਰਾ ਜ਼ੋਰ ਮਰਾਠਿਆਂ ’ਤੇ ਹੈ ਜਦਕਿ ਅਜੀਤ ਗਰੁੱਪ ਐੱਨ. ਸੀ. ਪੀ. ਦੀਆਂ ਕੋਰ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼ਰਦ ਪਵਾਰ ’ਤੇ ਜਾਤੀ ਸਿਆਸਤ ਦੇ ਦੋਸ਼ ਭਾਵੇਂ ਹੀ ਲੱਗੇ ਪਰ ਇਸ ਵਾਰ ਹਮਦਰਦੀ ਹਾਸਲ ਕਰਨ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਜੇਕਰ ਭਾਜਪਾ ਓ. ਬੀ. ਸੀ.-ਅਗੜਾ ਸਮੀਕਰਨ ਦੀ ਮਦਦ ਨਾਲ ਆਪਣੇ ਪੁਰਾਣੇ ਪ੍ਰਦਰਸ਼ਨ ਨੂੰ ਦੁਹਰਾਉਣਾ ਚਾਹੁੰਦੀ ਹੈ, ਤਾਂ ਕਾਂਗਰਸ ਵਾਪਸੀ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਜਾਪਦੀ । ਹਰ ਪਾਸੇ ਸੰਵਿਧਾਨ ਸਨਮਾਨ ਸੰਮੇਲਨ ਕਰ ਕੇ ਪ੍ਰਭਾਵਿਤ ਕਰਨ ਅਤੇ ਓ. ਬੀ. ਸੀ. ਭਾਈਚਾਰੇ ਦੇ ਹੱਕ ਵਿਚ ਹੋ ਕੇ ਵੱਡੀ ਲਕੀਰ ਖਿੱਚਣ ਦੇ ਯਤਨ ਕੀਤੇ ਜਾ ਰਹੇ ਹਨ।
2,938 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ 288 ਹਲਕਿਆਂ ਵਿਚ 4,140 ਉਮੀਦਵਾਰ ਚੋਣ ਮੈਦਾਨ ਵਿਚ ਹਨ ਜੋ ਕਿ 2019 ਦੇ ਮੁਕਾਬਲੇ 28 ਫੀਸਦੀ ਜ਼ਿਆਦਾ ਹਨ। 1 ਲੱਖ 186 ਪੋਲਿੰਗ ਸਟੇਸ਼ਨਾਂ ’ਤੇ 2 ਲੱਖ 21 ਹਜ਼ਾਰ 600 ਬੈਲਟ ਯੂਨਿਟ, 1 ਲੱਖ 21 ਹਜ਼ਾਰ 886 ਕੰਟਰੋਲ ਯੂਨਿਟ ਅਤੇ 1 ਲੱਖ 32 ਹਜ਼ਾਰ 94 ਵੀ. ਵੀ. ਪੈਟ ਦੀ ਵਰਤੋਂ ਕੀਤੀ ਜਾਵੇਗੀ। ਕੁੱਲ 9 ਕਰੋੜ 70 ਲੱਖ 25 ਹਜ਼ਾਰ 119 ਵੋਟਰਾਂ ਵਿਚੋਂ 5 ਕਰੋੜ 22 ਹਜ਼ਾਰ 739 ਮਰਦ ਅਤੇ 4 ਕਰੋੜ 49 ਲੱਖ 96 ਹਜ਼ਾਰ 279 ਔਰਤਾਂ ਹਨ। ਇਨ੍ਹਾਂ ਵਿਚੋਂ 22,22,704 ਵੋਟਰ 18 ਤੋਂ 19 ਸਾਲ ਦੀ ਉਮਰ ਦੇ ਹਨ ਅਤੇ 12.43 ਲੱਖ 85 ਸਾਲ ਤੋਂ ਵੱਧ ਉਮਰ ਦੇ ਹਨ। ਇੱਥੇ 6,101 ਟਰਾਂਸਜੈਂਡਰ ਵੋਟਰ, 6.41 ਲੱਖ ਅਪਾਹਜ ਅਤੇ 1.16 ਲੱਖ ਸਰਵਿਸ ਵੋਟਰ ਹਨ।
ਬਸ ਇਹ ਦੇਖਣਾ ਹੋਵੇਗਾ ਕਿ ਮਹਾਰਾਸ਼ਟਰ ਦੀਆਂ ਇਹ ਆਮ ਚੋਣਾਂ ਦੇਸ਼ ਦੀ ਸਿਆਸਤ ਵਿਚ ਕਿਸ ਤਰ੍ਹਾਂ ਦੀ ਸਿਆਸਤ ਘੜਨਗੀਆਂ।
ਰਿਤੂਪਰਣ ਦਵੇ