ਕੀ 2024 ਤੱਕ ਮਮਤਾ ਵਿਰੋਧੀ ਧਿਰ ਨੂੰ ਇਕੱਠਾ ਕਰ ਸਕੇਗੀ

08/01/2021 3:28:49 AM

ਮਾਸਟਰ ਮੋਹਨ ਲਾਲ (ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ) 
ਅਜਿਹਾ ਜਾਪਦਾ ਵੀ ਨਹੀਂ, ਦਿਖਾਈ ਵੀ ਨਹੀਂ ਦਿੰਦਾ। ਵਿਰੋਧੀ ਧਿਰ ’ਚ ਹੈ ਕੌਣ? ਕਾਂਗਰਸ ਅਤੇ ਰਾਹੁਲ ਗਾਂਧੀ? ਰਾਸ਼ਟਰਵਾਦੀ ਕਾਂਗਰਸ ਅਤੇ ਸ਼ਰਦ ਪਵਾਰ? ਤ੍ਰਿਣਮੂਲ ਕਾਂਗਰਸ ਅਤੇ ਮਮਤਾ ਬੈਨਰਜੀ? ਸ਼ਿਵ ਸੈਨਾ ਅਤੇ ਊਧਵ ਠਾਕਰੇ? ਬਹੁਜਨ ਸਮਾਜ ਪਾਰਟੀ ਅਤੇ ਮਾਇਆਵਤੀ? ਸਮਾਜਵਾਦੀ ਪਾਰਟੀ ਅਤੇ ਅਖਿਲੇਸ਼ ਯਾਦਵ? ‘ਆਪ’ ਅਤੇ ਕੇਜਰੀਵਾਲ? ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ? ਨੈਸ਼ਨਲ ਕਾਨਫਰੰਸ ਅਤੇ ਫਾਰੂਕ ਅਬਦੁੱਲਾ? ਪੀ. ਡੀ. ਪੀ. ਅਤੇ ਮਹਿਬੂਬਾ ਮੁਫਤੀ? ਜਾਂ ਅਸਤਾਚਲ ਗਾਮੀ ਖੱਬੇਪੱਖੀ? ਸਾਰੇ ਰਲ ਕੇ ਕੀ ਇਕ ਮੋਦੀ ਬਣ ਸਕਣਗੇ?

ਵਿਰੋਧੀ ਧਿਰ ਕਹਿਣ ਨੂੰ ਹੈ ਪਰ ਅਸਲ ’ਚ ਹੈ ਨਹੀਂ। ਲੋਕ ਸਭਾ ਜਾਂ ਰਾਜ ਸਭਾ ’ਚ ਸਾਰੇ ਰਲ ਕੇ ਸਰਕਾਰ ਨੂੰ ਸਦਨ ’ਚ ਨਾ ਚੱਲਣ ਦੇਣ ਤਾਂ ਕੀ ਆਮ ਲੋਕ ਯਕੀਨ ਕਰਨਗੇ ਕਿ ਇਹ ਵਿਰੋਧੀ ਧਿਰ ਹੈ? ਇਹ ਇਕ ਧੁੰਦਲਕਾ ਹੈ, ਵਿਰੋਧੀ ਧਿਰ ਨਹੀਂ। ਮਜ਼ਬੂਤ ਸਰਕਾਰ ਦੇ ਸਾਹਮਣੇ ਇਕ ਮਜ਼ਬੂਤ ਵਿਰੋਧੀ ਧਿਰ ਜ਼ਰੂਰੀ ਹੈ। ਵਿਰੋਧੀਆਂ ਦੀ ਇਕ ਸਿਆਸਤ ਅਤੇ ਯੋਜਨਾ ਹੁੰਦੀ ਹੈ। ਵਿਰੋਧੀ ਹੁੰਦੀ ਹੈ ਧਾਰਦਾਰ, ਅਸਰਦਾਰ ਅਤੇ ਈਮਾਨਦਾਰ। ਵਿਰੋਧੀ ਧਿਰ ਨੇ ਕੱਲ ਸੱਤਾ ’ਚ ਆਉਣਾ ਹੈ। ਵਿਰੋਧੀ ਧਿਰ ਦੀ ਹੁੰਦੀ ਹੈ ਇਕ ‘ਸ਼ੈਡੋ ਕੈਬਨਿਟ’। ਵਿਰੋਧੀ ਧਿਰ ਰੱਖਦੀ ਹੈ ਸਰਕਾਰ ਦੇ ਹੰਕਾਰ ਅਤੇ ਤਾਨਾਸ਼ਾਹੀ ’ਤੇ ਕੰਟਰੋਲ। ਅੱਜ ਤਾਂ ਵਿਰੋਧੀ ਧਿਰ ’ਤੇ ਸੰਕਟ ਦੇ ਬੱਦਲ ਹਨ। ਬੰਗਾਲ ’ਚ ਮਮਤਾ ਬੈਨਰਜੀ ਦੀ ਬਿਜਲੀ ਕੀ ਚਮਕੀ ਕਿ ਵਿਰੋਧੀ ਧਿਰ ਨੂੰ ਹਨੇਰੇ ’ਚ ਸਭ ਕੁਝ ਦਿਖਾਈ ਦੇਣ ਲੱਗਾ ਹੈ।

ਬਿਨਾਂ ਸ਼ੱਕ ਮਮਤਾ ਬੈਨਰਜੀ ਸਾਦਗੀ, ਈਮਾਨਦਾਰੀ ਅਤੇ ‘ਕਿਲਿੰਗ ਇੰਸਟਿੰਕਟ’ ਨਾਲ ਭਰਪੂਰ ਹਨ ਪਰ ਉਨ੍ਹਾਂ ਦੇ ਕੋਲ ਸਵ. ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਰਗੀ ਵਿਸ਼ਾਲ ਸਿਆਸੀ ਧਰਾਤਲ ਨਹੀਂ। 1977 ’ਚ ਕਾਂਗਰਸ ਪਾਰਟੀ ਨਵੀਂ-ਨਵੀਂ ਬਣੀ ਸਿਆਸੀ ਪਾਰਟੀ ਤੋਂ ਬੁਰੀ ਤਰ੍ਹਾਂ ਹਾਰ ਗਈ। ਉਦੋਂ ਕਾਂਗਰਸ ਦੀ ਨੇਤਾ ਸੀ ‘ਆਇਰਨ ਲੇਡੀ’ ਸ਼੍ਰੀਮਤੀ ਇੰਦਰਾ ਗਾਂਧੀ। ਸ਼੍ਰੀਮਤੀ ਇੰਦਰਾ ਗਾਂਧੀ ਨੇ ਵਿਰੋਧੀ ਧਿਰ ਦੀ ਨੇਤਾ ਦੇ ਰੂਪ ’ਚ ਚੰਡੀ ਦਾ ਰੂਪ ਧਾਰਨ ਕਰ ਲਿਆ। 1978 ’ਚ ਕਰਨਾਟਕ ਦੀ ਚਿਕਮੰਗਲੂਰ ਸੀਟ ਤੋਂ ਲੋਕ ਸਭਾ ਦੀ ਉਪ ਚੋਣ ਲੜਨ ਦਾ ਫੈਸਲਾ ਕਰ ਲਿਆ। ਜਨਤਾ ਪਾਰਟੀ ਦੇ ਵੱਡੇ-ਵੱਡੇ ਨੇਤਾ ਤੇ ਕੇਂਦਰੀ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ, ਵਿਰੋਧੀ ਧਿਰ ਦੀ ਨੇਤਾ ਨੂੰ ਹਰਾਉਣ ਲਈ ਬੋਰੀ-ਬਿਸਤਰਾ ਲੈ ਕੇ ਪਹੁੰਚ ਗਏ ਪਰ ਉਹ ਸ਼ੇਰਨੀ ਵਾਂਗ ਚਿਕਮੰਗਲੂਰ ਦੀ ਚੋਣ ਜਿੱਤੀ।

ਸ਼੍ਰੀਮਤੀ ਇੰਦਰਾ ਗਾਂਧੀ ਅਤੇ ਉਸ ਦੇ ਪੈਰੋਕਾਰਾਂ ਨੇ ਪ੍ਰਚੰਡ ਬਹੁਮਤ ਨਾਲ ਸਰਕਾਰ ਬਣਾਉਣ ਵਾਲੀ ਜਨਤਾ ਪਾਰਟੀ ਨੂੰ 1980 ’ਚ ਚਿੱਤ ਕਰਕੇ ਕਾਂਗਰਸ ਨੂੰ ਮੁੜ ਕੇਂਦਰ ’ਚ ਲਿਆ ਖੜ੍ਹਾ ਕਰ ਦਿੱਤਾ। ਕਿਉਂ? ਉਨ੍ਹਾਂ ’ਚ ਸੀ ਮਰਨ-ਮਾਰਨ ਦਾ ਜਜ਼ਬਾ। ਸ਼੍ਰੀਮਤੀ ਇੰਦਰਾ ਗਾਂਧੀ ਦਾ ਇਕ ਨੁਕਾਤੀ ਪ੍ਰੋਗਰਾਮ ਸੀ ਜਨਤਾ ਪਾਰਟੀ ਦੀ ਸਰਕਾਰ ਦੀ ਆਪਸੀ ਖਿੱਚੋਤਾਣ ਤੋਂ ਸਿਆਸੀ ਲਾਭ ਉਠਾਉਣਾ ਅਤੇ ‘ਗਰੀਬੀ ਹਟਾਓ’ ਦੇ ਨਾਅਰੇ ਨਾਲ ਦਿੱਲੀ ਦੀ ਗੱਦੀ ’ਤੇ ਮੁੜ ਕਾਂਗਰਸ ਦੀ ਸਰਕਾਰ ਬਣਾਉਣੀ ਜਿਸ ’ਚ ਉਨ੍ਹਾਂ ਨੇ ਸਫਲ ਹੋ ਕੇ ਦਿਖਾਇਆ।

ਅੱਜ ਸਮੁੱਚੀ ਵਿਰੋਧੀ ਧਿਰ ’ਚ ਹੈ ਕੋਈ ਸ਼੍ਰੀਮਤੀ ਇੰਦਰਾ ਗਾਂਧੀ ਵਰਗੀ ਦ੍ਰਿੜ੍ਹ ਇੱਛਾ ਸ਼ਕਤੀ ਵਾਲੀ ਸ਼ਖਸੀਅਤ? ਠੀਕ ਹੈ, ਮਮਤਾ ਬੈਨਰਜੀ ਲੜਨ, ਡਰਨ ਅਤੇ ਕੁਝ ਕਰ ਗੁਜ਼ਰਨ ਵਾਲੀ ਮਹਿਲਾ ਆਗੂ ਹੈ ਪਰ ਵਿਰੋਧੀ ਧਿਰ ’ਚ ਆਪਣਾ-ਆਪਣਾ ਸਵਾਰਥ ਲੈ ਕੇ ਚੱਲਣ ਵਾਲੇ ਨੇਤਾ ਉਸ ਨੂੰ ਸਫਲ ਹੋ ਦੇਣਗੇ? ਪਰਿਵਾਰਵਾਦ ਅਤੇ ਆਪਸੀ ਕਲੇਸ਼ ’ਚ ਉਲਝ ਕੇ ਵਿਰੋਧੀ ਧਿਰ ਮਮਤਾ ਬੈਨਰਜੀ ਨੂੰ ਆਪਣਾ ਨੇਤਾ ਮੰਨੇਗੀ?

ਵਿਰੋਧੀ ਧਿਰ ਦਾ ਏਜੰਡਾ ਕੀ ਹੈ? ਸਿਰਫ ਮੋਦੀ ਨੂੰ ਹਰਾਉਣਾ ਅਤੇ ਉਸ ਦੇ ਬਾਅਦ ਫਿਰ ਉਹੀ 2014 ਤੋਂ ਪਹਿਲਾਂ ਵਾਲੇ ਘਪਲਿਆਂ ਵਾਲੇ ਦੇਸ਼ ਵੱਲ ਪਰਤ ਜਾਣਾ? ਨੀਤੀ ਕੀ ਹੈ, ਯੋਜਨਾਵਾਂ ਕੀ ਹਨ? ਜਨਤਾ ਦਾ ਭਰੋਸਾ ਮੌਜੂਦਾ ਵਿਰੋਧੀ ਧਿਰ ਕਿਵੇਂ ਜਿੱਤੇਗੀ? ਮਹਿੰਗਾਈ, ਮੌਜੂਦਾ ਅਰਥਵਿਵਸਥਾ ’ਚ ਸੁਧਾਰ ਲਿਆਉਣ ਦੀਆਂ ਕੋਈ ਨੀਤੀਆਂ ਹੋਣ, ਤਾਂ ਅੱਗੇ ਆਉਣ। ਦੇਸ਼ ਦੀ ਸੁਰੱਖਿਆ ਅਤੇ ਵਿਕਾਸ ਦਾ ਏਜੰਡਾ ਦੇਸ਼ ਨੂੰ ਵਿਰੋਧੀ ਧਿਰ ਦੱਸੇ। ਸਿਰਫ ਮੋਦੀ ਦੇ ਡਰ ਤੋਂ ਇਹ ਕਹਿੰਦੇ ਰਹਿਣਾ ਕਿ ਵਿਰੋਧੀ ਧਿਰ ਇਕੱਠੀ ਹੋਵੇ, ਇਸ ਨੂੰ ਤਾਂ ਜਨਤਾ ਪ੍ਰਵਾਨ ਨਹੀਂ ਕਰੇਗੀ। ਦੇਸ਼ ਨੂੰ ਅੱਗੇ ਲਿਜਾਣ ਦਾ ਆਧਾਰ ਕੀ ਹੈ?

ਤੀਸਰਾ, ਵਿਰੋਧੀ ਧਿਰ ਕੋਲ ਮੋਦੀ ਦੇ ਕੱਦ ਦਾ ਕੋਈ ਨੇਤਾ ਦੂਰ-ਦੂਰ ਤੱਕ ਦਿਖਾਈ ਨਹੀਂ ਦਿੰਦਾ। ਕੀ ਅੱਜ ਹੈ ਵਿਰੋਧੀ ਧਿਰ ਕੋਲ ਕੋਈ ਦੂਰਦਰਸ਼ੀ, ਮਹਾਰਥੀ ਆਗੂ ਹੀ ਵਿਰੋਧੀ ਧਿਰ ਦੇ ਕੋਲ ਨਹੀਂ ਤਾਂ ਫਿਰ ਵਿਰੋਧੀ ਧਿਰ ਦੀ ਏਕਤਾ ਦਾ ਢਿੰਡੋਰਾ ਕਿਉਂ? ਕੀ ਰਾਹੁਲ ਗਾਂਧੀ ਨੂੰ ਸ਼ਰਦ ਪਵਾਰ ਪਚਾ ਸਕਣਗੇ?

ਰਾਹੁਲ ਗਾਂਧੀ ਦੀ ‘ਬਾਡੀ ਲੈਂਗਵੇਜ’ ਹੀ ਸਿਆਸੀ ਆਗੂ ਦੀ ਨਹੀਂ। ਮਾਇਆਵਤੀ ਨੂੰ ਲੋਕਾਂ ਨੇ ਜਾਂਚ ਲਿਆ। ਮੁਲਾਇਮ ਸਿੰਘ ਯਾਦਵ ਅਤੇ ਲਾਲੂ ਪ੍ਰਸਾਦ ਯਾਦਵ ਗਏ-ਗੁਜ਼ਰੇ ਦਿਨਾਂ ਦੀ ਗੱਲ ਹੋ ਗਏ। ਸ. ਪ੍ਰਕਾਸ਼ ਸਿੰਘ ਬਾਦਲ, ਫਾਰੂਕ ਅਬਦੁੱਲਾ ਦਾ ਵੀ ਇਹੀ ਹਾਲ ਹੈ। ਚੰਦਰਬਾਬੂ ਨਾਇਡੂ ਨੂੰ ਉਨ੍ਹਾਂ ਦੇ ਹੀ ਲੋਕਾਂ ਨੇ ਨਕਾਰ ਦਿੱਤਾ।

ਵਿਚਾਰੀ ਮਮਤਾ ਬੈਨਰਜੀ ’ਤੇ ਮਰੀ ਹੋਈ ਵਿਰੋਧੀ ਧਿਰ ਦਾ ਬੋਝ ਨਾ ਪਾਇਆ ਜਾਵੇ। ਉਸ ਨੂੰ ਬੰਗਾਲ ’ਚ ਸ਼ੇਰਨੀ ਵਾਂਗ ਰਾਜ ਕਰਨ ਦਿਓ। ਅਜਿਹਾ ਨਾ ਹੋਵੇ ਕਿ ਇਕ ਭੱਦਰ ਮਹਿਲਾ ਚੌਬੇ ਬਣਦੇ-ਬਣਦੇ ਦੂਬੇ ਵੀ ਨਾ ਰਹਿ ਸਕੇ। ਮਮਤਾ ਬੈਨਰਜੀ ਨੇ ਜਨਤਾ ’ਚ ਆਪਣਾ ਵੱਖਰਾ ਸਥਾਨ ਬਣਾ ਰੱਖਿਆ ਹੈ। ਉਹ ਸਥਾਨ ਉਸ ਦੇ ਹੱਥੋਂ ਵਿਰੋਧੀ ਧਿਰ ਦੀ ਏਕਤਾ ਦੇ ਨਾਂ ’ਤੇ ਖੁੱਸ ਨਾ ਜਾਵੇ। ਜੇਕਰ ਮਮਤਾ ਬੈਨਰਜੀ ਜੀ ਦੇ ਯਤਨ ਅਸਫਲ ਰਹੇ ਤਾਂ ਵਿਰੋਧੀ ਧਿਰ ’ਤੇ ‘ਬ੍ਰਹਮ ਹੱਤਿਆ’ ਦਾ ਪਾਪ ਲੱਗੇਗਾ।


Bharat Thapa

Content Editor

Related News