ਟਰੰਪ ਨੂੰ ਇੰਨੀਆਂ ਵੋਟਾਂ ਕਿਉਂ ਮਿਲੀਆਂ?

11/08/2020 3:38:50 AM

ਡਾ. ਵੇਦਪ੍ਰਤਾਪ ਵੈਦਿਕ

ਅਮਰੀਕੀ ਰਾਸ਼ਟਰਪਤੀ ਦੇ ਚੋਣ-ਨਤੀਜੇ ਦੇ ਐਲਾਨ ’ਚ ਭਾਵੇਂ ਦੇਰੀ ਹੋ ਰਹੀ ਹੈ ਪਰ ਇਹ ਸਵਾਲ ਸਾਰਿਆਂ ਦੇ ਦਿਮਾਗ ’ਤੇ ਭਾਰੀ ਪੈ ਰਿਹਾ ਹੈ ਕਿ ਆਖਿਰ ਡੋਨਾਲਡ ਟਰੰਪ ਨੂੰ ਇੰਨੀਆਂ ਜ਼ਿਆਦਾ ਵੋਟਾਂ ਕਿਉਂ ਮਿਲੀਆਂ ਹਨ? ਲਗਭਗ ਚੋਣਾਂ ਤੋਂ ਪਹਿਲਾਂ ਦੇ ਸਾਰੇ ਸਰਵੇਖਣ ਗਲਤ ਸਾਬਤ ਕਿਉਂ ਹੋ ਰਹੇ ਹਨ? ਅਮਰੀਕਾ ਅਤੇ ਉਸਦੇ ਬਾਹਰ ਵੀ ਇਹ ਮੰਨਿਆ ਜਾ ਰਿਹਾ ਸੀ ਕਿ ਬੜਬੋਲੇ ਟਰੰਪ ਇਸ ਵਾਰ ਜ਼ਬਰਦਸਤ ਝਟਕਾ ਖਾਣਗੇ। ਉਨ੍ਹਾਂ ਨੂੰ ਆਮ ਵੋਟਰਾਂ ਦੀਆਂ ਵੋਟਾਂ ਪਿਛਲੀਆਂ ਚੋਣਾਂ ਵਾਂਗ (30 ਲੱਖ) ਇਸ ਵਾਰ ਵੀ ਘੱਟ ਮਿਲਣਗੀਆਂ ਸਗੋਂ ਬਹੁਤ ਘੱਟ ਮਿਲਣਗੀਆਂ ਪਰ ਹੁਣ ਤਕ ਜੋ ਵੀ ਅੰਕੜੇ ਸਾਹਮਣੇ ਆਏ ਹਨ, ਉਨ੍ਹਾਂ ਤੋਂ ਪਤਾ ਲੱਗ ਰਿਹਾ ਹੈ ਕਿ 2016 ਦੇ ਮੁਕਾਬਲੇ ਉਨ੍ਹਾਂ ਦੀਆਂ ਵੋਟਾਂ ਦੀ ਗਿਣਤੀ ਵਧੀ ਹੈ ਅਤੇ ਸੀਨੇਟ (ਰਾਜ ਸਭਾ) ਦੀਆਂ ਚੋਣਾਂ ’ਚ ਵੀ ਉਨ੍ਹਾਂ ਦੇ ਉਮੀਦਵਾਰ ਜਿੱਤ ਗਏ ਹਨ।

ਕਾਂਗਰਸ (ਲੋਕ ਸਭਾ) ’ਚ ਹਾਲਾਂਕਿ ਡੈਮੋਕ੍ਰੇਟ ਦੀ ਗਿਣਤੀ ਵਧੀ ਹੈ ਪਰ ਕੁਲ ਮਿਲਾ ਕੇ ਜੇਕਰ ਟਰੰਪ ਹਾਰ ਵੀ ਗਏ ਤਾਂ ਵੀ ਅਮਰੀਕੀ ਸਿਆਸਤ ’ਚ ਉਨ੍ਹਾਂ ਦਾ ਦਬਦਬਾ ਬਣਿਆ ਰਹਿ ਸਕਦਾ ਹੈ। ਰਿਪਬਲਿਕਨ ਪਾਰਟੀ ’ਚ ਉਹ ਸ਼ਾਇਦ ਕਿਸੇ ਹੋਰ ਨੇਤਾ ਨੂੰ ਅੱਗੇ ਆਉਣ ਨਹੀਂ ਦੇਣਗੇ। ਇਹ ਸਵਾਲ ਸਿਰਫ ਰਿਪਬਲਿਕਨ ਪਾਰਟੀ ਦਾ ਨਹੀਂ ਹੈ ਸਗੋਂ ਉਨ੍ਹਾਂ ਕਰੋੜਾਂ ਅਮਰੀਕੀ ਨਾਗਰਿਕਾਂ ਦਾ ਹੈ, ਜਿਨ੍ਹਾਂ ਨੇ ਟਰੰਪ ਵਰਗੇ ਆਦਮੀ ਨੂੰ ਆਪਣੀ ਅਨਮੋਲ ਵੋਟ ਦਿੱਤੀ ਹੈ। ਜਿਨ੍ਹਾਂ ਨੇ ਟਰੰਪ ਨੂੰ ਵੋਟ ਦਿੱਤੀ ਹੈ, ਉਹ ਲੋਕ ਕੌਣ ਹਨ? ਜ਼ਾਹਿਰ ਹੈ ਕਿ ਉਹ ਰਿਪਬਲਿਕਨ ਪਾਰਟੀ ਦੇ ਲੋਕ ਤਾਂ ਹਨ ਹੀ, ਉਨ੍ਹਾਂ ਦੇ ਇਲਾਵਾ ਉਹ ਲੋਕ ਵੀ ਹਨ, ਜੋ ਨਸਲੀ ਵਿਤਕਰੇ ’ਚ ਵਿਸ਼ਵਾਸ ਕਰਦੇ ਹਨ, ਜੋ ਗੋਰੇ ਲੋਕ ਆਪਣੇ ਆਪ ਨੂੰ ਅਸਲੀ ਅਮਰੀਕੀ ਸਮਝਦੇ ਹਨ, ਜੋ ਅਮਰੀਕਾ ਨੂੰ ਸੰਸਾਰ ਦੇ ਸਭ ਤੋਂ ਵੱਡੇ ਦਾਦਾ ਦੇ ਰੂਪ ’ਚ ਦੇਖਣਾ ਚਾਹੁੰਦੇ ਹਨ ਭਾਵ ਜੋ ਭੜਕਾਊ ਰਾਸ਼ਟਰਵਾਦੀ ਹਨ, ਜੋ ਲੋਕ ਤੂ-ਤੜਾਕ ਸ਼ੈਲੀ ’ਚ ਬੋਲਣ ਵਾਲੇ ਨੇਤਾ ਨੂੰ ਪਸੰਦ ਕਰਦੇ ਹਨ, ਜੋ ਅਮਰੀਕਾ ’ਚ ਨਵੇਂ ਪ੍ਰਵਾਸੀਆਂ ਨੂੰ ਆਪਣੀ ਬੇਰੋਜ਼ਗਾਰੀ ਦਾ ਕਾਰਣ ਸਮਝਦੇ ਹਨ, ਜੋ ਚੀਨ ਵਰਗੇ ਦੇਸ਼ਾਂ ’ਤੇ ਮੁੱਕਾ ਤਾਣਨ ਨੂੰ ਰਾਸ਼ਟਰੀ ਗੌਰਵ ਦਾ ਵਿਸ਼ਾ ਮੰਨਦੇ ਹਨ, ਜੋ ਵਿਸ਼ਵ ਸਿਹਤ ਸੰਗਠਨ, ਨਾਟੋ ਅਤੇ ਯੂ. ਐੱਨ. ਵਰਗੀਆਂ ਸੰਸਥਾਵਾਂ ਨੂੰ ਅਮਰੀਕਾ ਦਾ ਸ਼ੋਸ਼ਣ ਕਰਨ ਵਾਲੀਆਂ ਸੰਸਥਾਵਾਂ ਸਮਝਦੇ ਹਨ ਅਤੇ ਜੋ ਬੇਲਗਾਮ ਅਤੇ ਆਕੜਖੋਰ ਆਦਮੀ ਨੂੰ ਹੀ ਨੇਤਾ ਮੰਨਦੇ ਹਨ।

ਅਜਿਹੇ ਹੀ ਲੋਕਾਂ ਨੇ ਟਰੰਪ ਨੂੰ ਇੰਨੀਆਂ ਜ਼ਿਆਦਾ ਵੋਟਾਂ ਦਿਲਵਾ ਦਿੱਤੀਆਂ ਹਨ। ਇਸਦਾ ਅਰਥ ਕੀ ਨਿਕਲਿਆ? ਇਸਦਾ ਸਭ ਤੋਂ ਪਹਿਲਾ ਅਰਥ ਇਹੀ ਹੈ ਕਿ ਅੱਜ ਦੀ ਅਮਰੀਕਾ ਦੀ ਜਨਤਾ ’ਚ ਉਚਿਤ-ਅਣਉਚਿਤ ਦੀ ਪਛਾਣ ਕਰਨ ਦੀ ਬੌਧਿਕ ਸਮਰੱਥਾ ਬਹੁਤ ਘੱਟ ਹੈ। ਦੂਸਰਾ, ਜੇਕਰ ਜੋਅ ਬਾਈਡੇਨ ਜਿੱਤ ਗਏ ਤਾਂ ਵੀ ਟਰੰਪ ਉਨ੍ਹਾਂ ਨੂੰ ਤੰਗ ਕਰਨ ’ਚ ਕੋਈ ਕਸਰ ਨਹੀਂ ਛੱਡਣਗੇ। ਤੀਸਰਾ, ਚੋਣਾਂ ਦੇ ਬਾਅਦ ਜਿਸ ਤਰ੍ਹਾਂ ਦੀ ਭੰਨ-ਤੋੜ ਅਤੇ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ, ਉਹ ਦੱਸਦੀਆਂ ਹਨ ਕਿ ਇਸ ਸਮੇਂ ਅਮਰੀਕਾ ਦੋ ਧੜਿਆਂ ’ਚ ਵੰਡਿਆ ਗਿਆ ਹੈ। ਚੌਥਾ, ਟਰੰਪ ਦੀਆਂ ਧਮਕੀਆਂ ਅਤੇ ਦੋਸ਼ਾਂ ਨੇ ਅਮਰੀਕੀ ਲੋਕਤੰਤਰ ’ਤੇ ਧੱਬੇ ਲਗਾ ਦਿੱਤੇ ਹਨ। ਪੰਜਵਾਂ, ਜੇਕਰ ਹਾਰਨ ਦੇ ਬਾਵਜੂਦ ਟਰੰਪ ਕੁਰਸੀ ਨਹੀਂ ਛੱਡਦੇ ਅਤੇ ਅਦਾਲਤਾਂ ਦੇ ਦਰਵਾਜ਼ੇ ਖੜਕਾਉਂਦੇ ਹਨ ਤਾਂ ਅਮਰੀਕੀ ਲੋਕਤੰਤਰ ਦੇ ਇਤਿਹਾਸ ’ਚ ਉਹ ਇਕ ਕਾਲਾ ਪੰਨਾ ਜੋੜ ਦੇਣਗੇ।


Bharat Thapa

Content Editor

Related News