ਹੁਣ ਪੱਛਮੀ ਦੇਸ਼ ਵੀ ਸਮਝਣ ਲੱਗੇ ਹਨ ਪਰਿਵਾਰ ਦਾ ਮਹੱਤਵ
Tuesday, Aug 25, 2026 - 07:46 PM (IST)
ਆਇਰਲੈਂਡ ਦੇ ਬੇਲਫਾਸਟ ਸ਼ਹਿਰ ਦੀ ਕਵੀਨਜ਼ ਯੂਨੀਵਰਸਿਟੀ ਦੇ ਸਮਾਜ ਸ਼ਾਸਤਰੀ ਪ੍ਰੋਫੈਸਰ ਡੇਵਿਡ ਆਚਰਡ ਨੇ ਬੱਚਿਆਂ ਨੂੰ ਕਿਵੇਂ ਪਾਲੀਏ, ਇਸ ’ਤੇ ਵਿਸ਼ੇਸ਼ ਅਧਿਐਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਤੀਤ ’ਚ ਬੱਚਿਆਂ ਦੇ ਪਾਲਣ-ਪੋਸ਼ਣ ਨਾਲ ਸਬੰਧਤ ਕਈ ਤਜਰਬੇ ਕੀਤੇ ਗਏ ਹਨ। ਢਾਈ ਹਜ਼ਾਰ ਸਾਲਾਂ ਤੋਂ ਅਜਿਹੇ ਤਜਰਬੇ ਕੀਤੇ ਜਾ ਰਹੇ ਹਨ। ਜਿਵੇਂ ਕਿ ਯੂਨਾਨ ਦੇ ਦਾਰਸ਼ਨਿਕ ਪਲੇਟੋ ਦਾ ਕਹਿਣਾ ਸੀ ਕਿ ਜੇਕਰ ਬੱਚਿਆਂ ਦਾ ਪਾਲਣ-ਪੋਸ਼ਣ ਸੂਬਾ ਜਾਂ ਸਰਕਾਰਾਂ ਕਰਨ, ਤਾਂ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਪਛਾਣਨਗੇ ਹੀ ਨਹੀਂ।
ਇਸ ਨਾਲ ਸਮਾਜ ਦਾ ਢਾਂਚਾ ਵਧੇਰੇ ਨਿਰਪੱਖ ਹੋਵੇਗਾ ਪਰ ਜ਼ਮੀਨੀ ਪੱਧਰ ’ਤੇ ਇਹ ਸਫ਼ਲ ਨਹੀਂ ਹੋ ਸਕਿਆ। ਕਿਉਂਕਿ ਮਾਤਾ-ਪਿਤਾ ਅਤੇ ਬੱਚਿਆਂ ਵਿਚਾਲੇ ਜਿਹੜਾ ਨਾਭੀ-ਨਾਲ ਦਾ ਰਿਸ਼ਤਾ ਹੁੰਦਾ ਹੈ, ਉਹ ਖ਼ਤਮ ਨਹੀਂ ਹੋ ਸਕਿਆ।
ਇਸੇ ਤਰ੍ਹਾਂ ਦਾ ਤਜਰਬਾ 19ਵੀਂ ਸਦੀ ’ਚ ਅਮਰੀਕਾ ਦੀ ਵਨਾਈਡਾ ਕਮਿਊਨਿਟੀ ’ਚ ਕੀਤਾ ਗਿਆ। ਇੱਥੇ ਬੱਚਿਆਂ ਨੂੰ ਮਾਤਾ-ਪਿਤਾ ਦੇ ਮੁਕਾਬਲੇ ਸਮੂਹ ’ਚ ਪਾਲਣ ਦੀ ਯੋਜਨਾ ਬਣਾਈ ਗਈ ਪਰ ਇਹ ਤਜਰਬਾ ਵੀ ਅਸਫ਼ਲ ਰਿਹਾ। ਅਮਰੀਕਾ ’ਚ ਹੀ ਇਕ ਤਜਰਬੇ ਤਹਿਤ ਬਹੁਤ ਸਾਰੇ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਤੋਂ ਦੂਰ ਪਿੰਡਾਂ ’ਚ ਵਸਾਇਆ ਗਿਆ। ਸੋਚਿਆ ਗਿਆ ਸੀ ਕਿ ਇਸ ਨਾਲ ਉਨ੍ਹਾਂ ਦਾ ਭਵਿੱਖ ਚੰਗਾ ਬਣੇਗਾ ਪਰ ਅਜਿਹਾ ਹੋ ਨਹੀਂ ਸਕਿਆ। ਬਾਅਦ ’ਚ ਪਤਾ ਲੱਗਾ ਕਿ ਇਸ ਲਈ ਕਈ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਕੋਲੋਂ ਧੱਕੇ ਨਾਲ ਦੂਰ ਕੀਤਾ ਗਿਆ ਸੀ। ਬੱਚਿਆਂ ’ਤੇ ਇਸਦਾ ਬੁਰਾ ਅਸਰ ਪਿਆ। ਜਦੋਂ ਇਹ ਵੱਡੇ ਹੋਏ ਤਾਂ ਇਨ੍ਹਾਂ ’ਚੋਂ ਬਹੁਤ ਸਾਰੇ ਚਿੜਚਿੜੇ ਹੋ ਗਏ ਸਨ। ਉਨ੍ਹਾਂ ’ਚ ਮਾਨਸਿਕ ਕਮਜ਼ੋਰੀ ਵੀ ਸੀ। ਪ੍ਰੋਫੈਸਰ ਡੇਵਿਡ ਦਾ ਮੰਨਣਾ ਹੈ ਕਿ ਹੋ ਸਕਦਾ ਹੈ, ਬੱਚਿਆਂ ਨੂੰ ਪਾਲਣ ਦੇ ਮਾਮਲੇ ’ਚ ਪਰਿਵਾਰ ’ਚ ਕੁਝ ਕਮੀਆਂ ਹੋਣ ਪਰ ਬੱਚੇ ਆਪਣੇ ਮਾਤਾ-ਪਿਤਾ ਕੋਲ ਹੀ ਸੁਰੱਖਿਅਤ ਮਹਿਸੂਸ ਕਰਦੇ ਹਨ। ਇਤਿਹਾਸ ਗਵਾਹ ਹੈ ਕਿ ਅਜਿਹਾ ਕੋਈ ਵੀ ਮਾਡਲ ਜਾਂ ਤਜਰਬਾ ਸਫ਼ਲ ਨਹੀਂ ਹੋ ਸਕਿਆ, ਜਿੱਥੇ ਮਾਤਾ-ਪਿਤਾ ਤੋਂ ਇਲਾਵਾ ਕੋਈ ਹੋਰ ਬੱਚੇ ਨੂੰ ਸੁਰੱਖਿਅਤ ਢੰਗ ਨਾਲ ਪਾਲ ਸਕੇ।
ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ’ਚ ਵੀ ਪ੍ਰੋਫੈਸਰ ਜੈਕ ਸ਼੍ਰਾਫ ਨੇ ਅਜਿਹੇ ਹੀ ਤਜਰਬੇ ਕੀਤੇ ਹਨ। ਉਨ੍ਹਾਂ ਦਾ ਵੀ ਕਹਿਣਾ ਹੈ ਕਿ ਜੇਕਰ ਬੱਚੇ ਦਾ ਮਾਨਸਿਕ, ਸਰੀਰਕ ਵਿਕਾਸ ਸਹੀ ਦਿਸ਼ਾ ’ਚ ਹੋਵੇ, ਤਾਂ ਇਸ ਲਈ ਜ਼ਰੂਰੀ ਹੈ ਕਿ ਘੱਟੋ-ਘੱਟ ਇਕ ਬਾਲਗ ਉਨ੍ਹਾਂ ਦੀ ਦੇਖਭਾਲ ਕਰੇ। ਇਹ ਭੂਮਿਕਾ ਮਾਤਾ-ਪਿਤਾ ਦੀ ਹੀ ਹੁੰਦੀ ਹੈ। ਅਮਰੀਕਨ ਅਕੈਡਮੀ ਆਫ਼ ਪੀਡੀਆਟ੍ਰਿਕਸ ਦਾ ਵੀ ਮੰਨਣਾ ਹੈ ਕਿ ਬੱਚਿਆਂ ਦੇ ਸ਼ੁਰੂਆਤੀ ਸਾਲਾਂ ਵਿਚ ਭਾਵਨਾਤਮਕ ਲਗਾਅ, ਬੱਚੇ ਦੇ ਸਮਾਜਿਕ, ਮਾਨਸਿਕ, ਸਰੀਰਕ ਵਿਕਾਸ ਲਈ ਬਹੁਤ ਜ਼ਰੂਰੀ ਹੈ।
ਕੁੱਲ ਮਿਲਾ ਕੇ ਕਿਹਾ ਇਹ ਜਾ ਰਿਹਾ ਹੈ ਕਿ ਬੱਚਿਆਂ ਨੂੰ ਮਾਤਾ-ਪਿਤਾ ਹਰ ਹਾਲ ’ਚ ਚਾਹੀਦੇ ਹਨ। ਇਹ ਪੜ੍ਹ-ਸੁਣ ਕੇ ਹੈਰਾਨੀ ਵੀ ਹੁੰਦੀ ਹੈ ਕਿ ਪੱਛਮੀ ਦੁਨੀਆ ਨੇ 100 ਸਾਲਾਂ ਤੋਂ ਵੱਧ ਦੇ ਸਮੇਂ ’ਚ ਪਰਿਵਾਰਕ ਪ੍ਰਣਾਲੀਆਂ ’ਤੇ ਸਭ ਤੋਂ ਵੱਧ ਸੱਟ ਮਾਰੀ ਹੈ। ਇਸ ਬਾਰੇ ਕਈ ਤਰ੍ਹਾਂ ਦੇ ਵਿਚਾਰ-ਵਟਾਂਦਰੇ ਵੀ ਪੈਦਾ ਕੀਤੇ ਗਏ ਹਨ। ਜੋ ਕਹਿੰਦੇ ਹਨ ਕਿ ਬੱਚਿਆਂ ਅਤੇ ਇਸਤਰੀਆਂ ਲਈ ਪਰਿਵਾਰ ਸਭ ਤੋਂ ਵੱਧ ਸ਼ੋਸ਼ਣ ਕਰਨ ਵਾਲੇ ਹਨ। ਪਰਿਵਾਰ ਦੀ ਬਹੁਤ ਜ਼ਿਆਦਾ ਪੁੱਛਗਿੱਛ, ਹਰ ਗੱਲ ਬਾਰੇ ਆਪਣੀ ਰਾਏ, ਪੜ੍ਹਾਈ-ਲਿਖਾਈ, ਖਾਣ-ਪੀਣ ਤੋਂ ਲੈ ਕੇ ਰਹਿਣ-ਸਹਿਣ ਦੇ ਮਾਮਲੇ ਵਿਚ ਬਹੁਤ ਜ਼ਿਆਦਾ ਦਖ਼ਲਅੰਦਾਜ਼ੀ ਬੱਚਿਆਂ ਅਤੇ ਨੌਜਵਾਨਾਂ ਨੂੰ ਪਸੰਦ ਨਹੀਂ ਆਉਂਦੀ। ਇਸ ਨਾਲ ਉਨ੍ਹਾਂ ਦਾ ਮਾਨਸਿਕ ਵਿਕਾਸ ਰੁਕ ਜਾਂਦਾ ਹੈ। ਉਹ ਕਦੇ ਵੀ ਆਪਣੇ ਪੈਰਾਂ ’ਤੇ ਠੀਕ ਤਰ੍ਹਾਂ ਖੜ੍ਹੇ ਨਹੀਂ ਹੋ ਪਾਉਂਦੇ। ਪਰ ਹੁਣ ਉਹੀ ਪੱਛਮੀ ਪਰਿਵਾਰ, ਪਰਿਵਾਰ ਚੀਕ ਰਿਹਾ ਹੈ।
ਅਮਰੀਕਾ ਵਿਚ ਤਾਂ 1993 ਤੋਂ ਪਰਿਵਾਰ ਦੀ ਵਾਪਸੀ ਦਾ ਅੰਦੋਲਨ ਚੱਲ ਰਿਹਾ ਹੈ। ਸੰਯੁਕਤ ਰਾਸ਼ਟਰ ਪਰਿਵਾਰ ਦਿਵਸ ਐਲਾਨ ਕਰ ਰਿਹਾ ਹੈ। ਪਰਿਵਾਰ ਦੇ ਮਹੱਤਵ ’ਤੇ ਕਈ ਤਰ੍ਹਾਂ ਦੇ ਸੈਮੀਨਾਰ ਕਰਵਾਏ ਜਾ ਰਹੇ ਹਨ। ਪਹਿਲਾਂ ਅਜਿਹੇ ਵਿਚਾਰਾਂ ਨੂੰ ਬਹੁਤ ਹਵਾ ਦਿੱਤੀ ਗਈ, ਜਿਨ੍ਹਾਂ ਨੇ ਪਰਿਵਾਰ ਦੇ ਪੂਰੇ ਢਾਂਚੇ ਨੂੰ ਹੀ ਸ਼ੋਸ਼ਣ ਕਾਰਕ ਦੱਸਿਆ। ਹੁਣ ਉਸੇ ਪਰਿਵਾਰ ਦੀ ਵਾਪਸੀ ਲਈ ਚੀਕ ਰਹੇ ਹਨ। ਇਸ ਦਾ ਇਕ ਵੱਡਾ ਕਾਰਨ ਇਹ ਹੈ ਕਿ ਉੱਥੇ ਬਹੁਤ ਸਾਰੇ ਬੱਚੇ ਬਚਪਨ ਤੋਂ ਹੀ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਦੇ ਚੱਕਰ ’ਚ ਪੈ ਜਾਂਦੇ ਹਨ। ਬਹੁਤ ਛੋਟੀ ਉਮਰ ’ਚ ਮਾਤਾ-ਪਿਤਾ ਬਣ ਜਾਂਦੇ ਹਨ। ਟੀਨੇਜ ਪ੍ਰੈਗਨੈਂਸੀ ਉੱਥੇ ਦੀ ਵੱਡੀ ਸਮੱਸਿਆ ਹੈ। ਬੱਚੇ ਅਪਰਾਧਾਂ ਵਿਚ ਵੀ ਸ਼ਾਮਲ ਹੋ ਜਾਂਦੇ ਹਨ। ਉਹ ਮਾਮੂਲੀ ਜਿਹੀ ਗੱਲ ’ਤੇ ਗੋਲੀਆਂ ਚਲਾ ਦਿੰਦੇ ਹਨ। ਬੱਚਿਆਂ ਦੇ ਅਧਿਕਾਰਾਂ ਅਤੇ ਆਜ਼ਾਦੀ ਦੇ ਨਾਂ ’ਤੇ ਕੋਈ ਉਨ੍ਹਾਂ ਨੂੰ ਕੁਝ ਕਹਿ ਵੀ ਨਹੀਂ ਸਕਦਾ।
ਅਰਸੇ ਤੋਂ ਉੱਥੇ ਦੇ ਸਮਾਜ ਸ਼ਾਸਤਰੀ, ਪੁਲਸ ਵਾਲੇ, ਮਨੋਚਿਕਿਤਸਕ ਆਦਿ ਕਹਿ ਰਹੇ ਹਨ ਕਿ ਜੇਕਰ ਸਿਹਤਮੰਦ ਸਮਾਜ ਲਿਆਉਣਾ ਹੈ, ਤਾਂ ਬੱਚਿਆਂ ਨੂੰ ਪਰਿਵਾਰ ਦਿਓ ਪਰ ਇਹ ਹੋਵੇ ਕਿਵੇਂ।ਪਰਿਵਾਰ ਵਰਗੀ ਸੰਸਥਾ ਨੂੰ ਚਲਾਉਣ ਲਈ ਮਿਹਨਤ, ਸਮਾਵੇਸ਼ੀਤਾ ਅਤੇ ਇਕ-ਦੂਜੇ ਨਾਲ ਤਾਲਮੇਲ ਚਾਹੀਦਾ ਹੈ। ਅਧਿਕਾਰਾਂ ਦੇ ਨਾਂ ’ਤੇ ਜਿਸ ਗੱਲ ਦਾ ਸਭ ਤੋਂ ਵੱਧ ਘਾਣ ਹੋਇਆ ਹੈ, ਉਹ ਹੈ ਤਾਲਮੇਲ। ਫਿਰ ਇਸ ਬਦਲਦੀ ਦੁਨੀਆ ’ਚ ਜਿੱਥੇ ਬਾਲਗ ਹੀ ਬਹੁਤ ਇਕੱਲੇ ਹਨ, ਉੱਥੇ ਬੱਚਿਆਂ ਦੇ ਇਕੱਲੇਪਨ ਦੀ ਕਲਪਨਾ ਤਾਂ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨਾਲ ਸਮਾਂ ਬਿਤਾਉਣ ਵਾਲਾ ਕੋਈ ਨਹੀਂ, ਉਨ੍ਹਾਂ ਨਾਲ ਗੱਲਬਾਤ ਕਰਨ ਵਾਲਾ, ਉਨ੍ਹਾਂ ਨਾਲ ਖੇਡਣ ਵਾਲਾ, ਉਨ੍ਹਾਂ ਦੀ ਸਮੱਸਿਆ ਸੁਣਨ ਵਾਲਾ ਵੀ ਜਿਵੇਂ ਲੱਭਿਆ ਨਹੀਂ ਮਿਲਦਾ। ਫਿਰ ਵਿਅਕਤੀਵਾਦ ਦਾ ਵਿਚਾਰ ਇੰਨਾ ਭਾਰੂ ਹੈ ਕਿ ਆਪਣੇ ਤੋਂ ਇਲਾਵਾ ਕੋਈ ਹੋਰ ਦਿਖਾਈ ਨਹੀਂ ਦਿੰਦਾ। ਆਪਣੀ ਹੋਂਦ ਨੂੰ ਬਚਾਉਣ ਦੇ ਨਾਂ ’ਤੇ ਅਸੀਂ ਲਗਾਤਾਰ ਇਕੱਲੇ ਹੁੰਦੇ ਜਾਂਦੇ ਹਾਂ।
ਇਸ ਤੋਂ ਇਲਾਵਾ ਪੱਛਮੀ ਦੇਸ਼, ਜਪਾਨ, ਰੂਸ, ਚੀਨ, ਦੱਖਣੀ ਕੋਰੀਆ ਆਦਿ ਵੀ ਬੱਚਿਆਂ ਦੀ ਕਮੀ ਨਾਲ ਜੂਝ ਰਹੇ ਹਨ। ਉੱਥੇ ਲੋਕ ਬੱਚੇ ਹੀ ਨਹੀਂ ਪੈਦਾ ਕਰਨਾ ਚਾਹੁੰਦੇ। ਬਹੁਤ ਸਾਰੇ ਵਿਆਹ ਵਿਚ ਦਿਲਚਸਪੀ ਹੀ ਨਹੀਂ ਰੱਖਦੇ। ਬਜ਼ੁਰਗਾਂ ਦੀ ਆਬਾਦੀ ਲਗਾਤਾਰ ਵਧ ਰਹੀ ਹੈ, ਜਦੋਂ ਕਿ ਦੇਸ਼ ਚਲਾਉਣ ਲਈ ਨੌਜਵਾਨ ਚਾਹੀਦੇ ਹਨ। ਅਤੇ ਅਜਿਹੇ ਸਮਾਜ ਸਾਨੂੰ ਬਹੁਤ ਆਕਰਸ਼ਿਤ ਕਰਦੇ ਹਨ। ਭਾਰਤ ’ਚ ਵਿਦੇਸ਼ ਜਾਣ ਦੀ ਇੱਛਾ ਅਤੇ ਉਨ੍ਹਾਂ ਵਰਗਾ ਬਣਨ ਦੀ ਇੱਛਾ ਬਹੁਤ ਪ੍ਰਬਲ ਹੈ। ਇਕੱਲਾ ਪਰਿਵਾਰ ਅਤੇ ਹੁਣ ਤਾਂ ਸਿੰਗਲ ਮਦਰ ਅਤੇ ਸਿੰਗਲ ਫਾਦਰ ਵਰਗੀਆਂ ਗੱਲਾਂ ਆਪਣੇ ਇੱਥੇ ਵੀ ਚਲਨ ’ਚ ਆ ਰਹੀਆਂ ਹਨ। ਪੱਛਮ ਵਿਚ ਇਹ ਗੱਲਾਂ ਬਹੁਤ ਪਹਿਲਾਂ ਤੋਂ ਹਨ, ਉਹ ਇਨ੍ਹਾਂ ਤੋਂ ਦੂਰ ਭੱਜ ਰਹੇ ਹਨ ਅਤੇ ਅਸੀਂ ਇਨ੍ਹਾਂ ਵੱਲ ਹੀ ਦੌੜ ਰਹੇ ਹਾਂ।
–ਸ਼ਮਾ ਸ਼ਰਮਾ
