ਲੁਪਤ ਹੁੰਦਾ ਮੁਹੱਲਾ ਸੱਭਿਆਚਾਰ
Tuesday, Nov 18, 2025 - 04:44 PM (IST)
‘ਹਾਈ ਰਾਈਜ਼ ਸੋਸਾਇਟੀ ਕਿਸੇ ਜੇਲ ਵਰਗੀ ਲੱਗਦੀ ਹੈ। ਘਰੋਂ ਬਾਹਰ ਨਿਕਲੋਂ ਤਾਂ ਸੀਮੈਂਟ ਦੀਆਂ ਕੰਧਾਂ ਹਨ, ਲਿਫਟ ’ਚ ਚੜ੍ਹੋ ਤਾਂ ਅਜਨਬੀ ਚਿਹਰਿਆਂ ਦੀ ਚੁੱਪ,’ ਸ਼ਹਿਰੀ ਵਿਕਾਸ ਦਾ ਖੋਖਲਾਪਨ ਉਜਾਗਰ ਕਰਦੀ ਇਕ ਵੀਡੀਓ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਖਾਸੀ ਚਰਚਿਤ ਰਹੀ। ਇਕੱਲੇਪਨ ਨਾਲ ਜੂਝਦੀ ਔਰਤ ਦੀ ਹੱਡਬੀਤੀ ਜਗ ਜ਼ਾਹਿਰ ਕਰਦੀ ਇਹ ਵੀਡੀਓ ਦਰਅਸਲ ਆਧੁਨਿਕ ਯੁੱਗ ਦੀ ਕੌੜੀ ਅਸਲੀਅਤ ਹੈ, ਜਿਸ ਨੂੰ ਨਿਦਾ ਫਾਜ਼ਾਲੀ ਨੇ ਕੁਝ ਇਸ ਤਰ੍ਹਾਂ ਬਿਆਨ ਕੀਤਾ ਸੀ।
ਹਰ ਤਰਫ, ਹਰ ਜਗ੍ਹਾ ਬੇਸ਼ੁਮਾਰ ਆਦਮੀ,
ਫਿਰ ਭੀ ਤਨਹਾਈਓਂ ਕਾ ਸ਼ਿਕਾਰ ਆਦਮੀ।
ਵੀਡੀਓ ’ਚ ਤਨਹਾਈ ਦੀ ਕਸਕ ਹੈ ਜਿਸ ਨੂੰ ਆਮ ਤੌਰ ’ਤੇ ਅੱਜ ਹਰ ਵਿਅਕਤੀ ਮਹਿਸੂਸ ਕਰ ਰਿਹਾ ਹੈ, ਕਾਰਨ ਸਪੱਸ਼ਟ ਹੈ, ਬਦਲਦੇ ਹਾਲਾਤ ਦੇ ਨਾਲ ਸਾਡੀਆਂ ਪਹਿਲਕਦਮੀਆਂ ਵੀ ਬਦਲੀਆਂ, ਸੰਤੁਸ਼ਟੀ ਤੋਂ ਪਰ੍ਹੇ ਅਸੀਂ ਸੰਪਨਤਾ ’ਚ ਜ਼ਿੰਦਗੀ ਤਲਾਸ਼ਣ ਲੱਗੇ। ਰੁਝੇਵਿਆਂ ਅਤੇ ਵਿਲਾਸਤਾ ’ਚ ਵਧਦੇ ਰੁਝਾਨ ਨੇ ਸਾਨੂੰ ਸਾਡੇ ਉਸ ਸਮਾਜਿਕ ਦਾਇਰੇ ਤੋਂ ਅਲੱਗ-ਥਲੱਗ ਕਰ ਦਿੱਤਾ, ਜਿਸ ਨੂੰ ਮੁਹੱਲਾ ਸੱਭਿਆਚਾਰ ਦਾ ਨਾਂ ਦਿੱਤਾ ਗਿਆ ਹੈ। ਵੱਖ-ਵੱਖ ਪਰਿਵਾਰਾਂ ਨੂੰ ਇਕ ਸੂਤਰ ’ਚ ਪਿਰੋਂਦੇ ਇਸ ਸੱਭਿਆਚਾਰ ’ਚ ਸਭ ਦੇ ਸੁੱਖ ਦੁੱਖ ਸਾਂਝੇ ਸਨ। ਕਿਸੇ ਵੀ ਘਰ ’ਚ ਵੱਡਿਆਂ ਦੀ ਕਿਲਕਾਰੀ ਗੂੰਜਦੀ ਤਾਂ ਅੜੋਸ-ਪੜੋਸ ’ਚ ਆਪਣਾਪਨ ਜਤਾਉਂਦੇ ਨਾਤੇ ਰਿਸ਼ਤੇ ਖੁਦ ਹੀ ਸਿਰਜ ਹੋ ਜਾਂਦੇ । ਸ਼ਾਦੀ ਵਿਆਹ ਦੇ ਢੋਲ ਦੀ ਥਾਪ ਪੂਰੇ ਮੁਹੱਲੇ ਨੂੰ ਖੁਸ਼ ਕਰ ਦਿੰਦੀ ਸੀ। ਰਸਮੀ ਵਿਚਾਰ ਵਟਾਂਦਰਾ ਵੱਡੀਆਂ ਤੋਂ ਵੱਡੀਆਂ ਸਮੱਸਿਆਵਾਂ ਚੁਟਕੀ ’ਚ ਸੁਲਝਾਅ ਦਿੰਦਾ। ਕੁਲ ਮਿਲਾ ਕੇ ਭਾਵਨਾਤਮਕ ਲਗਾਅ ਹੀ ਇਸ ਸੱਭਿਆਚਾਰ ਦੀ ਵਿਲੱਖਣ ਪਛਾਣ ਸੀ।
ਇਸੇ ਥੀਮ੍ਹ ’ਤੇ ਬਣੀ ਆਧੁਨਿਕ ਫਲੈਟ ਸੰਸਕ੍ਰਿਤੀ ਦਾ ਜਾਇਜਾ਼ ਲਈਏ ਤਾਂ ਸਥਿਤੀ ਸਭ ਪਾਸੇ ਉਲਟ ਨਜ਼ਰ ਆਵੇਗੀ। ਦੀਵਾਰਾਂ ਆਪਸ ’ਚ ਲੱਗੀਆਂ ਹੋਣ ਦੇ ਬਾਵਜੂਦ ਸੰਵੇਦਨਾਤਮਕ ਜੁੜਾਅ ਦੀ ਘਾਟ ਮਹਿਸੂਸ ਹੋਵੇਗੀ। ਸੰਖੇਪ ’ਚ ਸਾਡਾ ਵਜੂਦ ਮੁਹੱਲਾ ਸੱਭਿਆਚਾਰ ਦੀ ਉਦਾਰਵਾਦੀ ‘ਅਸੀਂ ਪ੍ਰਵਿਰਤੀ ਤੋਂ ਸਿਮਟ ਕੇ ‘ਮੈਂ ਤੱਕ ਜਾ ਪਹੁੰਚਿਆ ਹੈ ਇਹੀ ਕਾਰਨ ਹੈ ਕਿ ਮੌਜੂਦਾ ਸਮੇਂ ’ਚ ਨਿਰਾਸ਼ਾ ਅਤੇ ਆਤਮਹੱਤਿਆ ਦੇ ਮਾਮਲੇ ਮੁਕਾਬਲਤਨ ਵਧ ਚੁੱਕੇ ਹਨ। ਉਹ ਵੀ ਉਸ ਦੌਰ ’ਚ ਜਦੋਂ ਤਕਨੀਕੀ ਸਾਧਨਾਂ ਦੇ ਰਾਹੀਂ ਲੋਕਾਂ ਨਾਲ ਸੰਪਰਕ ਸਾਧਨਾ ਪਹਿਲਾਂ ਦੀ ਬਜਾਏ ਕਿਤੇ ਆਸਾਨ ਹੈ।
ਵਿਸ਼ਵ ਸਿਹਤ ਸੰਗਠਨ ਡਬਲਿਊ ਐੱਚ. ਓ. ਦੇ ਸੋਸ਼ਲ ਕੁਨੈਕਸ਼ਨ ਕਮਿਸ਼ਨ ਦੀ ਇਕ ਰਿਪੋਰਟ ਅਨੁਸਾਰ ਵਿਸ਼ਵ ਦਾ ਹਰ ਛੇਵਾਂ ਵਿਅਕਤੀ ਖੁਦ ਨੂੰ ਸਮਾਜਿਕ ਤੌਰ ’ਤੇ ਇਕੱਲਾ ਮਹਿਸੂਸ ਕਰ ਰਿਹਾ ਹੈ। ਇਕੱਲਾਪਨ ਹਰ ਸਾਲ 8 ਲੱਖ 70 ਹਜ਼ਾਰ ਤੋਂ ਵੱਧ ਲੋਕਾਂ ਦਾ ਜੀਵਨ ਖਤਮ ਕਰ ਰਿਹਾ ਹੈ। ਪ੍ਰਤੀ ਘੰਟਾ 100 ਤੋਂ ਵੱਧ ਲੋਕਾਂ ਦੀ ਮੌਤ ਦਾ ਕਾਰਨ ਇਕੱਲਾਪਨ ਰਿਹਾ। ਮਾਹਿਰਾਂ ਅਨੁਸਾਰ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਰਿਹਾ ਇਕੱਲਾਪਨ, ਸਿੱਖਿਆ, ਰੋਜ਼ਗਾਰ ਅਤੇ ਅਰਥਵਿਵਸਥਾ ’ਤੇ ਉਲਟ ਅਸਰ ਪਾ ਰਿਹਾ ਹੈ। ਸ਼ਾਬਦਿਕ ਭਰਮ ਤੋਂ ਉਭਰਨ ਲਈ ਇਕੱਲੇਪਨ ਅਤੇ ਸਮਾਜਿਕ ਵਖਰੇਵੇਂ ਦੀ ਪਰਿਭਾਸ਼ਾ ’ਚ ਅੰਤਰ ਜਾਣਨਾ ਵੀ ਜ਼ਰੂਰੀ ਹੈ। ਰਿਪੋਰਟ ਅਨੁਸਾਰ ਇਕੱਲਾਪਨ ਉਹ ਦਰਦ ਹੈ ਜੋ ਆਸ ਅਨੁਸਾਰ ਸਮਾਜਿਕ ਜੁੜਾਅ ਨਾ ਮਿਲਣ ’ਤੇ ਮਹਿਸੂਸ ਹੁੰਦਾ ਹੈ, ਜਦਕਿ ਸਮਾਜਿਕ ਵਖਰੇਵੇਂ ਦੀ ਸਥਿਤੀ ’ਚ ਵਿਅਕਤੀ ਦੇ ਕੋਲ ਸੰਬੰਧਾਂ ਦੀ ਹੀ ਘਾਟ ਹੁੰਦੀ ਹੈ। ਇਹ ਸਮੱਸਿਆ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਿਤ ਕਰ ਰਹੀ ਹੈ ਪਰ ਨੌਜਵਾਨਾਂ, ਬਜ਼ੁਰਗਾਂ ਅਤੇ ਗਰੀਬ ਦੇਸ਼ਾਂ ’ਚ ਰਹਿਣ ਵਾਲੇ ਲੋਕਾਂ ’ਚ ਇਸ ਦਾ ਪ੍ਰਭਾਵ ਸਭ ਤੋਂ ਵੱਧ ਦੇਖਣ ’ਚ ਆਇਆ।
ਇਕ ਰਿਪੋਰਟ ਦੇ ਤਹਿਤ 5 ਫੀਸਦੀ ਤੋਂ 15 ਫੀਸਦੀ ਅੱਲੜ੍ਹ ਇਕੱਲੇ ਹਨ, ਅਫਰੀਕਾ ’ਚ 12.7 ਫੀਸਦੀ ਅੱਲੜ੍ਹ ਇਕੱਲੇਪਨ ਨੂੰ ਮਹਿਸੂਸ ਕਰਦੇ ਹਨ ਜਦਕਿ ਯੂਰਪ ’ਚ ਇਹ ਦਰ 5.3 ਫੀਸਦੀ ਹੈ। ਭਾਰਤ ’ਚ ਇਹ ਸਮੱਸਿਆ ਦਿਨੋ-ਦਿਨ ਵਧ ਰਹੀ ਹੈ। ਸੰਸਾਰਿਕ ਪੱਧਰ ’ਤੇ ਹਰ ਚੌਥਾ ਬਜ਼ੁਰਗ ਇਕੱਲੇਪਨ ਦੀ ਸਮੱਸਿਆ ਤੋਂ ਪੀੜਤ ਹੈ ਜਿਸ ਕਾਰਨ ਮਾਨਸਿਕ ਦਬਾਅ ਵਧਿਆ ਹੈ। ਬਜ਼ੁਰਗਾਂ ’ਚ ਇਕੱਲੇਪਨ ਦੇ ਕਾਰਨ ਮਾਨਸਿਕ ਵਿਕਾਸ ਵਿਕਸਤ ਹੋਣ ਦਾ ਖਤਰਾ 50 ਫੀਸਦੀ ਜ਼ਿਆਦਾ ਹੁੰਦਾ ਹੈ, ਹਾਰਟ ਅਟੈਕ ਜਾਂ ਸਟ੍ਰੋਕ ਦਾ ਖਤਰਾ 30 ਫੀਸਦੀ ਵਧ ਜਾਂਦਾ ਹੈ। ਸਕੂਲ ’ਚ ਇਕੱਲਾਪਨ ਮਹਿਸੂਸ ਕਰਨ ਵਾਲੇ ਨੌਜਵਾਨਾਂ ’ਚ ਯੂਨੀਵਰਸਿਟੀ ਛੱਡਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਅਲੱਗ-ਥਲੱਗ ਮਹਿਸੂਸ ਕਰਨ ਨਾਲ ਨੌਕਰੀ ’ਚ ਸੰਤੁਸ਼ਟੀ ਅਤੇ ਪ੍ਰਦਰਸ਼ਨ ਖਰਾਬ ਹੋ ਸਕਦਾ ਹੈ। ਪਰਿਵਾਰ ’ਚ ਟਕਰਾਅ ਦੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ।
ਰਿਪੋਰਟ ਅਨੁਸਾਰ ਇਸ ਸਮੱਸਿਆ ਦੇ ਅਨੇਕ ਕਾਰਨ ਹਨ । ਸਿਹਤ ਦੀ ਸਥਿਤੀ, ਘੱਟ ਆਮਦਨ, ਘੱਟ ਸਿੱਖਿਆ, ਇਕੱਲੇ ਰਹਿਣਾ, ਕਮਜ਼ੋਰ ਫਿਰਕੂ ਢਾਂਚਾ, ਆਰਥਿਕ ਚੁਣੌਤੀਆਂ, ਮਹਿੰਗਾਈ, ਬੇਰੋਜ਼ਗਾਰੀ, ਵਧਦੀ ਡਿਜੀਟਲ ਨਿਰਭਰਤਾ ਆਦਿ। ਖਾਸ ਤੌਰ ’ਤੇ ਨੌਜਵਾਨਾਂ ’ਚ ਬਹੁਤ ਜ਼ਿਆਦਾ ਮੋਬਾਈਲ ਅਤੇ ਸਕਰੀਨ ਟਾਈਮ ਅਤੇ ਨਾਕਾਰਾਤਮਕ ਆਨਲਾਈਨ ਵਿਵਹਾਰ ਮਾਨਸਿਕ ਤਣਾਅ ਨੂੰ ਹੱਦੋਂ ਵੱਧ ਵਧਾ ਰਹੇ ਹਨ।
ਸੰਪੂਰਨ ਵਿਕਾਸ ਲਈ ਸਮਾਜਿਕ ਜੁੜਾਅ ਅਤਿਅੰਤ ਜ਼ਰੂਰੀ ਹੈ। ਜਿਥੇ ਇਹ ਜੀਵਨ ਨੂੰ ਲੰਬਾ, ਸਿਹਤਮੰਦ ਅਤੇ ਖੁਸ਼ਹਾਲ ਬਣਾਉਣ ’ਚ ਸਹਾਇਕ ਸਿੱਧ ਹੁੰਦਾ ਹੈ, ਉਥੇ ਹੀ ਇਕੱਲਾਪਨ ਸਟਰੋਕ, ਦਿਲ ਦੇ ਰੋਗ, ਸ਼ੂਗਰ, ਯਾਦਸ਼ਾਤ ਦੀ ਸਮੱਸਿਆ ਅਤੇ ਸਮੇਂ ਤੋਂ ਪਹਿਲਾਂ ਮੌਤ ਦਾ ਜੋਖਿਮ ਵਧਾ ਦਿੰਦਾ ਹੈ। ਡਿਪੈਰਸ਼ਨ, ਚਿੰਤਾ ਅਤੇ ਆਤਮਹੱਤਿਆ ਵਰਗੀਆਂ ਮਾਨਸਿਕ ਸਿਹਤ ਸੇਵਾਵਾਂ ਪੈਦਾ ਕਰਨ ਵਾਲਾ ਇਕੱਲਾਪਨ ਰੋਜ਼ਾਨਾ 15 ਸਿਗਰਟਾਂ ਪੀਣ ਤੋਂ ਵੀ ਘੱਟ ਘਾਤਕ ਨਹੀਂ। ਡਬਲਯੂ. ਐੱਚ.ਓ. ਇਸ ਨੂੰ ਸੰਸਾਰਿਕ , ਜਨਤਕ ਸਿਹਤ ਚਿੰਤਾ ਐਲਾਨ ਚੁੱਕਾ ਹੈ। ਪ੍ਰਸਾਰਿਤ ਵੀਡੀਓ ਕਿਸੇ ਇਕ ਔਰਤ ਦਾ ਦੁੱਖ ਨਾ ਹੋ ਕੇ ਉਸ ਖਾਮੋਸ਼ੀ ਦੀ ਗੂੰਜ ਹੈ ਜੋ ਚਾਰੇ ਪਾਸੇ ਪੱਸਰੀ ਸਾਡੀ ਸਮਾਜਿਕ ਸਾਂਝੇਦਾਰੀ ਨੂੰ ਨਿਗਲ ਰਹੀ ਹੈ। ਫੈਸਲਾ ਹੁਣ ਅਸੀਂ ਕਰਨਾ ਹੈ, ਵਰਚੁਅਲ ਦੁਨੀਆ ਜਾਂ ਹੰਕਾਰ ਦੇ ਦਾਇਰਿਆਂ ’ਚ ਬੰਦ ਰਹੋਗੇ ਜਾਂ ਫਿਰ ਅੜੋਸ-ਪੜੋਸ ਦੇ ਦਰਵਾਜ਼ਿਆਂ ’ਤੇ ਦਸਤਕ ਦੇ ਕੇ ਮੁਹੱਲਾ ਸੱਭਿਆਚਾਰ ਦੇ ਆਪਣੇਪਨ ਭਰੇ ਸਵਰੂਪ ਨੂੰ ਮੁੜ ਜਾਗਰਿਤ ਕਰ ਕੇ ਇਕੱਲੇਪਨ ਦੇ ਰਾਖਸ਼ਸ਼ ਨੂੰ ਮਾਤ ਦੇਵੋਗੇ?
ਦੀਪਿਕਾ ਅਰੋੜਾ
