ਮੋਦੀ ਰਾਜ ’ਚ ਅਟਕਲਾਂ ਦੀ ਕੋਈ ਥਾਂ ਨਹੀਂ

12/15/2023 4:29:15 PM

5 ਸੂਬਿਆਂ ਦੀਆਂ ਚੋਣਾਂ ਸੰਪੰਨ ਹੁੰਦਿਆਂ ਹੀ ਭਾਜਪਾ ਵੱਲੋਂ ਜਿੱਤੇ ਗਏ 3 ਸੂਬਿਆਂ ’ਚ ‘ਕੌਣ ਬਣੇਗਾ ਮੁੱਖ ਮੰਤਰੀ’ ਨੂੰ ਲੈ ਕੇ ਕਾਫੀ ਅਟਕਲਾਂ ਲੱਗਣ ਲੱਗੀਆਂ। ਸਾਰੇ ਸਿਆਸੀ ਪੰਡਿਤ, ਪੱਤਰਕਾਰ ਅਤੇ ਵਿਸ਼ਲੇਸ਼ਕ ਅੰਦਾਜ਼ੇ ਲਾਉਣ ਲੱਗ ਗਏ ਕਿ 3 ਸੂਬਿਆਂ ’ਚ ਕਿਸ ਦਾ ਚਿਹਰਾ ਸਾਹਮਣੇ ਆਵੇਗਾ ਪਰ ਇਸ ਦੇ ਨਾਲ ਹੀ ਸਾਰਿਆਂ ਦਾ ਇਹ ਮੰਨਣਾ ਸੀ ਕਿ ਮੋਦੀ ਰਾਜ ’ਚ ਕਿਸੇ ਵੀ ਤਰ੍ਹਾਂ ਦੀਆਂ ਅਟਕਲਾਂ ਦੀ ਕੋਈ ਵੀ ਥਾਂ ਨਹੀਂ ਹੈ।

ਇਹ ਗੱਲ ਵੀ ਚਰਚਾ ’ਚ ਆਉਂਦੀ ਹੈ ਕਿ ਜਦੋਂ ਕਿਸੇ ਅਹਿਮ ਅਹੁਦੇ ’ਤੇ ਨਿਯੁਕਤੀ ਹੋਣ ਵਾਲੀ ਹੁੰਦੀ ਹੈ ਤੇ ਜੇ ਵਿਅਕਤੀ ਦਾ ਨਾਂ ਉਸ ਅਹੁਦੇ ਲਈ ਉੱਠਣ ਲੱਗਦਾ ਹੈ ਤਾਂ ਉਸ ਨੂੰ ਉਹ ਅਹੁਦਾ ਨਹੀਂ ਮਿਲਦਾ। ਪ੍ਰਧਾਨ ਮੰਤਰੀ ਮੋਦੀ ਇਕ ਚਿਹਰੇ ਨੂੰ ਸਾਹਮਣੇ ਲਿਆਉਂਦੇ ਹਨ ਜਿਸ ਦਾ ਕਿਸੇ ਨੂੰ ਕੋਈ ਵੀ ਅੰਦਾਜ਼ਾ ਨਹੀਂ ਹੁੰਦਾ।

ਕੁਝ ਸਾਲ ਪਹਿਲਾਂ ਜਦੋਂ ‘ਰਾਡੀਆ ਟੇਪਸ’ ਦਾ ਖੁਲਾਸਾ ਹੋਇਆ ਸੀ ਤਾਂ ਕਾਫੀ ਹੰਗਾਮਾ ਮਚਿਆ ਸੀ ਕਿ ਕਿਸ ਤਰ੍ਹਾਂ ਮਹੱਤਵਪੂਰਨ ਅਹੁਦਿਆਂ ’ਤੇ ਨਿਯੁਕਤੀਆਂ ਨੂੰ ਕੁਝ ਪੱਤਰਕਾਰ ਅਤੇ ਕਾਰਪੋਰੇਟ ਜਗਤ ਦੇ ਲੋਕ ਕੰਟ੍ਰੋਲ ਕਰਦੇ ਹਨ। ਇਸ ਕਾਰਨ ਉਸ ਸਮੇਂ ਦੀ ਸਰਕਾਰ ਵਿਰੋਧੀ ਧਿਰ ਦੇ ਸਵਾਲਾਂ ਦੇ ਘੇਰੇ ’ਚ ਸੀ ਪਰ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਉਹ ਬਿਨਾਂ ਕਾਰਪੋਰੇਟ ਦੇ ਸਹਿਯੋਗ ਦੇ ਨਹੀਂ ਚੱਲਦੀ। ਜੋ ਵੀ ਕਾਰਪੋਰੇਟ ਘਰਾਣੇ ਜਿਸ ਵੀ ਸਰਕਾਰ ਦਾ ਸਹਿਯੋਗ ਕਰਦੇ ਹਨ, ਸੁਭਾਵਿਕ ਹੈ ਕਿ ਉਹ ਬਦਲੇ ’ਚ ਕੁਝ ਨਾ ਕੁਝ ਤਾਂ ਲੈਣਗੇ ਹੀ।

ਇਸ ਲਈ ਹਰ ਨਿਯੁਕਤੀ ’ਤੇ ਉਨ੍ਹਾਂ ਦੀ ਸਲਾਹ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਪਰ ਮੋਦੀ ਸਰਕਾਰ ’ਚ ਅਜਿਹਾ ਕੋਈ ਵੀ ਸਬੂਤ ਨਹੀਂ ਮਿਲਿਆ ਹੈ ਜਿੱਥੇ ਨਿਯੁਕਤੀਆਂ ਨੂੰ ਲੈ ਕੇ ਕਿਸੇ ਕਾਰਪੋਰੇਟ ਘਰਾਣੇ ਦਾ ਦਖਲ ਦਿਖਾਈ ਦਿੱਤਾ ਹੋਵੇ। ਅਲਬੱਤਾ, ਵਿਰੋਧੀ ਧਿਰ ਭਾਜਪਾ ਸਰਕਾਰ ’ਤੇ ਨਿਯੁਕਤੀਆਂ ਦੇ ਮਾਮਲੇ ’ਚ ਕੁਝ ਕਾਰਪੋਰੇਟ ਘਰਾਣਿਆਂ ਪ੍ਰਤੀ ‘ਨੇੜਤਾ’ ਦਾ ਦੋਸ਼ ਲਾਉਂਦੀ ਆਈ ਹੈ।

ਜਿਸ ਤਰ੍ਹਾਂ 3 ਸੂਬਿਆਂ ’ਚ ਮੋਦੀ ਸਰਕਾਰ ਨੇ ਨਵੇਂ ਚਿਹਰਿਆਂ ਨੂੰ ਸੂਬੇ ਦੇ ਮੁਖੀਆ ਵਜੋਂ ਨਿਯੁਕਤ ਕੀਤਾ ਹੈ, ਉਸ ਨਾਲ ਪੂਰੇ ਭਾਜਪਾ ਕਾਡਰ ’ਚ 2 ਤਰ੍ਹਾਂ ਦੇ ਸੰਦੇਸ਼ ਗਏ ਹਨ। ਪਹਿਲਾ ਇਹ ਕਿ ਭਾਵੇਂ ਹੀ ਤੁਸੀਂ ਪਹਿਲੀ ਵਾਰ ਹੀ ਚੋਣਾਂ ਜਿੱਤੀਆਂ ਹੋਣ, ਤੁਸੀਂ ਸੂਬੇ ਦੇ ਮੁੱਖ ਮੰਤਰੀ ਵੀ ਬਣ ਸਕਦੇ ਹੋ। ਦੂਜਾ ਇਹ ਕਿ ਭਾਵੇਂ ਹੀ ਤੁਹਾਡੀ ਪ੍ਰਸਿੱਧੀ ਬਹੁਤ ਜ਼ਿਆਦਾ ਹੋਵੇ, ਹੋਵੇਗਾ ਉਹੀ ਜੋ ਪਾਰਟੀ ਦੀ ਹਾਈਕਮਾਨ ਤੈਅ ਕਰੇਗੀ, ਤੁਸੀਂ ਤਾਂ ਪਾਰਟੀ ਦੇ ਵਰਕਰ ਹੀ ਰਹੋਗੇ।

ਅਜਿਹੇ ’ਚ ਜੋ ਵੀ ਸਥਾਨਕ ਆਗੂ ਪਾਰਟੀ ਦੇ ਬੈਨਰ ਹੇਠ ਆਪਣੀ ਸਿਆਸਤ ਕਰਦੇ ਹਨ, ਉਨ੍ਹਾਂ ਨੂੰ ਇਹ ਸਮਝਣਾ ਪਵੇਗਾ ਕਿ ਜਦੋਂ ਤੱਕ ਉਨ੍ਹਾਂ ਦੇ ਸਿਰ ’ਤੇ ਭਾਜਪਾ ਵਰਗੀ ਕਿਸੇ ਵੱਡੀ ਪਾਰਟੀ ਦਾ ਹੱਥ ਹੈ ਉਦੋਂ ਤੱਕ ਉਨ੍ਹਾਂ ਦੀ ਸਿਆਸਤ ਵਧਦੀ ਰਹੇਗੀ। ਜਿਵੇਂ ਹੀ ਕੋਈ ਪ੍ਰਸਿੱਧ ਆਗੂ ਪਾਰਟੀ ਹਾਈਕਮਾਨ ਨਾਲ ਨਾਫਰਮਾਨੀ ਕਰੇਗਾ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ। ਫਿਰ ਉਹ ਨੇਤਾ ਭਾਵੇਂ ਕਿਸੇ ਵੀ ਸੂਬੇ ਦਾ ਮੁੱਖ ਮੰਤਰੀ ਰਹਿ ਚੁੱਕਾ ਹੋਵੇ ਅਤੇ ਆਪਣੇ ਹਮਾਇਤੀਆਂ ਵੱਲੋਂ ਹੰਗਾਮਾ ਖੜ੍ਹਾ ਕਰਵਾਏ ਜਾਂ ਮੀਡੀਆ ’ਚ ਆਪਣੇ ਹਮਾਇਤੀਆਂ ਵੱਲੋਂ ਭਾਵੁਕ ਵੀਡੀਓ ਪਵਾਏ। ਇਨ੍ਹਾਂ ਹੱਥਕੰਡਿਆਂ ਨਾਲ ਕੁਝ ਨਹੀਂ ਹੋਣ ਵਾਲਾ।

ਕਿਸੇ ਵੀ ਖੇਤਰ ’ਚ ਜਦੋਂ ਨਵੇਂ ਚਿਹਰਿਆਂ ਨੂੰ ਸਾਹਮਣੇ ਲਿਆਂਦਾ ਜਾਂਦਾ ਹੈ ਤਾਂ ਇਹੀ ਸਮਝਿਆ ਜਾਂਦਾ ਹੈ ਕਿ ਉਸ ਖੇਤਰ ਦੇ ਸੀਨੀਅਰ ਲੋਕਾਂ ਨੇ ਆਪਣਾ ਉੱਤਰਾਧਿਕਾਰੀ ਚੁਣਨ ਦਾ ਫੈਸਲਾ ਕਰ ਲਿਆ ਹੈ ਅਤੇ ਸਾਰੇ ਲੋਕ ਉਸ ਨੂੰ ਪ੍ਰਵਾਨ ਕਰ ਲੈਂਦੇ ਹਨ। ਅਜਿਹਾ ਤੁਸੀਂ ਹਰ ਖੇਤਰ ’ਚ ਦੇਖਦੇ ਹੋ, ਫਿਰ ਉਹ ਭਾਵੇਂ ਖੇਡ ਜਗਤ ਹੋਵੇ, ਕਾਰਪੋਰੇਟ ਜਗਤ ਹੋਵੇ ਜਾਂ ਸਿਆਸਤ।

ਤਬਦੀਲੀ ਹੋਣੀ ਤਾਂ ਤੈਅ ਹੀ ਹੈ ਪਰ ਜਦੋਂ ਵੀ ਕਿਸੇ ਖੇਤਰ ਦੇ ਇਕ ਪ੍ਰਸਿੱਧ ਚਿਹਰੇ ਨੂੰ ਕਿਸੇ ਅਹਿਮ ਅਹੁਦੇ ਤੋਂ ਹਟਾਇਆ ਜਾਂਦਾ ਹੈ ਤਾਂ ਕਦੀ-ਕਦੀ ਉਹ ਬਗਾਵਤ ਦਾ ਰਾਹ ਵੀ ਅਪਣਾਉਣ ਦੀ ਸੋਚਦਾ ਹੈ।

ਇਸ ਲਈ ਆਏ ਦਿਨ ਤੁਹਾਨੂੰ ਕਾਰਪੋਰੇਟ ਜਗਤ, ਫਿਲਮ ਜਗਤ ਜਾਂ ਸਿਆਸਤ ’ਚ ਅਜਿਹੀਆਂ ਬਗਾਵਤਾਂ ਦਿਖਾਈ ਦਿੰਦੀਆਂ ਹਨ ਜੋ ਵੰਡਣ ’ਤੇ ਮਜਬੂਰ ਹੋ ਜਾਂਦੀਆਂ ਹਨ। ਅਜਿਹੇ ’ਚ ਇਕ ਮਜ਼ਬੂਤ ਘਰਾਣਾ ਭਾਵੇਂ ਉਹ ਕਾਰਪੋਰੇਟ ਜਾਂ ਸਿਆਸੀ ਹੀ ਕਿਉਂ ਨਾ ਹੋਵੇ, ਖਿਲਾਰੇ ਵੱਲ ਤੁਰ ਪੈਂਦਾ ਹੈ। ਅਜਿਹਾ ਹੋਣਾ ਉਸ ਪਰਿਵਾਰ ਲਈ ਬਹੁਤ ਘਾਤਕ ਸਾਬਤ ਹੁੰਦਾ ਹੈ।

ਸਿਆਸਤ ’ਚ ਜਦੋਂ ਵੀ ਕਿਸੇ ਵੱਡੇ ਕੱਦਾਵਰ ਆਗੂ ਨੂੰ ਮੁੱਖ ਧਾਰਾ ਦੀ ਸਿਆਸਤ ’ਚੋਂ ਹਟਾਉਣਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਕਾਫੀ ਸਨਮਾਨ ਨਾਲ ਜਾਂ ਤਾਂ ‘ਮਾਰਗਦਰਸ਼ਕ ਮੰਡਲ’ ’ਚ ਭੇਜ ਦਿੱਤਾ ਜਾਂਦਾ ਹੈ ਜਾਂ ਕਿਸੇ ਸੂਬੇ ਦਾ ਰਾਜਪਾਲ ਬਣਾ ਦਿੱਤਾ ਜਾਂਦਾ ਹੈ। ਅਜਿਹੇ ’ਚ ਉਸ ਆਗੂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਸਿਆਸੀ ਪਾਰੀ ਦਾ ਖਾਤਮਾ ਹੋ ਚੁੱਕਾ ਹੈ ਅਤੇ ਉਨ੍ਹਾਂ ਨੂੰ ਇਸ ‘ਸਿਆਸੀ ਬਣਵਾਸ’ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ।

ਪਿਛਲੇ ਕੁਝ ਦਹਾਕਿਆਂ ’ਚ ਅਜਿਹੀਆਂ ਕੁਝ ਉਦਾਹਰਣਾਂ ਸਾਹਮਣੇ ਆਈਆਂ ਹਨ ਜਿੱਥੇ ਵੱਖ- ਵੱਖ ਪਾਰਟੀਆਂ ਦੇ ਕੁਝ ਕੱਦਾਵਰ ਆਗੂਆਂ ਨੇ ਬਗਾਵਤ ਕਰਨ ਦੀ ਤਾਂ ਸੋਚੀ ਪਰ ਕਈ ਕਾਰਨਾਂ ਨਾਲ ਜਾਂ ਤਾਂ ਉਨ੍ਹਾਂ ਨੂੰ ਭਰਪੂਰ ਹਮਾਇਤ ਨਹੀਂ ਮਿਲੀ ਜਾਂ ਹਮਾਇਤੀਆਂ ਨੇ ਵੀ ਇਸ ਗੱਲ ਦਾ ਅੰਦਾਜ਼ਾ ਲਾ ਲਿਆ ਕਿ ਨਵੀਂ ਪੀੜ੍ਹੀ ਨਾਲ ਚੱਲਣ ’ਚ ਹੀ ਭਲਾਈ ਹੈ।

ਨਤੀਜਾ ਇਹ ਹੁੰਦਾ ਹੈ ਕਿ ਇਨ੍ਹਾਂ ਬਾਗੀ ਆਗੂਆਂ ਨੂੰ ਪਹਿਲਾਂ ਜੋ ਅਹੁਦਾ ਸਹਿਜ ਮਿਲ ਰਿਹਾ ਸੀ ਹੁਣ ਉਸ ਨੂੰ ਉਸ ਅਹੁਦੇ ਲਈ ਕਾਫੀ ਮੁਸ਼ੱਕਤ ਕਰਨੀ ਪਵੇਗੀ। ਅਜਿਹੇ ’ਚ ਜਦੋਂ ‘ਚਿੜੀ ਦਾਣਾ ਚੁਗ ਲੈਂਦੀ ਹੈ’ ਤਾਂ ਪਛਤਾਉਣ ਨਾਲ ਕੁਝ ਵੀ ਹੱਥ ਨਹੀਂ ਲੱਗਦਾ।

ਮੋਦੀ ਸਰਕਾਰ ’ਚ ਕਿਸੇ ਵੀ ਅਹੁਦੇ ’ਤੇ ਨਿਯੁਕਤੀ ਦੀ ਭਵਿੱਖਬਾਣੀ ਦਾ ਨਾ ਕੀਤੇ ਜਾਣਾ ਇਕ ਸਿੱਧਾ ਸੰਦੇਸ਼ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਹਰ ਵਰਕਰ ’ਤੇ ਨਜ਼ਰ ਹੈ ਅਤੇ ਉਸ ਨੂੰ ਉਸ ਦੀ ਮਿਹਨਤ ਅਨੁਸਾਰ ਹੀ ਉਚਿਤ ਇਨਾਮ ਜਾਂ ਸਜ਼ਾ ਦਿੱਤੀ ਜਾਵੇਗੀ। ਜੇ ਕੋਈ ਵੀ ਵਰਕਰ ਆਪਣੀ ਸਮਰੱਥਾ ਤੋਂ ਜ਼ਿਆਦਾ ਖਾਹਿਸ਼ੀ ਹੋਵੇਗਾ ਤਾਂ ਉਸ ਨੂੰ ਉਸ ਦੇ ਨਤੀਜੇ ਲਈ ਤਿਆਰ ਰਹਿਣਾ ਚਾਹੀਦਾ ਹੈ। ਭਾਜਪਾ ਵਰਗੀ ਇਕ ਮਜ਼ਬੂਤ ਪਾਰਟੀ ਨੂੰ ਕਿਸੇ ਵਰਕਰ ਵੱਲੋਂ ਚੁਣੌਤੀ ਦੇਣਾ ਸੌਖਾ ਨਹੀਂ ਹੋਵੇਗਾ। ਉੱਥੇ ਕਿਸੇ ਵੀ ਵੱਡੀ ਪਾਰਟੀ ਦੀ ਰਾਸ਼ਟਰੀ ਲੀਡਰਸ਼ਿਪ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਥਾਨਕ ਕੱਦਾਵਰ ਆਗੂਆਂ ਨੂੰ ਉਨ੍ਹਾਂ ਦਾ ਉਚਿਤ ਸਨਮਾਨ ਵੀ ਦਿੱਤਾ ਜਾਵੇ ਅਤੇ ਟਿਕਟ ਵੰਡ ’ਚ ਉਨ੍ਹਾਂ ਦੇ ਤਜਰਬੇ ਨੂੰ ਵੀ ਸਹੀ ਸਥਾਨ ਮਿਲੇ।

ਹਰ ਸਿਆਸੀ ਪਾਰਟੀ ਇਕ ਪਰਿਵਾਰ ਵਾਂਗ ਹੁੰਦੀ ਹੈ ਅਤੇ ਪਰਿਵਾਰ ਦੇ ਹਰ ਮੈਂਬਰ ਨੂੰ ਪੂਰੀ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ। ਕੋਈ ਵੀ ਸਰਕਾਰ ਜਾਂ ਪਾਰਟੀ ਸਿਰਫ ਅਟਕਲਾਂ ਦੇ ਆਧਾਰ ’ਤੇ ਨਹੀਂ ਚੱਲ ਸਕਦੀ। ਉਸ ਲਈ ਸਾਰੇ ਪਹਿਲੂਆਂ ਨੂੰ ਦੇਖਣਾ ਜ਼ਰੂਰੀ ਹੁੰਦਾ ਹੈ।

ਰਜਨੀਸ਼ ਕਪੂਰ

Rakesh

This news is Content Editor Rakesh