‘ਸਟ੍ਰੀਟ ਮੈਥਸ’ ਅਤੇ ‘ਸਕੂਲ ਮੈਥਸ’ ਦਰਮਿਆਨ ਬਹੁਤ ਵੱਡਾ ਫਰਕ!

Friday, Feb 07, 2025 - 05:24 PM (IST)

‘ਸਟ੍ਰੀਟ ਮੈਥਸ’ ਅਤੇ ‘ਸਕੂਲ ਮੈਥਸ’ ਦਰਮਿਆਨ ਬਹੁਤ ਵੱਡਾ ਫਰਕ!

ਨੋਬਲ ਪੁਰਸਕਾਰ ਜੇਤੂ ਐਸਥਰ ਡੁਫਲੋ ਅਤੇ ਅਭਿਜੀਤ ਬੈਨਰਜੀ ਵਲੋਂ ਕੀਤੇ ਗਏ ਇਕ ਨਵੇਂ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਬਾਲ ਵਿਕ੍ਰੇਤਾ ਸਕਿੰਟਾਂ ਵਿਚ ਗੁੰਝਲਦਾਰ ਬਾਜ਼ਾਰ ਲੈਣ-ਦੇਣ ਦੀ ਮਾਨਸਿਕ ਤੌਰ ’ਤੇ ਗਣਨਾ ਕਰ ਸਕਦੇ ਹਨ ਪਰ ਸਕੂਲਾਂ ਵਿਚ ਪੜ੍ਹਾਏ ਜਾਣ ਵਾਲੇ ਸਾਧਾਰਨ ਸੰਖੇਪ ਗਣਿਤ ਨਾਲ ਜੂਝ ਸਕਦੇ ਹਨ ਜਦੋਂ ਕਿ ਉਨ੍ਹਾਂ ਦੇ ਸਕੂਲ ਜਾਣ ਵਾਲੇ ਸਾਥੀ ਅਕਾਦਮਿਕ ਗਣਿਤ ਵਿਚ ਉੱਤਮ ਹੁੰਦੇ ਹਨ ਪਰ ਅਸਲ-ਸੰਸਾਰ ਦੀਆਂ ਬੁਨਿਆਦੀ ਗਣਨਾਵਾਂ ਵਿਚ ਅਸਫਲ ਹੋ ਜਾਂਦੇ ਹਨ।

ਟੀਮ ਨੇ ਇਹ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਕਿ ਕੀ ਬੱਚਿਆਂ ਵਲੋਂ ਅਸਲ ਦੁਨੀਆਂ ਵਿਚ ਹਾਸਲ ਕੀਤੇ ਗਣਿਤਿਕ ਹੁਨਰ ਕਲਾਸਰੂਮ ਵਿਚ ਤਬਦੀਲ ਹੁੰਦੇ ਹਨ ਜਾਂ ਇਸਦੇ ਉਲਟ। ਇਸ ਲਈ, ਖੋਜਕਰਤਾਵਾਂ ਨੇ ਦਿੱਲੀ ਅਤੇ ਕੋਲਕਾਤਾ ਦੇ ਬਾਜ਼ਾਰਾਂ ਵਿਚ 1,436 ਬਾਲ ਵਿਕ੍ਰੇਤਾਵਾਂ ਅਤੇ 471 ਸਕੂਲੀ ਬੱਚਿਆਂ ਨਾਲ ਕੰਮ ਕੀਤਾ ਅਤੇ ਦੇਖਿਆ ਕਿ ਪਹਿਲਾ ਸਮੂਹ ਵਿਕਰੀ ਲਈ ਗੁੰਝਲਦਾਰ ਮਾਨਸਿਕ ਗਣਿਤ ਕਰ ਸਕਦਾ ਸੀ, ਪਰ ਪਾਠ ਪੁਸਤਕਾਂ ਦੇ ਫਾਰਮੈਟ ਵਿਚ ਉਹੀ ਸਮੱਸਿਆਵਾਂ ਨਾਲ ਜੂਝ ਰਿਹਾ ਸੀ, ਜਦੋਂ ਕਿ ਦੂਜਾ ਪਾਠ ਪੁਸਤਕਾਂ ਦੇ ਗਣਿਤ ਵਿਚ ਚੰਗਾ ਸੀ ਪਰ ਵਿਹਾਰਕ ਬਾਜ਼ਾਰ ਗਣਨਾਵਾਂ ਵਿਚ ਅਸਫਲ ਰਿਹਾ।

ਅਧਿਐਨ ਵਿਚ ਸ਼ਾਮਲ ਸਾਰੇ ਬੱਚੇ 17 ਸਾਲ ਤੋਂ ਘੱਟ ਉਮਰ ਦੇ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ 13 ਤੋਂ 15 ਸਾਲ ਦੀ ਉਮਰ ਦੇ ਸਨ। ਇਸ ਤੋਂ ਇਲਾਵਾ ਅਧਿਐਨ ਲਈ ਵਿਚਾਰੇ ਗਏ ਕੰਮ ਕਰਨ ਵਾਲੇ ਬੱਚੇ ਜਾਂ ਤਾਂ ਇਸ ਸਮੇਂ ਸਕੂਲ ਵਿਚ ਦਾਖਲ ਸਨ ਜਾਂ ਪਹਿਲਾਂ ਸਕੂਲ ਜਾ ਚੁੱਕੇ ਸਨ।

ਸਕੂਲ ਜਾਣ ਦੀ ਉਮਰ ਦੇ ਸਿਰਫ਼ 1 ਫੀਸਦੀ ਬੱਚੇ ਹੀ ਵਿਹਾਰਕ ਬਾਜ਼ਾਰ ਸਮੱਸਿਆਵਾਂ ਨੂੰ ਹੱਲ ਕਰ ਸਕਦੇ ਹਨ, ਜਦੋਂ ਕਿ ਕੰਮ ਕਰਨ ਕਰਨ ਵਾਲੇ ਇਕ ਤਿਹਾਈ ਤੋਂ ਵੱਧ ਬੱਚੇ ਇਸ ਨੂੰ ਹੱਲ ਕਰ ਸਕਦੇ ਹਨ। ਅਧਿਐਨ ਨੇ ਦਿਖਾਇਆ ਕਿ ਮਜ਼ਦੂਰ-ਸ਼੍ਰੇਣੀ ਦੇ ਬੱਚੇ ਕੁਸ਼ਲ ਮਾਨਸਿਕ ਸ਼ਾਰਟਕੱਟ ਵਰਤਦੇ ਹਨ, ਜਦੋਂ ਕਿ ਸਕੂਲ ਜਾਣ ਦੀ ਉਮਰ ਦੇ ਬੱਚੇ ਹੌਲੀ, ਲਿਖਤੀ ਗਣਨਾਵਾਂ ’ਤੇ ਨਿਰਭਰ ਕਰਦੇ ਹਨ।

ਜਰਨਲ ਨੇਚਰ ਵਿਚ ਪ੍ਰਕਾਸ਼ਿਤ ਆਪਣੇ ਪੇਪਰ ਵਿਚ ਇਸ ਦਾ ਵਿਸ਼ਲੇਸ਼ਣ ਕਰਦੇ ਹੋਏ ਐੱਮ. ਆਈ. ਟੀ., ਹਾਰਵਰਡ ਯੂਨੀਵਰਸਿਟੀ ਅਤੇ ਹੋਰ ਸੰਸਥਾਵਾਂ ਦੇ ਖੋਜਕਰਤਾਵਾਂ ਨੇ ਲਿਖਿਆ, ‘‘ਇਹ ਖੋਜਾਂ ਭਾਰਤ ਵਿਚ ਵਿੱਦਿਅਕ ਅਭਿਆਸਾਂ ਦੀ ਵਿਆਪਕ ਅਸਫਲਤਾ ਵੱਲ ਇਸ਼ਾਰਾ ਕਰਦੀਆਂ ਹਨ ਜੋ ਗਣਿਤਿਕ ਵਿਚਾਰਾਂ ਦੀ ਸਹਿਜ ਅਤੇ ਰਸਮੀ ਸਮਝ ਵਿਚਕਾਰ ਉਪਯੋਗੀ ਸਬੰਧ ਬਣਾਉਣ ਵਿਚ ਅਸਫਲ ਰਹੀਆਂ ਹਨ।’’

ਸਿੱਟਿਆਂ ’ਤੇ ਗੱਲ ਕਰਦਿਆਂ ਡੁਫਲੋ ਨੇ ਕਿਹਾ, “ਸਕੂਲ ਪ੍ਰਣਾਲੀ ਬਹੁਤ ਹੀ ਸੌੜੀ ਤਰ੍ਹਾਂ ਵੰਡੀ ਹੋਈ ਹੈ। ਇਕ ਪਾਸੇ ਘਰ ਦਾ ਗਿਆਨ ਹੈ ਅਤੇ ਦੂਜੇ ਪਾਸੇ ਸਕੂਲ ਦਾ ਗਿਆਨ ਹੈ ਅਤੇ ਦੋਵੇਂ ਇਕ-ਦੂਜੇ ਨਾਲ ਗੱਲ ਨਹੀਂ ਕਰਦੇ, ਜੋ ਕਿ ਸਕੂਲੀ ਸਿੱਖਿਆ ਲਈ ਮਾੜਾ ਹੈ ਅਤੇ ਬਹੁਤ ਸਾਰੀਆਂ ਪ੍ਰਤਿਭਾਵਾਂ ਨੂੰ ਪਛਾਣਨ ਲਈ ਵੀ ਮਾੜਾ ਹੈ ਜੋ ਪਹਿਲਾਂ ਹੀ ਮੌਜੂਦ ਹਨ ਅਤੇ ਅਸੀਂ ਉਨ੍ਹਾਂ ਤੋਂ ਖੁੰਝ ਰਹੇ ਹਾਂ...। ਪਾਠਕ੍ਰਮ ’ਤੇ ਮੁੜ ਵਿਚਾਰ ਕਰਨ ਦਾ ਇਕ ਤਰੀਕਾ ਹੈ ਦੋਵਾਂ ਨੂੰ ਜੋੜਨਾ। ਸ਼ੁਰੂਆਤੀ ਕਲਾਸਾਂ ਵਿਚ ਇਹ ਖੇਡਾਂ ਸਮੂਹ ਗਤੀਵਿਧੀਆਂ ਰਾਹੀਂ ਹੋ ਸਕਦੀਆਂ ਹਨ। ਇੱਥੇ ਮੁੱਖ ਸਮੱਸਿਆ ਇਹ ਹੈ ਕਿ ਬੱਚਿਆਂ ਨੂੰ ਕਿਸੇ ਸਮੱਸਿਆ ਨੂੰ ਹੱਲ ਕਰਨ ਲਈ ਇਕ ਐਲਗੋਰਿਦਮ ਸਿਖਾਇਆ ਜਾਂਦਾ ਹੈ। ਜਦੋਂ ਉਹ ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਇਹ ਬਿਲਕੁਲ ਵੀ ਕੰਮ ਨਹੀਂ ਕਰਦਾ।’’

‘ਸਟ੍ਰੀਟ ਮੈਥਸ’ ਅਤੇ ‘ਸਕੂਲ ਮੈਥਸ’ ਵਿਚ ਬੱਚਿਆਂ ਦੀ ਮੁਹਾਰਤ ਦਾ ਮੁਲਾਂਕਣ ਕਰਨ ਲਈ ਸਰਵੇਖਣ ਕਰਨ ਵਾਲਿਆਂ ਨੇ ਬਾਜ਼ਾਰਾਂ ਵਿਚ ਕੰਮ ਕਰਨ ਵਾਲੇ ਬੱਚਿਆਂ ਤੋਂ ਦੋ ਚੀਜ਼ਾਂ ਦੀ ‘ਅਸਾਧਾਰਨ ਮਾਤਰਾ’ ਖਰੀਦੀ-ਜਿਵੇਂ 20 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ’ਤੇ 800 ਗ੍ਰਾਮ ਆਲੂ ਅਤੇ 15 ਰੁਪਏ ਪ੍ਰਤੀ ਕਿਲੋ ਦੀ ਦਰ ’ਤੇ 1.4 ਕਿਲੋਗ੍ਰਾਮ ਪਿਆਜ਼। ਉਨ੍ਹਾਂ ਨੇ ਦੇਖਿਆ ਕਿ ਜ਼ਿਆਦਾਤਰ ਬੱਚੇ ਆਪਣੀ ਨੌਕਰੀ ਨਾਲ ਸਬੰਧਤ ਗਣਿਤ ਨੂੰ ਅਕਸਰ ਮਾਨਸਿਕ ਤੌਰ ’ਤੇ ਅਤੇ ਬਿਨਾਂ ਕਿਸੇ ਕਾਗਜ਼ੀ ਸਹਾਇਤਾ ਦੇ ਕਰ ਸਕਦੇ ਸਨ, ਹਾਲਾਂਕਿ, ਉਹੀ ਬੱਚੇ ਸਕੂਲੀ ਗਣਿਤ ਨਾਲ ਸੰਘਰਸ਼ ਕਰਦੇ ਸਨ।

ਮਿਸਾਲ ਵਜੋਂ, ਕੋਲਕਾਤਾ ਦੇ 201 ਬੱਚਿਆਂ ਵਿਚੋਂ, ਜਿਨ੍ਹਾਂ ਤੋਂ ਅਧਿਐਨ ਲਈ ਖੋਜਕਰਤਾਵਾਂ ਨੇ ਦੋ ਚੀਜ਼ਾਂ ਦੀ ‘ਵੱਖ-ਵੱਖ ਮਾਤਰਾ’ ਖਰੀਦੀ ਸੀ–ਅਣਜਾਣ ਮਾਤਰਾਵਾਂ ਜਾਂ ਰਾਊਂਡ-ਅਮਾਊਂਟ, ਜਿਨ੍ਹਾਂ ਦੀਆਂ ਕੀਮਤਾਂ ਉਨ੍ਹਾਂ ਨੇ ਰਟ ਕੇ ਯਾਦ ਕਰ ਲਈਆਂ ਸਨ-95 ਫੀਸਦੀ, 97 ਫੀਸਦੀ ਅਤੇ 98 ਫੀਸਦੀ ਬੱਚਿਆਂ ਨੇ ਸਵਾਲਾਂ ਦੇ ਸਹੀ ਜਵਾਬ ਦਿੱਤੇ ਅਤੇ ਕੁੱਲ ਭੁਗਤਾਨਯੋਗ ਰਕਮ ਅਤੇ ਤਿੰਨ ਲੈਣ-ਦੇਣ ’ਚ ਵਾਪਸ ਕੀਤੀ ਜਾਣ ਵਾਲੀ ਰਕਮ ਠੀਕ ਦੱਸੀ।

ਇਸ ਦੇ ਉਲਟ, ਜਦੋਂ ਉਨ੍ਹਾਂ ਨੂੰ ਐੱਨ. ਜੀ. ਓ. ਪ੍ਰਥਮ ਦੀ ਸਾਲਾਨਾ ਸਿੱਖਿਆ ਸਥਿਤੀ ਰਿਪੋਰਟ (ਏ. ਐੱਸ. ਈ. ਆਰ.) ਲਈ ਵਰਤੀਆਂ ਜਾਣ ਵਾਲੀਆਂ ਸਮੱਸਿਆਵਾਂ ਦਿੱਤੀਆਂ ਗਈਆਂ ਤਾਂ ਸਿਰਫ਼ 32 ਫੀਸਦੀ ਹੀ ਤਿੰਨ-ਅੰਕਾਂ ਵਾਲੀ ਸੰਖਿਆ ਨੂੰ ਇਕ-ਅੰਕੀ ਸੰਖਿਆ ਨਾਲ ਵੰਡਣ ਨੂੰ ਹੱਲ ਕਰ ਸਕੇ ਅਤੇ ਸਿਰਫ਼ 54 ਫੀਸਦੀ ਹੀ ਦੋ-ਅੰਕਾਂ ਵਾਲੀ ਇਕ ਸੰਖਿਆ ਨੂੰ ਦੂਜੀ ’ਚੋਂ ਘਟਾਉਣ ਦਾ ਹੱਲ ਕਰ ਸਕੇ। ਜਦੋਂ ਘਟਾਓ ਦੀ ਸਮੱਸਿਆ ਸੀ ਤਾਂ ਲਗਭਗ ਸਾਰੇ ਬੱਚੇ ਦੂਜੀ ਜਮਾਤ ਵਿਚ ਗਏ ਸਨ।

ਅਧਿਐਨ ਵਿਚ ਕਿਹਾ ਗਿਆ ਹੈ ਕਿ ਦੋਵਾਂ ਤਰ੍ਹਾਂ ਦੀਆਂ ਗਣਿਤ ਸਮੱਸਿਆਵਾਂ ਦਰਮਿਆਨ ਕੋਈ ਫਰਕ ਜਾਂ ਮੁਸ਼ਕਲ ਨਹੀਂ ਸੀ, ਕਿਉਂਕਿ ਮਾਰਕੀਟ ਲੈਣ-ਦੇਣ ਏ. ਐੱਸ. ਈ. ਆਰ. ’ਤੇ ਲਿਖਤੀ ਗਣਿਤ ਸਮੱਸਿਆਵਾਂ ਨਾਲੋਂ ਵਧੇਰੇ ਗੁੰਝਲਦਾਰ ਹੈ ਅਤੇ ‘ਬਹੁਤ ਸਾਰੇ ਕਾਰਜ ਸ਼ਾਮਲ ਹਨ।’

ਇਸੇ ਤਰ੍ਹਾਂ ਦਿੱਲੀ ਦੇ ਬਾਜ਼ਾਰਾਂ ਵਿਚ ਕੰਮ ਕਰਨ ਵਾਲੇ 400 ਬੱਚਿਆਂ ਵਿਚੋਂ 96 ਫੀਸਦੀ, 99 ਫੀਸਦੀ ਅਤੇ 97 ਫੀਸਦੀ ਦੂਜੀ ਕੋਸ਼ਿਸ਼ ਵਿਚ ਤਿੰਨ ਬਾਜ਼ਾਰ ਸਮੱਸਿਆਵਾਂ ਵਿਚ ਸਫਲ ਹੋਏ।

ਜਦੋਂ ਕਿ ਸਿੱਖਿਆ ਦੀ ਨਵੀਨਤਮ ਸਾਲਾਨਾ ਸਥਿਤੀ ਰਿਪੋਰਟ 2024 ਦੇ ਨਤੀਜੇ ਸਿੱਖਣ ਦੇ ਪੱਧਰਾਂ ਵਿਚ ਵਾਧੇ ਨੂੰ ਰਿਕਾਰਡ ਕਰਨ ਦੇ ਮਾਮਲੇ ਵਿਚ ਉਤਸ਼ਾਹਜਨਕ ਸਨ, ਨੋਬਲ ਪੁਰਸਕਾਰ ਜੇਤੂ ਐਸਥਰ ਡੁਫਲੋ ਅਤੇ ਅਭਿਜੀਤ ਬੈਨਰਜੀ ਦੀ ਅਗਵਾਈ ਵਿਚ ਕੀਤਾ ਗਿਆ ਅਧਿਐਨ ਅੱਗੇ ਇਕ ਲੰਮੇ ਰਾਹ ਵੱਲ ਇਸ਼ਾਰਾ ਕਰਦਾ ਹੈ। ਇਸ ਦਾ ਅਰਥ ਹੈ ਸਕੂਲੀ ਪਾਠਕ੍ਰਮ, ਸਿੱਖਿਆ ਅਤੇ ਮੁਲਾਂਕਣ ਨੂੰ ਅਸਲ ਜੀਵਨ ਦੇ ਹੁਨਰਾਂ ਨਾਲ ਜੋੜਨ ਦੇ ਤਰੀਕੇ ਲੱਭਣਾ।

ਅਭਿਨੈ ਹਰਿਗੋਵਿੰਦ


author

Rakesh

Content Editor

Related News