ਫਿਰ ਆਇਆ ਦੱਬੇ ਪੈਰ ‘ਕੋਰੋਨਾ’
Saturday, May 24, 2025 - 06:35 PM (IST)

ਇਕ ਵਾਰ ਫਿਰ ਦੇਸ਼ ਅਤੇ ਦੁਨੀਆ ’ਤੇ ਕੋਰੋਨਾ ਦਾ ਖ਼ਤਰਾ ਮੰਡਰਾਅ ਰਿਹਾ ਹੈ। ਭਾਰਤ ਵੀ ਇਸ ਤੋਂ ਅਛੂਤਾ ਨਹੀਂ ਹੈ। ਹੁਣ ਤੱਕ ਦੇਸ਼ ਵਿਚ ਪ੍ਰਭਾਵਿਤ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਸਾਰਿਆਂ ਨੇ ਦੇਖਿਆ ਹੈ ਕਿ ਇਹ ਕਿਸ ਤਰ੍ਹਾਂ ਅਤੇ ਕਿੰਨੀ ਤੇਜ਼ੀ ਨਾਲ ਵਧਦਾ ਹੈ। 19 ਮਈ ਤੱਕ ਅਧਿਕਾਰਤ ਤੌਰ ’ਤੇ 257 ਮਾਮਲੇ ਸਨ। ਪਿਛਲੇ ਹਫ਼ਤੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਗਿਣਤੀ ਜ਼ਰੂਰ ਘੱਟ ਹੈ ਪਰ ਸਭ ਤੋਂ ਵੱਡੀ ਸੱਚਾਈ ਇਹ ਹੈ ਕਿ ਜਾਂ ਤਾਂ ਕੇਸ ਸਮਝੇ ਨਹੀਂ ਜਾ ਰਹੇ ਜਾਂ ਦਰਜ ਨਹੀਂ ਕੀਤੇ ਜਾ ਰਹੇ।
ਪਿਛਲੇ ਹਫ਼ਤੇ ਕੇਰਲ ਵਿਚ 69, ਮਹਾਰਾਸ਼ਟਰ ਵਿਚ 44 ਅਤੇ ਤਾਮਿਲਨਾਡੂ ਵਿਚ 34 ਮਾਮਲੇ ਦਰਜ ਕੀਤੇ ਗਏ ਪਰ ਜਿਸ ਤਰ੍ਹਾਂ ਏਸ਼ੀਆ ਦੇ ਬਾਕੀ ਹਿੱਸਿਆਂ ਵਿਚ ਕੋਵਿਡ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ, ਉਹ ਯਕੀਨੀ ਤੌਰ ’ਤੇ ਚਿੰਤਾਵਾਂ ਵਧਾ ਰਹੇ ਹਨ। ਇਹ ਹਾਂਗਕਾਂਗ ਅਤੇ ਸਿੰਗਾਪੁਰ ਵਿਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਵਰਤਮਾਨ ਵਿਚ, ਨਵੇਂ ਰੂਪ ਜੇ. ਐੱਨ. 1 ਦੀ ਕਰੋਪੀ ਜਾਰੀ ਹੈ। ਇਹ ਪਹਿਲੀ ਵਾਰ ਅਗਸਤ 2023 ਵਿਚ ਪਾਇਆ ਗਿਆ ਸੀ। ਵਿਸ਼ਵ ਸਿਹਤ ਸੰਗਠਨ ਨੇ ਦਸੰਬਰ 2023 ਵਿਚ ਹੀ ਇਸ ਨੂੰ ‘ਵੇਰੀਐਂਟ ਆਫ ਇੰਟਰਸਟ’ ਐਲਾਨਿਆ ਅਤੇ ਸਪੱਸ਼ਟ ਕੀਤਾ ਸੀ ਕਿ ਇਹ ਓਮੀਕਰੋਨ ਬੀ. ਏ. 2.86 ਦਾ ਵੰਸ਼ਜ ਹੈ।
ਇਸ ਵਿਚ ਲਗਭਗ 30 ਪਰਿਵਰਤਨ ਪਾਏ ਗਏ, ਜਿਨ੍ਹਾਂ ਵਿਚ ਐੱਲ. ਐੱਫ. 7 ਅਤੇ ਐੱਨ. ਬੀ. 1.8 ਦੀ ਗਿਣਤੀ ਵੱਧ ਸੀ। ਕੋਰੋਨਾ ਦੀ ਇਸ ਨਵੀਂ ਲਹਿਰ ਦਾ ਦੱਖਣ-ਪੂਰਬੀ ਏਸ਼ੀਆ ਵਿਚ ਵਧੇਰੇ ਪ੍ਰਭਾਵ ਪੈ ਰਿਹਾ ਹੈ। ਸਿੰਗਾਪੁਰ, ਹਾਂਗਕਾਂਗ ਅਤੇ ਥਾਈਲੈਂਡ ਵਰਗੇ ਦੇਸ਼ਾਂ ਵਿਚ ਕੋਵਿਡ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧੇ ਹਨ।
ਮਈ ਦੇ ਸ਼ੁਰੂ ਵਿਚ ਇਕੱਲੇ ਸਿੰਗਾਪੁਰ ਵਿਚ 14,200 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਥਾਵਾਂ ’ਤੇ ਵੀ ਜੇ. ਐੱਨ. 1 ਅਤੇ ਇਸ ਦੇ ਉਪ-ਵੇਰੀਐਂਟ ਜ਼ਿਆਦਾ ਮਾਤਰਾ ਵਿਚ ਪਾਏ ਜਾ ਰਹੇ ਹਨ। ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਇਨ੍ਹਾਂ ਦੇਸ਼ਾਂ ਵਿਚ ਕੇਸ ਵਧਣ ਦਾ ਕਾਰਨ ਉੱਥੋਂ ਦੇ ਲੋਕਾਂ ਦੇ ਸਰੀਰ ਵਿਚ ਐਂਟੀਬਾਡੀਜ਼ ਵਿਚ ਕਮੀ ਵੀ ਹੈ। ਭਾਰਤ ਵਿਚ ਵੀ ਅਜਿਹੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਤਾਮਿਲਨਾਡੂ, ਕੇਰਲ ਅਤੇ ਮਹਾਰਾਸ਼ਟਰ ਵਿਚ ਇਸ ਦਾ ਵਾਧਾ ਭਾਵੇਂ ਹੌਲੀ ਹੈ, ਇਕ ਬੁਰਾ ਸੰਕੇਤ ਹੈ।
18 ਮਈ ਨੂੰ ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਵਿਸਫੋਟਕ ਬੱਲੇਬਾਜ਼ ਟ੍ਰੈਵਿਸ ਹੈੱਡ ਕੋਰੋਨਾ ਨਾਲ ਸੰਕਰਮਿਤ ਹੋ ਗਏ ਅਤੇ ਅਗਲੇ ਹੀ ਦਿਨ ਬਿੱਗ ਬੌਸ ਫੇਮ ਸ਼ਿਲਪਾ ਸ਼ਿਰੋਡਕਰ ਵੀ ਇਸ ਦਾ ਸ਼ਿਕਾਰ ਹੋ ਗਈ। ਉਸ ਨੇ ਖੁਦ ਇੰਸਟਾ ’ਤੇ ਲਿਖਿਆ, ‘ਹੈਲੋ ਦੋਸਤੋ! ਮੇਰਾ ਕੋਵਿਡ ਟੈਸਟ ਪਾਜ਼ੀਟਿਵ ਆਇਆ ਹੈ। ਸੁਰੱਖਿਅਤ ਰਹੋ ਅਤੇ ਮਾਸਕ ਪਹਿਨੋ!’ ਇੰਨਾ ਤਾਂ ਸਮਝ ਆ ਗਿਆ ਹੈ ਕਿ ਸਿੰਗਾਪੁਰ ਹੁਣ ਇਕ ਨਵਾਂ ਹਾਟਸਪਾਟ ਬਣ ਕੇ ਉੱਭਰ ਰਿਹਾ ਹੈ।
ਸਿਰਫ਼ ਇਕ ਹਫ਼ਤੇ ਵਿਚ ਇਨਫੈਕਸ਼ਨ ਦੇ ਮਾਮਲਿਆਂ ਵਿਚ 28 ਫੀਸਦੀ ਦਾ ਵਾਧਾ ਚਿੰਤਾਜਨਕ ਹੈ। ਚੀਨ ਤੋਂ ਆ ਰਹੀ ਜਾਣਕਾਰੀ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਪਿਛਲੇ ਇਕ ਮਹੀਨੇ ਵਿਚ ਉੱਥੇ ਵੀ ਕੋਰੋਨਾ ਦੇ ਮਾਮਲਿਆਂ ਵਿਚ ਕਾਫ਼ੀ ਵਾਧਾ ਹੋਇਆ ਹੈ। ਪਰ ਦੁਨੀਆ ਨੂੰ ਕੋਰੋਨਾ ਦੇਣ ਅਤੇ ਫਿਰ ਇਸ ਨੂੰ ਲੁਕਾਉਣ ਅਤੇ ਇਸ ਨੂੰ ਤਬਾਹੀ ਦੇ ਕੰਢੇ ’ਤੇ ਲਿਆਉਣ ਤੋਂ ਬਾਅਦ, ਚੀਨ ਤੋਂ ਜੋ ਵੀ ਸੱਚਾਈ ਸਾਹਮਣੇ ਆਈ, ਸਾਰਿਆਂ ਨੇ ਦੇਖਿਆ ਕਿ ਇਸ ਨੇ ਦੁਨੀਆ ਵਿਚ ਕਿਸ ਤਰ੍ਹਾਂ ਦੀ ਤਬਾਹੀ ਮਚਾਈ ਹੈ।
ਇਸ ਵਾਰ ਸੰਕਰਮਿਤ ਹੋਣ ਵਾਲੇ ਜ਼ਿਆਦਾਤਰ ਲੋਕ ਉਹ ਹਨ ਜੋ ਸਹਿ-ਰੋਗ ਤੋਂ ਪੀੜਤ ਹਨ। ਇਸ ਵਿਚ, ਪ੍ਰਭਾਵਿਤ ਲੋਕ ਇਕੋ ਸਮੇਂ ਇਕ ਤੋਂ ਵੱਧ ਬੀਮਾਰੀਆਂ ਤੋਂ ਪੀੜਤ ਹੁੰਦੇ ਹਨ, ਜਿਸ ਦੇ ਕਈ ਕਾਰਨ ਹੋ ਸਕਦੇ ਹਨ। ਕੁਝ ਆਮ ਜੋਖਮ ਦੇ ਕਾਰਕ ਹੁੰਦੇ ਹਨ, ਜਦੋਂ ਕਿ ਕੁਝ ਹੋਰ ਸਥਿਤੀਆਂ ਦੇ ਲੱਛਣਾਂ ਜਾਂ ਉਨ੍ਹਾਂ ਦੇ ਇਲਾਜਾਂ ਕਾਰਨ ਹੁੰਦੇ ਹਨ।
ਵਰਤਮਾਨ ਵਿਚ, ਜ਼ਿਆਦਾਤਰ ਲੱਛਣ ਸਹਿ-ਰੋਗ ਵਾਲੇ ਲੋਕਾਂ ਜਾਂ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿਚ ਦੇਖੇ ਜਾ ਰਹੇ ਹਨ। ਸਿਹਤ ਖਤਰਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਅਧਿਕਾਰੀਆਂ ਨੇ ਡਾਕਟਰ ਦੀ ਸਲਾਹ ’ਤੇ ਅਪਡੇਟ ਕੀਤਾ ਟੀਕਾ ਲੈਣ ਦੀ ਸਲਾਹ ਦਿੱਤੀ ਹੈ। ਉੱਚ-ਜੋਖਮ ਵਾਲੇ ਵਿਅਕਤੀਆਂ, ਜਿਨ੍ਹਾਂ ਵਿਚ ਬਜ਼ੁਰਗ ਅਤੇ ਸਹਿ-ਰੋਗ ਵਾਲੇ ਲੋਕ ਸ਼ਾਮਲ ਹਨ, ਨੂੰ ਪਹਿਲਾਂ ਹੀ ਸਾਲਾਨਾ ਕੋਵਿਡ-19 ਟੀਕਾ ਲਗਵਾਉਣ ਦੀ ਸਲਾਹ ਦਿੱਤੀ ਜਾਂਦੀ ਰਹੀ ਹੈ।
ਮੁੰਬਈ ਦੇ ਕੇ. ਈ. ਐੱਮ. ਹਸਪਤਾਲ ਵਿਚ 2 ਮਰੀਜ਼ਾਂ ਦੀ ਮੌਤ ਤੋਂ ਬਾਅਦ ਭਰਮ ਦੀ ਸਥਿਤੀ ਪੈਦਾ ਹੋਈ ਹੈ। ਹਸਪਤਾਲ ਨੇ ਇਨ੍ਹਾਂ ਮੌਤਾਂ ਨੂੰ ਗੰਭੀਰ ਬੀਮਾਰੀਆਂ ਕਾਰਨ ਹੋਈਆਂ ਦੱਸਿਆ ਜਿਨ੍ਹਾਂ ਦਾ ਕੋਵਿਡ-19 ਨਾਲ ਕੋਈ ਸਬੰਧ ਨਹੀਂ ਸੀ। ਦੂਜੇ ਪਾਸੇ, ਬ੍ਰਹਨਮੁੰਬਈ ਨਗਰ ਨਿਗਮ ਨੇ ਕਿਹਾ ਕਿ ਪਰੇਲ ਦੇ ਕੇ. ਈ. ਐੱਮ. ਹਸਪਤਾਲ ’ਚ 2 ਕੋਵਿਡ-19 ਸੰਕਰਮਿਤ ਮਰੀਜ਼ਾਂ ਿਜਨ੍ਹਾਂ ’ਚ ਇਕ 14 ਸਾਲਾ ਕੁੜੀ ਅਤੇ ਇਕ 54 ਸਾਲਾ ਔਰਤ ਸ਼ਾਮਲ ਹੈ, ਦੀ ਮੌਤ ਦੀ ਸੂਚਨਾ ਿਮਲੀ ਹੈ, ਜਦੋਂ ਕਿ ਹਸਪਤਾਲ ਦਾ ਕਹਿਣਾ ਹੈ ਕਿ ਮੌਤਾਂ ਕੋਵਿਡ-19 ਕਾਰਨ ਨਹੀਂ ਸਗੋਂ ਕੈਂਸਰ ਦੇ ਨਾਲ-ਨਾਲ ਹਾਈਪੋਕੈਲਸੀਮਿਕ ਦੌਰੇ ਅਤੇ ਨੈਫਰੋਟਿਕ ਸਿੰਡਰੋਮ ਵਰਗੀਆਂ ਗੰਭੀਰ ਬੀਮਾਰੀਆਂ ਕਾਰਨ ਹੋਈਆਂ ਹਨ।
ਪਰ ਇਹ ਕਿਹਾ ਜਾ ਰਿਹਾ ਹੈ ਕਿ ਦੋਵੇਂ ਮ੍ਰਿਤਕਾਂ ਵਿਚ ਕੋਵਿਡ ਦੇ ਲੱਛਣ ਸਨ। ਅਜਿਹਾ ਨਹੀਂ ਲੱਗਦਾ ਕਿ ਅਜਿਹੀਆਂ ਉਲਝਣ ਵਾਲੀਆਂ ਸਥਿਤੀਆਂ ਇਕ ਵਾਰ ਫਿਰ ਕੋਵਿਡ ਬਾਰੇ ਪਹਿਲਾਂ ਵਾਂਗ ਹੀ ਉਲਝਣ ਪੈਦਾ ਕਰਨਗੀਆਂ ਕਿਉਂਕਿ, ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਫਿਰ ਤੋਂ ਹੌਲੀ-ਹੌਲੀ ਵਧਣੇ ਸ਼ੁਰੂ ਹੋ ਗਏ ਹਨ। ਇਸ ਵੇਲੇ, ਜ਼ਿਆਦਾਤਰ ਮਾਮਲੇ ਕੇਰਲ, ਤਾਮਿਲਨਾਡੂ ਅਤੇ ਮਹਾਰਾਸ਼ਟਰ ਤੋਂ ਆ ਰਹੇ ਹਨ।
ਚਿੰਤਾਜਨਕ ਗੱਲ ਹਾਂਗਕਾਂਗ ਦੇ ਸਿਹਤ ਅਧਿਕਾਰੀ ਅਲਬਰਟ ਆਊ ਦਾ ਬਿਆਨ ਹੈ ਜਿਸ ਵਿਚ ਉਨ੍ਹਾਂ ਮੰਨਿਆ ਕਿ ਉੱਥੇ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਸਾਹ ਲੈਣ ਦੀ ਤਕਲੀਫ ਵਾਲੇ ਮਰੀਜ਼ਾਂ ਦੇ ਕੋਵਿਡ ਪਾਜ਼ੀਟਿਵ ਪਾਏ ਜਾਣ ਦੀ ਗਿਣਤੀ ਸਾਲ ਦੇ ਸਿਰਫ ਪੰਜਵੇਂ ਮਹੀਨੇ ’ਚ ਹੀ ਉੱਚ ਪੱਧਰ ’ਤੇ ਪਹੁੰਚ ਗਈ ਹੈ।
ਜਦੋਂ ਕਿ ਚੀਨ ਵਿਚ ਸਾਹ ਦੀਆਂ ਬੀਮਾਰੀਆਂ ਲਈ ਟੈਸਟ ਕਰਵਾਉਣ ਵਾਲੇ ਮਰੀਜ਼ਾਂ ਵਿਚ ਕੋਵਿਡ ਵਾਇਰਸ ਦੇ ਮਾਮਲਿਆਂ ਦਾ ਦੁੱਗਣਾ ਹੋਣਾ ਚਿੰਤਾ ਦਾ ਵਿਸ਼ਾ ਹੈ।
ਲੋਕਾਂ ਨੂੰ ਬੂਸਟਰ ਸ਼ਾਟ ਲੈਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਚਾਈਨੀਜ਼ ਸੈਂਟਰ ਫਾਰ ਡਿਜ਼ੀਜ਼ ਐਂਡ ਪ੍ਰੀਵੈਂਸ਼ਨ ਦੇ ਅੰਕੜਿਆਂ ਅਨੁਸਾਰ, ਕੋਵਿਡ ਲਹਿਰ ਜਲਦੀ ਹੀ ਤੇਜ਼ ਹੋ ਸਕਦੀ ਹੈ। ਚੀਨ, ਥਾਈਲੈਂਡ ਅਤੇ ਹਾਂਗਕਾਂਗ ਵਿਚ ਉੱਥੋਂ ਦੀਆਂ ਸਰਕਾਰਾਂ ਅਲਰਟ ’ਤੇ ਹਨ।
ਦੱਖਣ-ਪੂਰਬੀ ਏਸ਼ੀਆ ਦੀ ਸਥਿਤੀ ਨੂੰ ਦੇਖਦੇ ਹੋਏ ਭਾਰਤ ਵੀ ਸੁਚੇਤ ਹੈ। ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਭਾਵ ਡੀ. ਜੀ. ਐੱਚ. ਐੱਸ. ਨੇ ਰਾਸ਼ਟਰੀ ਰੋਗ ਨਿਯੰਤਰਣ ਆਫ਼ਤ ਪ੍ਰਬੰਧਨ ਸੈੱਲ, ਭਾਰਤੀ ਅਯੁਰਵਿਗਿਆਨ ਖੋਜ ਪ੍ਰੀਸ਼ਦ ਅਤੇ ਕੇਂਦਰੀ ਸਰਕਾਰੀ ਹਸਪਤਾਲਾਂ ਦੇ ਮਾਹਿਰਾਂ ਨਾਲ ਇਕ ਮੀਟਿੰਗ ਕੀਤੀ ਅਤੇ ਸਿੱਟਾ ਕੱਢਿਆ ਕਿ ਕੋਵਿਡ-19 ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਮੌਜੂਦਾ ਗਿਣਤੀ 257 ਹੈ। ਇਹ ਦੇਸ਼ ਦੀ ਆਬਾਦੀ ਨੂੰ ਧਿਆਨ ਵਿਚ ਰੱਖਦੇ ਹੋਏ ਬਹੁਤ ਘੱਟ ਹੈ।
ਯਾਦ ਰੱਖੋ ਕਿਵੇਂ ਉਂਗਲਾਂ ’ਤੇ ਗਿਣੇ ਜਾ ਸਕਣ ਵਾਲੇ ਕੋਰੋਨਾ ਦੇ ਮਾਮਲੇ ਪਹਿਲਾਂ ਦਰਜਨਾਂ ਤੋਂ ਸੈਂਕੜੇ, ਫਿਰ ਹਜ਼ਾਰਾਂ ਅਤੇ ਫਿਰ ਲੱਖਾਂ ਹੋ ਗਏ। ਇਹ ਬਿਹਤਰ ਹੋਵੇਗਾ ਜੇਕਰ ਇਸ ਵਾਰ ਅਸੀਂ ਇਸ ਨਾਲ ਸ਼ੁਰੂਆਤ ਵਿਚ ਹੀ ਨਜਿੱਠ ਲਈਏ।
ਯਕੀਨਨ, ਇਕ ਵਾਰ ਫਿਰ ਸਮਾਂ ਆ ਗਿਆ ਹੈ ਜਦੋਂ 2019-20 ਵਾਂਗ ਸਾਵਧਾਨੀਆਂ ਅਤੇ ਮਾਸਕ ਦੀ ਜ਼ਰੂਰਤ ਹੈ। ਹੁਣ ਤੋਂ ਹੀ ਸੁਚੇਤ ਰਹਿਣਾ ਬਿਹਤਰ ਹੋਵੇਗਾ।
ਰਿਤੁਪਰਣ ਦਵੇ