ਨਿਆਪਾਲਿਕਾ ਨੇ ਦਿੱਤੀਆਂ ਸਜ਼ਾਵਾਂ ਸਿੱਖਿਆਦਾਇਕ ਵੀ ਅਤੇ ਪ੍ਰੇਰਣਾਦਾਇਕ ਵੀ

Friday, Jan 24, 2025 - 04:10 AM (IST)

ਨਿਆਪਾਲਿਕਾ ਨੇ ਦਿੱਤੀਆਂ ਸਜ਼ਾਵਾਂ ਸਿੱਖਿਆਦਾਇਕ ਵੀ ਅਤੇ ਪ੍ਰੇਰਣਾਦਾਇਕ ਵੀ

ਆਮ ਤੌਰ ’ਤੇ ਅਦਾਲਤਾਂ ਵੱਖ-ਵੱਖ ਅਪਰਾਧਾਂ ਵਿਚ ਦੋਸ਼ੀਆਂ ਨੂੰ ਕੈਦ ਜਾਂ ਜੁਰਮਾਨਾ ਵਰਗੀਆਂ ਸਜ਼ਾਵਾਂ ਦਿੰਦੀਆਂ ਹਨ ਪਰ ਕੁਝ ਜੱਜ ਦੋਸ਼ੀਆਂ ਨੂੰ ਵਧੀਆ ਇਨਸਾਨ ਬਣਾਉਣ ਲਈ ਸਿੱਖਿਆਦਾਇਕ ਦੇ ਨਾਲ-ਨਾਲ ਪ੍ਰੇਰਕ ਸਜ਼ਾਵਾਂ ਵੀ ਦੇ ਰਹੇ ਹਨ, ਜਿਨ੍ਹਾਂ ਦੀਆਂ ਪਿਛਲੇ 5 ਮਹੀਨਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :

* 6 ਸਤੰਬਰ, 2024 ਨੂੰ ਚੰਦੌਲੀ ਦੀ ਇਕ ਅਦਾਲਤ ਨੇ ਇਕ ਬਾਲ ਅਪਰਾਧੀ ਨੂੰ ਆਪਣੀ ਗ੍ਰਾਮ ਪੰਚਾਇਤ ਵਿਚ 10 ਪੌਦੇ ਲਗਾਉਣ ਅਤੇ ਉਨ੍ਹਾਂ ਦੀ ਦੇਖ-ਭਾਲ ਦਾ ਹੁਕਮ ਦਿੱਤਾ।

* 1 ਅਕਤੂਬਰ, 2024 ਨੂੰ ਜਾਲੌਨ (ਉੱਤਰ ਪ੍ਰਦੇਸ਼) ਵਿਚ ਅਦਾਲਤ ਦੀ ਮੈਜਿਸਟਰੇਟ ‘ਅਨੁਕੀਰਤੀ ਸੰਤ’ ਨੇ ਲੋਕਾਂ ਨਾਲ ਕੁੱਟਮਾਰ ਕਰਨ ਦੇ ਦੋਸ਼ੀ ਇਕ ਨਾਬਾਲਗ ਨੂੰ ਰੇਲਵੇ ਸਟੇਸ਼ਨ ’ਤੇ ਆਉਣ ਵਾਲੇ ਮੁਸਾਫਰਾਂ ਅਤੇ ਤਹਿਸੀਲ ਵਿਚ ਆਉਣ ਵਾਲੇ ਫਰਿਆਦੀਆਂ ਨੂੰ 15-15 ਦਿਨ ਤਕ ਪਾਣੀ ਪਿਆਉਣ ਦੀ ਸਜ਼ਾ ਸੁਣਾਈ।

* 17 ਅਕਤੂਬਰ, 2024 ਨੂੰ ‘ਮੱਧ ਪ੍ਰਦੇਸ਼ ਹਾਈ ਕੋਰਟ’ ਨੇ ‘ਫੈਜ਼ਲ’ ਨਾਂ ਦੇ ਵਿਅਕਤੀ ਨੂੰ ‘ਪਾਕਿਸਤਾਨ ਜ਼ਿੰਦਾਬਾਦ, ਹਿੰਦੁਸਤਾਨ ਮੁਰਦਾਬਾਦ’ ਦੇ ਨਾਅਰੇ ਲਗਾਉਣ ਦੇ ਦੋਸ਼ ਵਿਚ ਹਰ ਮਹੀਨੇ ਦੇ ਪਹਿਲੇ ਅਤੇ ਚੌਥੇ ਮੰਗਲਵਾਰ ਨੂੰ 2 ਵਾਰ ਭੋਪਾਲ ਦੇ ਥਾਣੇ ਵਿਚ ਹਾਜ਼ਰ ਹੋ ਕੇ ਰਾਸ਼ਟਰੀ ਝੰਡੇ ਨੂੰ 21 ਵਾਰ ਸਲਾਮੀ ਦੇਣ ਅਤੇ ਹਰ ਵਾਰ ਸਲਾਮੀ ਦੇ ਬਾਅਦ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾਉਣ ਦਾ ਹੁਕਮ ਦਿੱਤਾ।

* 4 ਦਸੰਬਰ, 2024 ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਦੇ ਜਸਟਿਸ ਸੰਜੀਵ ਸਚਦੇਵਾ ਅਤੇ ਜਸਟਿਸ ਵਿਨੈ ਸਰਾਫ ਦੀ ਬੈਂਚ ਨੇ ਇਕ ਵਿਅਕਤੀ ਨੂੰ ਅਦਾਲਤ ਦੀ ਮਾਣਹਾਨੀ ਦੇ ਦੋਸ਼ ਵਿਚ ਜੰਗਲਾਤ ਵਿਭਾਗ ਦੇ ਅਧਿਕਾਰੀ ਦੀ ਨਿਗਰਾਨੀ ਵਿਚ ‘ਸਬਲਗੜ੍ਹ’ ਦੇ ਜੰਗਲ ਵਿਚ 50 ਦੇਸੀ ਪੌਦੇ ਲਾਉਣ ਦੀ ਸਜ਼ਾ ਸੁਣਾਈ, ਜਿਨ੍ਹਾਂ ਦੀ ਉਚਾਈ ਘੱਟੋ-ਘੱਟ 4 ਫੁੱਟ ਹੋਵੇ।

* 17 ਦਸੰਬਰ, 2024 ਨੂੰ ਨੋਇਡਾ ਅਥਾਰਿਟੀ ਵਿਚ ਆਪਣੇ ਮਕਾਨ ਦੀ ਫਾਈਲ ਅੱਗੇ ਵਧਵਾਉਣ ਲਈ ਅਫਸਰਾਂ ਦੇ ਚੱਕਰ ਲਾ-ਲਾ ਕੇ ਤੰਗ ਆ ਚੁੱਕੇ ਇਕ ਬਜ਼ੁਰਗ ਜੋੜੇ ਦੀ ਪ੍ਰੇਸ਼ਾਨੀ ਸੁਣ ਕੇ ਮੁੱਖ ਅਧਿਕਾਰੀ ਐੱਮ. ਲੋਕੇਸ਼ ਨੇ ਸਬੰਧਤ ਅਧਿਕਾਰੀਆਂ ਨੂੰ ਬਜ਼ੁਰਗ ਜੋੜੇ ਦੇ ਦੁੱਖ ਦਾ ਅਹਿਸਾਸ ਦਿਵਾਉਣ ਲਈ ਉਨ੍ਹਾਂ ਨੂੰ ਅੱਧਾ ਘੰਟਾ ਲਗਾਤਾਰ ਖੜ੍ਹੇ ਰਹਿ ਕੇ ਕੰਮ ਕਰਨ ਦਾ ਹੁਕਮ ਦਿੱਤਾ ਅਤੇ ਇਸਦੀ ਪਾਲਣਾ ਦੀ ਨਿਗਰਾਨੀ ਸੀ.ਸੀ.ਟੀ.ਵੀ. ਰਾਹੀਂ ਕਰਵਾਈ।

* 20 ਦਸੰਬਰ, 2024 ਨੂੰ ਔਰੰਗਾਬਾਦ ਦੀ ਇਕ ਅਦਾਲਤ ਨੇ ਗੁਆਂਢੀ ਦਾ ਸਿਰ ਇੱਟ ਨਾਲ ਪਾੜਨ ਦੇ ਦੋਸ਼ੀ ਨੌਜਵਾਨ ਨੂੰ ਦੇਵਸੂਰਜ ਮੰਦਰ ਵਿਚ 15 ਦਿਨ ਕਮਿਊਨਿਟੀ ਸੇਵਾ ਕਰਨ ਦੀ ਸਜ਼ਾ ਸੁਣਾਈ।

* 23 ਦਸੰਬਰ, 2024 ਨੂੰ ਗਾਜ਼ੀਆਬਾਦ ਵਿਚ ਨਿਆਇਕ ਮੈਜਿਸਟਰੇਟ ਨੇ ਗਵਾਹਾਂ ਦੇ ਨਾ ਭੁਗਤਣ ਦੇ ਕਾਰਨ 16 ਸਾਲ ਤੋਂ ਲਟਕਦੇ ਆ ਰਹੇ ਨਾਜਾਇਜ਼ ਸ਼ਰਾਬ ਵੇਚਣ ਦੇ ਇਕ ਮਾਮਲੇ ਵਿਚ ਦੋਸ਼ੀ ਭਾਗਮਲ ਵਲੋਂ ਆਪਣਾ ਜੁਰਮ ਕਬੂਲ ਕਰ ਲੈਣ ’ਤੇ ਜੱਜਾਂ ਨੇ ਉਸ ਨੂੰ ਅਦਾਲਤ ਸਮਾਪਤ ਹੋਣ ਤਕ ਖੜ੍ਹੇ ਰਹਿਣ ਅਤੇ 1000 ਰੁਪਏ ਦਾ ਜੁਰਮਾਨਾ ਲਗਾ ਕੇ ਮਾਮਲਾ ਖਤਮ ਕਰ ਦਿੱਤਾ। ਇਸ ਮੌਕੇ ’ਤੇ ਭਾਗਮਲ ਨੇ ਸਹੁੰ ਖਾਧੀ ਕਿ ਉਹ ਅੱਗੇ ਤੋਂ ਕੋਈ ਗਲਤ ਕੰਮ ਨਹੀਂ ਕਰੇਗਾ ਅਤੇ ਮਿਹਨਤ-ਮਜ਼ਦੂਰੀ ਕਰ ਕੇ ਬੱਚੇ ਪਾਲੇਗਾ।

* 16 ਜਨਵਰੀ, 2025 ਨੂੰ ‘ਬਾਂਬੇ ਹਾਈ ਕੋਰਟ’ ਦੇ ਜਸਟਿਸ ਰਾਜੇਸ਼ ਪਾਟਿਲ ਨੇ ਬਿਨਾਂ ਲਾਇਲੈਂਸ ਅਤੇ ਬਿਨਾਂ ਹੈਲਮੇਟ ਦੇ ਮੋਟਰਸਾਈਕਲ ਚਲਾਉਣ ਦੇ ਦੋਸ਼ੀ ਪਾਏ ਗਏ ਇਕ ਨੌਜਵਾਨ ਨੂੰ ‘ਮੁੰਬਈ ਦੇ ਸਰਕਾਰੀ ਹਸਪਤਾਲ’ ਵਿਚ ਇਲਾਜ ਅਧੀਨ ਰੋਗੀਆਂ ਦੀ 4 ਐਤਵਾਰਾਂ ਨੂੰ ਸੇਵਾ ਕਰਨ ਦੀ ਸਜ਼ਾ ਸੁਣਾਈ ਤਾਂ ਕਿ ਉਸ ਨੂੰ ਇਸ ਗੱਲ ਅਹਿਸਾਸ ਹੋ ਸਕੇ ਕਿ ਬੀਮਾਰ ਅਤੇ ਹਾਦਸਾਗ੍ਰਸਤ ਲੋਕਾਂ ਨੂੰ ਕਿੰਨਾ ਦੁੱਖ ਝੱਲਣਾ ਪੈਂਦਾ ਹੈ।

* 22 ਜਨਵਰੀ, 2025 ਨੂੰ ਉੜੀਸਾ ਹਾਈ ਕੋਰਟ ਦੇ ਜੱਜ ਸ਼ਿਵ ਸ਼ੰਕਰ ਮਿਸ਼ਰਾ ਨੇ ਇਕ ਜਮਾਤੀ ਨਾਲ ਕੁੱਟਮਾਰ ਕਰਨ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ 5 ਕਾਲਜ ਵਿਦਿਆਰਥੀਆਂ ਵਿਰੁੱਧ ਦਰਜ ਐੱਫ. ਆਈ. ਆਰ. ਸ਼ਰਤਾਂ ਸਮੇਤ ਰੱਦ ਕਰਦੇ ਹੋਏ ਉਨ੍ਹਾਂ ਨੂੰ ਕਟਕ ਦੀ ‘ਚੂੜਾਵਰ ਜੇਲ’ ਦਾ ਦੌਰਾ ਕਰਨ ਦਾ ਹੁਕਮ ਦਿੱਤਾ ਤਾਂ ਕਿ ਉਹ ਸਮਝ ਸਕਣ ਕਿ ਕੈਦੀਆਂ ਨੂੰ ਕਿਸ ਤਰ੍ਹਾਂ ਦੀ ਹਾਲਤ ਵਿਚ ਰਹਿਣਾ ਪੈਂਦਾ ਹੈ ਅਤੇ ਜੇਕਰ ਉਨ੍ਹਾਂ ਨੂੰ ਜੇਲ ਦੀ ਸਜ਼ਾ ਦੇ ਦਿੱਤੀ ਜਾਂਦੀ ਤਾਂ ਉਨ੍ਹਾਂ ’ਤੇ ਕੀ ਗੁਜ਼ਰਦੀ।

ਇਨ੍ਹਾਂ ਮਾਮਲਿਆਂ ਵਿਚ ਮਾਣਯੋਗ ਜੱਜਾਂ ਨੇ ਦੋਸ਼ੀਆਂ ਨੂੰ ਇਸ ਤਰ੍ਹਾਂ ਦੀਆਂ ਅਨੋਖੀਆਂ ਸਜ਼ਾਵਾਂ ਦੇ ਕੇ ਇਕ ਨਵੀਂ ਕਿਸਮ ਦੀ ਨਿਆਂ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ। ਜਿਥੇ ਹਲਕੀਆਂ-ਫੁਲਕੀਆਂ ਲੱਗਣ ਵਾਲੀਆਂ ਇਹ ਸਜ਼ਾਵਾਂ ਦੋਸ਼ੀਆਂ ਦੇ ਮਨ ਵਿਚ ਪਸ਼ਚਾਤਾਪ ਦੀ ਭਾਵਨਾ ਦਾ ਸੰਚਾਰ ਕਰਨ ਵਾਲੀਆਂ ਹਨ, ਉਥੇ ਹੀ ਉਨ੍ਹਾਂ ਨੂੰ ਚੰਗੇ ਕੰਮਾਂ ਲਈ ਪ੍ਰੇਰਣਾ ਦੇਣ ਵਾਲੀਆਂ ਵੀ ਹਨ।

-ਵਿਜੇ ਕੁਮਾਰ


author

Harpreet SIngh

Content Editor

Related News