ਰਾਏਬਰੇਲੀ ’ਚ ਕਾਂਗਰਸ ਦਾ ਵਿਦਰੋਹੀ ਰਵੱਈਆ

10/07/2019 1:49:44 AM

ਰਾਹਿਲ ਨੋਰਾ ਚੋਪੜਾ

ਉਹ ਦਿਨ ਨਹੀਂ ਰਹੇ, ਜਦੋਂ ਸ਼ਾਇਦ ਹੀ ਕੋਈ ਨੇਤਾ ਆਪਣੀ ਪਾਰਟੀ ਛੱਡ ਕੇ ਸੱਤਾਧਾਰੀ ਪਾਰਟੀ ਨਾਲ ਹੱਥ ਮਿਲਾਉਂਦਾ ਸੀ ਪਰ ਇਨ੍ਹੀਂ ਦਿਨੀਂ ਆਪਣੀ ਪਾਰਟੀ ਛੱਡ ਕੇ ਸੱਤਾਧਾਰੀ ਪਾਰਟੀ ’ਚ ਸ਼ਾਮਿਲ ਹੋਣਾ ਸਿਆਸਤਦਾਨਾਂ ਲਈ ਪ੍ਰਤੀਕ ਚਿੰਨ੍ਹ ਬਣ ਗਿਆ ਹੈ। ਇਹ ਉੱਤਰ ਪ੍ਰਦੇਸ਼ ’ਚ ਇਕ ਫੈਸ਼ਨ ਬਣ ਗਿਆ ਹੈ। ਹਾਲ ਹੀ ’ਚ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਦੇ ਮੌਕੇ ’ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਅਤੇ ਵਿਰੋਧੀ ਦਲਾਂ ਨੇ ਇਸ ਦਾ ਬਾਈਕਾਟ ਕੀਤਾ ਪਰ ਬਸਪਾ ਵਿਧਾਇਕ ਅਸਲਮ ਰਾਇਨੀ ਪਾਰਟੀ ਦੇ ਨਿਰਦੇਸ਼ਾਂ ਦੀ ਪਰਵਾਹ ਨਾ ਕਰਦੇ ਹੋਏ ਨਾ ਸਿਰਫ ਸਦਨ ’ਚ ਹਾਜ਼ਰ ਹੋਏ, ਸਗੋਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਖੂਬ ਵਧ-ਚੜ੍ਹ ਕੇ ਸ਼ਲਾਘਾ ਕੀਤੀ।

ਦੂਜੇ, ਰਾਕੇਸ਼ ਸਿੰਘ ਅਤੇ ਅਦਿਤੀ ਸਿੰਘ, ਜੋ ਕਾਂਗਰਸ ਵਿਧਾਇਕ ਹਨ, ਨੇ ਕਾਂਗਰਸ ਪਾਰਟੀ ਵਲੋਂ ਬਾਈਕਾਟ ਦੇ ਬਾਵਜੂਦ ਸੈਸ਼ਨ ’ਚ ਹਿੱਸਾ ਲਿਆ। ਅਦਿਤੀ ਸਿੰਘ ਰਾਏਬਰੇਲੀ ਤੋਂ ਵਿਧਾਇਕਾ ਅਤੇ ਇਥੋਂ ਹੀ ਸਾਬਕਾ ਕਾਂਗਰਸ ਵਿਧਾਇਕ ਅਖਿਲੇਸ਼ ਸਿੰਘ ਦੀ ਬੇਟੀ ਹੈ। ਅਦਿਤੀ ਸਿੰਘ ਸਦਨ ’ਚ ਸਭ ਤੋਂ ਨੌਜਵਾਨ ਵਿਧਾਇਕਾ ਹੈ। ਮਈ ਵਿਚ ਕੁਝ ਲੋਕਾਂ ਨੇ ਰਾਏਬਰੇਲੀ ’ਚ ਉਨ੍ਹਾਂ ’ਤੇ ਹਮਲਾ ਕੀਤਾ ਸੀ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ, ਜਿਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ ਪਰ ਵੀਰਵਾਰ ਨੂੰ ਉਹ ਰਾਏਬਰੇਲੀ ’ਚ ਪ੍ਰਿਯੰਕਾ ਗਾਂਧੀ ਦੇ ਦੌਰੇ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸਦਨ ’ਚ ਸ਼ਾਮਿਲ ਹੋਈ, ਜਿੱਥੇ ਉਸ ਨੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ ਅਤੇ ਉਸੇ ਦਿਨ ਉਸ ਨੂੰ ਵਾਈ-ਪਲੱਸ ਸੁਰੱਖਿਆ ਮਿਲ ਗਈ। ਇਸੇ ਤਰ੍ਹਾਂ ਜਦੋਂ ਸ਼ਿਵਪਾਲ ਯਾਦਵ ਸਦਨ ’ਚ ਦਾਖਲ ਹੋਏ ਤਾਂ ਭਾਜਪਾ ਵਿਧਾਇਕਾਂ ਨੇ ਜ਼ੋਰਦਾਰ ਢੰਗ ਨਾਲ ਉਨ੍ਹਾਂ ਦਾ ਸਵਾਗਤ ਕੀਤਾ।

ਠਾਕਰੇ ਪਰਿਵਾਰ ਮੈਦਾਨ ’ਚ

ਵੀਰਵਾਰ ਨੂੰ ਆਦਿੱਤਿਆ ਠਾਕਰੇ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਵਰਲੀ ਚੋਣ ਖੇਤਰ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੇ ਸਮੇਂ ਸ਼ਿਵ ਸੈਨਾ ਦੇ ਲੱਗਭਗ ਸਾਰੇ ਸੀਨੀਅਰ ਨੇਤਾ ਹਾਜ਼ਰ ਸਨ। ਆਦਿੱਤਿਆ ਠਾਕਰੇ ਪਰਿਵਾਰ ’ਚੋਂ ਪਹਿਲਾ ਵਿਅਕਤੀ ਹੈ, ਜਿਸ ਨੇ ਆਪਣਾ ਨਾਮਜ਼ਦਗੀ ਪੱਤਰ ਭਰਿਆ ਹੈ। ਉਨ੍ਹਾਂ ਨੇ ਇਕ ਬੀ. ਐੱਮ. ਡਬਲਯੂ. ਕਾਰ ਦੇ ਨਾਲ 16 ਕਰੋੜ ਰੁਪਏ ਦੀ ਜਾਇਦਾਦ ਐਲਾਨੀ ਹੈ। ਉਨ੍ਹਾਂ ਨੇ ਖ਼ੁਦ ਨੂੰ ਇਕ ਕਾਰੋਬਾਰੀ ਦੱਸਿਆ ਅਤੇ ਅੰਤਿਮ ਆਮਦਨ ਕਰ ਰਿਟਰਨ ਦੇ ਲਿਹਾਜ਼ ਨਾਲ ਉਨ੍ਹਾਂ ਦੀ ਕੁਲ ਆਮਦਨ 26.3 ਲੱਖ ਰੁਪਏ ਹੈ। ਉਨ੍ਹਾਂ ਦੇ ਪਿਤਾ ਅਤੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਜੇਕਰ ਉਨ੍ਹਾਂ ਦਾ ਗੱਠਜੋੜ ਬਹੁਮਤ ਜਿੱਤਿਆ ਤਾਂ ਆਦਿੱਤਿਆ ਸ਼ਿਵ ਸੈਨਾ ਵਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ। ਜਿੱਥੇ ਆਦਿੱਤਿਆ ਦੇ ਦਾਦਾ ਹਮੇਸ਼ਾ ਹੀ ਪਰਿਵਾਰਕ ਮੈਂਬਰਾਂ ਨੂੰ ਚੋਣ ਲੜਨ ਤੋਂ ਰੋਕਦੇ ਰਹੇ, ਉਥੇ ਹੀ ਊਧਵ ਠਾਕਰੇ ਨੇ ਬੀਤੇ ਹਫਤੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਪਿਤਾ ਕਿਸੇ ਸ਼ਿਵ ਸੈਨਿਕ ਨੂੰ ਮਹਾਰਾਸ਼ਟਰ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਸਨ।

ਹਰੀਸ਼ ਰਾਵਤ ਸੀ. ਬੀ. ਆਈ. ਦੇ ਸ਼ਿਕੰਜੇ ’ਚ

ਇਕ ਸਟਿੰਗ ਆਪ੍ਰੇਸ਼ਨ, ਜਿਸ ਵਿਚ ਹਰੀਸ਼ ਰਾਵਤ ਨੂੰ ਵਿਧਾਇਕਾਂ ਦੀ ਖਰੀਦੋ-ਫਰੋਖਤ ਕਰਦੇ ਦਿਖਾਇਆ ਗਿਆ ਸੀ, ਨੂੰ ਲੈ ਕੇ ਉੱਤਰਾਖੰਡ ਹਾਈਕੋਰਟ ਵਲੋਂ ਸੀ. ਬੀ. ਆਈ. ਨੂੰ ਰਾਵਤ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਦੀ ਇਜਾਜ਼ਤ ਦੇਣ ਦੀ ਮਨਜ਼ੂਰੀ ਤੋਂ ਬਾਅਦ ਉੱਤਰਾਖੰਡ ਭਾਜਪਾ ਇਸ ਮਾਮਲੇ ’ਚ ਅਸਹਿਜ ਦਿਖਾਈ ਦਿੰਦੀ ਹੈ ਅਤੇ ਉਹ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਭਾਜਪਾ ਦੀ ਇਸ ਮਾਮਲੇ ’ਚ ਕੋਈ ਭੂਮਿਕਾ ਹੈ। ਸੂਬਾਈ ਪਾਰਟੀ ਪ੍ਰਧਾਨ ਅਜੈ ਭੱਟ ਨੇ ਇਕ ਬਿਆਨ ਦਿੱਤਾ ਹੈ ਕਿ ਹਰੀਸ਼ ਰਾਵਤ ਦੇ ਵਿਰੁੱਧ ਕੇਸ ਦਰਜ ਕਰਵਾਉਣ ’ਚ ਭਾਜਪਾ ਦੀ ਕੋਈ ਭੂਮਿਕਾ ਨਹੀਂ ਹੈ। ਸ਼ੁਰੂ ਵਿਚ ਹਰੀਸ਼ ਰਾਵਤ ਇਸ ਦੋਸ਼ ਤੋਂ ਖ਼ੁਦ ਨੂੰ ਬਚਾਉਣ ਦਾ ਯਤਨ ਕਰ ਰਹੇ ਸਨ ਪਰ ਹੁਣ ਉਹ ਉੱਤਰਾਖੰਡ ਦੇ ਲੋਕਾਂ ਦੀ ਹਮਦਰਦੀ ਹਾਸਿਲ ਕਰਨ ਲਈ ਜੇਲ ਜਾਣਾ ਚਾਹੁੰਦੇ ਹਨ। ਵਿਰੋਧੀ ਕਾਂਗਰਸੀ ਨੇਤਾ ਹੁਣ ਇਸ ਮਾਮਲੇ ’ਚ ਹਰੀਸ਼ ਰਾਵਤ ਦਾ ਸਮਰਥਨ ਕਰ ਰਹੇ ਹਨ। ਸੂਬਾਈ ਕਾਂਗਰਸ ਪ੍ਰਧਾਨ ਪ੍ਰੀਤਮ ਸਿੰਘ ਅਤੇ ਵਿਧਾਨ ਸਭਾ ’ਚ ਅਪੋਜ਼ੀਸ਼ਨ ਦੀ ਨੇਤਾ ਇੰਦਰਾ ਹਿਰਦੇਸ਼ ਹੁਣ ਐਲਾਨ ਕਰ ਰਹੀ ਹੈ ਕਿ ਭਾਜਪਾ ਕੇਸ ’ਚ ਹਰੀਸ਼ ਰਾਵਤ ਨੂੰ ਲਪੇਟਣਾ ਚਾਹੁੰਦੀ ਹੈ। ਉੱਤਰਾਖੰਡ ਦੇ ਭਾਜਪਾ ਨੇਤਾ ਹੁਣ ਆਪਣੀ ਦਿਖ ਬਚਾਉਣ ਦਾ ਯਤਨ ਕਰ ਰਹੇ ਹਨ ਕਿਉਂਕਿ ਹਰੀਸ਼ ਰਾਵਤ ਨੂੰ ਦਿਨ-ਬ-ਦਿਨ ਹਮਦਰਦੀ ਮਿਲਦੀ ਜਾ ਰਹੀ ਹੈ।

ਪ੍ਰਚਾਰਕ ਸਿੱਧੂ ਬਾਹਰ

ਲੋਕ ਸਭਾ ਚੋਣਾਂ ’ਚ ਕਾਂਗਰਸ ਦੇ ਸਟਾਰ ਪ੍ਰਚਾਰਕਾਂ ’ਚੋਂ ਇਕ ਸਨ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ। ਪਾਰਟੀ ਦੀਆਂ ਸੂਬਾਈ ਇਕਾਈਆਂ ਪ੍ਰਚਾਰ ਲਈ ਪੰਜਾਬ ਦੇ ਇਸ ਹਾਜ਼ਿਰ ਜੁਆਬ ਸਿਆਸਤਦਾਨ ਨੂੰ ਲੈਣ ਲਈ ਉਤਾਵਲੀਆਂ ਸਨ। ਹੁਣ ਹਾਲਾਤ ਬਦਲ ਗਏ ਹਨ ਅਤੇ ਉਨ੍ਹਾਂ ਦਾ ਨਾਂ ਗੁਆਂਢੀ ਹਰਿਆਣਾ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ’ਚ ਨਹੀਂ ਹੈ। ਭਾਵੇਂ ਹਰਿਆਣਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ, ਜਿਨ੍ਹਾਂ ਨੇ ਪਾਰਟੀ ਵਿਰੁੱਧ ਬਗ਼ਾਵਤ ਦਾ ਝੰਡਾ ਚੁੱਕ ਲਿਆ ਹੈ, ਸੂਚੀ ’ਚ ਹਨ, ਜੋ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਸੌਂਪੀ ਹੈ। ਹਾਲਾਂਕਿ ਸਿੱਧੂ ਹਰਿਆਣਾ ’ਚ ਲੋਕਪ੍ਰਿਯ ਹਨ ਅਤੇ ਅਸ਼ੋਕ ਤੰਵਰ ਨੇ ਹੁਣ ਸ਼ਨੀਵਾਰ ਨੂੰ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।

ਭਾਜਪਾ ਨੇ ਬਿਹਾਰ ’ਚ ਪੱਛੜਿਆਂ ਨੂੰ ਨਜ਼ਰਅੰਦਾਜ਼ ਕੀਤਾ

ਬਿਹਾਰ ਦੀ ਰਾਜਨੀਤੀ ਦੇ ਪੱਛੜੀਆਂ ਜਾਤੀਆਂ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਣ ਦੇ ਕਾਰਣ ਸੂਬਾਈ ਭਾਜਪਾ ਦਾ ÂÂਇਕ ਵਰਗ ਉਪਰੀ ਸਦਨ ’ਚ ਕਿਸੇ ਓ. ਬੀ. ਸੀ./ਦਲਿਤ ਨੂੰ ਭੇਜ ਕੇ ਆਪਣਾ ਪ੍ਰਭਾਵ ਵਧਾਉਣ ਲਈ ਬਹੁਤ ਉਤਸੁਕ ਹੈ। ਬਿਹਾਰ ਤੋਂ ਰਾਜ ਸਭਾ ’ਚ ਮੌਜੂਦਾ ਭਾਜਪਾ ਸੰਸਦ ਮੈਂਬਰ ਗੋਪਾਲ ਸਿੰਘ ਨਾਰਾਇਣ, ਆਰ. ਕੇ. ਸਿਨ੍ਹਾ ਅਤੇ ਸੀ. ਪੀ. ਠਾਕੁਰ ਹਨ, ਜੋ ਸਾਰੇ ਉੱਚ ਜਾਤੀ ਫਿਰਕੇ ਤੋਂ ਹਨ, ਹਾਲਾਂਕਿ ਵੀਰਵਾਰ ਨੂੰ ਜਦੋਂ ਪਾਰਟੀ ਨੇ ਉਪ-ਚੋਣ ਲਈ ਨਾਮਜ਼ਦਗੀਆਂ ਦਾ ਐਲਾਨ ਕੀਤਾ, ਜਿਸਦੇ ਲਈ ਪਾਰਟੀ ਆਪਣੇ ਉਮੀਦਵਾਰਾਂ ਦੇ ਸਮਰਥਨ ਲਈ ਸਹਿਯੋਗੀ ਜਦ (ਯੂ) ਨੂੰ ਸਹਿਮਤ ਕਰਨ ’ਚ ਸਫਲ ਰਹੀ, ਉਹ ਆਸਾਂ ਚਕਨਾਚੂਰ ਹੋ ਗਈਆਂ। ਭਾਜਪਾ ਨੇ ਸਤੀਸ਼ ਦੂਬੇ ਨੂੰ ਨਾਮਜ਼ਦ ਕੀਤਾ। ਉੱਤਰ ਪ੍ਰਦੇਸ਼ ’ਚ ਵੀ ਅਰੁਣ ਜੇਤਲੀ ਦੇ ਦੇਹਾਂਤ ਨਾਲ ਖਾਲੀ ਸੀਟ ’ਤੇ ਭਾਜਪਾ ਨੇ ਇਕ ਹੋਰ ਬ੍ਰਾਹਮਣ ਨੇਤਾ ਸੁਧਾਂਸ਼ੂ ਤ੍ਰਿਵੇਦੀ ਨੂੰ ਨਾਮਜ਼ਦ ਕੀਤਾ।


Bharat Thapa

Content Editor

Related News