ਗਾਜ਼ਾ ’ਚ ਇਜ਼ਰਾਈਲੀ ਕਤਲੇਆਮ ਨੇ ਸੁੰਨੀ ਅਰਬਾਂ ਨੂੰ ਕਮਜ਼ੋਰ ਕਰ ਦਿੱਤਾ

Friday, Oct 18, 2024 - 05:45 PM (IST)

ਦੱਖਣੀ ਲਿਬਨਾਨ ’ਚ ਯੂਨੀਫਿਲ (ਸੰਯੁਕਤ ਰਾਸ਼ਟਰ ਅੰਤਰਿਮ ਬਲ) ਦੇ ਠਿਕਾਣਿਆਂ ’ਤੇ ਇਜ਼ਰਾਈਲੀ ਹਮਲੇ ਇਕ ਖਾਸ ਤਰ੍ਹਾਂ ਦੀ ਯਾਦ ਦਿਵਾਉਂਦੇ ਹਨ। ਫੋਰਸ ਦੇ ਨਾਲ ਇਕ ਯਾਦਗਾਰੀ ਜ਼ਿੰਮੇਵਾਰੀ ਕਈ ਸਾਲ ਪਹਿਲਾਂ ਦੇ ਭਰਮਾਊ ਸ਼ਾਂਤੀਪੂਰਨ ਦੌਰ ਦੀ ਯਾਦ ਦਿਵਾਉਂਦੀ ਹੈ।

ਮੇਰਾ ਟੀ. ਵੀ. ਕਰੂ ਅਤੇ ਮੈਂ ਮੁੱਖ ਤੌਰ ’ਤੇ 900 ਮਜ਼ਬੂਤ ਭਾਰਤੀ ਬਟਾਲੀਅਨ ’ਤੇ ਧਿਆਨ ਕੇਂਦ੍ਰਿਤ ਕਰ ਰਹੇ ਸੀ, ਜੋ ਲਿਬਨਾਨ ਲਈ 10,000 ਮਜ਼ਬੂਤ ਸੰਯੁਕਤ ਰਾਸ਼ਟਰ ਅੰਤਰਿਮ ਬਲ ਦਾ ਮੂਲ ਸੀ, ਜਿਸ ’ਚ ਲਗਭਗ 40 ਦੇਸ਼ਾਂ ਦੇ ਕਰਮਚਾਰੀ ਸ਼ਾਮਲ ਸਨ, ਜਦੋਂ ਕਿ ਭਾਰਤੀ ਬਟਾਲੀਅਨ ਦੀ ਆਪਣੀ ਚੇਨ ਆਫ਼ ਕਮਾਂਡ ਸੀ। ਸਮੁੱਚੀ ਫੋਰਸ ਦੇ ਕਮਾਂਡਰ ਮੇਜਰ ਜਨਰਲ ਲਲਿਤ ਮੋਹਨ ਤਿਵਾੜੀ ਸਨ, ਜੋ ਇਕ ਲੰਬੇ ਕੱਦ ਦੇ ਐਥਲੈਟਿਕ ਆਦਮੀ ਸਨ।

ਯੂਨੀਫਿਲ ਦਾ ਮੁੱਖ ਦਫਤਰ ਨਕੋਰਾ ਸ਼ਹਿਰ ’ਚ ਸੀ। ਭਾਵੇਂ ਹੈੱਡਕੁਆਰਟਰ ਦੱਖਣੀ ਲਿਬਨਾਨ ’ਚ ਸੀ ਪਰ ਹੈਫਾ ’ਚ ਫੋਰਸ ਕਮਾਂਡਰ ਦੀ ਰਿਹਾਇਸ਼ ਨੇ ਇਜ਼ਰਾਈਲੀਆਂ ਨੂੰ ਕੰਟਰੋਲ ਦੀ ਭਾਵਨਾ ਦਿੱਤੀ। ਕਿਸੇ ਵੀ ਹਾਲਤ ’ਚ, ਤਿਵਾੜੀ ਦੀ ਇਕ ਸੰਵੇਦਨਸ਼ੀਲ ਅਹੁਦੇ ’ਤੇ ਨਿਯੁਕਤੀ ਇਜ਼ਰਾਈਲ ਦੇ ਸਰਪ੍ਰਸਤਾਂ, ਅਮਰੀਕੀਆਂ ਦੀ ਮਨਜ਼ੂਰੀ ਤੋਂ ਬਿਨਾਂ ਸੰਭਵ ਨਹੀਂ ਸੀ।

ਨਵੀਂ ਦਿੱਲੀ ’ਚ ਇਜ਼ਰਾਈਲੀ ਦੂਤਾਵਾਸ 1992 ’ਚ ਖੋਲ੍ਹਿਆ ਗਿਆ ਸੀ। ਇਸ ਤੋਂ ਬਾਅਦ ਕੁਝ ਸਾਲ ਸੁਸਤ ਰਹੇ, ਜਿਸ ’ਚ ਸ਼ਿਮੋਨ ਪੇਰੇਸ ਦੀ ਰਹੱਸਮਈ ਟਿੱਪਣੀ ਸਾਹਮਣੇ ਆਈ। ਉਨ੍ਹਾਂ ਨੇ ਕਿਹਾ ਸੀ ਕਿ ਭਾਰਤ-ਇਜ਼ਰਾਈਲ ਸੰਬੰਧ ਫਰਾਂਸੀਸੀ ਇਤਰ ਵਾਂਗ ਹਨ, ਜਿਨ੍ਹਾਂ ਨੂੰ ਸੁੰਘਿਆ ਜਾਣਾ ਚਾਹੀਦਾ ਹੈ ਨਾ ਕਿ ਪੀਤਾ ਜਾਣਾ ਚਾਹੀਦਾ ਹੈ। ਕੀ ਸ਼ਿਮੋਨ ਪੇਰੇਸ ਨੇ ਬਹੁਤ ਜਲਦੀ ਬੋਲ ਦਿੱਤਾ ਸੀ?

ਇਹ ਧਾਰਨਾ ਕਿ ਯੂਨੀਫਿਲ ਦੇ ਅਧੀਨ ਆਉਣ ਵਾਲਾ ਪੂਰਾ ਖੇਤਰ ਸਿਰਫ ਸ਼ੀਆ ਹੈ, ਗਲਤ ਹੈ। ਹਾਂ ਵਧੇਰੇ ਖੇਤਰ ਸ਼ੀਆ ਅਤੇ ਸੰਭਵ ਤੌਰ ’ਤੇ ਹਿਜ਼ਬੁੱਲਾ ਹੈ ਪਰ ਈਸਾਈ ਮੇਅਰਾਂ ਦੀ ਦੇਖ-ਰੇਖ ’ਚ ਕਈ ਪਿੰਡ ਹਨ।

ਭਾਰਤੀ ਬਟਾਲੀਅਨ ਇਕ ਅਜਿਹੇ ਪਿੰਡ ’ਚ ਸੀ, ਜਿਸ ਦੇ ਮੇਅਰ ਬਾਰੇ ਅਸੀਂ ਸੋਚਿਆ ਸੀ ਕਿ ਉਹ ਸ਼ੀਆ ਹੈ ਜਦ ਤਕ ਕਿ ਉਸ ਨੇ ਸਾਨੂੰ ਇਕ ਸ਼ਾਮ ਇਹ ਲੈਕਚਰ ਨਹੀਂ ਦਿੱਤਾ ਕਿ ਕਿਵੇਂ ਉਸ ਦਾ ਪਿੰਡ ਇਤਿਹਾਸ ’ਚ ਦੁਨੀਆ ਦੀ ਸਭ ਤੋਂ ਚੰਗੀ ਅਰਕ ਬਣਾਉਣ ਵਾਲੀ ਥਾਂ ਦੇ ਰੂਪ ’ਚ ਜਾਣਿਆ ਜਾਂਦਾ ਹੈ।

ਭਿਆਨਕ ਲੜਾਈ ਦੇ ਕਾਰਨ ਆਈ. ਡੀ. ਐੱਫ. ਨੂੰ ‘ਨਰਮ’ ਬਿੰਦੂਆਂ ਦੀ ਭਾਲ ਕਰਨੀ ਪੈ ਰਹੀ ਹੈ, ਜਿਥੋਂ ਘੁਸਪੈਠ ਕੀਤੀ ਜਾ ਸਕੇ। ਤਿਵਾੜੀ ਨੇ 2002 ’ਚ ਯੂਨੀਫਿਲ ਦੀ ਕਮਾਨ ਸੰਭਾਲੀ ਸੀ, ਜਦੋਂ ਬਲੂ ਲਾਈਨ ਸ਼ਾਂਤ ਸੀ। ਇਜ਼ਰਾਈਲ ਅਮਰੀਕਾ ਦੇ ਇਕੋ-ਇਕ ਮਹਾਸ਼ਕਤੀ ਬਣਨ ਦੇ ਪਲ ਦਾ ਆਨੰਦ ਲੈ ਰਿਹਾ ਸੀ, ਜੋ ਕਿ ਅਫਸੋਸ, ਬਹੁਤ ਪਹਿਲਾਂ ਬੀਤ ਚੁੱਕਾ ਹੈ।

ਅੱਜ ਯੂਨੀਫਿਲ ਨੂੰ ਸਿਰਫ ਇਸ ਲਈ ਨਹੀਂ ਹਟਾਇਆ ਜਾ ਸਕਦਾ ਕਿਉਂਕਿ ਇਜ਼ਰਾਈਲ ਨੂੰ ਇਹ ਗੈਰ-ਸੁਵਿਧਾਜਨਕ ਲੱਗਦਾ ਹੈ। ਅਸਲ ’ਚ, 2006 ’ਚ ਹਿਜ਼ਬੁੱਲਾ ਦੇ ਨਾਲ ਜੰਗ ਦੌਰਾਨ ਵੀ, ਜਦੋਂ ਅਮਰੀਕੀ ਦਬਦਬਾ ਅਜੇ ਵੀ ਬਰਕਰਾਰ ਸੀ, ਇਜ਼ਰਾਈਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੈਂ ਕਹਾਣੀ ਨੂੰ ਅੱਗੇ ਵਧਾਵਾਂਗਾ ਪਰ ਮੈਂ ਸੰਖੇਪ ’ਚ ਤਿਵਾੜੀ ਦੀ ਗੱਲ ’ਤੇ ਪਰਤਦਾ ਹਾਂ।

ਤਿਵਾੜੀ ਨੇ ਇਜ਼ਰਾਈਲ ਅਤੇ ਹਿਜ਼ਬੁੱਲਾ ਦੋਵਾਂ ਪੱਖਾਂ ਨਾਲ ਇਕ ਭਰੋਸੇਯੋਗ ਵਤੀਰਾ ਕੀਤਾ। ਅਸਲ ’ਚ ਉਨ੍ਹਾਂ ਨੇ ਹਿਜ਼ਬੁੱਲਾ ਸੁਪਰੀਮੋ ਹਸਨ ਨਸਰੱਲ੍ਹਾ ਨਾਲ ਮਿਲਣ ਲਈ ਮੇਰੇ ਮਾਮਲੇ ਨੂੰ ਬਹੁਤ ਉਤਸ਼ਾਹਪੂਰਵਕ ਅੱਗੇ ਵਧਾਇਆ। ਕੀ ਉਹ ਸਫਲ ਹੋਏ? ਅਸੀਂ ਦੇਖਾਂਗੇ।

ਹਾਲ ਹੀ ’ਚ ਕਾਫੀ ਚਰਚਾ ’ਚ ਰਹੇ ਦਹੀਹ ਦੇ ਇਕ ਗੁੰਮਨਾਮ ਅਪਾਰਟਮੈਂਟ ਬਲਾਕ ’ਚ ਇਹ ਇਕ ਘੁੰਡ ਅਤੇ ਖੰਜਰ ਵਾਲਾ ਦ੍ਰਿਸ਼ ਸ਼ੁਰੂ ਹੋਇਆ। ਇਕ ਚਲਾਕ ਨੌਜਵਾਨ ਜਿਸ ਦੀ ਦਾੜ੍ਹੀ ਕੱਟੀ ਹੋਈ ਸੀ, ਮੈਨੂੰ ਦੂਸਰੇ ਦਰਵਾਜ਼ੇ ਤੋਂ ਬਾਹਰ ਕੱਢ ਕੇ ਇਕ ਹੋਰ ਵੱਡੀ ਕਾਰ ’ਚ ਲੈ ਗਿਆ। ਉਸ ਨੇ ਮੁਆਫੀ ਮੰਗੀ ਕਿ ਸਾਡੀ ਕੈਮਰਾ ਟੀਮ ਨੂੰ ਮੇਰੇ ਨਾਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।

ਇਕ ਅਪਾਰਟਮੈਂਟ ਦੇ ਗ੍ਰਾਊਂਡ ਫਲੋਰ ਤੋਂ ਲੰਘਦੇ ਹੋਏ ਆਖਿਰਕਾਰ ਮੈਨੂੰ ਇਕ ਵੱਡੇ ਪਰਦੇ ਨਾਲ ਵੰਡੇ ਹੋਏ ਤਹਿਖਾਨੇ ’ਚ ਲਿਜਾਇਆ ਗਿਆ। ਮੈਨੂੰ ਇੰਟਰਵਿਊ ਲਈ ਕਾਫੀ ਸਾਦੇ ਢੰਗ ਨਾਲ ਲਾਏ 2 ਸੋਫਿਆਂ ’ਚੋਂ ਇਕ ’ਤੇ ਬੈਠਣ ਦਾ ਸੱਦਾ ਦਿੱਤਾ ਗਿਆ। ਅਖੀਰ ’ਚ ਇਕ ਦਇਆਵਾਨ ਦਿਸਣ ਵਾਲਾ ਆਦਮੀ, ਚਿੱਟੀ ਦਾੜ੍ਹੀ, ਭੂਰੇ ਰੰਗ ਦਾ ਗਾਊਨ ਅਤੇ ਚਿੱਟੀ ਪੱਗ ਬੰਨ੍ਹੀ ਮੇਰੇ ਸਾਹਮਣੇ ਆ ਕੇ ਬੈਠ ਗਿਆ।

ਮੈਂ ਤੁਰੰਤ ਆਪਣੇ ਪੈਰਾਂ ’ਤੇ ਖੜ੍ਹੇ ਹੋ ਕੇ ਸੋਚਿਆ ਅਤੇ ਉਹ ਬੇਤੁਕਾ ਸਵਾਲ ਪੁੱਛਣ ਤੋਂ ਪ੍ਰਹੇਜ਼ ਕੀਤਾ ਜੋ ਮੇਰੇ ਢਿੱਡ ’ਚ ਮਰੋੜ ਪੈਦਾ ਕਰ ਰਿਹਾ ਸੀ, ‘ਸਈਅਦ ਹਸਨ ਨਸਰੱਲ੍ਹਾ ਕਿਥੇ ਹਨ?’ ਦਹੀਹ ’ਚ ਮੇਰੇ ਅਪਾਰਟਮੈਂਟ ਬਲਾਕ ਦੀ ਕੋਰੀਓਗ੍ਰਾਫੀ ਇਹ ਧਾਰਨਾ ਬਣਾਵੇਗੀ ਕਿ ਹਿਜ਼ਬੁੱਲਾ ਸੁਪਰੀਮੋ ਨਾਲ ਇਕ ਇੰਟਰਵਿਊ ਹੋਣ ਵਾਲੀ ਹੈ। ਇਹ ਇਕ ਤਰ੍ਹਾਂ ਨਾਲ ਹੌਸਲਾ ਵਧਾਊ ਇਨਾਮ ਸੀ ਕਿ ਨਸਰੱਲ੍ਹਾ ਨਹੀਂ, ਸਮੂਹ ਦੇ ਸ਼ੁਰੂਆਤੀ ਦਿਨਾਂ ਤੋਂ ਨਸਰੱਲ੍ਹਾ ਦੇ ਡਿਪਟੀ ਨਈਮ ਕਾਸਿਮ ਨਾਲ ਮੇਰੀ ਇੰਟਰਵਿਊ ਹੋਵੇਗੀ।

2002 ’ਚ ਨਸਰੱਲ੍ਹਾ ਬਿਨਾਂ ਸ਼ੱਕ ਇਕ ਕ੍ਰਿਸ਼ਮਈ ਵਿਅਕਤੀ ਸਨ ਪਰ 2006 ਦੀ ਜੰਗ ’ਚ ਹਿਜ਼ਬੁੱਲਾ ਦੀਆਂ ਸਫਲਤਾਵਾਂ ਪਿੱਛੋਂ ਉਹ ਮੁਸਲਿਮ ਦੁਨੀਆ ’ਚ ਇਕ ਵੱਡੇ ਪ੍ਰਤੀਕ ਬਣ ਗਏ, ਜੋ ਚੇ ਗਵੇਰਾ ਵਾਂਗ ਇਕ ਪੋਸਟਰ ਫਿਗਰ ਸਨ।

1979 ’ਚ ਪੱਛਮੀ ਗੜ੍ਹ ਈਰਾਨ ਦੇ ਸ਼ਾਹ ਦੇ ਪਤਨ ਪਿੱਛੋਂ ਇਸ ਖੇਤਰ ਦਾ ਇਤਿਹਾਸ ਨਾਟਕੀ ਢੰਗ ਨਾਲ ਬਦਲਣਾ ਸ਼ੁਰੂ ਹੋ ਗਿਆ ਸੀ। ਤਹਿਰਾਨ ’ਚ ਅਯਾਤੁੱਲਾ ਦਾ ਏਕੀਕਰਨ ਇਜ਼ਰਾਈਲ ਦੇ ਰੱਖਿਆ ਮੰਤਰੀ ਏਰੀਅਲ ਸ਼ੇਰੋਨ ਲਈ 1982 ’ਚ ਲਿਬਨਾਨ ’ਚ ਮਾਰਚ ਕਰਨ ਲਈ ਉਤਸ਼ਾਹਾਂ ’ਚੋਂ ਇਕ ਸੀ, ਜਿਸ ਨੇ ਬਦਲੇ ’ਚ ਹਿਜ਼ਬੁੱਲਾ ਦੇ ਵਿਕਾਸ ਨੂੰ ਬੜ੍ਹਾਵਾ ਦਿੱਤਾ।

ਇਹ ਉਹ ਪਿਛੋਕੜ ਸੀ ਜਿਸ ਦੇ ਖਿਲਾਫ ਸੀਰੀਆ ਅਤੇ ਈਰਾਨ 1985 ’ਚ ਨਾਟਕੀ 17 ਦਿਨਾਂ ਦੌਰਾਨ ਇਕੱਠੇ ਕੰਮ ਕਰਨ ’ਚ ਸਮਰੱਥ ਸਨ, ਜਦੋਂ ਅੱਤਵਾਦੀਆਂ (ਕੋਈ ਨਹੀਂ ਜਾਣਦਾ ਸੀ ਕਿ ਕੌਣ) ਨੇ ਏਥਨਜ਼ ਤੋਂ ਰੋਮ ਜਾਣ ਵਾਲੀ ਟੀ. ਡਬਲਯੂ. ਏ. ਉਡਾਣ ਨੂੰ ਬੈਰੂਤ ’ਚ ਉਤਰਨ ਲਈ ਮਜਬੂਰ ਕੀਤਾ ਸੀ। 36 ਪੱਛਮੀ ਬੰਧਕਾਂ ਦੀ ਰਿਹਾਈ ਲਈ ਗੱਲਬਾਤ ਕਰਨ ਲਈ ਈਰਾਨ ਦੀ ਮਜਲਿਸ ਦੇ ਮੁਖੀ ਹਾਸ਼ਮੀ ਰਫਸਨਜਾਨੀ ਅਤੇ ਸੀਰੀਆ ਦੇ ਉਪ-ਰਾਸ਼ਟਰਪਤੀ ਅਬਦੁੱਲ ਹਲੀਮ ਖੱਦਾਮ ਨੇ ਆਪਣੇ ਹੁਨਰ ਦੀ ਵਰਤੋਂ ਕੀਤੀ।

ਕਾਫੀ ਜ਼ਿਕਰਯੋਗ ਢੰਗ ਨਾਲ ਲਿਬਨਾਨ ’ਤੇ ਇਜ਼ਰਾਈਲ ਦੇ ਹਮਲੇ ਅਤੇ ਕਬਜ਼ੇ ਅਤੇ ਇਰਾਕ ’ਤੇ ਅਮਰੀਕੀ ਕਬਜ਼ੇ ਨੇ ਦੁਨੀਆ ਨੂੰ ਇਕ ਨਵੀਂ ਅਸਲੀਅਤ ਦੇ ਰੂ-ਬ-ਰੂ ਕਰਵਾਇਆ। ਇਰਾਕ ’ਚ ਸ਼ੀਆ ਮੁਸਲਮਾਨਾਂ ਦੀ ਭਾਰੀ ਗਿਣਤੀ ਸੀ ਅਤੇ ਲਿਬਨਾਨ ’ਚ ਸਭ ਤੋਂ ਵੱਡਾ ਸਮੂਹ ਸੀ। ਯਮਨ ਦੇ ਹੌਥੀ ਮੁੱਖ ਧਾਰਾ ਦੇ ਸ਼ੀਆ ਦਾ ਹੀ ਇਕ ਰੂਪ ਹੈ, ਠੀਕ ਉਂਝ ਹੀ ਜਿਵੇਂ ਸੀਰੀਆ ’ਚ ਸਭ ਤੋਂ ਸ਼ਕਤੀਸ਼ਾਲੀ ਸਮੂਹ ਅਲਾਵੀ ਵੀ ਹਨ।

ਗਾਜ਼ਾ ’ਚ ਇਜ਼ਰਾਈਲੀ ਕਤਲੇਆਮ ਨੇ ਸੰਭਾਵਿਤ ਮਿੱਤਰਾਂ, ਸੁੰਨੀ ਅਰਬਾਂ ਨੂੰ ਕਮਜ਼ੋਰ ਕਰ ਦਿੱਤਾ ਹੈ, ਜਿਨ੍ਹਾਂ ਨੂੰ ਪੱਛਮੀ ਪੱਤਰਕਾਰ ‘ਉਦਾਰਵਾਦੀ’ ਦੱਸਦੇ ਨਹੀਂ ਥੱਕਦੇ। ਈਰਾਨ ਦੀ ਸ਼ਾਨ ਇਸੇ ਤਰ੍ਹਾਂ ਆਸਮਾਨ ਛੂਹ ਰਹੀ ਹੈ।

ਸਈਦ ਨਕਵੀ


Rakesh

Content Editor

Related News