ਬੋਡੋਲੈਂਡ ਸਮਝੌਤੇ ਨਾਲ ਆਸਾਮ ਦੀ ਅਖੰਡਤਾ ਦਾ ਰਾਹ ਪੱਧਰਾ

01/31/2020 1:38:47 AM

ਵਿਪਿਨ ਪੱਬੀ

ਅਰਥ ਵਿਵਸਥਾ ਦੀ ਦਿਨ-ਬ-ਦਿਨ ਵਿਗੜਦੀ ਹਾਲਤ ਅਤੇ ਨਾਗਰਿਕਤਾ ਸੋਧ ਕਾਨੂੰਨ ਨਾਲ ਪੈਦਾ ਹੋਏ ਵਿਵਾਦ ਕਾਰਣ ਦੇਸ਼ ਭਰ ਦੀ ਹਾਲਤ ਬਹੁਤ ਗੰਭੀਰ ਹੋ ਚੁੱਕੀ ਹੈ ਪਰ ਇਸੇ ਦਰਮਿਆਨ ਉੱਤਰ-ਪੂਰਬ ਤੋਂ ਆਈ ਇਕ ਚੰਗੀ ਖਬਰ ਵੀ ਹੈ। ਆਸਾਮ ’ਚ ਬੋਡੋ ਜਨਜਾਤੀ ਨਾਲ ਸਮਝੌਤੇ ’ਤੇ ਹਸਤਾਖਰ ਹੋਏ ਹਨ। ਇਸ ਸਮਝੌਤੇ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਇਸ ਨਾਲ ਦਹਾਕਿਆਂ ਪੁਰਾਣੇ ਮੁੱਦੇ ਦਾ ਅੰਤਿਮ ਅਤੇ ਵਿਆਪਕ ਹੱਲ ਨਿਕਲਿਆ ਹੈ। ਇਸ ਨਾਲ ਆਸਾਮ ਦੀ ਅਖੰਡਤਾ ਦਾ ਰਾਹ ਪੱਧਰਾ ਹੋ ਗਿਆ ਹੈ। ਬੋਡੋ ਪ੍ਰਭਾਵਿਤ ਖੇਤਰਾਂ ’ਚ ਹਿੰਸਾ ਨਾਲ 4000 ਤੋਂ ਵੱਧ ਮੌਤਾਂ ਹੋਈਆਂ ਸਨ। ਇਸ ਤੋਂ ਇਲਾਵਾ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਸੀ। ਮੈਂ 1980 ਦੇ ਅਖੀਰ ’ਚ ਇਸ ਖੇਤਰ ਤੋਂ ਰਿਪੋਰਟਿੰਗ ਕੀਤੀ ਸੀ, ਜਦੋਂ ਆਲ ਬੋਡੋ ਸਟੂਡੈਂਟਸ ਯੂਨੀਅਨ (ਏ. ਬੀ. ਐੱਸ. ਯੂ.) ਨੇ ਉਪੇਂਦਰਨਾਥ ਬ੍ਰਹਮਾ ਦੀ ਅਗਵਾਈ ’ਚ ਵੱਖਰੇ ਬੋਡੋ ਜਨਜਾਤੀ ਸੂਬੇ ਦੀ ਮੰਗ ਨੂੰ ਲੈ ਕੇ ਇਕ ਵਿਸ਼ਾਲ ਅੰਦੋਲਨ ਛੇੜਿਆ ਸੀ। ਇਸ ਦੇ ਨਾਲ-ਨਾਲ ਬੋਡੋ ਦੇ ਹਥਿਆਰਬੰਦ ਵਿੰਗ ਨੇ ਬੰਗਲਾਦੇਸ਼ ਦੀ ਸਰਹੱਦ ਦੇ ਆਸ-ਪਾਸ ਤੋਂ ਮਿਲੇ ਸਮਰਥਨ ਦੇ ਨਾਲ ਬੋਡੋਲੈਂਡ ਦੀ ਆਜ਼ਾਦੀ ਦੀ ਮੰਗ ਰੱਖੀ ਸੀ। ਅਜਿਹੀਆਂ ਵੀ ਖਬਰਾਂ ਸਨ ਕਿ ਚੀਨ ਬੋਡੋ ਅੱਤਵਾਦੀਆਂ ਨੂੰ ਹਥਿਆਰ ਅਤੇ ਗੋਲਾ-ਬਾਰੂਦ ਦੀ ਸਪਲਾਈ ਕਰ ਰਿਹਾ ਸੀ। ਕੋਕਰਾਝਾਰ ਦੇ ਕੇਂਦਰਬਿੰਦੂ ਦੇ ਨਾਲ ਫੈਲੇ ਵਿਸਥਾਰਪੂਰਵਕ ਖੇਤਰ ’ਚ ਬੋਡੋ ਨੇ ਹਿੰਸਾ ਫੈਲਾਈ ਸੀ। ਬੋਡੋ ਸੰਗਠਨਾਂ ਨੇ ਲਗਾਤਾਰ ਪਬਲਿਕ ਕਰਫਿਊ ਲਾਉਣ ਅਤੇ ਹਿੰਸਾ ਫੈਲਾਉਣ ਵਰਗੀਆਂ ਗੱਲਾਂ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਇਲਾਵਾ ਪੂਰੇ ਦੇਸ਼ ਨੂੰ ਉੱਤਰ-ਪੂਰਬ ਨਾਲ ਜੋੜਨ ਵਾਲੇ ਰੇਲਵੇ ਟ੍ਰੈਫਿਕ ਨੂੰ ਵੀ ਰੋਕਿਆ ਗਿਆ ਸੀ।

ਅਾਸਾਮ, ਜੋ ਮੌਜੂਦਾ ਸਮੇਂ ਸੀ. ਏ. ਏ. ਦੇ ਵਿਰੁੱਧ ਵਿਸ਼ਾਲ ਪ੍ਰਦਰਸ਼ਨ ਦੇਖ ਰਿਹਾ ਹੈ, ਦੇਸ਼ ’ਚ ਸਭ ਤੋਂ ਗੁੰਝਲਦਾਰ ਸੂਬਿਆਂ ’ਚੋਂ ਇਕ ਹੈ। ਇਹ ਵੱਖ-ਵੱਖ ਜਨਜਾਤੀ ਅਤੇ ਜਾਤੀ ਸਮੂਹ ਦੇ ਨਾਲ ਵੱਖ-ਵੱਖ ਆਬਾਦੀ ਵਾਲਾ ਸੂਬਾ ਹੈ। ਮੌਜੂਦਾ ਅੰਦੋਲਨ ਮੁਸਲਮਾਨਾਂ ਨੂੰ ਬਾਹਰ ਕੱਢਣ ਦੇ ਵਿਰੁੱਧ ਨਹੀਂ ਸਗੋਂ ਇਹ ਤਾਂ ਹੋਰਨਾਂ ਧਾਰਮਿਕ ਸਮੂਹਾਂ ਨੂੰ ਸ਼ਾਮਲ ਕਰਨ ਬਾਰੇ ਹੈ, ਜਿਨ੍ਹਾਂ ਨੂੰ ਨਾਗਰਿਕਤਾ ਮਿਲ ਸਕਦੀ ਹੈ। ਆਸਾਮ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਤਾਂ ਪਹਿਲਾਂ ਹੀ ਵਿਦੇਸ਼ੀਆਂ ਦੇ ਹੜ੍ਹ ਨੂੰ ਸਹਿ ਰਹੇ ਹਨ, ਜਿਸ ’ਚ ਵੱਖ-ਵੱਖ ਧਰਮਾਂ ਦੇ ਲੋਕ ਸ਼ਾਮਲ ਹਨ। ਇਸ ਤੋਂ ਜ਼ਿਆਦਾ ਹੋਰ ਲੋਕਾਂ ਦਾ ਸਵਾਗਤ ਨਹੀਂ ਕੀਤਾ ਜਾ ਸਕਦਾ। ਪੂਰਾ ਆਸਾਮ ਅੰਦੋਲਨ ਸੂਬੇ ’ਚ ਗੈਰ-ਆਸਾਮੀਆਂ ਦੇ ਦਾਖਲੇ ਦੇ ਵਿਰੁੱਧ ਹੈ। ਇਸ ਨਾਲ ਆਸਾਮੀ ਲੋਕ ਘੱਟ ਹੋ ਕੇ ਘੱਟਗਿਣਤੀਆਂ ’ਚ ਬਦਲ ਜਾਣਗੇ। ਇਹ ਖਤਰਾ ਉਨ੍ਹਾਂ ਦੇ ਸਿਰ ’ਤੇ ਮੰਡਰਾਅ ਰਿਹਾ ਹੈ। ਸੂਬੇ ਦੀ ਆਬਾਦੀ ਦੇ 15 ਫੀਸਦੀ ਹਿੱਸੇ ਵਾਲੇ ਜਨਜਾਤੀ ਲੋਕ ਆਪਣੀ ਸੰਸਕ੍ਰਿਤੀ ਅਤੇ ਪਛਾਣ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ’ਚ ਹਨ। ਕਾਰਬੀ ਆਂਗ-ਲਾਂਗ ਅਤੇ ਨਾਰਥ ਕਾਛਰ ਹਿੱਲਜ਼ ਨਾਲ ਸਬੰਧ ਰੱਖਣ ਵਾਲੀ ਜਨਜਾਤੀ ਦੇ ਲੋਕ ਖੁਦਮੁਖਤਿਆਰੀ ਦੀ ਮੰਗ ਕਰ ਰਹੇ ਹਨ। ਇਨ੍ਹਾਂ ਸਮੂਹਾਂ ’ਚ ਸਭ ਤੋਂ ਅਹਿਮ ਬੋਡੋ ਜਨਜਾਤੀ ਦੇ ਲੋਕ ਹਨ, ਜੋ ਸੂਬੇ ’ਚ ਸਾਰੇ ਜਨਜਾਤੀ ਲੋਕਾਂ ਦਾ 60 ਫੀਸਦੀ ਹਨ। ਉਹ ਸਿਰਫ ਸੂਬੇ ਦੀ ਆਬਾਦੀ ਦਾ 10 ਫੀਸਦੀ ਅਤੇ ਬੋਡੋ ਵਲੋਂ ਪ੍ਰਭਾਵਿਤ ਆਸਾਮ ’ਚ ਕੁਲ ਖੇਤਰ ਦਾ 11 ਫੀਸਦੀ ਹਿੱਸਾ ਬਣਦੇ ਹਨ। ਉਹ ਵੀ ਗੈਰ-ਬੋਡੋ ਦੀ ਘੁਸਪੈਠ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦਾ ਤਾਂ ਇਹ ਵੀ ਪੱਖ ਹੈ ਕਿ ਆਸਾਮੀ ਲੋਕ ਵੀ ਉਨ੍ਹਾਂ ਲਈ ਬਾਹਰ ਦੇ ਲੋਕ ਸਨ। ਇਸੇ ਕਾਰਣ ਹਾਲ ਹੀ ਦਾ ਸਮਝੌਤਾ ਬੇਹੱਦ ਅਹਿਮ ਹੈ। ਇਹ ਸਮਝੌਤਾ ਕੇਂਦਰ ਦੇ ਪ੍ਰਤੀਨਿਧੀਆਂ, ਆਸਾਮ ਸਰਕਾਰ ਅਤੇ ਨੈਸ਼ਨਲ ਡੈਮੋਕ੍ਰੇਟਿਕ ਫਰੰਟ ਆਫ ਬੋਡੋਲੈਂਡ (ਐੱਨ. ਡੀ. ਐੱਫ. ਬੀ.) ਦੇ ਅੱਤਵਾਦੀਆਂ ਦੇ 4 ਧੜਿਆਂ ਦੇ ਪ੍ਰਤੀਨਿਧੀਆਂ ਨਾਲ ਹੋਇਆ ਹੈ। ਇਸ ਸਮਝੌਤੇ ’ਚ ਸਥਾਨਕ ਸ਼ਕਤੀਆਂ, ਭਾਸ਼ਾ, ਖੇਤਰ ਅਤੇ ਉਨ੍ਹਾਂ ਦੇ ਨੇਤਾਵਾਂ ਵਿਰੁੱਧ ਅਪਰਾਧਿਕ ਮਾਮਲਿਆਂ ਦੀ ਵਾਪਸੀ ਨਾਲ ਸਬੰਧਤ ਵੱਖ-ਵੱਖ ਮੰਗਾਂ ਸ਼ਾਮਲ ਹਨ।

ਸਹਿਯੋਗ ਵਜੋਂ ਬੋਡੋ ਦੇ ਨਾਲ ਇਹ ਤੀਸਰਾ ਸਮਝੌਤਾ ਹੈ। ਪਹਿਲਾ 1993 ’ਚ ਕਾਇਮ ਹੋਇਆ ਸੀ, ਜਿਸ ਅਨੁਸਾਰ ਬੋਡੋ ਅਧਿਕਾਰ ਵਾਲੇ ਖੇਤਰਾਂ ਨੂੰ ਖੁਦਮੁਖਤਿਆਰ ਕੌਂਸਲ ਐਲਾਨਿਆ ਗਿਆ ਸੀ। ਦੂਸਰੇ ਸਮਝੌਤੇ ’ਤੇ 2003 ’ਚ ਦਸਤਖਤ ਹੋਏ ਸਨ ਪਰ ਮੰਦੇ ਭਾਗਾਂ ਨਾਲ ਦੋਵੇਂ ਹੀ ਸਮਝੌਤੇ ਕਿਸੇ ਨਤੀਜੇ ਨੂੰ ਕਾਇਮ ਨਹੀਂ ਕਰ ਸਕੇ। ਇਸ ਨਾਲ ਕੋਈ ਹੱਲ ਨਹੀਂ ਨਿਕਲਿਆ ਕਿਉਂਕਿ ਬੋਡੋ ਵਿਚਾਲੇ ਡੂੰਘੀ ਧੜੇਬੰਦੀ ਸੀ। ਅਸਲ ’ਚ ਇਸ ਦੇ ਸੰਸਥਾਪਕ ਨੇਤਾ ਉਪੇਂਦਰਨਾਥ ਬ੍ਰਹਮਾ ਦੀ ਮੌਤ ਯੁਵਾ ਅਵਸਥਾ ’ਚ ਕੈਂਸਰ ਕਾਰਣ ਹੋ ਗਈ। ਉਸ ਤੋਂ ਬਾਅਦ ਕਈ ਬੋਡੋ ਜਨਜਾਤੀ ਦੇ ਛੋਟੇ-ਛੋਟੇ ਸਮੂਹ ਪੈਦਾ ਹੋ ਗਏ, ਜੋ ਇਕ ਦੂਸਰੇ ਨੂੰ ਪਸੰਦ ਨਹੀਂ ਕਰਦੇ ਸਨ। ਨਵੇਂ ਸਮਝੌਤੇ ’ਚ ਸਾਰੇ ਧੜੇ ਸ਼ਾਮਲ ਹਨ ਅਤੇ ਇਹ ਵਿਵਸਥਾ ਹੈ ਬੋਡੋ ਵਲੋਂ ਦਾਅਵਾ ਕੀਤੇ ਗਏ ਖੇਤਰ ਨੂੰ ਜ਼ਿਲੇ ਦੀ ਤੁਲਨਾ ’ਚ ਇਕ ਖੇਤਰ ਮੰਨਿਆ ਜਾਵੇਗਾ। ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਤਿੰਨ ਦਹਾਕਿਆਂ ਤੋਂ ਚੱਲੀ ਲੰਬੀ ਹਿੰਸਾ ਨੇ ਲੋਕਾਂ ਨੂੰ ਕਮਜ਼ੋਰ ਕਰ ਦਿੱਤਾ ਹੈ। ਹੁਣ ਇਹ ਲੋਕ ਖੇਤਰ ’ਚ ਆਮ ਸਥਿਤੀ ਚਾਹੁੰਦੇ ਹਨ। ਹੁਣ ਇਹ ਇਕ ਹੀ ਪਾਰਟੀ ਵਲੋਂ ਸੰਚਾਲਿਤ ਕੇਂਦਰ ਅਤੇ ਸੂਬਾਈ ਸਰਕਾਰ ਦੇ ਉੱਪਰ ਨਿਰਭਰ ਹੈ ਕਿ ਉਹ ਜਨਜਾਤੀ ਖੇਤਰ ’ਚ ਸ਼ਾਂਤੀ ਅਤੇ ਅਖੰਡਤਾ ਸਥਾਪਿਤ ਕਰਨ ਲਈ ਈਮਾਨਦਾਰੀ ਨਾਲ ਕੰਮ ਕਰੇ। ਇਥੋਂ ਤਕ ਕਿ ਬੋਡੋ ਟ੍ਰਾਈਬਲ ਕੌਂਸਲ ਭਾਜਪਾ ’ਚ ਨਿਸ਼ਠਾ ਰੱਖਣ ਵਾਲੇ ਇਕ ਨੇਤਾ ਵਲੋਂ ਸੰਚਾਲਿਤ ਹੈ। ਅਜਿਹੇ ਯਤਨ ਹੋਣੇ ਚਾਹੀਦੇ ਹਨ ਕਿ ਸਾਰੇ ਸਮੂਹਾਂ ਨਾਲ ਈਮਾਨਦਾਰੀ ਨਾਲ ਤਾਲਮੇਲ ਬਣਾ ਕੇ ਚੱਲਿਆ ਜਾਵੇ। ਲੰਬੇ ਸਮੇਂ ਤੋਂ ਅਸ਼ਾਂਤੀ ਸਹਿ ਰਹੇ ਇਸ ਖੇਤਰ ਨੂੰ ਹੁਣ ਸ਼ਾਂਤੀ ਅਤੇ ਤਰੱਕੀ ਦੀ ਲੋੜ ਹੈ।

Email : vipinpubby@gmail.com


Bharat Thapa

Content Editor

Related News