ਭਾਰਤ ਚੀਨ ਸਰਹੱਦ ਦਾ ਕੌੜਾ ਸੱਚ ਦੇਸ਼ ਦੇ ਸਾਹਮਣੇ ਰੱਖਣਾ ਜ਼ਰੂਰੀ

Thursday, Jun 11, 2020 - 03:32 AM (IST)

ਭਾਰਤ ਚੀਨ ਸਰਹੱਦ ਦਾ ਕੌੜਾ ਸੱਚ ਦੇਸ਼ ਦੇ ਸਾਹਮਣੇ ਰੱਖਣਾ ਜ਼ਰੂਰੀ

ਯੋਗੇਂਦਰ ਯਾਦਵ

ਭਾਰਤ ਚੀਨ ਸਰਹੱਦੀ ਝਗੜੇ ’ਤੇ ਅਖ਼ਬਾਰੀ ਸੁਰਖੀਆਂ ਪੜ੍ਹਕੇ ਉਹ ਪੁਰਾਣਾ ਗੀਤ ਯਾਦ ਆਉਂਦਾ ਹੈ: ‘‘ਪਰਦੇ ਮੇਂ ਰਹਿਨੇ ਦੋ, ਪਰਦਾ ਨਾ ਉਠਾਓ। ਪਰਦਾ ਜੇ ਉੱਠ ਗਿਆ ਤੋ ਭੇਦ ਖੁੱਲ ਜਾਏਗਾ।’’ ਪਿਛਲੇ ਇਕ ਮਹੀਨੇ ’ਚ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਅਦ ਪਰਦਾ ਕਿਤੇ-ਕਿਤੇ ਖਿਸਕਣ ਲੱਗਾ ਸੀ, ਸੱਚ ਦੀ ਝਲਕ ਮਿਲਣ ਲੱਗੀ ਸੀ ਪਰ ਹੁਣ ਜਲਦੀ ਨਾਲ ਪਰਦਾ ਡੇਗਿਆ ਜਾ ਰਿਹਾ ਹੈ। ਸੂਤਰਾਂ ਦੇ ਸਹਾਰੇ ਖਬਰ ਲਗਾ ਦਿੱਤੀ ਗਈ ਹੈ ਕਿ ਸਰਹੱਦ ’ਤੇ ਤਣਾਅ ਖਤਮ ਹੋਣਾ ਸ਼ੁਰੂ ਹੋ ਗਿਆ ਹੈ। ਖਬਰ ਇਹ ਵੀ ਕਹਿੰਦੀ ਹੈ ਕਿ ਭਾਰਤ ਅਤੇ ਚੀਨ ਦੋਵਾਂ ਦੀਆਂ ਫੌਜਾਂ ਪਿੱਛੇ ਹਟ ਰਹੀਆਂ ਹਨ। ਭਾਵ ਕਿ ਸਭ ਚੰਗਾ ਸੀ। ਪਰ ਪਰਦਾ ਹਿੱਲਣ ਨਾਲ ਜੋ ਝਲਕ ਮਿਲੀ ਉਸ ਵਿਚ ਚਾਰ ਵੱਡੇ ਹੋਰ ਕੌੜੇ ਸੱਚ ਨਜ਼ਰ ਆਉਂਦੇ ਹਨ। ਪਹਿਲਾ, ਚੀਨ ਨੇ ਸਾਡੇ ਇਲਾਕੇ ’ਚ ਯੋਜਨਾਬੱਧ ਢੰਗ ਨਾਲ ਇਕਪਾਸੜ ਹਮਲਾ ਕੀਤਾ ਹੈ। ਚੀਨ ਦੀ ਫੌਜ ਨੇ ਮਈ ਦੇ ਪਹਿਲੇ ਹਫਤੇ ’ਚ ਯੋਜਨਾਬੱਧ ਢੰਗ ਨਾਲ ਲੱਦਾਖ ਇਲਾਕੇ ’ਚ ਹੁਣ ਤਕ ਮੰਨਣਯੋਗ ਐਕਚੁਅਲ ਲਾਈਨ ਆਫ ਕੰਟ੍ਰੋਲ ਘੱਟ ਤੋਂ ਘੱਟ ਤਿੰਨ ਥਾਵਾਂ ਤੋਂ ਟੱਪੀ ਸੀ। ਦੂਸਰਾ ਕੌੜਾ ਸੱਚ ਇਹ ਹੈ ਕਿ ਇਹ ਹਮਲਾ ਕਬਜ਼ੇ ਦੀ ਨੀਅਤ ਨਾਲ ਕੀਤਾ ਗਿਆ ਹੈ। ਚੀਨੀ ਫੌਜ ਨੇ ਸਿਰਫ ਐਕਚੁਅਲ ਲਾਈਨ ਆਫ ਕੰਟ੍ਰੋਲ ਟੱਪੀ ਹੀ ਨਹੀਂ ਸਗੋਂ ਉਥੇ ਟੈਂਟ-ਬੰਕਰ ਬਣਾ ਕੇ ਕਾਬਜ਼ ਵੀ ਹੋ ਗਈ ਹੈ। ਰੱਖਿਆ ਮਾਹਿਰਾਂ, ਸੈਟੇਲਾਈਟ ਤਸਵੀਰਾਂ ਦੇ ਮਾਹਿਰਾਂ, ਸਾਬਕਾ ਫੌਜੀ ਅਧਿਕਾਰਿਆਂ ਅਤੇ ਅੰਤਰਰਾਸ਼ਟਰੀ ਮੀਡੀਆ ਦਾ ਅਨੁਮਾਨ ਹੈ ਕਿ ਚੀਨੀ ਫੌਜ ਤਿੰਨ ਖੇਤਰਾਂ ’ਚ ਲਗਭਗ 30 ਤੋਂ ਲੈ ਕੇ 60 ਵਰਗ ਕਿਲੋਮੀਟਰ ਦੇ ਭਾਰਤੀ ਇਲਾਕੇ ’ਤੇ ਕਬਜ਼ਾ ਕਰ ਚੁੱਕੀ ਸੀ। ਹੁਣ ਤਕ ਸੰਕੇਤ ਇਹੀ ਹੈ ਕਿ ਚੀਨ ਹੁਣ 2 ਇਲਾਕਿਆਂ ਭਾਵ ਗਲਵਾਨ ਘਾਟੀ ਅਤੇ ਹਾਟ ਸਪਰਿੰਗ ਇਲਾਕੇ ਤੋਂ ਹਟਣ ਲਈ ਰਾਜੀ ਹੈ ਪਰ ਚੀਨੀ ਫੌਜ ਪੈਂਗੋਂਗ ਝੀਲ ਇਲਾਕੇ ਦੇ ਕਬਜ਼ੇ ਨੂੰ ਛੱਡਣ ਲਈ ਤਿਆਰ ਨਹੀਂ ਹੈ। ਤੀਸਰਾ ਕੌੜਾ ਸੱਚ ਇਹ ਹੈ ਕਿ ਗਲਤੀ ਸਾਡੇ ਵਲੋਂ ਹੋਈ ਹੈ। ਕਾਰਗਿਲ ਵਾਂਗ ਇਸ ਚੀਨੀ ਹਮਲੇ ਦਾ ਅੰਦਾਜ਼ਾ ਪਹਿਲਾਂ ਲਗਾਉਣ ਨਾਲ ਉਸਦਾ ਤੁਰੰਤ ਮੁਕਾਬਲਾ ਕਰਨ ’ਚ ਭਾਰਤੀ ਫੌਜੀ ਵਿਵਸਥਾ ਵਲੋਂ ਵੱਡੀ ਕੁਤਾਹੀ ਹੋਈ ਹੈ। ਹਰ ਸਾਲ ਤੋਂ ਹਟ ਕੇ ਇਹ ਸਾਲ ਗਰਮੀ ਸ਼ੁਰੂ ਹੋਣ ’ਤੇ ਫੌਜ ਨੂੰ ਉਨ੍ਹਾਂ ਇਲਾਕਿਆਂ ’ਚ ਤਾਇਨਾਤ ਨਹੀਂ ਕੀਤਾ ਗਿਆ ਜਿਥੋਂ ਚੀਨ ਅੰਦਰ ਦਾਖਲ ਹੋਇਆ ਹੈ।

ਚੌਥਾ ਕੌੜਾ ਸੱਚ ਇਹ ਹੈ ਕਿ ਫਿਲਹਾਲ ਇਸ ਸਥਿਤੀ ਨੰੂ ਪਲਟਣ ਦਾ ਕੋਈ ਰਸਤਾ ਭਾਰਤ ਦੇ ਸਾਹਮਣੇ ਨਹੀਂ ਹੈ। ਇਕ ਵਾਰ ਪੈਂਗੋਂਗ ਝੀਲ ਵਰਗੇ ਜੰਗੀ ਮਹੱਤਵ ਦੇ ਇਲਾਕੇ ’ਤੇ ਕਬਜ਼ਾ ਕਰ ਲੈਣ ਬਾਅਦ ਚੀਨੀ ਫੌਜ ਉਥੋਂ ਹਟਣ ਵਾਲੀ ਨਹੀਂ ਹੈ। ‘ਪੰਚਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉਥੇ ਦਾ ਉਥੇ।’ ਵਾਲੀ ਇਸ ਕਹਾਵਤ ਤੋਂ ਚੀਨ ਦਾ ਰੁਖ ਸਮਝਿਆ ਜਾ ਸਕਦਾ ਹੈ। ਚੀਨ ਦੇ ਵਿਰੁੱਧ ਜ਼ੋਰ-ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ। ਸੱਚ ਇਹ ਹੈ ਕਿ ਜੰਗੀ ਅਤੇ ਆਰਥਕ ਤਾਕਤ ਦੇ ਹਿਸਾਬ ਨਾਲ ਚੀਨ ਭਾਰਤ ਤੋਂ ਇੱਕੀ ਹੈ ਅਤੇ ਉਸ ਨਾਲ ਕੋਈ ਪੰਗਾ ਲੈਣਾ ਮਹਿੰਗਾ ਪੈ ਸਕਦਾ ਹੈ। ਕੂਟਨੀਤਿਕ ਦੇ ਧਰਾਤਲ ’ਤੇ ਵੀ ਚੀਨ ਦੇ ਵਿਰੁੱਧ ਘੇਰਾਬੰਦੀ ਕਰਨੀ ਸੌਖੀ ਨਹੀਂ ਹੈ ਕਿਉਂਕਿ ਪਿਛਲੇ ਕੁਝ ਸਾਲਾਂ ’ਚ ਭਾਰਤ ਸਰਕਾਰ ਨੇ ਆਪਣੇ-ਆਪਣੇ ਸਾਰੇ ਗੁਅਂਢੀਆਂ ਨਾਲ ਕੁਝ ਨਾ ਕੁਝ ਝਗੜਾ ਮੁੱਲ ਲੈ ਲਿਆ ਹੈ। ਨੇਪਾਲ, ਸ਼੍ਰੀਲੰਕਾ ਅਤੇ ਬੰਗਲਾ ਦੇਸ਼ ਵਰਗੇ ਮਿੱਤਰ ਗੁਆਂਢੀ ਵੀ ਅੱਜਕਲ ਨਰਾਜ਼ ਹਨ। ਫਿਲਹਾਲ ਕੌੜੀ ਖਬਰ ਨੂੰ ਪਰਦੇ ’ਚ ਰੱਖਣ ਅਤੇ ਜ਼ਹਿਰ ਦਾ ਘੁੱਟ ਪੀਣ ਦੇ ਸਿਵਾ ਕੋਈ ਰਸਤਾ ਨਹੀਂ ਹੈ। ਇਸ ਲਈ ਸਰਕਾਰੀ ਬੁਲਾਰੇ ਜਾਂ ਤਾਂ ਚੁੱਪ ਧਾਰੀ ਰੱਖਦੇ ਹਨ ਜਾਂ ਫਿਰ ਅਜਿਹੇ ਗੋਲਮੋਲ ਬਿਆਨ ਦਿੰਦੇ ਹਨ ਜਿਨ੍ਹਾਂ ’ਤੇ ਸ਼ੱਕ ਹੋਰ ਵੀ ਡੂੰਘਾ ਹੋ ਜਾਂਦਾ ਹੈ। ਸਰਕਾਰ ਕਹਿੰਦੀ ਹੈ ਕਿ ਸ਼ਾਂਤੀ ਵਾਰਤਾ ਚੱਲ ਰਹੀ ਹੈ ਪਰ ਇਹ ਨਹੀਂ ਦਸਦੀ ਕਿ ਅਚਾਨਕ ਸ਼ਾਂਤੀ ਵਾਰਤਾ ਦੀ ਲੋੜ ਕਿਉਂ ਪਈ। ਸਰਕਾਰੀ ਬੁਲਾਰੇ ਚੀਨ ਤੋਂ ਐਕਚੁਅਲ ਲਾਈਨ ਆਫ ਕੰਟ੍ਰੋਲ ਦਾ ਸਨਮਾਨ ਕਰਨ ਦੀ ਅਪੀਲ ਕਰਦੇ ਹਨ ਪਰ ਇਹ ਮੰਨਣ ਲਈ ਤਿਆਰ ਨਹੀਂ ਹੁੰਦੇ ਕਿ ਚੀਨ ਨੇ ਇਸ ਲਾਈਨ ਨੂੰ ਪਾਰ ਕੀਤਾ। ਰੱਖਿਆ ਮੰਤਰੀ ਅੰਮ੍ਰਿਤ ਭਰੋਸਾ ਦਿੰਦੇ ਹਨ ਕਿ ਦੇਸ਼ ਦੀ ਸਰਹੱਦ ਦੀ ਰੱਖਿਆ ਕੀਤੀ ਜਾਵੇਗੀ ਪਰ ਜਦੋਂ ਚੀਨ ਦੇ ਕਬਜ਼ੇ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਨ੍ਹਾਂ ਦੇ ਮੂੰਹ ’ਚ ਦਹੀਂ ਜੰਮ ਜਾਂਦਾ ਹੈ। ਪਿਛਲੇ ਪ੍ਰਧਾਨ ਮੰਤਰੀ ਨੂੰ ‘ਮੌਨੀ ਬਾਬਾ’ ਦੱਸਣ ਵਾਲੇ ਮੌਜੂਦਾ ਪ੍ਰਧਾਨ ਮੰਤਰੀ ਖੁਦ ਮੌਨ ਹਨ। ਓਧਰ ਸਰਕਾਰ ਸਮਰਥਕ ਜਾਂ ਤਾਂ ਇਸ ਸੱਚ ’ਤੇ ਪਰਦਾ ਪਾਉਣ ’ਚ ਜਾਂ ਫਿਰ ਇਸ ਤੋਂ ਧਿਆਨ ਵੰਡਣ ’ਚ ਰੁੱਝੇ ਹਨ। ਕੱਲ ਤਕ ਟੀ.ਵੀ. ਸਟੂਡਿਓ ’ਚ ਭੁੜਕ-ਭੁੜਕ ਕੇ ਪਾਕਿਸਤਾਨ ਨਾਲ ਜੰਗ ਕਰਵਾਉਣ ’ਚ ਰੁੱਝੇ ਰਾਸ਼ਟਰਵਾਦੀ ਚੈਨਲਾਂ ਨੂੰ ਜਿਵੇਂ ਲਕਵਾ ਮਾਰ ਗਿਆ ਹੈ। ਜੇਕਰ ਕੋਈ ਟੀ.ਵੀ ਬਹਿਸ ’ਚ ਇੰਨਾ ਵੀ ਪੁੱਛ ਲਵੇ ਕਿ ਕੀ ਚੀਨੀ ਫੌਜ ਸਾਡੇ ਇਲਾਕੇ ’ਤੇ ਕਬਜ਼ਾ ਕਰੀ ਬੈਠੀ ਹੈ ਤਾਂ ਪਲਟ ਕੇ ਉਸੇ ਨੂੰ ਰਾਸ਼ਟਰ ਵਿਰੋਧੀ ਦੱਸਿਆ ਜਾਂਦਾ ਹੈ। ਜੇਕਰ ਇਸ ਕਸੌਟੀ ’ਤੇ ਕੱਸਿਆ ਜਾਵੇ ਤਾਂ ਕਾਰਗਿਲ ’ਚ ਪਾਕਿਸਤਾਨ ਦੀ ਘੁਸਪੈਠ ਦੀ ਸੂਚਨਾ ਦੇਣ ਵਾਲੇ ਦੇਸ਼ਧ੍ਰੋਹੀ ਸਨ। ਇਸ ਹਿਸਾਬ ਨਾਲ ਕੀ ਚੀਨੀ ਹਮਲੇ ਬਾਰੇ ਨਹਿਰੂ ਤੋਂ ਸਖਤ ਸਵਾਲ ਪੁੱਛਣ ਵਾਲੇ ਰਾਮ ਮਨੋਹਰ ਲੋਹੀਆ ਅਤੇ ਅਟਲ ਬਿਹਾਰੀ ਵਾਜਪਾਈ ਦੇ ਗਿਣਤੀ ਵੀ ਦੇਸ਼ਧ੍ਰੋਹੀਆਂ ’ਚ ਹੋਵੇਗੀ?

ਅਸਲੀ ਸਵਾਲ ਤੋਂ ਧਿਆਨ ਹਟਾਉਣ ਲਈ ਚੀਨੀ ਵਸਤੂਆਂ ਦੇ ਬਾਈਕਾਟ ਦਾ ਨਾਅਰਾ ਵੀ ਚਲਾਉਣ ਦੀ ਕੋਸ਼ਿਸ਼ ਹੋਈ ਸੀ। ਜੇਕਰ ਸਰਹੱਦ ’ਤੇ ਚੀਨੀ ਕਬਜ਼ੇ ਦੇ ਵਿਰੁੱਧ ਸਮੁੱਚੇ ਰਾਸ਼ਟਰੀ ਸੰਕਲਪ ਦੇ ਹਿੱਸੇ ਦੇ ਰੂਪ ’ਚ ਆਰਥਕ ਬਾਈਕਾਟ ਹੁੰਦਾ ਹੈ ਤਾਂ ਇਸਦਾ ਇਕ ਸੰਕੇਤਕ ਮਹੱਤਵ ਬਣਦਾ ਹੈ ਪਰ ਇਸਦੇ ਲਈ ਸਭ ਤੋਂ ਪਹਿਲਾਂ ਸੁਰੱਖਿਆ ਮੰਤਰੀ ਨੂੰ ਸਰਹੱਦ ਦੀ ਰੱਖਿਆ ਦੀ ਹਿੰਮਤ ਦਿਖਾਉਣੀ ਹੰੰੁਦੀ ਹੈ, ਵਿੱਤ ਮੰਤਰੀ ਨੂੰ ਚੀਨੀ ਕੰਪਨੀਆਂ ਦੀ ਪੂੰਜੀ ਦਾ ਮੂੰਹ ਛੱਡਣਾ ਹੰੁਦਾ ਹੈ, ਵਣਜ ਮੰਤਰੀ ਨੂੰ ਚੀਨੀ ਦਰਾਮਦ ਦੇ ਨਾਲ-ਨਾਲ ਬਰਾਮਦ ਛੱਡਣ ਦਾ ਮਨ ਬਣਾਉਣਾ ਹੁੰਦਾ ਅਤੇ ਦੇਸ਼ ਨੂੰ ਸੋਚਣਾ ਹੁੰਦਾ ਕਿ ਰਾਸ਼ਟਰੀ ਏਕਤਾ ਦੀ ਪ੍ਰਤੀਕ ਸਰਦਾਰ ਪਟੇਲ ਦੀ ਮੂਰਤੀ ਬਣਾਉਣ ਦਾ ਇਕ ਠੇਕਾ ਚੀਨ ਦੀ ਕੰਪਨੀ ਨੂੰ ਕਿਉਂ ਦਿੱਤਾ ਗਿਆ ਸੀ। ਇੰਨੀ ਰਾਸ਼ਟਰੀ ਹਿੰਮਤ ਦਿਖਾਏ ਬਿਨਾਂ ਸਿਰਫ ਆਮ ਜਨਤਾ ਨੂੰ ਚੀਨੀ ਵਸਤੂਆਂ ਦੇ ਬਾਈਕਾਟ ਦੀ ਗੱਲ ਕਰਨੀ ਕਾਇਰਤਾ ਦਾ ਲੱਛਣ ਹੈ।

ਵਿਰੋਧੀ ਧਿਰ ਭਲਾ ਅਜਿਹੇ ਮੌਕੇ ਨੂੰ ਕਿਉਂ ਛੱਡ ਦੇਵੇਂ?

ਜਿਵੇਂ-ਜਿਵੇਂ ਲੱਦਾਖ ਦਾ ਸੱਚ ਜਗ ਜ਼ਾਹਿਰ ਹੁੰਦਾ ਗਿਆ ਉਵੇਂ-ਉਵੇਂ ਵਿਰੋਧੀ ਧਿਰ ਦੇ ਸੁਰ ਤਿੱਖੇ ਹੁੰਦੇ ਗਏ। ਰਾਹੁਲ ਗਾਂਧੀ ਸਰਕਾਰ ਨੰੂ ਘੇਰਣ ਦੀ ਕੋਸ਼ਿਸ਼ ਕਰ ਰਹੇ ਹਨ। ਸੰਭਵ ਹੈ ਕਿ ਬਿਹਾਰ ਦੀਆਂ ਚੋਣਾਂ ਦਾ ਬਿਗੁਲ ਵੱਜਣ ਦੇ ਨਾਲ ਇਹ ਸਵਾਲ ਹੋਰ ਤੇਜ਼ੀ ਨਾਲ ਉੱਠੇਗਾ ਪਰ ਸਿਹਤ ਅਤੇ ਆਰਥਕ ਸੰਕਟ ਦੇ ਮੋਰਚੇ ’ਤੇ ਔਖੀ ਲੜਾਈ ਲੜ ਰਹੀ ਸਰਕਾਰ ਨੂੰ ਇਸ ਤੀਸਰੇ ਮੋਰਚੇ ’ਤੇ ਘੇਰਨਾ ਦੇਸ਼ ਦੇ ਹਿੱਤ ’ਚ ਨਹੀਂ ਹੈ। ਇਸ ਨਾਲ ਸਰਕਾਰ ਦਾ ਧਿਆਨ ਇਨ੍ਹਂ ਦੋਵਾਂ ਚੁਣੌਤੀਆਂ ਤੋਂ ਹਟੇਗਾ, ਨਾਲ ਹੀ ਸਰਕਾਰ ਚੀਨ ਦੇ ਮੋਰਚੇ ’ਤੇ ਕਾਹਲੀ ’ਚ ਕੁਝ ਗਲਤ ਕਦਮ ਚੁੱਕ ਸਕਦੀ ਹੈ। ਉਸ ਦੀ ਕੀਮਤ ਬਹੁਤ ਵੱਡੀ ਹੋ ਸਕਦੀ ਹੈ। ਚੀਨ ਦੇ ਲੰਬੇ ਸਮੇਂ ਦੇ ਇਰਾਦਿਆਂ ਅਤੇ ਉਸ ਦੀ ਤਾਕਤ ਨੂੰ ਦੇਖਦਿਆਂ ਹੋਏ ਸਮਝਦਾਰੀ ਇਸ ’ਚ ਹੈ ਕਿ ਭਾਰਤ ਆਪਣੀ ਕੂਟਨੀਤਿਕ ਅਤੇ ਜੰਗੀ ਸਥਿਤੀ ਮਜ਼ਬੂਤ ਕਰੇਗਾ। ਫਿਰ ਠੀਕ ਮੌਕਾ ਅਤੇ ਠੀਕ ਥਾਂ ’ਤੇ ਢੁੱਕਵਾਂ ਜਵਾਬ ਦਿੱਤਾ ਜਾਵੇ। ਇਸ ਰਣਨੀਤੀ ’ਤੇ ਰਾਸ਼ਟਰੀ ਸਹਿਮਤੀ ਬਣਾਉਣ ਲਈ ਪ੍ਰਧਾਨ ਮੰਤਰੀ ਨੂੰ ਪਹਿਲ ਕਰਨੀ ਹੋਵੇਗੀ। ਸਭ ਕੁਝ ਚੰਗਾ ਸੀ, ਦੇ ਪਿਛੇ ਲੁਕਣ ਦੀ ਬਜਾਏ ਉਨ੍ਹਾਂ ਨੂੰ ਲੱਦਾਖ ਸਰਹੱਦ ਦਾ ਪੂਰਾ ਸੱਚ ਘੱਟ ਤੋਂ ਘੱਟ ਕੁਝ ਵਿਰੋਧੀ ਧਿਰ ਦੇ ਆਗੂਆਂ ਨੂੰ ਦੱਸਣਾ ਹੋਵੇਗਾ। ਇਹ ਮੰਨਣਾ ਹੋਵੇਗਾ ਕਿ ਚੀਨੀ ਰਾਸ਼ਟਰਪਤੀ ਸ਼ੀ ਦੇ ਨਾਲ ਝੂਠੀ ਕੂਟਨੀਤੀ ਫੇਲ ਹੋ ਗਈ ਹੈ। ਤਦ ਵਿਰੋਧੀ ਧਿਰ ਦੀ ਵੀ ਜ਼ਿੰਮੇਵਾਰੀ ਬਣੇਗੀ ਕਿ ਉਹ ਸਰਕਾਰ ਨੂੰ ਘੇਰਨ ਦੀ ਬਜਾਏ ਵਿਦੇਸ਼ ਅਤੇ ਸੁਰੱਖਿਆ ਨੀਤੀ ’ਚ ਰਾਸ਼ਟਰੀ ਸਹਿਮਤੀ ਦੀ ਪਰੰਪਰਾ ਨੂੰ ਬਣਾਈ ਰੱਖੇ।


author

Bharat Thapa

Content Editor

Related News