ਟੀ. ਐੱਮ. ਸੀ.-ਭਾਜਪਾ ਵਿਚਾਲੇ ਨਫਰਤ, ਨਤੀਜੇ ਦੀ ਉਡੀਕ

06/17/2019 6:17:43 AM

–ਰਾਹਿਲ ਨੋਰਾ ਚੋਪੜਾ

ਲੋਕ ਸਭਾ ਚੋਣਾਂ ਖਤਮ ਹੋ ਗਈਆਂ ਹਨ ਅਤੇ ਲੋਕ ਸਭਾ ਦਾ ਪਹਿਲਾ ਸੈਸ਼ਨ 17 ਜੂਨ ਨੂੰ ਸ਼ੁਰੂ ਹੋਵੇਗਾ ਅਤੇ ਨਵੇਂ ਸੰਸਦ ਮੈਂਬਰਾਂ ਦਾ ਸਹੁੰ-ਚੁੱਕ ਸਮਾਰੋਹ 19 ਜੂਨ ਤਕ ਪੂਰਾ ਹੋਵੇਗਾ। ਇਸੇ ਦੌਰਾਨ ਪੱਛਮੀ ਬੰਗਾਲ ’ਚ ਸੜਕਾਂ ’ਤੇ ਟੀ. ਐੱਮ. ਸੀ. ਅਤੇ ਭਾਜਪਾ ਵਿਚਾਲੇ ਲੜਾਈ ਜਾਰੀ ਹੈ। ਹੁਣ ਭਾਜਪਾ ਜਨਰਲ ਸਕੱਤਰ ਕੈਲਾਸ਼ ਵਿਜੇ ਵਰਗੀਯ ਇਹ ਦਾਅਵਾ ਕਰ ਰਹੇ ਹਨ ਕਿ ਮਮਤਾ ਬੈਨਰਜੀ ਦੀ ਸਰਕਾਰ ਛੇਤੀ ਹੀ ਡਿੱਗ ਜਾਵੇਗੀ, ਨਹੀਂ ਤਾਂ ਪੱਛਮੀ ਬੰਗਾਲ ’ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਜਾਵੇਗਾ। ਲੋਕ ਸਭਾ ਚੋਣਾਂ ਦੇ ਨਤੀਜਿਅਾਂ ਤੋਂ ਬਾਅਦ ਕੁਝ ਵਿਧਾਇਕਾਂ ਅਤੇ ਬਹੁਤ ਸਾਰੇ ਕੌਂਸਲਰਾਂ ਨੇ ਟੀ. ਐੱਮ. ਸੀ. ਛੱਡ ਕੇ ਭਾਜਪਾ ਜੁਆਇਨ ਕਰ ਲਈ ਹੈ। ਭਾਜਪਾ ਨੇ ਇਨ੍ਹਾਂ ਚੋਣਾਂ ’ਚ 18 ਲੋਕ ਸਭਾ ਸੀਟਾਂ ਜਿੱਤੀਅਾਂ ਹਨ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਵਿਧਾਨ ਸਭਾ ਚੋਣਾਂ ’ਚ ਉਹ ਅੱਧੀਅਾਂ ਸੀਟਾਂ ਜਿੱਤ ਲੈਣਗੇ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਪ੍ਰਦੇਸ਼ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਕੰਟਰੋਲ ਕਰੇ ਅਤੇ ਇਸ ਦੌਰਾਨ ਭਾਜਪਾ ਨੇ ਆਪਣੇ 5 ਵਰਕਰਾਂ ਦੀ ਮੌਤ ਦੇ ਵਿਰੁੱਧ ਕਾਲੇ ਦਿਨ ਦਾ ਆਯੋਜਨ ਕੀਤਾ ਹੈ।

ਪੱਛਮੀ ਬੰਗਾਲ ਦੇ ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੇ ਦਿੱਲੀ ’ਚ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਸ਼ਿਸ਼ਟਾਚਾਰ ਮੁਲਾਕਾਤ ਸੀ ਪਰ ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਤ੍ਰਿਪਾਠੀ ਨੇ ਪੱਛਮੀ ਬੰਗਾਲ ’ਚ ਅਮਨ-ਕਾਨੂੰਨ ਦੀ ਸਥਿਤੀ ’ਤੇ 48 ਪੰਨਿਅਾਂ ਦੀ ਰਿਪੋਰਟ ਸੌਂਪੀ ਹੈ। ਪ੍ਰਦੇਸ਼ ’ਚ ਵਾਪਿਸ ਆ ਕੇ ਕੇਸਰੀਨਾਥ ਤ੍ਰਿਪਾਠੀ ਨੇ ਗਵਰਨਰ ਹਾਊਸ ’ਚ ਸਾਰੀਅਾਂ ਪਾਰਟੀਅਾਂ ਦੀ ਬੈਠਕ ਬੁਲਾਈ ਹੈ। ਇਸ ਤੋਂ ਤੁਰੰਤ ਬਾਅਦ ਮਮਤਾ ਬੈਨਰਜੀ ਨੇ ਸਵੀਕਾਰ ਕੀਤਾ ਕਿ 10 ਲੋਕ ਮਾਰੇ ਗਏ ਹਨ ਪਰ ਨਾਲ ਹੀ ਦਾਅਵਾ ਕੀਤਾ ਕਿ ਇਨ੍ਹਾਂ ’ਚੋਂ 8 ਟੀ. ਐੱਮ. ਸੀ. ਵਰਕਰ ਸਨ ਅਤੇ ਇਸ ਦੇ ਲਈ ਭਾਜਪਾ ਨੂੰ ਦੋਸ਼ੀ ਠਹਿਰਾਇਆ। ਮਮਤਾ ਦੀ ਸਮੱਸਿਆ ਅਜੇ ਖਤਮ ਨਹੀਂ ਹੋਈ ਹੈ ਅਤੇ 10 ਜੂਨ ਨੂੰ ਐੱਨ. ਆਰ. ਹਸਪਤਾਲ ਕੋਲਕਾਤਾ ’ਚ 75 ਸਾਲਾ ਮੁਹੰਮਦ ਸਈਦ ਦੀ ਮੌਤ ਨਾਲ ਹਿੰਸਾ ਭੜਕ ਉੱਠੀ, ਜਿਸ ’ਚ 2 ਡਾਕਟਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਉਸ ਤੋਂ ਬਾਅਦ ਡਾਕਟਰਾਂ ਨੇ ਨਾ ਸਿਰਫ ਪੱਛਮੀ ਬੰਗਾਲ, ਸਗੋਂ ਪੂਰੇ ਦੇਸ਼ ’ਚ, ਵਿਸ਼ੇਸ਼ ਤੌਰ ’ਤੇ ਦਿੱਲੀ ’ਚ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ, ਜਿਸ ਨਾਲ ਸਰਕਾਰੀ ਅਤੇ ਨਿੱਜੀ ਹਸਪਤਾਲਾਂ ’ਚ ਸਿਹਤ ਸਹੂਲਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਰਹੀਅਾਂ। ਘਟਨਾ ਦੇ 6ਵੇਂ ਦਿਨ ਐਤਵਾਰ ਤਕ ਇਹੀ ਸਥਿਤੀ ਬਣੀ ਹੋਈ ਸੀ। ਹੁਣ ਡਾਕਟਰਾਂ ਦੀ ਹੜਤਾਲ ਨੇ ਵੀ ਕੇਂਦਰ ਸਰਕਾਰ ਨੂੰ ਪੱਛਮੀ ਬੰਗਾਲ ’ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦਾ ਮੌਕਾ ਦੇ ਦਿੱਤਾ ਹੈ। ਇਸ ਸਮੇਂ ਸ਼ਕਤੀ ਦਾ ਪ੍ਰੀਖਣ ਆਗਾਮੀ ਕੋਲਕਾਤਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਹੋ ਰਿਹਾ ਹੈ, ਜੋ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਣਾ ਹੈ ਅਤੇ ਜਿਸ ਨੂੰ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ। ਇਸ ਲਈ ਦੋਵੇਂ ਪਾਰਟੀਅਾਂ ਨਿਗਮ ਚੋਣਾਂ ਤਕ ਹਮਲਾਵਰੀ ਰਹਿਣਾ ਚਾਹੁੰਦੀਅਾਂ ਹਨ।

ਯੋਗੀ ਅਤੇ ਸ਼ਿਵਪਾਲ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਮੁਲਾਇਮ ਸਿੰਘ ਯਾਦਵ ਦਾ ਹਾਲ-ਚਾਲ ਪੁੱਛਣ ਉਨ੍ਹਾਂ ਦੇ ਨਿਵਾਸ ’ਤੇ ਪਹੁੰਚੇ, ਜੋ ਪਿਛਲੇ ਕੁਝ ਹਫਤਿਅਾਂ ਤੋਂ ਬੀਮਾਰ ਚੱਲ ਰਹੇ ਹਨ। ਉਸੇ ਸਮੇਂ ਅਚਾਨਕ ਮੁਲਾਇਮ ਦੇ ਭਰਾ ਸ਼ਿਵਪਾਲ ਯਾਦਵ ਉਥੇ ਹਾਜ਼ਰ ਹੋ ਗਏ ਅਤੇ ਫੋਟੋਗ੍ਰਾਫਰ ਨੇ ਉਸੇ ਸਮੇਂ ਉਨ੍ਹਾਂ ਦੀ ਫੋਟੋ ਖਿੱਚ ਲਈ, ਜਿਸ ’ਚ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਅਖਿਲੇਸ਼ ਅਤੇ ਸ਼ਿਵਪਾਲ ਦੇ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਸਾਰਿਅਾਂ ਦੀ ਇਹ ਫੋਟੋ ਮੀਡੀਆ ’ਚ ਪ੍ਰਕਾਸ਼ਿਤ ਹੋਈ, ਜਿਸ ਤੋਂ ਅਖਿਲੇਸ਼ ਕਾਫੀ ਨਾਖੁਸ਼ ਹੋਏ ਅਤੇ ਉਨ੍ਹਾਂ ਨੇ ਫੋਟੋ ’ਚੋਂ ਸ਼ਿਵਪਾਲ ਨੂੰ ਹਟਾ ਕੇ ਇਕ ਟਵੀਟ ਕੀਤਾ। ਲਖਨਊ ਦੇ ਕੁਝ ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸ਼ਿਵਪਾਲ ਯਾਦਵ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਿਚਾਲੇ ਗੁਪਤ ਸਹਿਮਤੀ ਹੈ ਪਰ ਮੁਲਾਇਮ ਸਿੰਘ ਯਾਦਵ ਅਜੇ ਵੀ ਆਸ ਕਰਦੇ ਹਨ ਕਿ ਪਰਿਵਾਰ ਦੇ ਲੋਕ ਇਕਜੁੱਟ ਹੋ ਜਾਣ। ਹਾਲਾਂਕਿ ਚੋਣਾਂ ’ਚ ਸ਼ਿਵਪਾਲ ਦੀ ਪਾਰਟੀ ਨੇ ਸਪਾ ਦੀਅਾਂ ਕਾਫੀ ਵੋਟਾਂ ਤੋੜੀਅਾਂ ਸਨ। ਆਪਣੇ ਇਸ ਯਤਨ ਦੇ ਤਹਿਤ ਮੁਲਾਇਮ ਸਿੰਘ ਨੇ ਸਫਾਈ ’ਚ ਸ਼ਿਵਪਾਲ ਅਤੇ ਰਾਮਗੋਪਾਲ ਸਮੇਤ ਸਾਰੇ ਲੋਕਾਂ ਨੂੰ ਬੁਲਾਇਆ ਸੀ ਪਰ ਕੋਈ ਗੱਲ ਨਹੀਂ ਬਣੀ।

ਵਰਕਰਾਂ ਨਾਲ ਨਾਰਾਜ਼ ਹੈ ਪ੍ਰਿਯੰਕਾ

ਪ੍ਰਿਯੰਕਾ ਗਾਂਧੀ ਵਢੇਰਾ ਨੇ ਹਾਲ ਹੀ ’ਚ ਰਾਇਬਰੇਲੀ ਲੋਕ ਸਭਾ ਖੇਤਰ ਦਾ ਦੌਰਾ ਕੀਤਾ, ਜਿਥੋਂ ਸੋਨੀਆ ਗਾਂਧੀ ਨੇ ਚੋਣ ਜਿੱਤੀ ਹੈ। ਇਸ ਦੌਰਾਨ ਰਾਇਬਰੇਲੀ ’ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਅਾਂ ਪ੍ਰਿਯੰਕਾ ਗਾਂਧੀ ਨੇ ਕਾਫੀ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਉਨ੍ਹਾਂ ਨੇ ਰਾਇਬਰੇਲੀ ਅਤੇ ਅਮੇਠੀ ਦੇ ਵਰਕਰਾਂ ਨੂੰ ਖਰਾਬ ਪ੍ਰਦਰਸ਼ਨ ਲਈ ਦੋਸ਼ੀ ਠਹਿਰਾਇਆ। ਪ੍ਰਿਯੰਕਾ ਗਾਂਧੀ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਰਾਇਬਰੇਲੀ ਦੇ ਲੋਕਾਂ ਦੇ ਉਨ੍ਹਾਂ ਪ੍ਰਤੀ ਪਿਆਰ ਕਾਰਣ ਜਿੱਤੀ ਹੈ।

ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ਇਸ ਲਈ ਬਣੇ ਕਿਉਂਕਿ ਦਿੱਲੀ ਤੋਂ ਪਹਿਲਾਂ ਵਰਗਾ ਸਮਰਥਨ ਅਤੇ ਸਹਿਯੋਗ ਨਹੀਂ ਮਿਲ ਰਿਹਾ। ਇਸ ਤੋਂ ਇਲਾਵਾ ਰਾੲਿਬਰੇਲੀ ਅਤੇ ਅਮੇਠੀ ਲਈ ਤਾਇਨਾਤ ਕੀਤੇ ਗਏ ਨੇਤਾ ਵੀ ਬਦਲਦੇ ਰਹੇ ਹਨ। ਉਦਾਹਰਣ ਵਜੋਂ ਧੀਰਜ ਸ਼੍ਰੀਵਾਸਤਵ, ਜੋ ਪਹਿਲਾਂ ਰਾਜਸਥਾਨ ਸਰਕਾਰ ’ਚ ਕੰਮ ਕਰਦੇ ਸਨ, ਉਨ੍ਹਾਂ ਨੂੰ ਸਿਰਫ 4 ਮਹੀਨੇ ਪਹਿਲਾਂ ਅਮੇਠੀ ਲੋਕ ਸਭਾ ਖੇਤਰ ਦੇਖਣ ਲਈ ਕਿਹਾ ਗਿਆ। ਪੁਰਾਣੇ ਕਾਂਗਰਸੀ ਨੇਤਾਵਾਂ ਦਾ ਕਹਿਣਾ ਹੈ ਕਿ ਇੰਦਰਾ ਅਤੇ ਰਾਜੀਵ ਗਾਂਧੀ ਦੇ ਸਮੇਂ ਅਮੇਠੀ ’ਚ ਸਮਰਪਿਤ ਕਾਂਗਰਸੀ ਨੇਤਾਵਾਂ ਦੀ ਇਕ ਟੀਮ ਤਾਇਨਾਤ ਰਹਿੰਦੀ ਸੀ, ਜੋ ਨਿੱਜੀ ਤੌਰ ’ਤੇ ਇਸ ਗੱਲ ਨੂੰ ਯਕੀਨੀ ਕਰਦੀ ਸੀ ਕਿ ਉਥੇ ਲੋਕਾਂ ਨੂੰ ਸਰਕਾਰੀ ਨੌਕਰੀ ਸਮੇਤ ਹੋਰ ਸਾਰੇ ਲਾਭ ਮਿਲਦੇ ਰਹਿਣ। ਇਸ ਤਰ੍ਹਾਂ ਗਾਂਧੀ ਪਰਿਵਾਰ ਇਸ ਸਮਰਪਿਤ ਟੀਮ ਰਾਹੀਂ ਲਗਾਤਾਰ ਲੋਕਾਂ ਦੇ ਸੰਪਰਕ ’ਚ ਰਹਿੰਦਾ ਸੀ।

ਉੱਤਰਾਖੰਡ ’ਚ ਮੰਤਰੀ ਮੰਡਲ ਦਾ ਵਿਸਤਾਰ

ਉੱਤਰਾਖੰਡ ’ਚ ਪ੍ਰਕਾਸ਼ ਪੰਥ ਦੀ ਮੌਤ ਅਤੇ ਪਹਿਲਾਂ ਤੋਂ ਖਾਲੀ ਚੱਲ ਰਹੇ 2 ਮੰਤਰੀ ਅਹੁਦਿਅਾਂ ਤੋਂ ਬਾਅਦ ਛੇਤੀ ਹੀ ਮੰਤਰੀ ਮੰਡਲ ਦੇ ਵਿਸਤਾਰ ਦੀ ਸੰਭਾਵਨਾ ਹੈ। ਇਨ੍ਹਾਂ 3 ਖਾਲੀ ਅਹੁਦਿਅਾਂ ਨੂੰ ਭਰਨ ਤੋਂ ਇਲਾਵਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਕੁਝ ਅਜਿਹੇ ਮੰਤਰੀਅਾਂ ਨੂੰ ਵੀ ਬਦਲਣਾ ਚਾਹੁੰਦੇ ਹਨ, ਜੋ ਗੁੱਟਬਾਜ਼ੀ ’ਚ ਲੱਗੇ ਹੋਏ ਹਨ ਅਤੇ ਆਪਣੇ ਕੰਮ ਪ੍ਰਤੀ ਗੰਭੀਰ ਨਹੀਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਹਰਕ ਸਿੰਘ ਰਾਵਤ ਅਰਵਿੰਦ ਪਾਂਡੇ, ਰੇਖਾ ਆਰੀਆ ਅਤੇ ਮਦਨ ਕੌਸ਼ਿਕ ਤੋਂ ਨਾਰਾਜ਼ ਹਨ। ਹਰਿਦੁਆਰ ਤੋਂ ਦੂਜੀ ਵਾਰ ਰਮੇਸ਼ ਪੋਖਰਿਅਾਲ ਨਿਸ਼ੰਕ ਦੀ ਜਿੱਤ ਅਤੇ ਉਨ੍ਹਾਂ ਨੂੰ ਕੇਂਦਰੀ ਮੰਤਰੀ ਮੰਡਲ ’ਚ ਸ਼ਾਮਿਲ ਕਰਨ ਤੋਂ ਬਾਅਦ ਭਾਜਪਾ ਹਾਈਕਮਾਨ ਵਲੋਂ ਸਪੱਸ਼ਟ ਸੰਕੇਤ ਹੈ ਕਿ ਮਦਨ ਕੌਸ਼ਿਕ ਦੀ ਗੁੱਟਬਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਮੰਤਰੀ ਮੰਡਲ ਸੰਤੁਲਿਤ ਹੋਵੇ, ਜਿਸ ’ਚ ਖੇਤਰੀ ਅਤੇ ਜਾਤੀ ਪ੍ਰਤੀਨਿਧਤਾ ਠੀਕ ਢੰਗ ਨਾਲ ਹੋਵੇ ਕਿਉਂਕਿ ਪ੍ਰਦੇਸ਼ ’ਚ ਮੁੱਖ ਸਕੱਤਰ ਅਤੇ ਐਡੀਸ਼ਨਲ ਮੁੱਖ ਸਕੱਤਰ ’ਚ ਵੀ ਭੇਦਭਾਵ ਹਨ। ਇਸ ਲਈ ਮੁੱਖ ਮੰਤਰੀ ਪ੍ਰਸ਼ਾਸਨ ’ਚ ਵੀ ਫੇਰਬਦਲ ਕਰਨਾ ਚਾਹੁੰਦੇ ਹਨ। ਅਜਿਹੀ ਚਰਚਾ ਹੈ ਕਿ ਮੁੰਨਾ ਸਿੰਘ ਚੌਹਾਨ, ਬਿਸ਼ਨ ਸਿੰਘ ਅਤੇ ਸੀਨੀਅਰ ਨੇਤਾ ਮੰਤਰੀ ਮੰਡਲ ’ਚ ਸ਼ਾਮਿਲ ਕੀਤੇ ਜਾ ਸਕਦੇ ਹਨ ਅਤੇ ਮੁੱਖ ਸਕੱਤਰ ਨੂੰ ਵੀ ਬਦਲਿਆ ਜਾ ਸਕਦਾ ਹੈ।

ਕਾਂਗਰਸ ’ਚ ਦੁਚਿੱਤੀ

ਕਾਂਗਰਸ ਪਾਰਟੀ ਦੀ ਅਗਵਾਈ ਕੌਣ ਕਰ ਰਿਹਾ ਹੈ? ਕੋਈ ਨਹੀਂ ਜਾਣਦਾ। ਰਾਹੁਲ ਗਾਂਧੀ ਅਜੇ ਤਕ ਅਹੁਦਾ ਛੱਡਣ ਦੀ ਆਪਣੀ ਜ਼ਿੱਦ ’ਤੇ ਅੜੇ ਹੋਏ ਹਨ ਪਰ ਪਾਰਟੀ ਅਜੇ ਤਕ ਉਨ੍ਹਾਂ ਦਾ ਕੋਈ ਬਦਲ ਨਹੀਂ ਲੱਭ ਸਕੀ। ਇਥੋਂ ਤਕ ਕਿ ਪਾਰਟੀ ਦੇ ਸੀਨੀਅਰ ਨੇਤਾ ਵੀ ਦਿਸ਼ਾ-ਰਹਿਤ ਨਜ਼ਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਮਹਾਰਾਸ਼ਟਰ ਬਾਰੇ ਪਿਛਲੀ ਆਈ. ਐੱਨ. ਸੀ. ਪ੍ਰੈੱਸ ਰਿਲੀਜ਼ ਵੀ ਕਾਂਗਰਸ ਪ੍ਰਧਾਨ ਦੀ ਬਜਾਏ ਏ. ਆਈ. ਸੀ. ਸੀ. ਦੇ ਨਾਂ ਨਾਲ ਜਾਰੀ ਕੀਤੀ ਗਈ। ਪਾਰਟੀ ਹਾਈਕਮਾਨ ’ਚ ਜਾਰੀ ਦੁਚਿੱਤੀ ਦੀ ਸਥਿਤੀ ਕਾਰਣ ਪਾਰਟੀ ਅਜੇ ਤਕ ਆਪਣੇ ਸੰਸਦੀ ਨੇਤਾ ਦਾ ਵੀ ਫੈਸਲਾ ਨਹੀਂ ਕਰ ਸਕੀ।

Bharat Thapa

This news is Content Editor Bharat Thapa