ਆਧੁਨਿਕ ਭਾਰਤ ਨਿਰਮਾਤਾ–ਸਵਾਮੀ ਵਿਵੇਕਾਨੰਦ

01/12/2020 1:55:59 AM

ਸ਼ਾਂਤਾ ਕੁਮਾਰ

ਵਿਸ਼ਵ ਇਤਿਹਾਸ ’ਚ ਅਜਿਹੀ ਕੋਈ ਉਦਾਹਰਣ ਨਹੀਂ ਮਿਲਦੀ, ਜਿਥੇ ਸਵਾਮੀ ਵਿਵੇਕਾਨੰਦ ਵਾਂਗ ਕਿਸੇ ਨੇ ਮੋਕਸ਼ ਲਈ ਘਰ-ਪਰਿਵਾਰ ਸਭ ਕੁਝ ਛੱਡ ਦਿੱਤਾ ਹੋਵੇ ਅਤੇ ਫਿਰ ਮਾਤ-ਭੂਮੀ ਦੀ ਸੇਵਾ ਲਈ ਉਸ ਮੋਕਸ਼ ਨੂੰ ਵੀ ਛੱਡ ਦਿੱਤਾ। ਇਸ ਨਜ਼ਰੀਏ ਤੋਂ ਸਵਾਮੀ ਵਿਵੇਕਾਨੰਦ ਵਿਸ਼ਵ ਇਤਿਹਾਸ ਵਿਚ ਅਦੁੱਤੇ ਮਹਾਪੁਰਸ਼ ਹਨ।

ਸਵਾਮੀ ਵਿਵੇਕਾਨੰਦ ਦਾ ਜਨਮ 1863 ਨੂੰ ਕਲਕੱਤਾ ਵਿਚ ਹੋਇਆ। ਉਸ ਵੇਲੇ 1857 ਦੇ ਆਜ਼ਾਦੀ ਅੰਦੋਲਨ ਦੀ ਅਸਫਲਤਾ ਕਾਰਣ ਪੂਰਾ ਦੇਸ਼ ਨਿਰਾਸ਼ਾ ’ਚ ਡੁੱਬਾ ਸੀ। ਅੱਧੀ ਦੁਨੀਆ ’ਤੇ ਰਾਜ ਕਰਨ ਵਾਲੇ ਅੰਗਰੇਜ਼ਾਂ ਦਾ ਦਮਨ ਭਰਿਆ ਸਖਤ ਸ਼ਾਸਨ ਅਤੇ ਈਸਾਈ ਮਿਸ਼ਨਰੀਆਂ ਦੇ ਜ਼ਬਰਦਸਤ ਪ੍ਰਚਾਰ ਕਾਰਣ ਉਸ ਸਮੇਂ ਭਾਰਤ ਨਿਰਾਸ਼ਾ ਅਤੇ ਹੀਣ ਭਾਵਨਾ ਵਿਚ ਸੌਂ ਰਿਹਾ ਸੀ। ਪੂਰੀ ਦੁਨੀਆ ਵਿਚ ਈਸਾਈ ਮਿਸ਼ਨਰੀਆਂ ਨੇ ਇਹ ਪ੍ਰਚਾਰ ਕੀਤਾ ਕਿ ਭਾਰਤ ਇਕ ਪੱਛੜਿਆ, ਅਨਪੜ੍ਹ, ਜਾਹਿਲ ਦੇਸ਼ ਹੈ, ਵੇਦ ਆਜੜੀਆਂ ਦੇ ਗੀਤ ਹਨ। ਇਹੀ ਪ੍ਰਚਾਰ ਕਰ ਕੇ ਈਸਾਈ ਮਿਸ਼ਨਰੀ ਸੇਵਾ ਦੇ ਨਾਂ ’ਤੇ ਵਿਦੇਸ਼ਾਂ ਤੋਂ ਧਨ ਇਕੱਠਾ ਕਰਦੇ ਸਨ ਅਤੇ ਭਾਰਤ ’ਚ ਈਸਾਈ ਧਰਮ ਨੂੰ ਫੈਲਾਉਂਦੇ ਸਨ। ਉਨ੍ਹਾਂ ਦਿਨਾਂ ’ਚ ਹਾਲਤ ਇਹ ਸੀ ਕਿ ਭਾਰਤ ਦੇ ਕੁਝ ਵਿਦਵਾਨ ਪ੍ਰਮੁੱਖ ਨੇਤਾਵਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਅੰਗਰੇਜ਼ੀ ਰਾਜ ਭਾਰਤ ਲਈ ਈਸ਼ਵਰ ਦਾ ਵਰਦਾਨ ਹੈ। ਅਜਿਹੇ ਸਮੇਂ ਉੱਤੇ 1893 ਵਿਚ ਸ਼ਿਕਾਗੋ ’ਚ ਵਿਸ਼ਵ ਧਰਮ ਸੰਮੇਲਨ ਦੇ ਮੰਚ ’ਤੇ ਜਦੋਂ ਭਾਰਤ ਦੇ ਨੌਜਵਾਨ ਸੰਨਿਆਸੀ ਸਵਾਮੀ ਵਿਵੇਕਾਨੰਦ ਨੇ ਵੇਦਾਂਤ ਅਤੇ ਭਾਰਤੀ ਦਰਸ਼ਨ ਦੀ ਮਹਾਨਤਾ ਦੱਸੀ ਤਾਂ ਪੂਰਾ ਵਿਸ਼ਵ ਹੈਰਾਨ ਰਹਿ ਗਿਆ। ਉਨ੍ਹਾਂ ਦੇ ਭਾਸ਼ਣ ਦੇ ਦੂਜੇ ਦਿਨ ਪ੍ਰਸਿੱਧ ਅਖ਼ਬਾਰ ‘ਨਿਊਯਾਰਕ ਹੇਰਾਲਡ’ ਨੇ ਲਿਖਿਆ ਸੀ, ‘‘ਵਿਸ਼ਵ ਧਰਮ ਸੰਮੇਲਨ ਵਿਚ ਸਵਾਮੀ ਵਿਵੇਕਾਨੰਦ ਸਭ ਤੋਂ ਮਹਾਨ ਧਾਰਮਿਕ ਨੇਤਾ ਸਨ। ਉਨ੍ਹਾਂ ਦਾ ਭਾਸ਼ਣ ਸੁਣ ਕੇ ਇਹ ਲੱਗਾ ਕਿ ਇੰਨੇ ਮਹਾਨ ਦੇਸ਼ ਵਿਚ ਈਸਾਈ ਮਿਸ਼ਨਰੀ ਭੇਜਣਾ ਕਿੰਨੀ ਮੂਰਖਤਾ ਦੀ ਗੱਲ ਹੈ।’’

ਸਵਾਮੀ ਵਿਵੇਕਾਨੰਦ ਨੇ ਉਸ ਤੋਂ ਬਾਅਦ ਪੂਰੇ ਦੇਸ਼ ’ਚ ਘੁੰਮ ਕੇ ਦੇਸ਼ਭਗਤੀ ਦੀ ਭਾਵਨਾ ਜਗਾਈ ਅਤੇ ਹੀਣ ਭਾਵਨਾ ਨੂੰ ਖਤਮ ਕੀਤਾ। ਦੇਸ਼ ਦੀ ਨੌਜਵਾਨ ਸ਼ਕਤੀ ਨੂੰ ਲਲਕਾਰਿਆ। ਹੀਣ ਭਾਵਨਾ ਅਤੇ ਨਿਰਾਸ਼ਾ ਦੀ ਨੀਂਦ ਤੋਂ ਭਾਰਤ ਜਾਗਿਆ ਅਤੇ ਉਸ ਤੋਂ ਬਾਅਦ ਆਜ਼ਾਦੀ ਅੰਦੋਲਨ ਨਾਲ ਭਾਰਤ ਨੇ ਆਜ਼ਾਦੀ ਹਾਸਿਲ ਕੀਤੀ।

ਇਸੇ ਕਾਰਣ ਸੁਭਾਸ਼ ਚੰਦਰ ਬੋਸ ਨੇ ਕਿਹਾ ਸੀ, ‘‘ਸਵਾਮੀ ਵਿਵੇਕਾਨੰਦ ਜੀ ਨੇ ਧਰਮ ਨੂੰ ਇਕ ਨਵਾਂ ਅਰਥ ਦਿੱਤਾ। ਉਨ੍ਹਾਂ ਦੇ ਵਿਚਾਰਾਂ ਨੇ ਨੌਜਵਾਨ ਵਰਗ ’ਤੇ ਅਮਿੱਟ ਛਾਪ ਛੱਡੀ। ਅਸਲ ’ਚ ਭਾਰਤ ਦੇ ਆਜ਼ਾਦੀ ਅੰਦੋਲਨ ਦੇ ਸੰਸਥਾਪਕ ਸਵਾਮੀ ਵਿਵੇਕਾਨੰਦ ਜੀ ਸਨ।’’

ਪੰ. ਜਵਾਹਰ ਲਾਲ ਨਹਿਰੂ ਜੀ ਨੇ ਕਿਹਾ ਸੀ, ‘‘ਵਿਵੇਕਾਨੰਦ ਪ੍ਰਾਚੀਨ ਅਤੇ ਆਧੁਨਿਕ ਭਾਰਤ ਨੂੰ ਜੋੜਨ ਵਾਲਾ ਵਿਲੱਖਣ ਪੁਲ ਸੀ। ਉਨ੍ਹਾਂ ਨੇ ਪ੍ਰਾਚੀਨ ਨੀਂਹ ਉੱਤੇ ਨਵ-ਨਿਰਮਾਣ ਦਾ ਮਹੱਤਵਪੂਰਨ ਕੰਮ ਕੀਤਾ। ਅੱਜ ਦੇ ਭਾਰਤ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸ ਦੇ ਨਵ-ਨਿਰਮਾਣ ਦੀ ਨੀਂਹ ਸਵਾਮੀ ਜੀ ਵਲੋਂ ਹੀ ਰੱਖੀ ਗਈ ਸੀ। ਸਵਾਮੀ ਵਿਵੇਕਾਨੰਦ ਜੀ ਸਿਆਸੀ ਨੇਤਾ ਨਹੀਂ ਸਨ ਪਰ ਭਾਰਤ ਦੇ ਆਜ਼ਾਦੀ ਅੰਦੋਲਨ ਦੀ ਨੀਂਹ ਉਨ੍ਹਾਂ ਨੇ ਹੀ ਰੱਖੀ ਅਤੇ ਉਨ੍ਹਾਂ ਦੀ ਪ੍ਰੇਰਣਾ ਲੈ ਕੇ ਅਨੇਕ ਨੌਜਵਾਨ ਕਾਰਜਸ਼ੀਲ ਹੋਏ।’’

ਭਾਰਤ ਦੇ ਪ੍ਰਸਿੱਧ ਕਮਿਊਨਿਸਟ ਨੇਤਾ ਹੀਰੇਨ ਮੁਖਰਜੀ ਨੇ ਕਿਹਾ ਸੀ, ‘‘ਸਵਾਮੀ ਵਿਵੇਕਾਨੰਦ ਇਕ ਅਜਿਹੇ ਸੰਨਿਆਸੀ ਸਨ, ਜਿਨ੍ਹਾਂ ਨੇ ਆਪਣੇ ਦੇਸ਼ ਅਤੇ ਆਪਣੇ ਦੇਸ਼ਵਾਸੀਆਂ ਦੀ ਦੁਰਦਸ਼ਾ ਉੱਤੇ ਖੂਨ ਦੇ ਹੰਝੂ ਵਹਾਏ ਸਨ। ਉਨ੍ਹਾਂ ਨੇ ਆਪਣੀ ਮੁਕਤੀ ਲਈ ਆਪਣਾ ਘਰ-ਪਰਿਵਾਰ ਤਿਆਗਿਆ ਪਰ ਉਸੇ ਮੁਕਤੀ ਨੂੰ ਦੇਸ਼ਵਾਸੀਆਂ ਲਈ ਤਿਆਗ ਦਿੱਤਾ। ਇਹੀ ਕਾਰਣ ਹੈ ਕਿ ਮੇਰੇ ਵਰਗਾ ਨਾਸਤਿਕ ਵਿਅਕਤੀ ਵੀ ਉਸ ਮਹਾਪੁਰਸ਼ ਦੇ ਅੱਗੇ ਨਤਮਸਤਕ ਹੁੰਦਾ ਹੈ।’’

ਸਵਾਮੀ ਵਿਵੇਕਾਨੰਦ ਨੇ ਸੰਨਿਆਸ ਨੂੰ ਇਕ ਨਵੀਂ ਪਰਿਭਾਸ਼ਾ ਦਿੱਤੀ। ਉਸ ਤੋਂ ਪਹਿਲਾਂ ਸੰਨਿਆਸ ਲੈ ਕੇ ਘਰ-ਬਾਰ ਅਤੇ ਸੰਸਾਰ ਨੂੰ ਛੱਡ ਦਿੱਤਾ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਸੰਨਿਆਸ ਦਾ ਅਰਥ ਹੈ ਕਿ ਹੁਣ ਭਾਰਤ ਦਾ ਸੰਨਿਆਸੀ ਆਪਣੇ ਲਈ ਨਹੀਂ, ਸਗੋਂ ਮਾਤ-ਭੂਮੀ ਲਈ ਸਿਰਫ ਮਨੁੱਖਤਾ ਲਈ ਜੀਵੇਗਾ। ਉਨ੍ਹਾਂ ਨੇ ਭਾਰਤੀ ਚਿੰਤਨ ਨੂੰ ਸੱਤਿਆਨਾਰਾਇਣ ਤੋਂ ਦਰਿੱਦਰ ਨਾਰਾਇਣ ਵੱਲ ਵੀ ਮੋੜਿਆ। ਉਨ੍ਹਾਂ ਨੇ ਕਿਹਾ ਸੀ, ‘‘ਮੈਂ ਉਸੇ ਨੂੰ ਮਹਾਤਮਾ ਕਹਿੰਦਾ ਹਾਂ, ਜਿਸ ਦਾ ਦਿਲ ਗਰੀਬਾਂ ਲਈ ਰੋਂਦਾ ਹੈ, ਨਹੀਂ ਤਾਂ ਉਹ ਦੁਰਆਤਮਾ ਹੈ।’’

ਦੇਸ਼ ਦੀ ਗਰੀਬੀ, ਭੁੱਖਮਰੀ ਨੂੰ ਦੇਖ ਕੇ ਸਵਾਮੀ ਜੀ ਬਹੁਤ ਹੀ ਦੁੱਖ ਮਹਿਸੂਸ ਕਰਦੇ ਸਨ। ਉਹ ਇਕ ਇਨਕਲਾਬੀ ਸੰਨਿਆਸੀ ਸਨ। ਇਸ ਲਈ ਭਾਰਤ ਦੀ ਗਰੀਬੀ ਅਤੇ ਉਸ ਪ੍ਰਤੀ ਖੁਸ਼ਹਾਲ ਲੋਕਾਂ ਦੀ ਬੇਰੁਖ਼ੀ ਨੂੰ ਦੇਖ ਕੇ ਉਨ੍ਹਾਂ ਨੇ ਕਿਹਾ ਸੀ, ‘‘ਜੋ ਲੋਕ ਦੇਸ਼ ਦੇ ਸਾਧਨਾਂ ਨਾਲ ਸੰਪੰਨ ਹੁੰਦੇ ਹਨ ਅਤੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਜਾਂਦੇ ਹਨ ਪਰ ਨਾ ਤਾਂ ਦੇਸ਼ ਦੇ ਗਰੀਬਾਂ ਬਾਰੇ ਕਦੇ ਕੁਝ ਸੋਚਦੇ ਹਨ ਅਤੇ ਨਾ ਹੀ ਕੁਝ ਕਰਦੇ ਹਨ, ਉਹ ਸਭ ਦੇਸ਼ਧ੍ਰੋਹੀ ਹਨ।’’ ਅੱਜ ਵੀ ਭਾਰਤ ਦਾ ਕੋਈ ਮਹਾਪੁਰਸ਼ ਨੇਤਾ ਇੰਨੇ ਸਖਤ ਸ਼ਬਦਾਂ ਦੀ ਵਰਤੋਂ ਨਹੀਂ ਕਰ ਸਕਦਾ।

ਸਵਾਮੀ ਵਿਵੇਕਾਨੰਦ ਮਨੁੱਖ ਦੇ ਨਿਰਮਾਣ ’ਤੇ ਬਹੁਤ ਜ਼ੋਰ ਦਿੰਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਵਿਅਕਤੀ ਨਿਰਮਾਣ ਅਤੇ ਚਰਿੱਤਰ ਨਿਰਮਾਣ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ‘‘ਮਨੁੱਖ ਦੀ ਸਿਰਫ ਮਨੁੱਖ ਹੀ ਜ਼ਰੂਰਤ ਹੈ ਅਤੇ ਸਭ ਕੁਝ ਹੋ ਜਾਵੇਗਾ ਪਰ ਲੋੜ ਹੈ ਈਮਾਨਦਾਰ ਨੌਜਵਾਨਾਂ ਦੀ।’’ ਉਹ ਪੂਰਾ ਜੀਵਨ ਇਸੇ ਗੱਲ ’ਤੇ ਜ਼ੋਰ ਦਿੰਦੇ ਰਹੇ।

ਸਵਾਮੀ ਵਿਵੇਕਾਨੰਦ ਦੇ ਚਿੰਤਨ ਅਤੇ ਡਾ. ਹੈਡਗੇਵਾਰ ਦੇ ਚਿੰਤਨ ਅਤੇ ਕੰਮ ’ਤੇ ਗੰਭੀਰਤਾ ਨਾਲ ਵਿਚਾਰ ਕਰਨ ’ਤੇ ਮੈਨੂੰ ਲੱਗਦਾ ਹੈ ਕਿ ਸਵਾਮੀ ਵਿਵੇਕਾਨੰਦ ਦੇ ਮਨੁੱਖ ਦੇ ਨਿਰਮਾਣ ਦੇ ਕੰਮ ਨੂੰ ਪੂਰਾ ਕਰਨ ਲਈ ਹੀ ਡਾ. ਹੈਡਗੇਵਾਰ ਆਏ ਸਨ। ਉਨ੍ਹਾਂ ਨੇ ਦੇਸ਼ਭਗਤ, ਈਮਾਨਦਾਰ, ਚਰਿੱਤਰਵਾਨ, ਮਨੁੱਖ ਨਿਰਮਾਣ ਕਰਨ ਲਈ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਥਾਪਨਾ ਕੀਤੀ, ਜੋ ਅੱਜ ਵਿਸ਼ਵ ਦਾ ਸਭ ਤੋਂ ਵੱਡਾ ਸੰਗਠਨ ਬਣ ਚੁੱਕਾ ਹੈ। ਇਸ ਨਜ਼ਰੀਏ ਤੋਂ ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਦੇ ਅਧੂਰੇ ਕੰਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ।

ਸਵਾਮੀ ਵਿਵੇਕਾਨੰਦ ਮੇਰੇ ਜੀਵਨ ਦੇ ਆਦਰਸ਼ ਅਤੇ ਰਾਹ-ਦਸੇਰੇ ਰਹੇ ਹਨ। ਉਨ੍ਹਾਂ ਦੇ ਹੀ ਨਾਂ ’ਤੇ ਪਾਲਮਪੁਰ ਵਿਚ ਵਿਵੇਕਾਨੰਦ ਟਰੱਸਟ ਸੇਵਾ ਦੇ ਕੰਮ ਵਿਚ ਲੱਗਾ ਹੈ। ਪਿਛਲੇ ਸਾਲ ਉਥੇ ਸਵਾਮੀ ਵਿਵੇਕਾਨੰਦ ਜੀ ਦੀ ਇਕ ਵਿਸ਼ਾਲ ਮੂਰਤੀ ਦਾ ਉਦਘਾਟਨ ਕੀਤਾ ਗਿਆ ਸੀ। ਉਸੇ ਤੋਂ ਬਾਅਦ ਮੇਰੇ ਮਨ ਵਿਚ ਇਹ ਵਿਚਾਰ ਆਇਆ ਕਿ ਸਭ ਤੋਂ ਵੱਡਾ ਕੰਮ ਸਵਾਮੀ ਜੀ ਦੇ ਵਿਚਾਰਾਂ ਦਾ ਅੱਜ ਦੀ ਨੌਜਵਾਨ ਪੀੜ੍ਹੀ ਵਿਚ ਪ੍ਰਚਾਰ ਕਰਨਾ ਹੈ। ਉਸੇ ਨਜ਼ਰੀਏ ਤੋਂ ਪਿਛਲੇ ਸਾਲ 15 ਨਵੰਬਰ ਤੋਂ ਲੈ ਕੇ 12 ਜਨਵਰੀ ਤਕ ਸਵਾਮੀ ਜੀ ਦੇ ਜਨਮ ਦਿਨ ਉੱਤੇ ਵਿਵੇਕਾਨੰਦ ਟਰੱਸਟ ਅਤੇ ਕੁਲਹਿੰਦ ਵਿਦਿਆਰਥੀ ਪ੍ਰੀਸ਼ਦ ਵਲੋਂ ਸਵਾਮੀ ਵਿਵੇਕਾਨੰਦ ਜਨਮ ਉਤਸਵ ਸਮਾਰੋਹ ਮਨਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਹਿਮਾਚਲ ਦੇ ਇਤਿਹਾਸ ਵਿਚ ਆਪਣੀ ਕਿਸਮ ਦਾ ਪਹਿਲਾ ਪ੍ਰੋਗਰਾਮ ਬਣ ਗਿਆ। ਸਰਕਾਰ ਅਤੇ ਸਮਾਜ ਦੇ ਸਹਿਯੋਗ ਨਾਲ ਸਵਾਮੀ ਵਿਵੇਕਾਨੰਦ ਦੇ ਜੀਵਨ ਅਤੇ ਆਦਰਸ਼ਾਂ ਉੱਤੇ ਸਾਰੇ ਸਕੂਲਾਂ ਅਤੇ ਕਾਲਜਾਂ ਵਿਚ ਭਾਸ਼ਣ ਪ੍ਰਤੀਯੋਗਤਾ ਹੋਈ ਹੈ। ਇਸ ਸਮੇਂ ਤਕ ਲੱਗਭਗ 1000 ਸਕੂਲਾਂ ਅਤੇ ਕਾਲਜਾਂ ਵਿਚ ਭਾਸ਼ਣ ਪ੍ਰਤੀਯੋਗਿਤਾਵਾਂ ਹੋਈਆਂ। ਲੱਗਭਗ 30 ਹਜ਼ਾਰ ਵਿਦਿਆਰਥੀਆਂ ਨੇ ਭਾਸ਼ਣ ਦਿੱਤੇ ਅਤੇ ਲੱਗਭਗ 2 ਲੱਖ ਵਿਦਿਆਰਥੀਆਂ ਨੇ ਭਾਸ਼ਣ ਸੁਣੇ। 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਨ ’ਤੇ ਜੇਤੂ ਵਿਦਿਆਰਥੀਆਂ ਨੂੰ 11 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ। ਹਿਮਾਚਲ ਵਿਚ ਇਸ ਪ੍ਰੋਗਰਾਮ ਕਾਰਣ ਪੂਰੀ ਨੌਜਵਾਨ ਪੀੜ੍ਹੀ ਸਵਾਮੀ ਜੀ ਦੇ ਸਬੰਧ ਵਿਚ ਪੜ੍ਹਦੀ ਰਹੀ, ਸੋਚਦੀ ਰਹੀ, ਬੋਲਦੀ ਰਹੀ ਅਤੇ ਸੁਣਦੀ ਰਹੀ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹਿਮਾਚਲ ਵਿਚ ਪਹਿਲੀ ਵਾਰ ਅਸੀਂ ਸਵਾਮੀ ਵਿਵੇਕਾਨੰਦ ਜੀ ਨੂੰ ਸੱਚੀ ਸ਼ਰਧਾਂਜਲੀ ਦਿੱਤੀ।

ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਭਾਰਤ ਇਕ ਵਾਰ ਫਿਰ ਚੌਰਾਹੇ ’ਤੇ ਖੜ੍ਹਾ ਹੈ। ਆਰਥਿਕ ਵਿਕਾਸ ਹੋ ਰਿਹਾ ਹੈ ਪਰ ਸਮਾਜਿਕ ਨਿਆਂ ਨਹੀਂ ਹੋ ਰਿਹਾ। ਵਿਸ਼ਵ ਦੇ ਅਮੀਰ ਦੇਸ਼ਾਂ ਵਿਚ ਭਾਰਤ ਦਾ ਨਾਂ ਹੈ ਪਰ ਵਿਸ਼ਵ ਵਿਚ ਸਭ ਤੋਂ ਜ਼ਿਆਦਾ ਭੁੱਖੇ ਲੋਕ ਭਾਰਤ ’ਚ ਹਨ। ਜਿੰਨਾ ਵਿਕਾਸ ਹੋ ਰਿਹਾ ਹੈ, ਓਨੀ ਆਰਥਿਕ ਨਾਬਰਾਬਰੀ ਵਧ ਰਹੀ ਹੈ। ਦੇਸ਼ਭਗਤੀ, ਅਨੁਸ਼ਾਸਨ ਅਤੇ ਰਾਸ਼ਟਰੀ ਚਰਿੱਤਰ ਨੂੰ ਵਧਾਉਣ ਦੀ ਵੀ ਲੋੜ ਹੈ। ਅੱਜ ਇਕ ਵਾਰ ਫਿਰ ਤੋਂ ਸਵਾਮੀ ਜੀ ਦੇ ਸੰਦੇਸ਼ ਨੂੰ ਵਿਵਹਾਰ ’ਚ ਲਿਆਉਣ ਦੀ ਲੋੜ ਹੈ।


Bharat Thapa

Content Editor

Related News