ਪੋਸਟਰ ਬੁਆਏ ਬਣੇ ਸੁਨੀਲ ਜਾਖੜ

Saturday, Oct 26, 2024 - 05:45 PM (IST)

ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਜੋ 2 ਮਹੀਨਿਆਂ ਤੋਂ ਸਿਆਸੀ ਕਾਰਵਾਈ ਤੋਂ ਗਾਇਬ ਸਨ, ਹੁਣ ਸੂਬੇ ’ਚ 4 ਸੀਟਾਂ ’ਤੇ ਹੋਣ ਵਾਲੀਆਂ ਵਿਧਾਨ ਸਭਾ ਉਪ ਚੋਣਾਂ ਲਈ ਭਗਵਾ ਪਾਰਟੀ ਦੇ ਪੋਸਟਰ ਬੁਆਏ ਦੇ ਰੂਪ ’ਚ ਵਾਪਸ ਆ ਗਏ ਹਨ।

ਪਾਰਟੀ ਨੇ ਪਹਿਲਾ ਪ੍ਰਚਾਰ ਵੀਡੀਓ ਜਾਰੀ ਕੀਤਾ ਜਿਸ ’ਚ ਸੁਨੀਲ ਜਾਖੜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਵਰਕਰਾਂ ਅਤੇ ਸਮਰਥਕਾਂ ਨਾਲ ਵੱਖ-ਵੱਖ ਸ਼ਾਟਸ ’ਚ ਨਜ਼ਰ ਆਏ। 28 ਸੈਕਿੰਡ ਦੇ ਇਸ ਵੀਡੀਓ ਦੀ ਟੈਗ ਲਾਈਨ ਹੈ ‘ਬਾਕੀ ਗੱਲਾਂ ਛੱਡੋ ਪੰਜਾਬ ਦੀ ਗੱਲ ਜ਼ਰੂਰੀ ਹੈ।’

ਯੋਗੀ ਆਦਿੱਤਿਆਨਾਥ ਹਮੇਸ਼ਾ ਡਿਮਾਂਡ ’ਚ ਰਹਿੰਦੇ ਹਨ : ਕੋਈ ਵੀ ਚੋਣ ਹੋਵੇ, ਉੱਤਰ ਪ੍ਰਦੇਸ਼ ਦੇ ਸੀ. ਐੱਮ. ਯੋਗੀ ਆਦਿੱਤਿਆਨਾਥ ਹਮੇਸ਼ਾ ਡਿਮਾਂਡ ’ਚ ਰਹਿੰਦੇ ਹਨ ਅਤੇ ਸਭ ਤੋਂ ਵੱਧ ਉਮੀਦਵਾਰ ਆਦਿੱਤਿਆਨਾਥ ਨੂੰ ਆਪਣਾ ਪ੍ਰਚਾਰਕ ਬਣਾਉਣ ਦੀ ਰੀਝ ਰੱਖਦੇ ਹਨ।

ਮਹਾਰਾਸ਼ਟਰ, ਝਾਰਖੰਡ ’ਚ ਵਿਧਾਨ ਸਭਾ ਚੋਣਾਂ ਅਤੇ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਪੱਛਮੀ ਬੰਗਾਲ, ਕੇਰਲ, ਆਸਾਮ, ਕਰਨਾਟਕ, ਮੱਧ ਪ੍ਰਦੇਸ਼, ਪੰਜਾਬ, ਛੱਤੀਸਗੜ੍ਹ, ਗੁਜਰਾਤ, ਮੇਘਾਲਿਆ, ਸਿੱਕਮ ਅਤੇ ਉੱਤਰਾਖੰਡ ’ਚ ਉੱਪ ਚੋਣਾਂ ਦੇ ਨਾਲ ਇਕ ਵਾਰ ਫਿਰ ਸਭ ਦਾ ਧਿਆਨ ਆਦਿੱਤਿਆਨਾਥ ’ਤੇ ਹੈ।

ਭਾਜਪਾ ਨੇ ਮਹਾਰਾਸ਼ਟਰ ’ਚ ਆਪਣੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਮੰੁਬਈ ’ਚ ਕਈ ਥਾਵਾਂ ’ਤੇ ਉੱਤਰ ਪ੍ਰਦੇਸ਼ ਦੇ ਸੀ. ਐੱਮ. ਯੋਗੀ ਆਦਿੱਤਿਆਨਾਥ ਦੇ ਪੋਸਟਰ ਲਗਾਏ ਗਏ ਹਨ, ਜਿਨ੍ਹਾਂ ’ਤੇ ਉੱਤਰ ਪ੍ਰਦੇਸ਼ ਦੇ ਸੀ. ਐੱਮ. ਯੋਗੀ ਆਦਿੱਤਿਆਨਾਥ ਦੀਆਂ ਤਸਵੀਰਾਂ ਅਤੇ ‘ਬਟੇਂਗੇ ਤੋ ਕਟੇਂਗੇ’ ਦਾ ਨਾਅਰਾ ਲਿਖਿਆ ਹੋਇਆ ਹੈ।

ਇਸ ਦਰਮਿਆਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੰਗਲਵਾਰ ਨੂੰ ਮਥੁਰਾ ’ਚ ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਨਾਲ ਗੱਲਬਾਤ ਕੀਤੀ, ਜਿੱਥੇ ਸੂਬੇ ’ਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਉੱਪ ਚੋਣਾਂ ਸਮੇਤ ਕਈ ਮੁੱਦਿਆਂ ’ਤੇ ਚਰਚਾ ਹੋਈ। ਆਰ. ਐੱਸ. ਐੱਸ. ਦੇ ਜਨਰਲ ਸਕੱਤਰ ਦੱਤਾਤ੍ਰੇਅ ਹੋਸਬੋਲੇ ਵੀ ਮੌਜੂਦ ਸਨ। ਇਹ ਬੈਠਕ ਆਰ. ਐੱਸ. ਐੱਸ. ਅਤੇ ਉਸ ਦੇ ਸਹਿਯੋਗੀ ਸੰਗਠਨਾਂ ਦੀ ਰਾਸ਼ਟਰੀ ਕਾਰਜਕਾਰਨੀ ਤੋਂ ਪਹਿਲਾਂ ਹੋਈ ਹੈ।

ਯੋਗੀ ਉੱਤਰ ਪ੍ਰਦੇਸ਼ ਬ੍ਰਜ ਸੈਰ-ਸਪਾਟਾ ਵਿਕਾਸ ਬੋਰਡ ਦੀ ਸਮੀਖਿਆ ਕਰਨ ਲਈ ਮਥੁਰਾ ’ਚ ਸਨ, ਜਿਸ ਦੇ ਉਹ ਪ੍ਰਧਾਨ ਹਨ। ਮੋਹਨ ਭਾਗਵਤ ਨੇ ਪਰਖਮ ਪਿੰਡ ’ਚ ਆਯੋਜਿਤ 10 ਦਿਨਾ ਪ੍ਰੋਗਰਾਮ ਦੀ ਪ੍ਰਧਾਨਗੀ ਕਰਨ ਲਈ ਮਥੁਰਾ ’ਚ ਡੇਰਾ ਲਾਇਆ ਹੋਇਆ ਹੈ।

ਮੁੱਖ ਮੰਤਰੀ ਅਤੇ ਆਰ. ਐੱਸ. ਐੱਸ. ਦੇ ਦਰਮਿਆਨ ਗੱਲਬਾਤ 2027 ’ਚ ਹੋਣ ਵਾਲੀਆਂ ਸੂਬਾ ਪੱਧਰੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਰਣਨੀਤੀ ਨੂੰ ਸੰਗਠਿਤ ਕਰਨ ਵੱਲ ਵੀ ਲਿਜਾ ਸਕਦੀ ਹੈ। ਚਰਚਾ ਹੈ ਕਿ ਆਰ. ਐੱਸ. ਐੱਸ. ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਯੋਗੀ ਆਦਿੱਤਿਆਨਾਥ ਭਾਜਪਾ ਦਾ ਭਵਿੱਖ ਹਨ।

ਕਾਂਗਰਸ ਟੀ. ਐੱਮ. ਸੀ. ਦਾ ਵਿਰੋਧ ਨਹੀਂ ਚਾਹੁੰਦੀ : ਕਾਂਗਰਸ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਅਗਵਾਈ ਵਾਲੇ ਖੱਬੇਪੱਖੀ ਮੋਰਚੇ ਨੇ ਪੱਛਮੀ ਬੰਗਾਲ ’ਚ 6 ਵਿਧਾਨ ਸਭਾ ਹਲਕਿਆਂ ’ਚ ਉਪ ਚੋਣਾਂ ਲਈ ਵੱਖ-ਵੱਖ ਉਮੀਦਵਾਰ ਉਤਾਰੇ ਹਨ, ਜੋ ਸੰਕੇਤ ਦਿੰਦਾ ਹੈ ਕਿ ਸੂਬੇ ’ਚ ਦੋਵਾਂ ਦੇ ਦਰਮਿਆਨ ਲੰਬੇ ਸਮੇਂ ਤੋਂ ਚੱਲੀ ਆ ਰਹੀ ਚੋਣਾਂ ਵਾਲੀ ਸਮਝ ਸ਼ਾਇਦ ਖਤਮ ਹੋ ਗਈ ਹੈ। ਇਹ ਬਦਲਾਅ ਸੂਬਾ ਇਕਾਈ ਦੀ ਲੀਡਰਸ਼ਿਪ ’ਚ ਤਬਦੀਲੀ ਦੇ ਬਾਅਦ ਆਇਆ ਹੈ।

ਮਮਤਾ ਬੈਨਰਜੀ ਦੇ ਕੱਟੜ ਆਲੋਚਕ ਅਧੀਰ ਰੰਜਨ ਚੌਧਰੀ ਦੀ ਥਾਂ ਸ਼ੁਭੰਕਰ ਸਰਕਾਰ ਨੂੰ ਨਿਯੁਕਤ ਕੀਤਾ ਗਿਆ ਹੈ। ਕਾਂਗਰਸ ਨਹੀਂ ਚਾਹੁੰਦੀ ਕਿ ਉਸ ਨੂੰ ਟੀ. ਐੱਮ. ਸੀ. ਪ੍ਰਤੀ ਜ਼ਿਆਦਾ ਵਿਰੋਧੀ ਦੇ ਰੂਪ ’ਚ ਦੇਖਿਆ ਜਾਵੇ।

ਖੱਬੇਪੱਖੀ ਪਾਰਟੀਆਂ ਨਾਲ ਕਾਂਗਰਸ ਦੇ ਪਿਛਲੇ ਗੱਠਜੋੜ ਨੇ ਸੀ. ਐੱਮ. ਮਮਤਾ ਬੈਨਰਜੀ ਨੂੰ ਪ੍ਰੇਸ਼ਾਨ ਕੀਤਾ ਹੈ, ਜਿਨ੍ਹਾਂ ਦੀ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.), ਜੋ ਕਿ ‘ਇੰਡੀਆ’ ਬਲਾਕ ਦੀ ਭਾਈਵਾਲ ਵੀ ਹੈ, ਨੇ ਪੱਛਮੀ ਬੰਗਾਲ ’ਚ ਲੋਕ ਸਭਾ ਚੋਣਾਂ ਲਈ ਕਾਂਗਰਸ ਨਾਲ ਸੀਟਾਂ ਦੀ ਵੰਡ ਦੇ ਸਮਝੌਤੇ ’ਚ ਦਾਖਲ ਹੋਣ ਤੋਂ ਨਾਂਹ ਕਰ ਦਿੱਤੀ ਸੀ।

13 ਨਵੰਬਰ ਨੂੰ ਵੋਟਾਂ ਪੈਣ ਵਾਲੇ 6 ਚੋਣ ਹਲਕੇ ਨੈਹਾਟੀ, ਹਰੋਆ, ਮਿਦਨਾਪੁਰ, ਸੀਤਾਈ (ਐੱਸ. ਸੀ.), ਮਦਾਰੀਹਾਟ (ਐੱਸ. ਟੀ.) ਅਤੇ ਤਲਡਾਂਗਰਾ ਹਨ। ਤ੍ਰਿਣਮੂਲ ਕਾਂਗਰਸ ਨੇ 2021 ਦੀਆਂ ਵਿਧਾਨ ਸਭਾ ਚੋਣਾਂ ’ਚ 5 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ, ਜਦ ਕਿ ਭਾਜਪਾ ਨੇ ਉੱਤਰ ਬੰਗਾਲ ’ਚ ਮਦਾਰੀਹਾਟ ਸੀਟ ਜਿੱਤੀ ਸੀ। ਇਸ ਸਾਲ ਦੀ ਸ਼ੁਰੂਆਤ ’ਚ ਵਿਧਾਇਕਾਂ ਦੇ ਲੋਕ ਸਭਾ ਲਈ ਚੁਣੇ ਜਾਣ ਦੇ ਬਾਅਦ ਉਪ ਚੋਣ ਦੀ ਲੋੜ ਪਈ ਸੀ।

ਉੱਤਰ ਪ੍ਰਦੇਸ਼ ਦੇ ਸਿਆਸੀ ਤਾਣੇ-ਬਾਣੇ ’ਚ ਇਕ ਨਾਟਕੀ ਬਦਲਾਅ : ਉੱਤਰ ਪ੍ਰਦੇਸ਼ ’ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਪ੍ਰਤੀਬਿੰਬ ਨੇ ਸੂਬੇ ਦੇ ਸਿਆਸੀ ਤਾਣੇ-ਬਾਣੇ ’ਚ ਨਾਟਕੀ ਬਦਲਾਅ ਕੀਤਾ ਹੈ, ਜਿਸ ’ਚ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਨੇ ਹੈਰਾਨੀਜਨਕ ਢੰਗ ਨਾਲ ਉੱਭਰ ਕੇ ਸ਼ਕਤੀਸ਼ਾਲੀ ਭਾਜਪਾ ਵਿਰੁੱਧ ਲੋੜੀਂਦੀ ਚੋਣ ਬੜ੍ਹਤ ਹਾਸਲ ਕੀਤੀ ਹੈ।

ਸਮਾਜਵਾਦੀ ਪਾਰਟੀ (ਸਪਾ) ਨੇ ਹੁਣ ਲਖਨਊ ’ਚ ਪਾਰਟੀ ਦਫਤਰ ਦੇ ਨੇੜੇ ਹੋਰਡਿੰਗ ਲਗਾਇਆ ਗਿਆ ਹੈ ਜਿਸ ’ਚ ਸਪਾ ਮੁਖੀ ਦੀ ਵੱਡੀ ਤਸਵੀਰ ਦੇ ਨਾਲ ‘ਸੱਤਾਵਾਂ ਦਾ ਸ਼ਾਸਕ’ ਸੰਦੇਸ਼ ਲਿਖਿਆ ਹੈ। ਹੋਰਡਿੰਗ ’ਤੇ ਲਿਖੇ ਪਾਠ ’ਚ ਅਖਿਲੇਸ਼ ਯਾਦਵ ਨੂੰ 2027 ਦਾ ਨੇਤਾ ਦੱਸਿਆ ਗਿਆ ਹੈ।

ਮਹਾਰਾਸ਼ਟਰ ਦੀ ਸਿਆਸਤ ਨੇ ਅਣਕਿਆਸਾ ਮੋੜ ਲੈ ਲਿਆ : ਮਹਾਰਾਸ਼ਟਰ ਦੇ ਉੱਪ-ਮੁੱਖ ਮੰਤਰੀ ਅਜਿਤ ਪਵਾਰ ਬਾਰਾਮਤੀ ਤੋਂ ਵਿਧਾਨ ਸਭਾ ਚੋਣ ਲੜਨਗੇ ਅਤੇ ਉਨ੍ਹਾਂ ਨੂੰ ਐੱਨ. ਸੀ. ਪੀ. (ਐੱਸ. ਪੀ.) ਦੇ ਆਪਣੇ ਭਤੀਜੇ ਯੁਗੇਂਦਰ ਪਵਾਰ ਤੋਂ ਚੁਣੌਤੀ ਮਿਲਣ ਦੀ ਸੰਭਾਵਨਾ ਹੈ, ਜੋ ਪਵਾਰ ਪਰਿਵਾਰ ’ਤੇ ਆਪਣੀ ਪਕੜ ਸਾਬਤ ਕਰਨ ਲਈ ਪਰਿਵਾਰ ਦੇ ਅੰਦਰ ਦੂਜੀ ਸਿਆਸੀ ਲੜਾਈ ਹੈ।

ਐੱਨ. ਸੀ. ਪੀ. (ਐੱਸ. ਪੀ.) ਲੋਕ ਸਭਾ ਚੋਣਾਂ ਦੇ ਬਾਅਦ ਤੋਂ ਬਾਰਾਮਤੀ ਵਿਧਾਨ ਸਭਾ ਹਲਕੇ ’ਚ ਯੁਗੇਂਦਰ ਪਵਾਰ ਨੂੰ ਉਤਸ਼ਾਹਿਤ ਕਰ ਰਹੀ ਹੈ, ਜਿੱਥੇ ਉਨ੍ਹਾਂ ਨੇ ਸੁਪ੍ਰਿਆ ਸੁਲੇ ਦੀ ਚੋਣ ਮੁਹਿੰਮ ’ਚ ਇਕ ਪ੍ਰਮੁੱਖ ਭੂਮਿਕਾ ਨਿਭਾਈ ਸੀ ਅਤੇ ਆਪਣੀ ਚਾਚੀ ਸੁਨੇਤਰਾ ਖਿਲਾਫ ਉਨ੍ਹਾਂ ਲਈ 48,000 ਤੋਂ ਵੱਧ ਵੋਟਾਂ ਦੀ ਬੜ੍ਹਤ ਯਕੀਨੀ ਬਣਾਉਣ ’ਚ ਕਾਮਯਾਬ ਰਹੇ ਸਨ।

ਹਾਲਾਂਕਿ ਮਹਾਯੁਤੀ ਗੱਠਜੋੜ ਦੀ ਸੀਟਾਂ ਦੀ ਵੰਡ ਦੀ ਪੂਰੀ ਵਿਵਸਥਾ ਦਾ ਅਧਿਕਾਰਤ ਐਲਾਨ ਹੋਣਾ ਬਾਕੀ ਹੈ ਪਰ ਐੱਨ. ਸੀ. ਪੀ. ਧੜੇ ਦੇ 52-54 ਸੀਟਾਂ ’ਤੇ ਲੜਨ ਦੀ ਉਮੀਦ ਹੈ।

ਰਾਹਿਲ ਨੋਰਾ ਚੋਪੜਾ


Rakesh

Content Editor

Related News