ਸਪਾਈਸਜੈੱਟ ਕੋਲ ਕੀ ਹੋਰ ਜੀਵਨ ਬਚਿਆ ਹੈ ?
Sunday, Nov 29, 2026 - 04:11 PM (IST)
ਪੁਰਾਣੀਆਂ ਏਅਰਲਾਈਨਜ਼ ਸ਼ਾਇਦ ਹੀ ਕਦੇ ਹੌਲੀ-ਹੌਲੀ ਅਲੋਪ ਹੁੰਦੀਆਂ ਹਨ। ਉਹ ਆਮ ਤੌਰ ’ਤੇ ਹੋਂਦ ਤੋਂ ਬਾਹਰ ਹੋ ਕੇ ਦੁਰਘਟਨਾਗ੍ਰਸਤ ਹੋ ਜਾਂਦੀਆਂ ਹਨ, ਕਦੇ-ਕਦੇ ਕਾਫ਼ੀ ਅਚਾਨਕ। ਅਸੀਂ ਪਿਛਲੇ ਕੁਝ ਸਾਲਾਂ ’ਚ ਭਾਰਤ ’ਚ ਕਿੰਗਫਿਸ਼ਰ, ਜੈੱਟ ਏਅਰਵੇਜ਼ ਅਤੇ ਗੋ ਫਸਟ ਦੇ ਨਾਲ-ਨਾਲ ਦੁਨੀਆ ਭਰ ਦੀਆਂ ਅਣਗਿਣਤ ਹੋਰ ਏਅਰਲਾਈਨਜ਼ ਨਾਲ ਅਜਿਹਾ ਹੁੰਦੇ ਦੇਖਿਆ ਹੈ। ਉਹ ਉਮੀਦਾਂ ਨਾਲ ਉਡਾਣ ਭਰਦੀਆਂ ਹਨ, ਟਰਬੂਲੈਂਸ ’ਚ ਉੱਡਦੀਆਂ ਹਨ ਅਤੇ ਅੰਤ ’ਚ ਆਸਮਾਨ ਤੋਂ ਗਾਇਬ ਹੋ ਜਾਂਦੀਆਂ ਹਨ।
ਹਾਲਾਂਕਿ, ਸਪਾਈਸਜੈੱਟ ਦੀ ਕਹਾਣੀ ਵੱਖਰੀ ਹੈ। ਇਹ ਲੱਗਭਗ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਇਕ ਸੰਕਟ ਤੋਂ ਦੂਜੇ ਸੰਕਟ ’ਚ ਲੜਖੜਾਉਂਦੀ ਰਹੀ ਹੈ। ਫਿਰ ਵੀ, ਆਪਣੇ ਮੌਜੂਦਾ ਸੀ. ਈ. ਓ. ਅਜੇ ਸਿੰਘ ਦੀ ਅਗਵਾਈ ਹੇਠ, ਏਅਰਲਾਈਨ ਨੇ ਵਾਰ-ਵਾਰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ’ਚ ਕਾਮਯਾਬੀ ਹਾਸਲ ਕੀਤੀ ਹੈ। ਕੀ ਇਸ ਕੋਲ ਇਕ ਹੋਰ ਜੀਵਨ ਬਚਿਆ ਹੈ, ਇਹ ਵੱਡਾ ਸਵਾਲ ਬਣਿਆ ਹੋਇਆ ਹੈ।
ਏਅਰਲਾਈਨ ਦੀਆਂ ਜੜ੍ਹਾਂ 1993 ’ਚ ਜਾਂਦੀਆਂ ਹਨ, ਜਦੋਂ ਇਸ ਨੂੰ ਜਰਮਨ ਏਅਰਲਾਈਨ ਲੁਫਥਾਂਸਾ ਦੇ ਤਕਨੀਕੀ ਸਹਿਯੋਗ ਨਾਲ ਮੋਦੀਲੁਫਤ ਦੇ ਰੂਪ ’ਚ ਲਾਂਚ ਕੀਤਾ ਗਿਆ ਸੀ। ਭਾਈਵਾਲੀ ਵਿਵਾਦਾਂ ਅਤੇ ਲੀਜ਼ ’ਤੇ ਖੁੰਝਣ ਕਾਰਨ ਇਹ ਉੱਦਮ ਮੁਸੀਬਤ ’ਚ ਪੈ ਗਿਆ ਅਤੇ 1996 ’ਚ ਬੰਦ ਹੋ ਗਿਆ।
ਉਨ੍ਹਾਂ ਦਿਨਾਂ ’ਚ ਆਰਥਿਕ ਉਦਾਰੀਕਰਨ ਦੇ ਬਾਵਜੂਦ, ਲਾਇਸੈਂਸ ਰਾਜ ਹਵਾਬਾਜ਼ੀ ਖੇਤਰ ’ਤੇ ਇਕ ਲੰਮਾ ਪਰਛਾਵਾਂ ਪਾਈ ਬੈਠਾ ਸੀ। ਏਅਰਲਾਈਨ ਲਾਇਸੈਂਸ ਸਖ਼ਤੀ ਨਾਲ ਕੰਟਰੋਲ ਕੀਤੇ ਜਾਂਦੇ ਸਨ। ਸਰਕਾਰੀ ਹਲਕਿਆਂ ’ਚ ਚੰਗੀ ਪਕੜ ਰੱਖਣ ਵਾਲੇ ਅਤੇ ਵਾਜਪਾਈ ਸਰਕਾਰ ’ਚ ਇਕ ਸ਼ਕਤੀਸ਼ਾਲੀ ਮੰਤਰੀ ਮਰਹੂਮ ਪ੍ਰਮੋਦ ਮਹਾਜਨ ਦੇ ਸਾਬਕਾ ਨਿੱਜੀ ਸਕੱਤਰ ਅਜੇ ਸਿੰਘ ਨੇ ਪ੍ਰਵੇਸ਼ ਕੀਤਾ। ਇਕ ਐੱਨ. ਆਰ. ਆਈ. ਨਿਵੇਸ਼ਕ ਨਾਲ ਮਿਲ ਕੇ, ਉਨ੍ਹਾਂ ਨੇ 2000 ’ਚ ਬੰਦ ਪਏ ਮੋਦੀਲੁਫਤ ਲਾਇਸੈਂਸ ਦੀ ਐਕਵਾਇਰਮੈਂਟ ਕੀਤੀ, ਜਿਸ ਨਾਲ ਨਵੇਂ ਸਿਰੇ ਤੋਂ ਏਅਰਲਾਈਨ ਸ਼ੁਰੂ ਕਰਨ ਦੀ ਔਖੀ ਪ੍ਰਕਿਰਿਆ ਤੋਂ ਬਚਿਆ ਜਾ ਸਕਿਆ।
ਇਸ ਇਕਾਈ ਦਾ ਨਾਂ ਬਦਲ ਕੇ ਰਾਇਲ ਏਅਰਵੇਜ਼ ਕਰ ਦਿੱਤਾ ਗਿਆ। ਇਹ 5 ਸਾਲ ਤੱਕ ਗੈਰ-ਸਰਗਰਮ ਰਹੀ, ਇਸ ਦੌਰਾਨ ਹੋਰ ਨਿਵੇਸ਼ਕਾਂ ਨੂੰ ਬੋਰਡ ’ਚ ਲਿਆਂਦਾ ਗਿਆ। ਅਜੇ ਨੇ ਅੰਤ ’ਚ ਸੀ. ਈ. ਓ. ਦਾ ਅਹੁਦਾ ਸੰਭਾਲਿਆ ਅਤੇ ਮਈ, 2005 ’ਚ ਇਸ ਨੂੰ ਘੱਟ ਲਾਗਤ ਵਾਲੀ ਏਅਰਲਾਈਨ ਦੇ ਰੂਪ ’ਚ ਸਥਾਪਤ ਕਰਦੇ ਹੋਏ ਸਪਾਈਸਜੈੱਟ ਦੇ ਰੂਪ ’ਚ ਮੁੜ ਲਾਂਚ ਕੀਤਾ।
ਏਅਰਲਾਈਨ ਨੂੰ ਲੱਗਭਗ ਸ਼ੁਰੂਆਤ ਤੋਂ ਹੀ ਉਲਟ ਹਾਲਾਤ ਦਾ ਸਾਹਮਣਾ ਕਰਨਾ ਪਿਆ। ਮੁਕਾਬਲਾ ਤੇਜ਼ ਹੋ ਗਿਆ ਅਤੇ ਜੈੱਟ ਈਂਧਨ ਦੀਆਂ ਕੀਮਤਾਂ ਵਧ ਕੇ ਲੱਗਭਗ 147 ਡਾਲਰ ਪ੍ਰਤੀ ਬੈਰਲ ਹੋ ਗਈਆਂ। ਇਸ ਤੋਂ ਪ੍ਰੇਸ਼ਾਨ ਹੋਏ ਬਿਨਾਂ, ਅਜੇ ਨੇ ਬੇੜੇ ਦਾ ਵਿਸਥਾਰ ਕੀਤਾ। ਫਿਰ, ਵਧਦੇ ਨੁਕਸਾਨ ਨੂੰ ਸਹਿਣ ਕਰਨ ’ਚ ਅਸਮਰੱਥ, ਅਜੇ ਅਤੇ ਮੂਲ ਨਿਵੇਸ਼ਕਾਂ ਨੇ ਸਮਝਦਾਰੀ ਦਿਖਾਉਂਦੇ ਹੋਏ 2010 ’ਚ ਸੂਚੀਬੱਧ ਕੰਪਨੀ ਨੂੰ ਸਨ ਗਰੁੱਪ ਦੇ ਕਲਾਨਿਧੀ ਮਾਰਨ ਨੂੰ ਵੇਚ ਦਿੱਤਾ।
2015 ਤੱਕ, ਗੰਭੀਰ ਨਕਦੀ ਸੰਕਟ ਨਾਲ ਜੂਝ ਰਹੀ ਸਪਾਈਸਜੈੱਟ ਰਸਾਤਲ ’ਚ ਝਾਕ ਰਹੀ ਸੀ। ਫਿਰ, ਸਿੰਘ ਨੇ ਇਕ ਜ਼ਿਕਰਯੋਗ ਵਾਪਸੀ ਕੀਤੀ। ਉਨ੍ਹਾਂ ਨੇ ਮੁਲਤਵੀ ਭੁਗਤਾਨ (ਡੈਫਰਡ ਪੇਮੈਂਟਸ) ਨਾਲ ਜੁੜੀ ਇਕ ਸਾਧਾਰਨ ਵਿਵਸਥਾ ਰਾਹੀਂ ਮਾਰਨ ਦੀ ਹਿੱਸੇਦਾਰੀ ਵਾਪਸ ਖ਼ਰੀਦ ਲਈ। ਅਜੇ ਨੇ ਸਰਕਾਰ ਦੇ ਗਲਿਆਰਿਆਂ ’ਚ ਕੰਮ ਕੀਤਾ ਅਤੇ ਏਅਰਲਾਈਨ ਦੇ ਪੁਨਰ-ਨਿਰਮਾਣ ’ਚ ਜੁਟ ਗਏ। ਬੇੜਾ ਵਧ ਕੇ ਲੱਗਭਗ 100 ਬੋਇੰਗ ਜਹਾਜ਼ਾਂ ਤੱਕ ਪਹੁੰਚ ਗਿਆ। ਇਸ ਤੋਂ ਬਾਅਦ ਇਕ ਅਸਾਧਾਰਨ ਕਾਇਆ-ਕਲਪ ਹੋਇਆ ਅਤੇ ਸ਼ੇਅਰਾਂ ਨੇ ਉਡਾਣ ਭਰੀ।
2019 ਅਤੇ 2021 ਦੇ ਵਿਚਕਾਰ ਲਾਭਦਾਇਕ ਸਾਲਾਂ ਤੋਂ ਬਾਅਦ, ਇਕ ਵਾਰ ਫਿਰ ਆਫ਼ਤ ਆ ਗਈ। ਕੋਵਿਡ-19 ਨੇ ਹਵਾਬਾਜ਼ੀ ਖੇਤਰ ਨੂੰ ਤਬਾਹ ਕਰ ਦਿੱਤਾ, ਜਦਕਿ ਬੋਇੰਗ 737 ਮੈਕਸ ਜਹਾਜ਼ਾਂ ਨੂੰ ਜ਼ਮੀਨ ’ਤੇ ਉਤਾਰਨ ਨਾਲ ਇਕ ਹੋਰ ਝਟਕਾ ਲੱਗਾ। ਨਕਦੀ ਪ੍ਰਵਾਹ ਸੁੱਕ ਗਿਆ ਅਤੇ ਪੱਟਾਦਾਤਿਆਂ ਦਾ ਬਕਾਇਆ ਵਧਦਾ ਗਿਆ। ਪਿਛਲੇ 2 ਸਾਲਾਂ ’ਚ ਸੰਕਟਾਂ ਦਾ ਇਕ ਨਿਰੰਤਰ ਸਿਲਸਿਲਾ ਚੱਲਿਆ। ਪੱਟਾਦਾਤਿਆਂ ਨੇ ਜਹਾਜ਼ ਵਾਪਸ ਲੈ ਲਏ ਹਨ, ਮੁਕੱਦਮੇਬਾਜ਼ੀ ਕਈ ਗੁਣਾ ਵਧ ਗਈ ਹੈ।
ਮੌਜੂਦਾ ਸੰਕਟ ਵਿਸ਼ੇਸ਼ ਤੌਰ ’ਤੇ ਚਿੰਤਾਜਨਕ ਹੈ। ਕਦੇ ਲੱਗਭਗ 100 ਜਹਾਜ਼ਾਂ ਵਾਲਾ ਬੇੜਾ ਘਟ ਕੇ 20 ਤੋਂ ਵੀ ਘੱਟ ਰਹਿ ਗਿਆ ਹੈ। ਤਨਖ਼ਾਹਾਂ, ਹਵਾਈ ਅੱਡਾ ਫ਼ੀਸ, ਈਂਧਨ ਬਿੱਲ ਅਤੇ ਵਿਧਾਨਕ ਬਕਾਇਆ ਦਬਾਅ ਹੇਠ ਆ ਗਏ ਹਨ। ਉਡਾਣਾਂ ਦੇ ਰੱਦ ਹੋਣ ਅਤੇ ਸਮਾਂ-ਸਾਰਨੀ ’ਚ ਵਿਘਨ ਨੇ ਹਵਾਈ ਅੱਡਿਆਂ ’ਤੇ ਹਫੜਾ-ਦਫੜੀ ਪੈਦਾ ਕਰ ਦਿੱਤੀ ਹੈ। ਬਾਜ਼ਾਰ ਹਿੱਸੇਦਾਰੀ ਨਾਮਾਤਰ ਪੱਧਰ ਤੱਕ ਡਿੱਗ ਗਈ ਹੈ, ਜਦਕਿ ਸ਼ੇਅਰ ਦੀ ਕੀਮਤ ਰਸਾਤਲ ’ਚ ਪਹੁੰਚ ਗਈ ਹੈ। ਤ੍ਰਾਸਦੀ ਇਹ ਹੈ ਕਿ ਇਹ ਉਸ ਕੀਮਤ ਦੇ ਨੇੜੇ ਹੈ ਜਿਸ ’ਤੇ ਅਜੇ ਅਤੇ ਉਨ੍ਹਾਂ ਦੇ ਸਹਿ-ਨਿਵੇਸ਼ਕਾਂ ਨੇ ਬੰਦ ਪਈ ਮੋਦੀਲੁਫਤ ਇਕਾਈ ਦੀ ਐਕਵਾਇਰਮੈਂਟ ਕੀਤੀ ਸੀ।
ਇਹ ਇਕ ਉਲਟ ਚੱਕਰ ਵਾਲੀ ਦੋਹਰੀ ਮਾਰ ਹੈ। ਜਿਵੇਂ-ਜਿਵੇਂ ਉਡਾਣਾਂ ਰੱਦ ਹੋਣ ਅਤੇ ਵਿਘਨ ਵਧਣ ਦੀਆਂ ਘਟਨਾਵਾਂ ਹੋ ਰਹੀਆਂ ਹਨ, ਉਲਟ ਪ੍ਰਚਾਰ ਯਾਤਰੀਆਂ ਨੂੰ ਦੂਰ ਕਰ ਰਿਹਾ ਹੈ। ਏਅਰਲਾਈਨ ਇਕ ਅਜਿਹੀ ਹੇਠਾਂ ਵੱਲ ਜਾਣ ਵਾਲੀ ਘੁੰਮਣਘੇਰੀ ’ਚ ਫਸ ਗਈ ਹੈ ਜਿਸ ਤੋਂ ਬਾਹਰ ਨਿਕਲਣਾ ਲਗਾਤਾਰ ਔਖਾ ਹੁੰਦਾ ਜਾ ਰਿਹਾ ਹੈ।
ਇਸ ਮਹੀਨੇ ਦੀ ਸ਼ੁਰੂਆਤ ’ਚ, ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਉਡਾਣ ਸੰਚਾਲਨ ਨੂੰ ਲੈ ਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਅਜਿਹੀਆਂ ਖ਼ਬਰਾਂ ਹਨ ਕਿ ਹਵਾਈ ਅੱਡਿਆਂ ਅਤੇ ਤੇਲ ਕੰਪਨੀਆਂ ਨੇ ਸਪਾਈਸਜੈੱਟ ਨੂੰ ‘ਕੈਸ਼ ਐਂਡ ਕੈਰੀ’ ਦੇ ਆਧਾਰ ’ਤੇ ਰੱਖ ਦਿੱਤਾ ਹੈ।
ਅਜੇ ਸਿੰਘ ਅੱਜ ਤੂਫ਼ਾਨ ਦੇ ਕੇਂਦਰ ’ਚ ਹਨ। ਉਹ ਇਕ ਨਿਡਰ ਉੱਦਮੀ, ਇਕ ਅਸਾਧਾਰਨ ਤੌਰ ’ਤੇ ਲਚਕੀਲੇ ਯੋਧਾ ਅਤੇ ਇਕ ਜ਼ਿਕਰਯੋਗ ਉੱਤਰਜੀਵੀ ਰਹੇ ਹਨ। ਉਹ ਇਕ ਤੋਂ ਵੱਧ ਵਾਰ ਸਪਾਈਸਜੈੱਟ ਨੂੰ ਕੰਢੇ ਤੋਂ ਵਾਪਸ ਲਿਆਏ ਹਨ ਪਰ ਸਿਰਫ਼ ਜਿਊਂਦੇ ਰਹਿਣਾ ਹੀ ਇਕੋ-ਇਕ ਉਦੇਸ਼ ਨਹੀਂ ਹੋ ਸਕਦਾ। ਹੁਣ ਸਵਾਲ ਇਹ ਹੈ ਕਿ ਸਪਾਈਸਜੈੱਟ ਦੇ ਲਈ ਸਭ ਤੋਂ ਵਧੀਆ ਕੀ ਹੈ, ਭਾਵੇਂ ਇਸ ਦਾ ਅਰਥ ਔਖਾ ਨਿੱਜੀ ਫ਼ੈਸਲਾ ਲੈਣਾ ਹੀ ਕਿਉਂ ਨਾ ਹੋਵੇ। ਕਦੇ-ਕਦੇ ਅਗਵਾਈ ਦਾ ਸਭ ਤੋਂ ਵੱਡਾ ਕਾਰਜ ਇਹ ਜਾਣਨਾ ਹੁੰਦਾ ਹੈ ਕਿ ਕਦੋਂ ਜਾਣ ਦੇਣਾ ਹੈ। ਅਸੀਂ ਅਜੇ ਨੂੰ ਸ਼ੁੱਭਕਾਮਨਾਵਾਂ ਦੇ ਸਕਦੇ ਹਾਂ।
-ਜੀ. ਆਰ. ਗੋਪੀਨਾਥ
