ਕਾਂਗਰਸ ’ਚ ਇਕਜੁੱਟਤਾ ਲਈ ਯਤਨਸ਼ੀਲ ਸੋਨੀਆ

09/16/2019 2:11:46 AM

ਰਾਹਿਲ ਨੋਰਾ ਚੋਪੜਾ

ਪਾਰਟੀ ਦੀ ਅੰਤ੍ਰਿਮ ਪ੍ਰਧਾਨ ਦੇ ਤੌਰ ’ਤੇ ਕਮਾਨ ਸੰਭਾਲਣ ਤੋਂ ਬਾਅਦ ਸੋਨੀਆ ਗਾਂਧੀ ਖਾਸ ਤੌਰ ’ਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ’ਚ ਵਰਕਰਾਂ ਅਤੇ ਨੇਤਾਵਾਂ ਨੂੰ ਜ਼ਿਆਦਾ ਸਮਾਂ ਦੇ ਰਹੀ ਹੈ ਤਾਂ ਕਿ ਚੋਣਾਂ ਦੀ ਸਹੀ ਢੰਗ ਨਾਲ ਤਿਆਰੀ ਕੀਤੀ ਜਾ ਸਕੇ। ਇਸ ਤੋਂ ਇਲਾਵਾ ਉਹ ਕਾਂਗਰਸ ਵਿਚ ਵੀ ਹਾਲਾਤ ਨੂੰ ਸੁਧਾਰਨ ਲਈ ਕੰਮ ਕਰ ਰਹੀ ਹੈ। ਇਸ ਸਬੰਧ ਵਿਚ ਉਨ੍ਹਾਂ ਨੇ ਉੱਤਰ-ਪੂਰਬ ਕਾਂਗਰਸ ਤਾਲਮੇਲ ਕਮੇਟੀ (ਐੱਨ. ਈ. ਸੀ. ਸੀ. ਸੀ.) ਨਾਲ ਮੁਲਾਕਾਤ ਕੀਤੀ ਅਤੇ ਇਹ ਫੈਸਲਾ ਕੀਤਾ ਕਿ ਹੁਣ ਐੱਨ. ਈ. ਸੀ. ਸੀ. ਸੀ. ਦਾ ਗੁਹਾਟੀ ’ਚ ਸਥਾਈ ਮੁੱਖ ਦਫਤਰ ਹੋਵੇਗਾ ਅਤੇ ਖੇਤਰ ਦੇ ਕਾਂਗਰਸੀ ਨੇਤਾ ਹਰ 3 ਮਹੀਨਿਆਂ ’ਚ ਇਕ ਬੈਠਕ ਕਰਨਗੇ ਤਾਂ ਕਿ ਖੇਤਰੀ ਮੁੱਦਿਆਂ ’ਤੇ ਚਰਚਾ ਕੀਤੀ ਜਾ ਸਕੇ। ਇਹ ਵੀ ਫੈਸਲਾ ਲਿਆ ਗਿਆ ਕਿ ਕਾਂਗਰਸ ਪਾਰਟੀ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਜਾਰੀ ਰੱਖੇਗੀ।

ਇਸ ਦੌਰਾਨ ਸੋਨੀਆ ਗਾਂਧੀ ਨੇ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਪੁੱਡੂਚੇਰੀ ਦੇ ਮੁੱਖ ਮੰਤਰੀਆਂ ਅਤੇ ਪ੍ਰਦੇਸ਼ ਪ੍ਰਧਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਉਹ ਚੋਣ ਐਲਾਨ ਪੱਤਰ ’ਚ ਕੀਤੇ ਗਏ ਵਾਅਦਿਆਂ ਨੂੰ ਹਰ ਕੀਮਤ ’ਤੇ ਪੂਰਾ ਕਰਨ ਅਤੇ ਸਰਕਾਰ ਤੇ ਪਾਰਟੀ ਨੇਤਾਵਾਂ ਵਿਚਾਲੇ ਏਕਤਾ ਹੋਣੀ ਚਾਹੀਦੀ ਹੈ ਅਤੇ ਪਾਰਟੀ ਦੇ ਵਰਕਰਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਸੋਨੀਆ ਗਾਂਧੀ ਨੇ ਉਨ੍ਹਾਂ ਸੂਬਿਆਂ ਦੇ ਨੇਤਾਵਾਂ ਨਾਲ ਬੈਠਕਾਂ ਸ਼ੁਰੂ ਕਰ ਦਿੱਤੀਆਂ ਹਨ, ਜਿੱਥੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਉਨ੍ਹਾਂ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 6 ਮੈਂਬਰੀ ਸਕ੍ਰੀਨਿੰਗ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿਚ ਸੀਨੀਅਰ ਪਾਰਟੀ ਨੇਤਾ ਮਧੂਸੂਦਨ ਮਿਸਤਰੀ ਚੇਅਰਮੈਨ ਹਨ। ਪੈਨਲ ਦੇ ਹੋਰਨਾਂ ਮੈਂਬਰਾਂ ਵਿਚ ਹਰਿਆਣਾ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ, ਕਾਂਗਰਸ ਵਿਧਾਨ ਮੰਡਲ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਏ. ਆਈ. ਸੀ. ਸੀ. ਸੀ. ਦੇ ਜਨਰਲ ਸਕੱਤਰ ਪ੍ਰਦੇਸ਼ ਇੰਚਾਰਜ ਗੁਲਾਮ ਨਬੀ ਆਜ਼ਾਦ ਸ਼ਾਮਿਲ ਹਨ। ਕਾਂਗਰਸ ਨੇਤਾ ਦੀਪਾ ਦਾਸ ਮੁਨਸ਼ੀ ਅਤੇ ਦੇਵੇਂਦਰ ਯਾਦਵ ਨੂੰ ਵੀ ਪੈਨਲ ਦਾ ਮੈਂਬਰ ਬਣਾਇਆ ਗਿਆ ਹੈ।

ਸਖਤ ਮਿਹਨਤ ’ਚ ਜੁਟੇ ਰਣਦੀਪ ਸੂਰਜੇਵਾਲਾ

ਅੱਜਕਲ ਕਾਂਗਰਸ ਮੀਡੀਆ ਬ੍ਰੀਫਿੰਗ ’ਚੋਂ ਇਕ ਵਿਅਕਤੀ ਗਾਇਬ ਹੈ, ਉਹ ਹੈ ਪਾਰਟੀ ਦੇ ਕਮਿਊਨੀਕੇਸ਼ਨਜ਼ ਇੰਚਾਰਜ ਰਣਦੀਪ ਸਿੰਘ ਸੂਰਜੇਵਾਲਾ। ਇਸ ਦਾ ਕਾਰਣ ਇਹ ਹੈ ਕਿ ਉਹ ਅੱਜਕਲ ਆਪਣੇ ਵਿਧਾਨ ਸਭਾ ਖੇਤਰ ਕੈਥਲ ’ਚ ਰੁੱਝੇ ਹੋਏ ਹਨ। ਵਰਣਨਯੋਗ ਹੈ ਕਿ ਹਰਿਆਣਾ ’ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਲਈ ਮਿਤੀਆਂ ਦਾ ਐਲਾਨ ਛੇਤੀ ਹੋਣ ਦੀ ਸੰਭਾਵਨਾ ਹੈ। ਸੂਰਜੇਵਾਲਾ ਇਸ ਦੇ ਲਈ ਸਖਤ ਮਿਹਨਤ ਕਰ ਰਹੇ ਹਨ ਅਤੇ ਉਹ ਇਸ ਵਾਰ ਕੋਈ ਚਾਂਸ ਨਾ ਲੈ ਕੇ ਕੈਥਲ ਤੋਂ ਆਪਣੀ ਜਿੱਤ ਯਕੀਨੀ ਕਰਨਾ ਚਾਹੁੰਦੇ ਹਨ। ਪਿਛਲੀ ਵਾਰ ਜਨਵਰੀ ’ਚ ਉਹ ਜੀਂਦ ਵਿਧਾਨ ਸਭਾ ਖੇਤਰ ਤੋਂ ਉਪ-ਚੋਣ ਹਾਰ ਗਏ ਸਨ।

ਸਮਾਜਵਾਦੀ ਪਾਰਟੀ ਫਿਰ ਇਕਜੁੱਟ

ਆਜ਼ਮ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਵਿਰੁੱਧ ਕਈ ਸਾਰੇ ਕੇਸ ਦਰਜ ਹੋਣ ਤੋਂ ਬਾਅਦ ਅਤੇ ਉੱਤਰ ਪ੍ਰਦੇਸ਼ ਦੇ ਅਸਟੇਟ ਵਿਭਾਗ ਵਲੋਂ ਲੋਹੀਆ ਟਰੱਸਟ ਦਫਤਰ ਸਰਕਾਰੀ ਬੰਗਲਾ ਖਾਲੀ ਕਰਨ ਦਾ ਨੋਟਿਸ ਜਾਰੀ ਹੋਣ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਪੂਰਾ ਅਖਿਲੇਸ਼ ਪਰਿਵਾਰ ਇਕਜੁੱਟ ਹੋ ਗਿਆ ਹੈ ਅਤੇ ਗੁੱਟਬਾਜ਼ੀ ਫਿਲਹਾਲ ਖਤਮ ਹੋ ਗਈ ਹੈ। ਮੁਲਾਇਮ ਸਿੰਘ ਯਾਦਵ ਨੇ ਲੋਹੀਆ ਟਰੱਸਟ ਦੇ ਦਫਤਰ ਨੂੰ ਖਾਲੀ ਕਰ ਦਿੱਤਾ ਹੈ ਅਤੇ ਇਸ ਬੰਗਲੇ ਦਾ ਬਕਾਇਆ 30 ਲੱਖ ਰੁਪਏ ਦਾ ਕਿਰਾਇਆ ਵੀ ਚੁਕਾ ਦਿੱਤਾ ਹੈ।

ਮੁਲਾਇਮ ਸਿੰਘ ਯਾਦਵ ਇਸ ਟਰੱਸਟ ਦੇ ਚੇਅਰਮੈਨ ਹਨ ਅਤੇ ਉਨ੍ਹਾਂ ਦੇ ਭਰਾ ਤੇ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਸ਼ਿਵਪਾਲ ਯਾਦਵ ਇਸ ਦੇ ਸਕੱਤਰ ਹਨ। ਉਨ੍ਹਾਂ ਦੇ ਬੇਟੇ ਅਖਿਲੇਸ਼ ਯਾਦਵ ਟਰੱਸਟ ਦੇ ਮੈਂਬਰ ਹਨ। ਇਸ ਬਾਰੇ ਅਖਿਲੇਸ਼ ਯਾਦਵ ਨੇ ਮੀਡੀਆ ਨੂੰ ਦੱਸਿਆ ਕਿ ਲੋਹੀਆ ਟਰੱਸਟ ਨੇਤਾ ਜੀ (ਮੁਲਾਇਮ) ਨਾਲ ਸਬੰਧਤ ਹਨ ਅਤੇ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਸਰਕਾਰ ਟਰੱਸਟ ਦੇ ਭਵਨ ਨੂੰ ਖਾਲੀ ਕਿਉਂ ਕਰਵਾ ਰਹੀ ਹੈ। ਦੂਸਰਾ, ਉਨ੍ਹਾਂ ਨੇ ਕਿਹਾ ਕਿ ਜੇਕਰ ਪਾਰਟੀ ਦੁਬਾਰਾ ਸੱਤਾ ਵਿਚ ਆਉਂਦੀ ਹੈ ਤਾਂ ਆਜ਼ਮ ਖਾਨ ਦੇ ਵਿਰੁੱਧ ਲਾਏ ਗਏ ਕੇਸ ਵਾਪਿਸ ਲਏ ਜਾਣਗੇ। ਅਖਿਲੇਸ਼ ਨੇ ਆਜ਼ਮ ਖਾਨ ਵਿਰੁੱਧ ਕਥਿਤ ਝੂਠੇ ਮਾਮਲਿਆਂ ਦੇ ਸਬੰਧ ਵਿਚ ਰਾਜਪਾਲ ਆਨੰਦੀਬੇਨ ਪਟੇਲ ਨਾਲ ਮੁਲਾਕਾਤ ਕਰਨ ਦੀ ਗੱਲ ਵੀ ਕਹੀ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਮਰ ਸਿੰਘ ਨੇ ਇਸ ਪਰਿਵਾਰ ਨੂੰ ਵੰਡ ਦਿੱਤਾ ਹੈ ਅਤੇ ਹੁਣ ਉਹ ਆਜ਼ਮ ਖਾਨ ਦੇ ਵਿਰੁੱਧ ਕੰਮ ਕਰ ਰਹੇ ਹਨ।

ਦੁਰਗਾ ਪੂਜਾ ਪ੍ਰੋਗਰਾਮਾਂ ’ਤੇ ਕਬਜ਼ੇ ਲਈ ਯਤਨਸ਼ੀਲ ਟੀ. ਐੱਮ. ਸੀ. ਅਤੇ ਭਾਜਪਾ

ਨਰਾਤੇ ਨੇੜੇ ਆ ਰਹੇ ਹਨ ਅਤੇ ਪੱਛਮੀ ਬੰਗਾਲ ’ਚ ਦੁਰਗਾ ਪੂਜਾ ਨੂੰ ਲੈ ਕੇ ਟੀ. ਐੱਮ. ਸੀ. ਅਤੇ ਭਾਜਪਾ ਵਿਚਾਲੇ ਏਜੰਡਾ ਤੈਅ ਹੈ ਕਿਉਂਕਿ ਦੁਰਗਾ ਪੂਜਾ ਬੰਗਾਲੀਆਂ ਦਾ ਮੁੱਖ ਤਿਉਹਾਰ ਹੈ। ਇਸ ਵਾਰ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਦਿਲੀਪ ਘੋਸ਼ ਬਹੁਤ ਸਾਰੇ ਪੂਜਾ ਪੰਡਾਲਾਂ ਦਾ ਉਦਘਾਟਨ ਕਰਨਗੇ ਅਤੇ ਭਾਜਪਾ ਨੇ ਪੂਜਾ ਕਮੇਟੀਆਂ ਲਈ ਕਈ ਇਨਾਮਾਂ ਦਾ ਐਲਾਨ ਕੀਤਾ ਹੈ। ਭਾਜਪਾ ਹਾਈਕਮਾਨ ਮਮਤਾ ਬੈਨਰਜੀ ਦੇ ਖੇਤਰ ’ਚ ਪੂਜਾ ਪੰਡਾਲਾਂ ਦਾ ਉਦਘਾਟਨ ਕਰਨ ਲਈ ਕੋਲਕਾਤਾ ਜਾਵੇਗੀ।

ਕੁਝ ਸਮਾਂ ਪਹਿਲਾਂ ਆਮਦਨ ਕਰ ਵਿਭਾਗ ਨੇ ਕੋਲਕਾਤਾ ਦੀਆਂ ਪੂਜਾ ਕਮੇਟੀਆਂ ਨੂੰ ਨੋਟਿਸ ਜਾਰੀ ਕੀਤੇ ਸਨ। ਉਸ ਸਮੇਂ ਟੀ. ਐੱਮ. ਸੀ. ਨੇ ਇਨ੍ਹਾਂ ਨੋਟਿਸਾਂ ਦਾ ਵਿਰੋਧ ਕੀਤਾ ਸੀ ਪਰ ਆਮਦਨ ਕਰ ਵਿਭਾਗ ਨੇ ਸਪੱਸ਼ਟੀਕਰਨ ਦਿੱਤਾ ਸੀ ਕਿ ਇਹ ਨੋਟਿਸ ਪੁਰਾਣੇ ਹਨ। ਇਸ ਦੌਰਾਨ ਜ਼ਿਆਦਾਤਰ ਦੁਰਗਾ ਪੂਜਾ ਕਮੇਟੀਆਂ ’ਤੇ ਟੀ. ਐੱਮ. ਸੀ. ਦਾ ਕੰਟਰੋਲ ਹੈ ਅਤੇ ਜ਼ਿਆਦਾਤਰ ਕਮੇਟੀਆਂ ਦੇ ਪ੍ਰਧਾਨ ਟੀ. ਐੱਮ. ਸੀ. ਨੇਤਾ ਅਤੇ ਵਰਕਰ ਹਨ। ਮਮਤਾ ਬੈਨਰਜੀ ਸਰਕਾਰ ਨੇ ਪੱਛਮੀ ਬੰਗਾਲ ’ਚ ਪੂਜਾ ਕਮੇਟੀਆਂ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਟੀ. ਐੱਮ. ਸੀ. ਨੇ ਆਪਣੇ ਪੱਖ ’ਚ ਇਨ੍ਹਾਂ ਪੂਜਾ ਕਮੇਟੀਆਂ ਦਾ ਲਾਭ ਉਠਾਉਣ ਦੀ ਰਣਨੀਤੀ ਬਣਾਈ ਹੈ। ਇਸ ਨੂੰ ਦੇਖਦੇ ਹੋਏ ਭਾਜਪਾ ਨੇ ਆਪਣੇ ਮੰਤਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪਾਰਟੀ ਵਰਕਰਾਂ ਸਮੇਤ ਦੁਰਗਾ ਪੂਜਾ ’ਚ ਹਿੱਸਾ ਲੈਣ। ਅਜਿਹੀ ਚਰਚਾ ਹੈ ਕਿ ਦੁਰਗਾ ਪੂਜਾ ਇਥੇ ਚੋਣ ਮੁੱਦਾ ਬਣ ਗਈ ਹੈ।

ਨਿਤੀਸ਼ ਬਾਬੂ ਦੀ ਚੁੁੱਪ

ਅੱਜਕਲ ਪਟਨਾ ’ਚ ਕਾਫੀ ਸਾਰੇ ਪੋਸਟਰ ਦਿਖਾਈ ਦੇ ਰਹੇ ਹਨ, ਜਿਨ੍ਹਾਂ ’ਤੇ ਲਿਖਿਆ ਹੈ ‘ਕਿਉਂ ਨਾ ਕਰੀਏ ਵਿਚਾਰ, ਬਿਹਾਰ ਜੋ ਹੈ ਬੀਮਾਰ’। ਹਾਲਾਂਕਿ ਬਿਹਾਰ ਵਿਚ ਇਸ ਸਮੇਂ ਕੋਈ ਵੀ ਚੋਣਾਂ ਨਹੀਂ ਹੋਣ ਜਾ ਰਹੀਆਂ ਹਨ ਪਰ ਇਨ੍ਹਾਂ ਪੋਸਟਰਾਂ ਰਾਹੀਂ ਸ਼ਾਇਦ ਇਕ ਚਿਤਾਵਨੀ ਦਿੱਤੀ ਜਾ ਰਹੀ ਹੈ। ਨਿਤੀਸ਼ ਕੁਮਾਰ ਦਾ ਅਸਤੀਫਾ ਮੰਗਣ ਤੋਂ ਬਾਅਦ ਭਾਜਪਾ ਵਰਕਰ ਹੁਣ ਇਹ ਮੰਗ ਕਰ ਰਹੇ ਹਨ ਕਿ ਸੁਸ਼ੀਲ ਕੁਮਾਰ ਮੋਦੀ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਅਤੇ ਨਿਤੀਸ਼ ਬਾਬੂ ਨੂੰ ਕੇਂਦਰ ਦੀ ਸਰਕਾਰ ਵਿਚ ਜਾਣਾ ਚਾਹੀਦਾ ਹੈ। ਇਸ ਨੂੰ ਦੇਖਦੇ ਹੋਏ ਜਦ (ਯੂ) ਨੇਤਾ ਚਿੰਤਤ ਹਨ ਕਿ ਭਾਜਪਾ ਮਹਾਰਾਸ਼ਟਰ ਵਾਂਗ ਵਿਵਹਾਰ ਕਰ ਸਕਦੀ ਹੈ, ਜਿਥੇ ਉਨ੍ਹਾਂ ਨੇ ਸ਼ਿਵ ਸੈਨਾ ਦੀ ਬਜਾਏ ਆਪਣਾ ਮੁੱਖ ਮੰਤਰੀ ਬਣਾਇਆ ਸੀ। ਵਰਣਨਯੋਗ ਹੈ ਕਿ ਜਦ (ਯੂ) ਨੇ ਤਿੰਨ ਤਲਾਕ ਅਤੇ ਧਾਰਾ-370 ਦੇ ਮਾਮਲੇ ਵਿਚ ਸਰਕਾਰ ਦਾ ਸਮਰਥਨ ਨਹੀਂ ਕੀਤਾ ਸੀ। ਇਸ ਤੋਂ ਇਲਾਵਾ ਜਦ (ਯੂ) ਕੇਂਦਰੀ ਕੈਬਨਿਟ ਦਾ ਹਿੱਸਾ ਵੀ ਨਹੀਂ ਹੈ। ਇਸ ਦੌਰਾਨ ਭਾਜਪਾ ਨੇਤਾ ਸੀ. ਪੀ. ਠਾਕੁਰ ਨੇ ਅਗਲੀ ਵਾਰ ਮੁੱਖ ਮੰਤਰੀ ਦਾ ਅਹੁਦਾ ਜਦ (ਯੂ) ਨੂੰ ਦੇਣ ਤੋਂ ਇਨਕਾਰ ਕੀਤਾ ਹੈ। ਦੂਜੇ ਪਾਸੇ ਰਾਜਦ ਨੇਤਾ ਸ਼ਿਵਾਨੰਦ ਤਿਵਾੜੀ ਨੇ ਸੁਝਾਅ ਦਿੱਤਾ ਹੈ ਕਿ ਨਿਤੀਸ਼ ਕੁਮਾਰ ਨੂੰ 2015 ਦੇ ਗੱਠਜੋੜ ਬਾਰੇ ਸੋਚਣਾ ਚਾਹੀਦਾ ਹੈ, ਜਿਥੇ ਸਮਾਜਵਾਦੀ ਅਤੇ ਧਰਮ ਨਿਰਪੱਖ ਤਾਕਤਾਂ ਭਾਜਪਾ ਵਿਰੁੱਧ ਇਕਜੁੱਟ ਹੋ ਗਈਆਂ ਸਨ ਅਤੇ ਰਾਜਦ ਵੀ ਨਿਤੀਸ਼ ਕੁਮਾਰ ਦੀ ਅਗਵਾਈ ਸਵੀਕਾਰ ਕਰ ਲਵੇਗੀ। ਖੈਰ, ਇਸ ਸਾਰੇ ਮਾਮਲੇ ’ਤੇ ਨਿਤੀਸ਼ ਨੇ ਚੁੱਪ ਧਾਰੀ ਹੋਈ ਹੈ।

nora_chopra@yahoo.com


Bharat Thapa

Content Editor

Related News