ਸ਼੍ਰੋਮਣੀ ਅਕਾਲੀ ਦਲ ਸੰਕਟ- ਕੀ ਹੱਲ?

01/31/2020 1:45:04 AM

ਤਰਲੋਚਨ ਸਿੰਘ, ਸਾਬਕਾ ਐੱਮ. ਪੀ.

ਕੁਝ ਚਿਰ ਤੋਂ ਸ਼੍ਰੋਮਣੀ ਅਕਾਲੀ ਦਲ ਕਈ ਉਲਝਣਾਂ ਵਿਚ ਨਜ਼ਰ ਆ ਰਿਹਾ ਹੈ। ਭਾਰਤ ਵਿਚ ਕਾਂਗਰਸ ਪਾਰਟੀ ਤੋਂ ਪਿੱਛੇ ਸਭ ਤੋਂ ਲੰਬੀ ਉਮਰ ਸ਼੍ਰੋਮਣੀ ਅਕਾਲੀ ਦਲ ਦੀ ਹੀ ਹੈ। ਅਗਲੇ ਸਾਲ ਇਹ ਆਪਣਾ 100ਵਾਂ ਜਨਮ ਦਿਨ ਮਨਾਏਗਾ। ਇਸ ਪਾਰਟੀ ਦਾ ਇਤਿਹਾਸ ਬੜਾ ਹੀ ਸ਼ਾਨਦਾਰ ਹੈ। ਆਜ਼ਾਦੀ ਦੀ ਜੰਗ ਵਿਚ ਪੂਰਾ ਹਿੱਸਾ ਲਿਆ। ਕੁਰਬਾਨੀਆਂ ’ਚ ਆਪਣਾ ਯੋਗਦਾਨ ਪਾਇਆ। ਬਾਬਾ ਖੜਕ ਸਿੰਘ, ਜੋ ਪ੍ਰਧਾਨ ਸਨ, ਨੇ ਲੰਮੀ ਜੇਲ ਕੱਟੀ ਅਤੇ ਮੁਸੀਬਤ ਸਹੀ ਸੀ। ਦਲ ਦੇ ਪ੍ਰਧਾਨ ਬਾਬੂ ਲਾਭ ਸਿੰਘ ਨੇ ਸ਼ਹੀਦੀ ਪਾਈ ਸੀ। ਭਾਰਤ ਵਿਚ ਪਹਿਲੀ ਚੋਣ 1936 ਵਿਚ ਹੋਈ ਸੀ, ਉਦੋਂ ਅਕਾਲੀ ਲਾਹੌਰ ਅਸੈਂਬਲੀ ਵਿਚ ਜਿਤ ਕੇ ਪੁੱਜੇ ਸਨ, ਫਿਰ ਅਕਾਲੀ ਵਜ਼ੀਰ ਵੀ ਬਣੇ ਸਨ। ਅਕਾਲੀ ਆਗੂ ਬਲਦੇਵ ਸਿੰਘ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਬਣੇ ਸਨ। ਭਾਰਤ ਲਈ ਸਭ ਤੋਂ ਵੱਡੀ ਸੇਵਾ ਸ਼੍ਰੋਮਣੀ ਅਕਾਲੀ ਦਲ ਦੀ 1947 ਵਿਚ ਸੀ, ਜਦੋਂ ਮਾਸਟਰ ਤਾਰਾ ਸਿੰਘ ਨੇ ਪੰਜਾਬ ਦੀ ਵੰਡ ਕਰਵਾ ਕੇ ਅੱਧਾ ਪੰਜਾਬ ਭਾਰਤ ਵਿਚ ਲੈ ਕੇ ਦਿੱਤਾ ਸੀ। ਉਸ ਸਮੇਂ ਦੇ ਅਕਾਲੀ ਲੀਡਰਾਂ ਦੀ ਕਦਰ ਸਾਰਾ ਦੇਸ਼ ਕਰਦਾ ਸੀ। ਇਹ ਸਨ ਗਿਆਨੀ ਕਰਤਾਰ ਸਿੰਘ, ਊਧਮ ਸਿੰਘ ਨਾਗੋਕੇ, ਸ. ਬਲਦੇਵ ਸਿੰਘ, ਸਵਰਨ ਸਿੰਘ, ਉੱਜਲ ਸਿੰਘ, ਬਾਵਾ ਹਰਕਿਸ਼ਨ ਸਿੰਘ, ਅਜੀਤ ਸਿੰਘ ਸਰਹੱਦੀ ਆਦਿ। ਆਜ਼ਾਦੀ ਮਿਲਣ ਪਿੱਛੋਂ ਅਕਾਲੀ ਦਲ ਨੂੰ ਲੰਮੀ ਲੜਾਈ ਲੜਨੀ ਪਈ ਅਤੇ ਮੋਰਚੇ ਵੀ ਲਗਾਏ। ਹਜ਼ਾਰਾਂ ਲੋਕ ਜੇਲ ਗਏ। ਪਹਿਲਾਂ ਦਲਿੱਤ ਸਿੱਖਾਂ ਨੂੰ ਰਾਖਵੇਂ ਹੱਕ ਦਿਵਾਏ। ਫਿਰ ਪੰਜਾਬੀ ਸੂਬਾ 1966 ਵਿਚ ਬਣਵਾ ਲਿਆ। ਇਸੇ ਕਾਰਣ ਅਕਾਲੀ ਦਲ ਨੂੰ ਕਈ ਵਾਰ ਰਾਜ ਕਰਨ ਦਾ ਮੌਕਾ ਮਿਲਿਆ ਹੈ।

1966 ਵਿਚ ਨਵਾਂ ਪੰਜਾਬ ਬਣ ਗਿਆ ਅਤੇ ਹਰਿਆਣਾ ਅਤੇ ਹਿਮਾਚਲ ਵੱਖਰੇ ਸੂਬੇ ਬਣ ਗਏ। ਕਈ ਅਕਾਲੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ, ਲਛਮਣ ਸਿੰਘ ਗਿੱਲ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ ਬਣੇ ਹਨ। ਅੱਜ ਅਕਾਲੀ ਦਲ ਲਈ ਕਈ ਮੁਸੀਬਤਾਂ ਹਨ। ਅਸੈਂਬਲੀ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਹੋਈ, ਇੰਨੇ ਘੱਟ ਐੱਮ. ਐੱਲ. ਏ. ਪਹਿਲੀ ਵਾਰ ਆਏ ਹਨ। ਪਾਰਲੀਮੈਂਟ ਚੋਣਾਂ ਵਿਚ ਵੀ ਸਿਰਫ ਦੋ ਸੀਟਾਂ ਜਿੱਤੀਆਂ, ਫਿਰ ਵੱਡੇ ਲੀਡਰ ਇਕਜੁੱਟ ਹੋ ਕੇ ਪਾਰਟੀ ਹਾਈਕਮਾਨ ਵਿਰੁਧ ਖੜ੍ਹੇ ਹੋ ਗਏ ਹਨ। ਅਕਾਲੀ ਦਲ ਦੀ ਇਕ ਅਣਗਹਿਲੀ ਇਹ ਹੈ ਕਿ ਇਸ ਵਲੋਂ ਕਦੇ ਪੋਸਟਮਾਰਟਮ ਨਹੀਂ ਕੀਤਾ ਗਿਆ। ਇੰਨੀਆਂ ਵੱਡੀਆਂ ਘਟਨਾਵਾਂ ਹੋਈਆਂ, ਜਿਸ ਨਾਲ ਪੰਜਾਬ ਤਬਾਹ ਹੋ ਗਿਆ। ਚੋਣਾਂ ਕਿਉਂ ਹਾਰੀਆਂ? ਇਸ ਬਾਰੇ ਕੋਈ ਚਰਚਾ ਨਹੀਂ ਹੋਈ। ਅਕਾਲੀ ਲੀਡਰਾਂ ਨੇ ਇਕ ਨਵੀਂ ਪਾਲਿਸੀ ਬਣਾ ਲਈ ਕਿ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਵਿਚ ਚੋਣਾਂ ਲੜੀਆਂ ਜਾਣ। ਪਹਿਲਾਂ ਯੂ. ਪੀ. ਵਿਚ ਰੈਲੀਆਂ ਆਰੰਭ ਕਰ ਦਿੱਤੀਆਂ। ਆਪਣੇ ਲੀਡਰ ਭੇਜ ਦਿੱਤੇ। ਐਲਾਨ ਕਰ ਦਿੱਤਾ ਕਿ ਇੰਨੀਆਂ ਸੀਟਾਂ ’ਤੇ ਚੋਣ ਲੜਾਂਗੇ। ਫਿਰ ਭਾਜਪਾ ਨਾਲ ਮਿਲ ਕੇ ਲੜਾਂਗੇ, ਉਸ ਤੋਂ ਸੀਟਾਂ ਲਵਾਂਗੇ। ਵਿਚਾਰੇ ਸਿੱਖ ਇਨ੍ਹਾਂ ਦੀ ਆਸ ’ਤੇ ਬੈਠੇ ਰਹੇ ਅਤੇ ਕਿਸੇ ਹੋਰ ਪਾਰਟੀ ਵੱਲ ਨਾ ਗਏ। ਅਖੀਰ ਭਾਜਪਾ ਨੇ ਨਾ ਕਰ ਦਿੱਤੀ। ਖਾਲੀ ਮੁੜ ਆਏ। ਫਿਰ ਰਾਜਸਥਾਨ ਪੁੱਜ ਗਏ, ਉਥੇ ਵੀ ਉਹੀ ਹੋਇਆ, ਜੋ ਯੂ. ਪੀ. ਵਿਚ ਵਾਪਰਿਆ ਸੀ। ਰਾਜਸਥਾਨ ਵਿਚ ਕਾਂਗਰਸ ਦੀਆਂ ਟਿਕਟਾਂ ’ਤੇ ਹਮੇਸ਼ਾ ਦੋ-ਤਿੰਨ ਸਿੱਖ ਹੁੰਦੇ ਸਨ। ਭਾਜਪਾ ਨੇ ਵੀ ਸਿੱਖ ਵਜ਼ੀਰ ਬਣਾਏ ਸਨ ਪਰ ਕਦੇ ਅਕਾਲੀ ਨਹੀਂ ਬਣਿਆ।

ਉੱਤਰਾਖੰਡ ਵਿਚ ਜਿਥੇ ਤਰਾਈ ਦਾ ਸਿੱਖ ਇਲਾਕਾ ਹੈ। ਹਰਭਜਨ ਿਸੰਘ ਚੀਮਾ, ਜੋ ਅਕਾਲੀ ਆਗੂ ਹੈ, ਤੀਜੀ ਵਾਰ ਭਾਜਪਾ ਦਾ ਐੱਮ. ਐੱਲ. ਏ. ਬਣਿਆ ਹੈ। ਜਦੋਂ ਇਹ ਨਵਾਂ ਸੂਬਾ ਬਣਿਆ ਸੀ, ਮੈਂ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਚੀਮਾ ਨੂੰ ਟਿਕਟ ਦਿਵਾਉਣ ਵਿਚ ਮਦਦ ਕੀਤੀ ਸੀ। ਹਰਿਆਣੇ ਵਿਚ ਅਕਾਲੀ ਦਲ ਨੇ ਪੂਰੀ ਤਾਕਤ ਝੋਕ ਦਿੱਤੀ ਕਿ ਅਸੀਂ ਅਕਾਲੀ ਉਮੀਦਵਾਰ ਜਿਤਾ ਕੇ ਵੱਧ ਤੋਂ ਵੱਧ ਐੱਮ. ਐੱਲ. ਏ. ਬਣਾਵਾਂਗੇ। ਬੜੀਆਂ ਰੈਲੀਆਂ ਹੋਈਆ, ਸਾਰੇ ਸਿੱਖ ਹਮਾਇਤ ’ਤੇ ਆ ਗਏ। ਬੜੀ ਆਸ ਸੀ ਕਿ ਹਿੱਸਾ ਮਿਲੇਗਾ। ਆਪੇ ਹੀ ਭਾਜਪਾ ਅਕਾਲੀ ਗਠਜੋੜ ਦਾ ਐਲਾਨ ਕਰਦੇ ਰਹੇ ਪਰ ਭਾਜਪਾ ਨੇ ਇਕ ਵੀ ਸੀਟ ਦੇਣ ਤੋਂ ਨਾਂਹ ਕਰ ਦਿੱਤੀ। ਆਪਣੀ ਟਿਕਟ ’ਤੇ ਇਕ ਸਿੱਖ ਪਿਹੋਵਾ ਤੋਂ ਜਿਤਾ ਕੇ ਵਜ਼ੀਰ ਬਣਾ ਦਿੱਤਾ ਹੈ। ਸਿੱਖਾਂ ਵਿਚ ਬੜੀ ਨਾਮੋਸ਼ੀ ਹੋਈ। ਕੀ ਲਾਭ ਮਿਲਿਆ? ਹੁਣ ਦਿੱਲੀ ਵਿਚ ਚੋਣਾਂ ਹੋ ਰਹੀਆਂ ਹਨ। ਪਿਛਲੀਆਂ ਚੋਣਾਂ ਵਿਚ ਦੋ ਵਾਰ ਅਕਾਲੀ ਦਲ ਨੂੰ ਚਾਰ ਸੀਟਾਂ ’ਤੇ ਹਿੱਸਾ ਮਿਲਦਾ ਰਿਹਾ ਹੈ ਪਰ ਭਾਜਪਾ ਆਪਣੇ ਚੋਣ ਨਿਸ਼ਾਨ ’ਤੇ ਲੜਾਉਂਦੀ ਸੀ। ਇਸ ਵਾਰ ਭਾਜਪਾ ਨੇ ਕੋਈ ਸੀਟ ਅਕਾਲੀ ਦਲ ਨੂੰ ਨਹੀਂ ਦਿੱਤੀ ਪਰ ਆਪਣੀ ਟਿਕਟ ’ਤੇ ਚਾਰ ਸਿੱਖ ਖੜ੍ਹੇ ਕੀਤੇ ਹਨ। ਅਕਾਲੀ ਦਲ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਚੋਣਾਂ ਨਹੀਂ ਲੜੇਗਾ। ਆਪਣੇ ਬਲਬੂਤੇ ’ਤੇ ਸੀਟ ਜਿਤਣੀ ਔਖੀ ਹੈ। ਉਪਰ ਲਿਖੇ ਹਾਲਾਤ ਨੂੰ ਮੁੱਖ ਰੱਖ ਕੇ ਅਕਾਲੀ ਦਲ ਨੂੰ ਸੋਚਣ ਦੀ ਲੋੜ ਹੈ ਕਿ ਉਹ ਕਿਉਂ ਪੰਜਾਬ ਤੋਂ ਬਾਹਰ ਆਪਣਾ ਰਾਜਸੀ ਪ੍ਰਭਾਵ ਪਾਉਣ ਦੀ ਖੇਚਲ ਕਰਦਾ ਹੈ? ਆਪਣੇ ਬਲਬੂਤੇ ’ਤੇ ਕੋਈ ਇਕ ਸੀਟ ਵੀ ਅਕਾਲੀ ਵੋਟ ਬੈਂਕ ਨਾ ਹੋਣ ਕਰ ਕੇ ਜਿਤ ਨਹੀਂ ਸਕਦਾ। ਫਿਰ ਸਿੱਖਾਂ ਨੂੰ ਕਿਉਂ ਗਲਤ ਉਮੀਦਾਂ ’ਤੇ ਬਿਠਾ ਦਿੰਦਾ ਹੈ? ਉਹ ਵਿਚਾਰੇ ਕਿਧਰੇ ਹੋਰ ਨਹੀਂ ਜਾਂਦੇ, ਜਦ ਤੁਸੀਂ ਉਨ੍ਹਾਂ ਦੀ ਆਸ ਬਣਾ ਦਿੰਦੇ ਹੋ। ਤੁਹਾਡੇ ਇਸ ਐਕਸ਼ਨ ਨਾਲ ਉਨ੍ਹਾਂ ਦਾ ਨੁਕਸਾਨ ਹੋਇਆ ਹੈ। ਇਸ ਨਾਲ ਤੁਹਾਡੇ ਸਿਆਸੀ ਅਕਸ ਨੂੰ ਵੀ ਖੋਰਾ ਲੱਗਦਾ ਹੈ।

ਮਾਸਟਰ ਤਾਰਾ ਸਿੰਘ ਨੇ ਹਮੇਸ਼ਾ ਪੰਜਾਬ ਤੋਂ ਬਾਹਰ ਸਿੱਖਾਂ ਨੂੰ ਆਜ਼ਾਦੀ ਦਿੱਤੀ ਸੀ। ਦਿੱਲੀ ਵਿਚ ਸਭ ਤੋਂ ਵੱਧ ਸਿੱਖ ਪਾਕਿਸਤਾਨ ਤੋਂ ਆ ਕੇ ਵਸ ਗਏ ਸਨ ਪਰ ਕਦੇ ਅਕਾਲੀ ਉਮੀਦਵਾਰ ਨਹੀਂ ਖੜ੍ਹਾ ਕੀਤਾ। ਦਿੱਲੀ ਦਾ ਪਹਿਲਾ ਮੁੱਖ ਮੰਤਰੀ ਗੁਰਮੁਖ ਨਿਹਾਲ ਸਿੰਘ ਕਾਂਗਰਸ ਦਾ ਸੀ। ਬਾਵਾ ਬਚਿੱਤਰ ਸਿੰਘ ਮੇਅਰ ਬਣ ਗਿਆ ਸੀ। ਅਮਰ ਸਿੰਘ ਸਹਿਗਲ ਮੱਧ ਭਾਰਤ ਤੋਂ ਕਾਂਗਰਸ ਦਾ ਐੱਮ. ਪੀ. ਬਣ ਕੇ ਆਇਆ ਸੀ। ਹਰ ਸਟੇਟ ਵਿਚ ਸਿੱਖ ਐੱਮ. ਐੱਲ. ਏ. ਕਿਸੇ ਨਾ ਕਿਸੇ ਪਾਰਟੀ ਤੋਂ ਬਣ ਕੇ ਆਉਂਦੇ ਹਨ। ਯੂ. ਪੀ. ਵਿਚ ਸਿੱਖ ਵਜ਼ੀਰ ਸਨ, ਭੂਪਾਲ ਵਿਚ ਸਿੱਖ ਵਜ਼ੀਰ, ਰਾਜਸਥਾਨ ਵਿਚ ਵਜ਼ੀਰ, ਬੰਗਾਲ ਵਿਚ ਵਜ਼ੀਰ, ਮਹਾਰਾਸ਼ਟਰ ਵਿਚ ਤਾਰਾ ਸਿੰਘ ਤਿੰੰਨ ਵਾਰ ਐੱਮ. ਐੱਲ. ਏ. ਸੀ। ਇਸ ਚੋਣ ਵਿਚ ਓਡਿਸ਼ਾ ਵਿਚ ਦੋ ਸਿੱਖ ਐੱਮ. ਐੱਲ. ਏ. ਹਨ, ਇਕ ਕਾਂਗਰਸ ਅਤੇ ਇਕ ਪਟਨਾਇਕ ਪਾਰਟੀ ਦਾ ਹੈ। ਕਸ਼ਮੀਰ ਵਿਚ ਵੀ ਸਿੱਖ ਐੱਮ. ਐੱਲ. ਏ. ਅਤੇ ਵਜ਼ੀਰ ਰਹੇ ਹਨ।ਸਾਡਾ ਮੰਤਵ ਇਹ ਹੋਵੇ ਕਿ ਸਿੱਖ ਭਾਰਤ ਵਿਚ ਆਪਣਾ ਮਾਣ-ਸਤਿਕਾਰ ਪ੍ਰਾਪਤ ਕਰੇ, ਰਾਜਸੀ ਮਾਣ ਲਵੇ। ਉਸਨੂੰ ਹਰ ਪਾਰਟੀ ਅੱਗੇ ਲਿਆਵੇ। ਅਕਾਲੀ ਦਲ ਇਸ ਨੂੰ ਖੁਸ਼ੀ ਦਾ ਸੁਨੇਹਾ ਸਮਝੇ। ਮੈਂ ਇਹ ਮਹਿਸੂਸ ਕਰਦਾ ਹਾਂ ਕਿ ਦਿੱਲੀ ਵਿਚ ਚੋਣ ਨਿਸ਼ਾਨ ਦੀ ਜ਼ਿੱਦ ਨੇ ਗੱਲ ਵਿਗਾੜੀ ਹੈ। ਪਾਰਟੀ ਦੇ ਦੋ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਾਲਕਾ, ਜੋ ਜਿੱਤ ਕੇ ਸਿੱਖਾਂ ਦੀ ਸੇਵਾ ਕਰਦੇ, ਉਨ੍ਹਾਂ ਨੇ ਪਹਿਲੇ ਵੀ ਹਰ ਪੱਖੋਂ ਆਪਣੀ ਧਾਕ ਬਣਾਈ ਹੈ। ਚੋਣ ਨਿਸ਼ਾਨ ਨਾਲ ਕੀ ਫਰਕ ਪੈਂਦਾ ਹੈ? ਭਾਵਨਾ ਨਹੀਂ ਬਦਲਦੀ, ਗਠਜੋੜ ਵਿਚ ਇਹ ਤਲਖੀ ਮਹਿੰਗੀ ਪਈ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਆਪਣੀ ਮਜ਼ਬੂਤੀ ਵਧਾਏ। ਇਸ ਸੰਕਟ ਨੂੰ ਹੱਲ ਕਰੇ। ਮੈਂ ਤਾਂ ਇਹ ਸਮਝਦਾ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਇਸ ਨਜ਼ਾਕਤ ਨੂੰ ਸਮਝਣ ਅਤੇ ਆਪਣਾ ਰਸੂਖ ਇਕ ਵਾਰ ਫਿਰ ਇਸ ਕੰਮ ਲਈ ਲਗਾਉਣ। ਵੱਡੇ ਤੋਂ ਵੱਡੇ ਮਸਲੇ ਉਨ੍ਹਾਂ ਹੱਲ ਕੀਤੇ ਹਨ। ਖੇਤਰੀ ਪਾਰਟੀਆਂ ਹਰ ਸੂਬੇ ਵਿਚ ਸ਼ਕਤੀ ਵੱਲ ਵਧੀਆਂ ਹਨ। ਪੰਜਾਬ ਨੂੰ ਅਕਾਲੀ ਦਲ ਦੀ ਲੋੜ ਹੈ। ਇਸਦੀ ਕੀਤੀ ਸੇਵਾ ਨੂੰ ਕੋਈ ਨਹੀਂ ਭੁੱਲਦਾ। ਇਸਦੀ 100ਵੀਂ ਵਰ੍ਹੇਗੰਢ ਨੂੰ ਸਹੀ ਰੂਪ ਵਿਚ ਮਨਾਉਣ ਲਈ ਸ. ਪ੍ਰਕਾਸ਼ ਸਿੰਘ ਬਾਦਲ ਉਪਰਾਲਾ ਕਰਨ। ਕਦੇ ਇਹ ਵੀ ਸੋਚੋ ਕਿ ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ, ਮਲੇਸ਼ੀਆ ਅਤੇ ਅਮਰੀਕਾ ਵਿਚ ਕਿਵੇਂ ਸਿੱਖ ਵੱਖ-ਵੱਖ ਪਾਰਟੀਆਂ ਵਿਚ ਜਾ ਕੇ ਜਿੱਤਾਂ ਹਾਸਿਲ ਕਰ ਰਹੇ ਹਨ?


Bharat Thapa

Content Editor

Related News