ਨਦੀਆਂ ਦੀ ਹੋਂਦ ਬਚਾਉਣਾ ਸਾਡੀ ਲੋੜ
Saturday, Nov 28, 2026 - 05:36 PM (IST)
ਤਾਮਿਲਨਾਡੂ ਦੀ ਤਾਮਿਰਾਬਰਾਨੀ ਨਦੀ ਨਾਲ ਜੁੜਿਆ ਇਕ ਮਾਮਲਾ ਚਰਚਾ ’ਚ ਹੈ। ਮਦਰਾਸ ਹਾਈ ਕੋਰਟ ਦੀ ਮਦੁਰੈ ਬੈਂਚ ਨੇ ਜੁਲਾਈ, 2026 ’ਚ ਇਕ ਮਹੱਤਵਪੂਰਨ ਫ਼ੈਸਲਾ ਸੁਣਾਇਆ। ਮਾਮਲਾ ਨਦੀ ਦੇ ਕਿਨਾਰੇ ਬਣੇ ਇਕ ਮੰਡਪ ਅਤੇ ਉਸ ਨਾਲ ਸਬੰਧਤ ਵਿਵਾਦ ਤੋਂ ਸ਼ੁਰੂ ਹੋਇਆ ਸੀ ਪਰ ਸੁਣਵਾਈ ਦੌਰਾਨ ਨਦੀ ’ਚ ਸੁੱਟੇ ਜਾ ਰਹੇ ਕੱਪੜਿਆਂ ਅਤੇ ਦੂਜੀਆਂ ਵਸਤੂਆਂ ਤੋਂ ਹੋਣ ਵਾਲੇ ਪ੍ਰਦੂਸ਼ਣ ਦਾ ਗੰਭੀਰ ਸਵਾਲ ਸਾਹਮਣੇ ਆਇਆ। ਅਦਾਲਤ ਨੂੰ ਦੱਸਿਆ ਗਿਆ ਕਿ ਮਈ, 2026 ’ਚ ਸਿਰਫ਼ 22 ਦਿਨਾਂ ਦੌਰਾਨ ਨਦੀ ’ਚੋਂ ਲਗਭਗ 86 ਤੋਂ 90 ਟਨ ਪੁਰਾਣੇ ਕੱਪੜੇ, 1,385 ਕਿਲੋ ਪਲਾਸਟਿਕ, ਕੱਚ ਦੀਆਂ ਬੋਤਲਾਂ, ਚੱਪਲਾਂ ਅਤੇ ਦੂਜੀਆਂ ਵਸਤੂਆਂ ਕੱਢੀਆਂ ਗਈਆਂ। 9 ਜੁਲਾਈ, 2026 ਦੇ ਫ਼ੈਸਲੇ ’ਚ ਅਦਾਲਤ ਨੇ ਤਾਮਿਰਾਬਰਾਨੀ ਨਦੀ ਨੂੰ ਸੀਮਤ ਉਦੇਸ਼ ਲਈ ਕਾਨੂੰਨੀ ਸ਼ਖ਼ਸੀਅਤ ਭਾਵ ਜਿਊਰਿਸਟਿਕ ਪਰਸਨ ਦਾ ਦਰਜਾ ਦਿੱਤਾ ਅਤੇ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਧਰਮ ਜਾਂ ਆਸਥਾ ਦੇ ਨਾਂ ’ਤੇ ਨਦੀ ਨੂੰ ਪ੍ਰਦੂਸ਼ਿਤ ਕਰਨ ਦਾ ਅਧਿਕਾਰ ਨਹੀਂ ਹੈ, ਭਾਵ ਹੁਣ ਨਦੀਆਂ ਵੀ ਅਦਾਲਤ ਜਾ ਸਕਦੀਆਂ ਹਨ ਅਤੇ ਆਪਣਾ ਮੁਕੱਦਮਾ ਦਾਇਰ ਕਰ ਸਕਦੀਆਂ ਹਨ।
ਮਾਂ ਸਮਾਨ ਨਦੀਆਂ ਦੀ ਹਾਲਤ : ਨਦੀਆਂ ਦੀ ਪੂਜਾ ਮਾਂ ਦੇ ਰੂਪ ’ਚ ਕੀਤੀ ਜਾਂਦੀ ਹੈ। ਗੰਗਾ ਤਾਂ ਪੂਜਨੀਕ ਹੀ ਹੈ। ਛੋਟੀਆਂ-ਵੱਡੀਆਂ ਹਜ਼ਾਰਾਂ ਨਦੀਆਂ ਹਨ। ਇਨ੍ਹਾਂ ਦੇ ਕਿਨਾਰੇ ਸੱਭਿਅਤਾਵਾਂ ਵਸੀਆਂ, ਸ਼ਹਿਰ ਵਿਕਸਿਤ ਹੋਏ, ਖੇਤੀ ਫਲੀ-ਫੁੱਲੀ ਅਤੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਇਨ੍ਹਾਂ ਨਾਲ ਜੁੜੀ ਰਹੀ। ਅੱਜ ਨਦੀਆਂ ਅਜਿਹੀਆਂ ਹਨ, ਜਿਨ੍ਹਾਂ ਦਾ ਪਾਣੀ ਦੇਖ ਕੇ ਸ਼ਾਇਦ ਹੀ ਕਿਹਾ ਜਾ ਸਕੇ ਕਿ ਇਸ ’ਚ ਨਹਾਇਆ ਜਾ ਸਕਦਾ ਹੈ, ਪਾਣੀ ਵਰਤਿਆ ਜਾ ਸਕਦਾ ਹੈ। ਨੱਕ ’ਤੇ ਰੁਮਾਲ ਰੱਖਣਾ ਆਮ ਹੈ, ਪਾਣੀ ’ਚ ਝੱਗ ਅਤੇ ਬਦਬੂ ਨਾਲ ਉਬਕਾਈ ਆਉਂਦੀ ਹੈ। ਪਲਾਸਟਿਕ, ਗੰਦਗੀ ਅਤੇ ਨਾਲਿਆਂ ਦਾ ਪਾਣੀ ਨਦੀ ਦੀ ਪਛਾਣ ਬਣ ਗਏ ਹਨ। ਗੰਗਾ ਹਜ਼ਾਰਾਂ ਕਰੋੜ ਰੁਪਏ ਖ਼ਰਚ ਕਰਨ ਤੋਂ ਬਾਅਦ ਵੀ ਮੈਲੀ ਹੈ ਅਤੇ ਪਤਾ ਨਹੀਂ ਕਦੋਂ ਸਾਫ਼ ਹੋਵੇਗੀ। ਇਹੀ ਹਾਲ ਲਗਭਗ ਸਾਰੀਆਂ ਨਦੀਆਂ ਦਾ ਹੈ।
ਨਦੀਆਂ ’ਚੋਂ ਰੇਤ ਅਤੇ ਹੋਰ ਨਿਰਮਾਣ ਸਮੱਗਰੀ ਦੀ ਨਾਜਾਇਜ਼ ਮਾਈਨਿੰਗ ਨਾਲ ਇਸ ਨੂੰ ਖੋਖਲਾ ਕਰਨ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ। ਕਿਤੇ ਪਾਣੀ ਘੱਟ ਹੋਣ ਜਾਂ ਬਿਲਕੁਲ ਨਾ ਹੋਣ ਨਾਲ ਆਉਣ-ਜਾਣ ਦੇ ਰਸਤੇ ਖੁੱਲ੍ਹ ਜਾਂਦੇ ਹਨ ਅਤੇ ਝੁੱਗੀ-ਝੌਂਪੜੀਆਂ ਦੀ ਭਰਮਾਰ ਹੋ ਜਾਂਦੀ ਹੈ। ਬਰਸਾਤ ’ਚ ਪਾਣੀ ਭਰਨ ’ਤੇ ਨਿਕਾਸੀ ਲਈ ਠੇਕੇ ਅਤੇ ਹੜ੍ਹ ਆ ਗਿਆ ਤਾਂ ਝੌਂਪੜੀਆਂ ਦੇ ਰੁੜ੍ਹ ਜਾਣ ’ਤੇ ਸਰਕਾਰੀ ਮੁਆਵਜ਼ੇ ਦੀ ਖੇਡ ਚੱਲਦੀ ਰਹਿੰਦੀ ਹੈ।
ਉਦਾਹਰਣ ਵਜੋਂ, ਦਿੱਲੀ ਅਤੇ ਐੱਨ.ਸੀ.ਆਰ. ’ਚ ਯਮੁਨਾ ਨੂੰ ਲੈ ਕੇ ਇਕ ਵੱਡੀ ਯੋਜਨਾ ਬਣਾਈ ਗਈ ਹੈ। ਨਾਗਪੁਰ ਸਥਿਤ ਸੀ.ਐੱਸ.ਆਈ.ਆਰ. ਸੰਸਥਾਨ ਨੀਰੀ ਜੋ ਵਾਤਾਵਰਣ ’ਚ ਸੁਧਾਰ ਅਤੇ ਪ੍ਰਦੂਸ਼ਣ ਰੋਕਣ ਲਈ ਆਧੁਨਿਕ ਟੈਕਨੋਲਾਜੀ ਤਿਆਰ ਕਰਨ ’ਚ ਮੋਹਰੀ ਹੈ, ਉਸ ਨੂੰ ਵੀ ਜੋੜਿਆ ਗਿਆ ਹੈ ਪਰ ਟੈਕਨੋਲਾਜੀ ਦਾ ਅਲਮਾਰੀ ਅਤੇ ਫਾਈਲਾਂ ਦੀ ਕੈਦ ਤੋਂ ਕਦੇ-ਕਦਾਈਂ ਹੀ ਬਾਹਰ ਨਿਕਲਣਾ ਹੋ ਪਾਉਂਦਾ ਹੈ। ਯਮੁਨਾ ਦੀ ਸਫ਼ਾਈ ਲਈ ਕਰੋੜਾਂ ਰੁਪਏ ਖ਼ਰਚ ਹੋਏ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਰਹੀ। ਪ੍ਰਦੂਸ਼ਣ ਦੇ ਸਰੋਤਾਂ ’ਤੇ ਕੰਟਰੋਲ ਨਹੀਂ ਹੋਇਆ। ਇਕ ਵਿਭਾਗ ਦੂਜੇ ਵਿਭਾਗ ’ਤੇ ਜ਼ਿੰਮੇਵਾਰੀ ਪਾਉਂਦਾ ਰਿਹਾ। ਇਸ ਦੌਰਾਨ ਨਦੀ ਗੰਦੀ ਹੁੰਦੀ ਰਹਿੰਦੀ ਹੈ।
ਸੁਪਰੀਮ ਕੋਰਟ ਨੇ 4 ਨਵੰਬਰ, 2026 ਦੇ ਆਪਣੇ ਹੁਕਮ ’ਚ ਯਮੁਨਾ ਦੀ ਸਫ਼ਾਈ ਲਈ ਪੇਸ਼ ਐਕਸ਼ਨ ਪਲਾਨ ’ਤੇ ਮਹੱਤਵਪੂਰਨ ਟਿੱਪਣੀਆਂ ਕੀਤੀਆਂ, ਜਿਸ ’ਚ 125 ਨਵੇਂ ਸੀਵੇਜ ਟ੍ਰੀਟਮੈਂਟ ਪਲਾਂਟ ਬਣਾਉਣ ਅਤੇ 520 ਨਾਲਿਆਂ ਦੇ ਗੰਦੇ ਪਾਣੀ ਨੂੰ ਰੋਕ ਕੇ ਇਲਾਜ ਦੀ ਵਿਵਸਥਾ ਕਰਨ ਸਮੇਤ ਕਈ ਪ੍ਰਸਤਾਵ ਸਨ। ਅਦਾਲਤ ਨੇ ਸਵਾਲ ਉਠਾਇਆ ਕਿ ਮੌਜੂਦਾ ਪਲਾਂਟਾਂ ’ਚੋਂ ਕਿੰਨੇ ਨਿਰਧਾਰਤ ਮਾਪਦੰਡਾਂ ’ਤੇ ਕੰਮ ਕਰ ਰਹੇ ਹਨ, ਨਦੀ ਦੇ ਕਿਨਾਰੇ ਅਤੇ ਹੜ੍ਹ ਖੇਤਰ ’ਚ ਨਾਜਾਇਜ਼ ਕਬਜ਼ੇ ਦੀ ਸਥਿਤੀ ਕੀ ਹੈ ਅਤੇ ਵੱਖ-ਵੱਖ ਸੂਬਿਆਂ ਵਿਚਾਲੇ ਤਾਲਮੇਲ ਕਿੰਨਾ ਪ੍ਰਭਾਵੀ ਹੈ। ਇਸ ਦਾ ਜਵਾਬ ਕਦੋਂ ਮਿਲੇਗਾ, ਕੋਈ ਨਹੀਂ ਜਾਣਦਾ।
ਦੁਨੀਆ ਨੇ ਨਦੀਆਂ ਨੂੰ ਬਚਾਇਆ, ਅਸੀਂ ਬਹਾਨੇ ਬਣਾਏ : ਇਹ ਤਰਕ ਦਿੱਤਾ ਜਾਂਦਾ ਹੈ ਕਿ ਆਬਾਦੀ ਬਹੁਤ ਹੈ, ਸ਼ਹਿਰ ਤੇਜ਼ੀ ਨਾਲ ਫੈਲ ਰਹੇ ਹਨ ਅਤੇ ਪ੍ਰਦੂਸ਼ਣ ਰੋਕਣਾ ਸੌਖਾ ਨਹੀਂ ਹੈ ਪਰ ਦੂਜੇ ਦੇਸ਼ਾਂ ਦੇ ਤਜਰਬੇ ਦੱਸਦੇ ਹਨ ਕਿ ਨਦੀ ਦਾ ਪ੍ਰਦੂਸ਼ਣ ਕੋਈ ਲਾਇਲਾਜ ਬੀਮਾਰੀ ਨਹੀਂ ਹੈ। ਲੰਡਨ ਦੀ ਪਛਾਣ ਮੰਨੀ ਜਾਣ ਵਾਲੀ ਟੇਮਜ਼ ਨਦੀ 1950 ਦੇ ਦਹਾਕੇ ਤਕ ਇੰਨੀ ਪ੍ਰਦੂਸ਼ਿਤ ਹੋ ਚੁੱਕੀ ਸੀ ਕਿ 1957 ’ਚ ਉਸ ਨੂੰ ਜੈਵਿਕ ਰੂਪ ਨਾਲ ਮ੍ਰਿਤ ਐਲਾਨਿਆ ਗਿਆ ਪਰ ਇੰਗਲੈਂਡ ਨੇ ਇਸ ਨੂੰ ਆਪਣੀ ਹੋਣੀ ਮੰਨ ਕੇ ਸਵੀਕਾਰ ਨਹੀਂ ਕੀਤਾ। ਸੀਵੇਜ ਦੇ ਇਲਾਜ ਦੀ ਵਿਵਸਥਾ ’ਚ ਸੁਧਾਰ ਕੀਤਾ ਗਿਆ, ਉਦਯੋਗਿਕ ਕਚਰੇ ’ਤੇ ਕੰਟਰੋਲ ਅਤੇ ਨਦੀ ’ਚ ਗੰਦਾ ਪਾਣੀ ਛੱਡਣ ’ਤੇ ਸਖ਼ਤੀ ਕੀਤੀ ਗਈ। ਇਹ ਕੰਮ ਇਕ ਦਿਨ ਜਾਂ ਇਕ ਸਰਕਾਰ ’ਚ ਨਹੀਂ ਹੋਇਆ। ਕਈ ਦਹਾਕਿਆਂ ਤਕ ਲਗਾਤਾਰ ਯਤਨਾਂ ਦਾ ਨਤੀਜਾ ਇਹ ਹੋਇਆ ਕਿ ਨਦੀ ’ਚ ਮੱਛੀਆਂ ਪਰਤਣ ਲੱਗੀਆਂ। ਅੱਜ ਟੇਮਜ਼ ਨਦੀ ਤੰਤਰ ’ਚ 125 ਤੋਂ ਵੱਧ ਮੱਛੀ ਪ੍ਰਜਾਤੀਆਂ ਦਰਜ ਕੀਤੀਆਂ ਗਈਆਂ ਹਨ।
ਸਿੰਗਾਪੁਰ ਨਦੀ 1970 ਦੇ ਦਹਾਕੇ ’ਚ ਇੰਨੀ ਗੰਦੀ ਹੋ ਚੁੱਕੀ ਸੀ ਕਿ ਉਸ ਦੇ ਆਲੇ-ਦੁਆਲੇ ਰਹਿਣਾ ਮੁਸ਼ਕਲ ਸੀ। 1977 ’ਚ ਸਿੰਗਾਪੁਰ ਨੇ 10 ਸਾਲ ਦੇ ਅੰਦਰ ਨਦੀ ਨੂੰ ਸਾਫ਼ ਕਰਨ ਦਾ ਟੀਚਾ ਰੱਖਿਆ। ਸਿਰਫ਼ ਨਦੀ ’ਚੋਂ ਕਚਰਾ ਕੱਢਣ ਦੀ ਮੁਹਿੰਮ ਨਹੀਂ, ਪ੍ਰਦੂਸ਼ਣ ਪੈਦਾ ਕਰਨ ਵਾਲੇ ਸਰੋਤਾਂ ਨੂੰ ਵੀ ਖ਼ਤਮ ਕੀਤਾ ਗਿਆ। ਪ੍ਰਦੂਸ਼ਣ ਫੈਲਾਉਣ ਵਾਲੀਆਂ ਗਤੀਵਿਧੀਆਂ ਨੂੰ ਨਦੀ ਦੇ ਆਲੇ-ਦੁਆਲੇ ਤੋਂ ਹਟਾਇਆ, ਸੀਵੇਜ ਅਤੇ ਕਚਰੇ ਦੇ ਪ੍ਰਬੰਧਨ ਦੀ ਵਿਵਸਥਾ ਕੀਤੀ। ਅੱਜ ਉਸੇ ਨਦੀ ਦੇ ਕਿਨਾਰੇ ਸੁੰਦਰ ਜਨਤਕ ਥਾਵਾਂ, ਰੈਸਟੋਰੈਂਟ ਅਤੇ ਸੈਰ-ਸਪਾਟੇ ਦੀਆਂ ਸਹੂਲਤਾਂ ਹਨ।
ਯੂਰਪ ਦੀ ਰਾਈਨ ਨਦੀ ਕਈ ਦੇਸ਼ਾਂ ’ਚੋਂ ਹੋ ਕੇ ਲੰਘਦੀ ਹੈ। 1986 ’ਚ ਸਵਿਟਜ਼ਰਲੈਂਡ ਦੇ ਇਕ ਰਸਾਇਣਕ ਕਾਰਖਾਨੇ ’ਚ ਅੱਗ ਲੱਗਣ ਤੋਂ ਬਾਅਦ ਜ਼ਹਿਰੀਲੇ ਰਸਾਇਣ ਨਦੀ ’ਚ ਪਹੁੰਚ ਗਏ। 1987 ’ਚ ਸਵਿਟਜ਼ਰਲੈਂਡ, ਜਰਮਨੀ, ਫਰਾਂਸ, ਨੀਦਰਲੈਂਡਜ਼ ਅਤੇ ਹੋਰ ਦੇਸ਼ਾਂ ਨੇ ਮਿਲ ਕੇ ਰਾਈਨ ਐਕਸ਼ਨ ਪ੍ਰੋਗਰਾਮ ਸ਼ੁਰੂ ਕੀਤਾ। ਉਦਯੋਗਿਕ ਕਚਰੇ ’ਤੇ ਕੰਟਰੋਲ, ਸੀਵੇਜ ਇਲਾਜ, ਦੁਰਘਟਨਾਵਾਂ ਦੀ ਰੋਕਥਾਮ ਅਤੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਲਈ ਸਾਂਝੀ ਵਿਵਸਥਾ ਬਣਾਈ ਗਈ। 1985 ਤੋਂ 2000 ਵਿਚਾਲੇ ਕਈ ਮੁੱਖ ਪ੍ਰਦੂਸ਼ਕਾਂ ਦਾ ਨਦੀ ’ਚ ਪਹੁੰਚਣਾ 70 ਤੋਂ 100 ਫੀਸਦੀ ਤਕ ਘਟਿਆ।
ਭਾਰਤ ’ਚ ਹੱਲ : ਨਦੀ ਨੂੰ ਇਕ ਪੂਰੀ ਕੁਦਰਤੀ ਵਿਵਸਥਾ ਦੇ ਰੂਪ ’ਚ ਦੇਖਣਾ ਹੋਵੇਗਾ। ਹਰ ਸ਼ਹਿਰ ਅਤੇ ਕਸਬੇ ਦੇ ਸਾਰੇ ਨਾਲਿਆਂ ਦਾ ਨਕਸ਼ਾ ਤਿਆਰ ਹੋਵੇ। ਦੇਖਿਆ ਜਾਵੇ ਕਿ ਕਿਹੜਾ ਨਾਲਾ ਕਿੰਨਾ ਗੰਦਾ ਪਾਣੀ ਨਦੀ ’ਚ ਪਾ ਰਿਹਾ ਹੈ ਅਤੇ ਉਸ ਨੂੰ ਸਾਫ਼ ਕਰਨ ਦੀ ਜ਼ਿੰਮੇਵਾਰੀ ਕਿਹੜੇ ਵਿਭਾਗ ਦੀ ਹੈ। ਨਾਲੇ ਦਾ ਪਾਣੀ ਨਦੀ ’ਚ ਪਹੁੰਚਣ ਤੋਂ ਪਹਿਲਾਂ ਉਸ ਦਾ ਇਲਾਜ ਲਾਜ਼ਮੀ ਹੋਣਾ ਚਾਹੀਦਾ ਹੈ। ਹਰ ਉਦਯੋਗ ਦੀ ਅਚਾਨਕ ਜਾਂਚ ਹੋਵੇ ਅਤੇ ਨਿਯਮ ਤੋੜਨ ਵਾਲਿਆਂ ’ਤੇ ਭਾਰੀ ਆਰਥਿਕ ਜੁਰਮਾਨਾ ਲਾਇਆ ਜਾਵੇ। ਨਦੀ ਦੇ ਕਿਨਾਰੇ ਕਚਰਾ ਸੰਗ੍ਰਹਿ ਕੇਂਦਰ, ਪੂਜਾ ਸਮੱਗਰੀ, ਪੁਰਾਣੇ ਕੱਪੜੇ, ਪਲਾਸਟਿਕ ਲਈ ਵੱਖਰੀ ਥਾਂ ਅਤੇ ਮੂਰਤੀ ਵਿਸਰਜਨ ਲਈ ਨਕਲੀ ਤਾਲਾਬ ਅਤੇ ਕਚਰਾ ਚੁੱਕਣ ਦੀ ਨਿਯਮਤ ਵਿਵਸਥਾ, ਪ੍ਰਭਾਵਸ਼ਾਲੀ ਲੋਕਾਂ ਦੇ ਨਾਜਾਇਜ਼ ਨਿਰਮਾਣਾਂ ’ਤੇ ਸਖ਼ਤੀ ਅਤੇ ਪਾਣੀ ਦੀ ਗੁਣਵੱਤਾ ਦੀ ਨਿਯਮਤ ਜਾਂਚ ਹੋਵੇ। ਕਾਨੂੰਨਾਂ ਦੀ ਕਮੀ ਨਹੀਂ ਹੈ। ਕਾਨੂੰਨ ਇੰਨੇ ਹਨ ਕਿ ਕਿਸ ’ਤੇ ਅਮਲ ਹੋਵੇ, ਸਮੱਸਿਆ ਇਹੀ ਹੈ। ਇੱਥੋਂ ਹੀ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਦਾ ਰਾਹ ਨਿਕਲ ਜਾਂਦਾ ਹੈ।
ਨਦੀ ਨੂੰ ਬਚਾਉਣਾ ਕੋਈ ਉਪਕਾਰ ਨਹੀਂ, ਸਾਡੀ ਲੋੜ ਹੈ। ਨਦੀ ਨੂੰ ਸਾਫ਼ ਕਰਨ ਦਾ ਤਰੀਕਾ ਇਹ ਨਹੀਂ ਕਿ ਅਸੀਂ ਉਸ ’ਚੋਂ ਗੰਦਗੀ ਕੱਢੀਏ, ਸਗੋਂ ਇਹ ਹੈ ਕਿ ਅਸੀਂ ਆਪਣੀ ਗੰਦਗੀ ਉਸ ’ਚ ਪਾਉਣੀ ਹੀ ਬੰਦ ਕਰ ਦੇਈਏ।
-ਪੂਰਨ ਚੰਦ ਸਰੀਨ
