ਹਾਰ ਦੀ ਸਮੀਖਿਆ, ਭਾਵ ਬਿੱਲੀ ਦੇ ਗਲ ’ਚ ਘੰਟੀ ਕੌਣ ਬੰਨ੍ਹੇ
Saturday, Oct 12, 2024 - 05:19 PM (IST)
ਸਿਆਸਤ ’ਚ ਸਬਕ ਲਏ ਨਹੀਂ ਜਾਂਦੇ। (... ਹੋਰ ਖੇਤਰਾਂ ’ਚ ਵੀ ਅਜਿਹਾ ਹੀ ਹੁੰਦਾ ਹੈ।) ਸਬਕ ਦਿੱਤੇ ਜਾਂਦੇ ਹਨ ਜਾਂ ਸਿਖਾਏ ਜਾਂਦੇ ਹਨ। ਇਹੀ ਵਜ੍ਹਾ ਹੈ ਕਿ ਪਾਰਟੀਆਂ ਅਤੇ ਆਗੂ ਕਦੇ ਹਾਰ ਤੋਂ ਸਬਕ ਨਹੀਂ ਸਿੱਖਦੇ। ਤੁਸੀਂ ਹਜ਼ਾਰਾਂ ਵਾਰ, ਹਰ ਹਾਰ ਪਿੱਛੋਂ ਇਹ ਜ਼ਰੂਰ ਸੁਣਿਆ ਹੋਵੇਗਾ ਕਿ ਹਾਰ ਦੀ ਸਮੀਖਿਆ ਕੀਤੀ ਜਾਵੇਗੀ। ਇਸ ਲਈ, (ਉਹ ਵੀ ਕਦੇ-ਕਦਾਈਂ) ਪਾਰਟੀ ’ਤੇ ਪਕੜ ਰੱਖਣ ਵਾਲੇ ਕੁਝ ਲੋਕ, ਉਹ ਅਹੁਦੇਦਾਰ ਹੋਣ ਜਾਂ ਨਾ ਹੋਣ, ਮਿਲ ਕੇ ਬੈਠਦੇ ਹਨ ਅਤੇ ਹਾਰ ਦੇ ਹਜ਼ਾਰ ਬਹਾਨੇ ਬਣਾ ਲੈਂਦੇ ਹਨ।
ਸਾਲ 2004 ਦੀਆਂ ਚੋਣਾਂ ’ਚ ਭਾਜਪਾ ਦਾ ਫੀਲਗੁੱਡ ਫੈਕਟਰ ਸ਼ਾਈਨਿੰਗ ਇੰਡੀਆ ਫੇਲ ਹੋਇਆ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੀ ਭਾਰਤ ਉਦੈ ਯਾਤਰਾ 33 ਦਿਨ ’ਚ 15 ਸੂਬਿਆਂ ਦੀਆਂ 128 ਲੋਕ ਸਭਾਵਾਂ ਅਤੇ 8500 ਕਿਲੋਮੀਟਰ ਦਾ ਚੱਕਰ ਕੱਟ ਕੇ ਵੀ ਕੋਈ ਨਤੀਜਾ ਨਹੀਂ ਦੇ ਸਕੀ ਸੀ, ਉਦੋਂ ਭਾਜਪਾ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਉਹ ਆਪਣੀ ਹਾਰ ਦੀ ਸਮੀਖਿਆ ਕਰੇਗੀ।
ਸਮੇਂ ਤੋਂ ਪਹਿਲਾਂ ਹੋਈਆਂ ਚੋਣਾਂ ਪਿੱਛੋਂ ਸਮੀਖਿਆ ਹੋਈ। ਅਡਵਾਨੀ ਜੀ ਦੀ ਅਗਵਾਈ ’ਚ ਮੁਰਲੀ ਮਨੋਹਰ ਜੋਸ਼ੀ ਨਾਲ ਭਾਜਪਾ ਦੇ ਸਿਰਕੱਢ ਆਗੂਆਂ ਨੇ ਹਾਰ ਦੇ ਕਾਰਨਾਂ ’ਤੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ। ਉਸ ਮੰਥਨ ’ਚੋਂ ਕੀ ਨਿਕਲਿਆ, ਇਹ ਕਿਸੇ ਨੂੰ ਪਤਾ ਨਹੀਂ ਪਰ 5 ਸਾਲ ਪਿੱਛੋਂ ਜਦੋਂ 2009 ’ਚ ਚੋਣਾਂ ਹੋਈਆਂ ਤਾਂ ਵੀ ਭਾਜਪਾ ਸੱਤਾ ਦੀ ਲੜਾਈ ਕਾਂਗਰਸ ਤੋਂ ਦੁਬਾਰਾ ਹਾਰ ਗਈ ਸੀ। ਤਾਂ ਕੀ ਮੰਨਿਆ ਜਾਵੇ, ਸਮੀਖਿਆ ਸਹੀ ਨਹੀਂ ਹੋਈ ਜਾਂ ਫਿਰ ਉਸ ਦੀਆਂ ਕੁਰੈਕਸ਼ਨਜ਼ ’ਤੇ ਕੰਮ ਨਹੀਂ ਕੀਤਾ ਗਿਆ।
ਪਿਛਲੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੇ ਜਦੋਂ ਉੱਤਰ ਪ੍ਰਦੇਸ਼ ’ਚ ਵੱਡੀ ਸੱਟ ਖਾਧੀ ਤਾਂ ਉਥੇ ਵੀ ਹਾਰ ਦੀ ਸਮੀਖਿਆ ਹੋਈ। ਕਈ ਪੱਧਰਾਂ ’ਤੇ ਸਮੀਖਿਆ ਹੋਈ। ਕਿਸੇ ਨੇ ਕਿਹਾ ਕਿ ਪਾਰਟੀ ਦੇ ਕੁਝ ਵੱਡੇ ਆਗੂਆਂ ਨੇ ਸੰਵਿਧਾਨ ਨੂੰ ਲੈ ਕੇ ਅਜਿਹਾ ਬਿਆਨ ਦੇ ਦਿੱਤਾ ਕਿ ਉਸ ਨਾਲ ਅਨੁਸੂਚਿਤ ਜਾਤੀ ਅਤੇ ਪੱਛੜੇ ਵਰਗ ਦੇ ਲੋਕ ਖਿੱਲਰ ਗਏ ਅਤੇ ਪਾਰਟੀ ਨੂੰ ਅਣਕਿਆਸਿਆ ਨੁਕਸਾਨ ਹੋਇਆ। ਕਿਸੇ ਨੇ ਕਿਹਾ ਕਿ ਪਾਰਟੀ ’ਚ ਹੀ ਯੋਗੀ ਆਦਿੱਤਿਆਨਾਥ ਦੇ ਵਿਰੋਧੀਆਂ ਨੇ ਅੰਦਰਖਾਤੇ ਵਾਰ ਕੀਤਾ। ਮਹਿੰਗਾਈ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਦੇ ਕਾਰਨ ਗਿਣਾਏ ਪਰ ਹੋਇਆ ਕੀ?
ਸਭ ਤੋਂ ਆਸਾਨ ਤਰੀਕਾ ਤਾਂ ਇਹ ਹੁੰਦਾ ਹੈ ਕਿ ਪਾਰਟੀ ਪ੍ਰਮੁੱਖ ਭਾਵੇਂ ਉਹ ਸੂਬਾ ਪੱਧਰ ਦਾ ਹੋਵੇ ਜਾਂ ਰਾਸ਼ਟਰੀ ਪੱਧਰ ਦਾ, ਬਦਲ ਦਿੱਤਾ ਜਾਵੇ ਪਰ ਇੱਥੇ ਤਾਂ ਇਹ ਵੀ ਨਹੀਂ ਹੋਇਆ। ਸੰਵਿਧਾਨ ’ਤੇ ਉਰਲੀਆਂ-ਪਰਲੀਆਂ ਕਹਾਣੀਆਂ ਘੜਨ ਵਾਲੇ 4 ਸੰਸਦ ਮੈਂਬਰ ਤਕ ਨੂੰ ਪਾਰਟੀ ਬਾਹਰ ਨਹੀਂ ਕੱਢ ਸਕੀ। ਅੱਗੋਂ ਦੀ ਕਾਰਵਾਈ ਦੀ ਤਾਂ ਗੱਲ ਹੀ ਹੋਰ ਹੈ। ਅੰਦਰਖਾਤੇ ਵਾਰ ਦਾ ਦੋਸ਼ ਝੱਲ ਰਹੇ ਕਈ ਮੰਤਰੀ ਅੱਜ ਵੀ ਪੂਰੇ ਜਲਵੇ ਨਾਲ ਅਹੁਦੇ ’ਤੇ ਹਨ।
ਕਾਂਗਰਸ ਦੀ ਕਹਾਣੀ ਵੱਖਰੀ ਨਹੀਂ ਹੈ। ਕਾਂਗਰਸ ਕੋਈ ਪਹਿਲੀ ਵਾਰ ਨਹੀਂ ਹਾਰ ਰਹੀ ਹੈ। 2014 ਪਿੱਛੋਂ ਕਾਂਗਰਸ ਨੂੰ 62 ’ਚੋਂ 47 ਚੋਣਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਹਾਰ ਦੀ ਸਮੀਖਿਆ ਈ. ਵੀ. ਐੱਮ. ’ਤੇ ਆ ਕੇ ਅਟਕ ਜਾਂਦੀ ਹੈ। ਜਿੱਤਦੇ ਹਨ ਤਾਂ ਈ. ਵੀ. ਐੱਮ. ਠੀਕ, ਲੀਡਰਸ਼ਿਪ ਪ੍ਰਭਾਵਸ਼ਾਲੀ ਹੁੰਦੀ ਹੈ ਅਤੇ ਹਾਰਦੇ ਹਨ ਤਾਂ ਗੱਲ ਸਮੀਖਿਆ ’ਤੇ ਟਿਕ ਜਾਂਦੀ ਹੈ।
2014-2019 ’ਚ ਸਿਰਫ 10 ਫੀਸਦੀ ਦੇ ਆਸ-ਪਾਸ ਸੀਟਾਂ ਆਈਆਂ ਤਾਂ ਮੂਲ ਕਾਰਨਾਂ ’ਤੇ ਕੋਈ ਗੱਲ ਨਹੀਂ ਹੋਈ ਪਰ 2024 ਦੀਅਾਂ ਲੋਕ ਸਭਾ ਚੋਣਾਂ ’ਚ ਜਦ ਅੰਕੜਾ 543 ਸੀਟਾਂ ਵਾਲੇ ਸਦਨ ’ਚ 99 ਹੋ ਗਿਆ ਤਾਂ ਰਾਹੁਲ ਗਾਂਧੀ ਦੀ ਮਿਹਨਤ ਨੂੰ ਪੂਰਾ ਸਿਹਰਾ ਦਿੱਤਾ ਗਿਆ।
ਹਰਿਆਣਾ ’ਚ ਹਾਰ ਦੀ ਜੋ ਸਮੀਖਿਆ ਕਾਂਗਰਸ ਕਰ ਰਹੀ ਹੈ, ਇਸ ਨੂੰ ਕਰਨ ਦੀ ਵੱਡੀ ਜ਼ਿੰਮੇਵਾਰੀ ਵੀ ਹੁੱਡਾ ਨੇ ਆਪਣੇ ਮੋਢਿਆਂ ’ਤੇ ਲੈ ਲਈ ਹੈ। ਕੁਮਾਰੀ ਸ਼ੈਲਜਾ ਅਤੇ ਰਣਦੀਪ ਸੁਰਜੇਵਾਲਾ ਜੇ ਉਸ ’ਚ ਆਪਣੀ ਸਮੀਖਿਆ ਜੋੜਨਗੇ ਤਾਂ ਹੋਰ ਰੌਲਾ ਪਵੇਗਾ। ਪਾਰਟੀ ਦੀ ਹੋਰ ਕਿਰਕਿਰੀ ਹੋਵੇਗੀ। ਇਸ ਲਈ ਲਿੱਪਾ-ਪੋਚੀ ਕਰ ਕੇ ਇਹ ਫੈਸਲਾ ਕਰਨਾ ਜ਼ਿਆਦਾ ਸੁਰੱਖਿਅਤ ਸੀ ਕਿ ਸ਼ਿਕਾਇਤ ਲੈ ਕੇ ਚੋਣ ਕਮਿਸ਼ਨ ਕੋਲ ਜਾਇਆ ਜਾਵੇ ਪਰ ਅਜਿਹਾ ਕਰਦੇ ਸਮੇਂ ਕਾਂਗਰਸ ਵਿਦਵਾਨ ਸ਼ਾਇਰ ਦੀ ਉਸ ਨਸੀਹਤ ਨੂੰ ਭੁੱਲ ਗਈ ਕਿ ‘ਅਪਨਾ ਗਮ ਲੇਕਰ ਕਹੀਂ ਔਰ ਨਾ ਜਾਇਆ ਜਾਏ’। ਇਸ ਨਾਲ ਹੋਰ ਕਿਰਕਿਰੀ ਹੁੰਦੀ ਹੈ। ਚੋਣ ਕਮਿਸ਼ਨ ਕੋਲ ਉਸ ਦਾ ਕੋਈ ਹੱਲ ਨਹੀਂ ਹੈ। ਉਹ ਵੀ ਚੁਟਕੀ ਲਵੇਗਾ ਅਤੇ ਜਨਤਾ ਵੀ।
ਕੁਲ ਮਿਲਾ ਕੇ ਰਾਹੁਲ ਗਾਂਧੀ ਹਰਿਆਣਾ ’ਚ ਹਾਰ ਤੋਂ ਬੇਹੱਦ ਨਾਰਾਜ਼ ਦੱਸੇ ਗਏ ਹਨ। ਉਨ੍ਹਾਂ ਨੇ ਫਟਕਾਰ ਵੀ ਲਾਈ ਕਿ ਸੂਬਾ ਪੱਧਰ ਦੇ ਆਗੂਆਂ ਨੇ ਆਪਣੇ ਹਿੱਤਾਂ ਨੂੰ ਪਾਰਟੀ ਤੋਂ ਉਪਰ ਰੱਖਿਆ। ਹਾਰ ਦੀ ਸਮੀਖਿਆ ਲਈ ਇਕ ਕਮੇਟੀ ਬਣਾ ਦਿੱਤੀ ਹੈ। ਕੀ ਰਾਹੁਲ ਦੀ ਬਣਾਈ ਕਮੇਟੀ ਇਹ ਸਮੀਖਿਆ ਕਰ ਸਕੇਗੀ ਕਿ ਜਿਥੇ ਰਾਹੁਲ ਨੇ ਰੋਡ ਸ਼ੋਅ ਕੀਤੇ, ਉਥੇ ਪਾਰਟੀ ਦਾ ਪ੍ਰਦਰਸ਼ਨ ਕਮਜ਼ੋਰ ਕਿਵੇਂ ਰਿਹਾ?
ਰਾਸ਼ਟਰੀ ਪਾਰਟੀਆਂ ਦੇ ਨਾਲ-ਨਾਲ ਜੇ ਇਲਾਕਾਈ ਪਾਰਟੀਆਂ ਦੀ ਗੱਲ ਕਰੀਏ ਤਾਂ ਉਥੇ ਹਾਰ ਦੀ ਸਮੀਖਿਆ ਕਰਨ ਵਰਗੀ ਕੋਈ ਰਵਾਇਤ ਨਹੀਂ ਦਿੱਸਦੀ। ਜ਼ਿਆਦਾਤਰ ਇਲਾਕਾਈ ਪਾਰਟੀਆਂ ਇਕ ਪਰਿਵਾਰ ਜਾਂ ਵਿਅਕਤੀ ਦੇ ਆਲੇ-ਦੁਆਲੇ ਘੁੰਮਦੀਆਂ ਹਨ। ਚੋਣ ਦੀਆਂ ਸਾਰੀਆਂ ਨੀਤੀਆਂ ਉਹੀ ਤੈਅ ਕਰਦੇ ਹਨ। ਅਜਿਹੇ ’ਚ ਪਾਰਟੀ ਹਾਰਦੀ ਹੈ ਤਾਂ ਬਿੱਲੀ ਦੇ ਗਲ ’ਚ ਘੰਟੀ ਭਲਾ ਕੌਣ ਬੰਨ੍ਹੇ ਵਾਲੀ ਗੱਲ ਹੁੰਦੀ ਹੈ।
ਜੋ ਅਜਿਹੀ ਹਿਮਾਕਤ (ਜੁਅਰੱਤ) ਕਰਦਾ ਹੈ ਉਸ ਨੂੰ ਬਾਹਰ ਕਰ ਦਿੱਤਾ ਜਾਂਦਾ ਹੈ। ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਹਾਰ ਪਿੱਛੋਂ ਸਮੀਖਿਆ ਕਰਨ ਦੀ ਗੱਲ ਕਹੀ ਸੀ ਪਰ ਅਜਿਹਾ ਕੁਝ ਹੁੰਦਾ ਦਿੱਸਿਆ ਨਹੀਂ। ਉਥੇ ਸੁਖਬੀਰ ਬਾਦਲ ਖੁਦ ਪਾਰਟੀ ਹਨ। ਜੋ ਉਨ੍ਹਾਂ ਨਾਲ ਸਹਿਮਤ ਨਹੀਂ ਹੈ, ਉਹ ਹੋਰ ਪਾਰਟੀਆਂ ’ਚ ਜਾ ਸਕਦਾ ਹੈ।
ਉੱਤਰ ਪ੍ਰਦੇਸ਼ ’ਚ ਅਖਿਲੇਸ਼ ਯਾਦਵ ਦੀ ਪਾਰਟੀ ਸਪਾ ’ਚ ਕਈ ਤਰ੍ਹਾਂ ਦੇ ਸੁਰ ਉਨ੍ਹਾਂ ਦੇ ਪਰਿਵਾਰ ’ਚੋਂ ਹੀ ਨਿਕਲਦੇ ਹਨ। ਇਸ ਲਈ ਉਥੇ ਥੋੜ੍ਹੀ ਬਹੁਤ ਸਮੀਖਿਆ ਦੀ ਗੁੰਜਾਇਸ਼ ਬਣ ਜਾਂਦੀ ਹੈ।
ਹਾਰਨਾ-ਜਿੱਤਣਾ ਚੱਲਦਾ ਰਹਿੰਦਾ ਹੈ ਪਰ ਪਾਰਟੀ ’ਚ ਸੁਧਾਰ ਕਿੰਨਾ ਹੋਇਆ, ਇਹ ਜ਼ਰੂਰ ਦੇਖਿਆ ਜਾਣਾ ਚਾਹੀਦਾ। ਜ਼ਿਆਦਾਤਰ ਇਕ ਜਾਂ 2 ਆਗੂ ਪੂਰੀ ਪਾਰਟੀ ਨੂੰ ਚਲਾਉਂਦੇ ਹਨ। ਹਰ ਜਿੱਤ ਦਾ ਸਿਹਰਾ ਉਹ ਆਪਣੇ ਸਿਰ ਬੰਨ੍ਹਦੇ ਹਨ ਪਰ ਹਾਰ ਦੀ ਜ਼ਿੰਮੇਵਾਰੀ ਲੈਣ ਦਾ ਨੈਤਿਕ ਹੌਸਲਾ ਹਰ ਆਗੂ ਨਹੀਂ ਕਰਦਾ। ਇਸ ਲਈ ਬਲੀ ਦਾ ਬੱਕਰਾ ਲੱਭਣ ਲਈ ਕਮੇਟੀਆਂ ਬਣਾਈਆਂ ਜਾਂਦੀਆਂ ਹਨ। ਇਹ ਖੇਡ ਇੰਝ ਹੀ ਚਲਦੀ ਰਹੇਗੀ।
ਅੱਕੂ ਸ਼੍ਰੀਵਾਸਤਵ