ਸਸਤਾ ਕੱਚਾ ਤੇਲ ਅਤੇ ਸੋਨੇ ਦੀ ਦਰਾਮਦ ਘਟਣੀ ਅਰਥਵਿਵਸਥਾ ਲਈ ਲਾਭਦਾਇਕ

03/17/2020 1:42:43 AM

ਡਾ. ਜਯੰਤੀ ਲਾਲ ਭੰਡਾਰੀ 

ਯਕੀਨਨ ਇਸ ਸਮੇਂ ਕੋਰੋਨਾ ਵਾਇਰਸ ਕਾਰਣ ਦੇਸ਼ ਦਾ ਆਰਥਿਕ ਦ੍ਰਿਸ਼ ਚੁਣੌਤੀਪੂਰਨ ਹੋ ਗਿਆ ਹੈ। ਦੇਸ਼ ਦੇ ਉਦਯੋਗ-ਕਾਰੋਬਾਰ ’ਚ ਸੁਸਤੀ ਵਧ ਰਹੀ ਹੈ। ਦੇਸ਼ ਦੇ ਸੈਰ-ਸਪਾਟਾ ਉਦਯੋਗ ’ਚ ਨਿਰਾਸ਼ਾ ਆ ਰਹੀ ਹੈ। ਸ਼ੇਅਰ ਬਾਜ਼ਾਰ ਲਗਾਤਾਰ ਡਿਗ ਰਹੇ ਹਨ। ਦੇਸ਼ ਦੇ 21 ਸੂਬਿਆਂ ’ਚ ਲਾਕ ਡਾਊਨ ਦੇ ਹਾਲਾਤ ਹਨ। ਇਨ੍ਹਾਂ ਸਭ ਕਾਰਣ ਚਾਲੂ ਸਾਲ 2020 ’ਚ ਦੇਸ਼ ਦੀ ਜੀ. ਡੀ. ਪੀ. ’ਚ ਇਕ ਫੀਸਦੀ ਦੀ ਕਮੀ ਆਉਣ ਦਾ ਖਦਸ਼ਾ ਹੈ। ਇਸ ਨਾਲ 21 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਅਜਿਹੀ ਹਾਲਤ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਭਾਰੀ ਕਮੀ ਅਤੇ ਸੋਨੇ ਦੀ ਦਰਾਮਦ ’ਚ ਲਗਾਤਾਰ ਕਮੀ ਦੇਸ਼ ਦੀ ਚੁਣੌਤੀਪੂਰਨ ਅਰਥਵਿਵਸਥਾ ਲਈ ਲਾਭਦਾਇਕ ਦਿਖਾਈ ਦੇ ਰਹੀ ਹੈ। ਕਿਉਂਕਿ ਕੋਰੋਨਾ ਪ੍ਰਕੋਪ ਅਤੇ ਵਿਸ਼ਵ ਪੱਧਰੀ ਸੁਸਤੀ ਕਾਰਣ ਕੱਚੇ ਤੇਲ ਦੀ ਮੰਗ ’ਚ ਭਾਰੀ ਕਮੀ ਆਉਂਦੀ ਜਾ ਰਹੀ ਹੈ ਅਤੇ ਇਸ ਲਈ ਵਿਸ਼ਵ ਬਾਜ਼ਾਰ ’ਚ ਇਸ ਦੀਆਂ ਕੀਮਤਾਂ ਘਟ ਰਹੀਆਂ ਹਨ, ਅਜਿਹ ੀ ਹਾਲਤ ’ਚ ਦੁਨੀਆ ਵਿਚ ਕੱਚਾ ਤੇਲ ਉਤਪਾਦਕ ਦੇਸ਼ਾਂ ਦੇ ਸਭ ਤੋਂ ਪ੍ਰਮੁੱਖ ਸੰਗਠਨ ਓਪੇਕ ਅਤੇ ਕੌਮਾਂਤਰੀ ਊਰਜਾ ਏਜੰਸੀ ਆਈ. ਏ. ਨੇ ਕਿਹਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਕੱਚਾ ਤੇਲ ਦਰਾਮਦ ਕਰਨ ਵਾਲੇ ਦੇਸ਼ ਚੀਨ ’ਚ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਕੱਚੇ ਤੇਲ ਦੀ ਕੀਮਤ ਸਾਲ 1990 ਦੇ 30 ਸਾਲ ਬਾਅਦ ਹੁਣ ਫਿਰ ਸਭ ਤੋਂ ਘੱਟ ਹੋ ਗਈ ਹੈ। ਕੱਚੇ ਤੇਲ ਦੀ ਕੀਮਤ 16 ਮਾਰਚ ਨੂੰ ਘਟ ਕੇ ਲੱਗਭਗ 33 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਈ ਹੈ। ਇੰਨਾ ਹੀ ਨਹੀਂ, ਓਪੇਕ ਦੇਸ਼ਾਂ ਅਤੇ ਰੂਸ ਦੇ ਦਰਮਿਆਨ ਤੇਲ ਉਤਪਾਦਨ ’ਚ ਕਟੌਤੀ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ ਅਤੇ ਸਾਊਦੀ ਅਰਬ ਨੇ ਹਮਲਾਵਰ ਪ੍ਰਾਈਸ ਵਾਰ ਛੇੜਨ ਦਾ ਐਲਾਨ ਕੀਤਾ ਹੈ। ਇਸ ਨਾਲ ਤੇਲ ਦੀਆਂ ਕੀਮਤਾਂ ਹੋਰ ਘਟਣਗੀਆਂ। ਬਿਨਾਂ ਸ਼ੱਕ ਸਾਊਦੀ ਅਰਬ, ਅਮਰੀਕਾ ਅਤੇ ਰੂਸ ’ਤੇ ਕੱਚੇ ਤੇਲ ਦੀ ਜੰਗ ਭਾਰੀ ਪਵੇਗੀ। ਗੋਲਡ ਮੈਨ ਸੈਕਸ ਨੇ ਸਾਲ 2020 ਦੀ ਦੂਸਰੀ ਅਤੇ ਤੀਸਰੀ ਤਿਮਾਹੀ ਲਈ ਕੱਚੇ ਤੇਲ ਦੀ ਕੀਮਤ ਦੇ ਅਨੁਮਾਨ ਨੂੰ ਘਟਾ ਕੇ 30 ਡਾਲਰ ਪ੍ਰਤੀ ਬੈਰਲ ਕਰ ਦਿੱਤਾ ਹੈ, ਨਾਲ ਹੀ ਕਿਹਾ ਹੈ ਕਿ ਜੇਕਰ ਓਪੇਕ ਦੇਸ਼ ਅਤੇ ਰੂਸ ਦੇ ਦਰਮਿਆਨ ਕੱਚੇ ਤੇਲ ਦੇ ਉਤਪਾਦਨ ’ਚ ਕਟੌਤੀ ਨੂੰ ਲੈ ਕੇ ਕੋਈ ਸਹਿਮਤੀ ਨਾ ਬਣੀ ਤਾਂ ਕੱਚੇ ਤੇਲ ਦੀ ਕੀਮਤ ਹੋਰ ਹੇਠਲੇ ਪੱਧਰ ਤਕ ਜਾ ਸਕਦੀ ਹੈ। ਨਿਸ਼ਚਿਤ ਤੌਰ ’ਤੇ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਘਟਣ ਨਾਲ ਭਾਰਤੀ ਗਾਹਕਾਂ ਨੂੰ ਓਨਾ ਫਾਇਦਾ ਨਹੀਂ ਮਿਲ ਰਿਹਾ, ਜਿੰਨੀ ਤੇਜ਼ੀ ਨਾਲ ਕੱਚੇ ਤੇਲ ਦੀਆਂ ਕੀਮਤਾਂ ’ਚ ਕਮੀ ਆਈ ਹੈ ਪਰ ਸਰਕਾਰ ਇਸ ਮੌਕੇ ਦਾ ਵੱਡਾ ਫਾਇਦਾ ਆਪਣਾ ਮਾਲੀਆ ਵਧਾਉਣ ’ਚ ਕਰਦੀ ਹੋਈ ਦਿਸ ਰਹੀ ਹੈ। ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੋਵਾਂ ’ਤੇ ਉਤਪਾਦ ਫੀਸ ’ਚ 3-3 ਰੁਪਏ ਪ੍ਰਤੀ ਲਿਟਰ ਦਾ ਵਾਧਾ ਕਰ ਦਿੱਤਾ ਹੈ। ਅਜਿਹੀ ਹਾਲਤ ’ਚ ਮਾਲੀਆ ਇਕੱਠਾ ਕਰਨ ਦੇ ਮੋਰਚੇ ’ਤੇ ਚੁਣੌਤੀ ਝੱਲ ਰਹੀ ਕੇਂਦਰ ਸਰਕਾਰ ਨੂੰ ਸਾਲਾਨਾ ਲੱਗਭਗ 39 ਹਜ਼ਾਰ ਕਰੋੜ ਰੁਪਏ ਵੱਧ ਮਿਲਣਗੇ। ਇੰਨਾ ਹੀ ਨਹੀਂ, ਚਾਲੂ ਵਿੱਤੀ ਸਾਲ 2019-20 ਦੇ ਮਾਲੀਆ ਇਕੱਠਾ ਕਰਨ ’ਚ ਵੀ ਲੱਗਭਗ 2000 ਕਰੋੜ ਰੁਪਏ ਦਾ ਵਾਧਾ ਹੋਵੇਗਾ। ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਸਾਲ 2020 ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਭਾਰੀ ਕਮੀ ਨਾਲ ਢਾਂਚਾਗਤ ਵਿਕਾਸ ਲਈ ਫੰਡ ਇਕੱਠਾ ਕਰਨ ’ਚ ਮਦਦ ਮਿਲੇਗੀ, ਨਾਲ ਹੀ ਸਰਕਾਰੀ ਖਜ਼ਾਨੇ ਦੇ ਘਾਟੇ ’ਚ ਕਮੀ ਆਵੇਗੀ।

ਇਸ ਤਰ੍ਹਾਂ ਜਿਥੇ ਕੱਚੇ ਤੇਲ ਦੀਆਂ ਕੀਮਤਾਂ ਘਟਣ ਨਾਲ ਭਾਰਤੀ ਅਰਥਵਿਵਸਥਾ ਨੂੰ ਲਾਭ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ, ਉਥੇ ਹੀ ਸੋਨੇ ਦੀ ਦਰਾਮਦ ’ਚ ਕਮੀ ਵੀ ਅਰਥਵਿਵਸਥਾ ਨੂੰ ਸਕੂਨ ਦਿੰਦੀ ਹੋਈ ਦਿਖਾਈ ਦੇ ਰਹੀ ਹੈ। ਪਿਛਲੇ ਸਾਲ 2019 ਤੋਂ ਦੁਨੀਆ ਦੇ ਵਧੇਰੇ ਕੇਂਦਰੀ ਬੈਂਕਾਂ ਵਲੋਂ ਡਾਲਰ ਦੇ ਮੁਕਾਬਲੇ ’ਚ ਸੋਨੇ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ ਅਤੇ ਉਹ ਆਪਣੇ ਰਿਜ਼ਰਵ ’ਚ ਡਾਲਰ ਦੇ ਮੁਕਾਬਲੇ ਸੋਨੇ ਦਾ ਨਿਵੇਸ਼ ਵਧਾ ਰਹੇ ਹਨ। ਨਾਲ ਹੀ ਇਸ ਸਮੇਂ ਵਿਸ਼ਵ ਪੱਧਰ ’ਤੇ ਸ਼ੇਅਰ ਬਾਜ਼ਾਰ ਦੀ ਅਸਥਿਰਤਾ ਅਤੇ ਕੋਰੋਨਾ ਪ੍ਰਕੋਪ ਕਾਰਣ ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਦੁਬਾਰਾ ਆਰਥਿਕ ਉਤਸ਼ਾਹਿਤ ਐਲਾਨੇ ਜਾਣ ਕਾਰਣ ਸੰਸਥਾਗਤ ਨਿਵੇਸ਼ਕ ਸੋਨੇ ਦੀ ਵੱਡੇ ਪੱਧਰ ’ਤੇ ਖਰੀਦ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਨਾਲ ਸੋਨੇ ਦੀਆਂ ਕੀਮਤਾਂ ਵਧ ਕੇ ਉਚਾਈ ’ਤੇ ਪਹੁੰਚ ਗਈਆਂ ਹਨ। ਇਹ ਕੀਮਤਾਂ 40 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਵੀ ਵੱਧ ਹੋ ਗਈਆਂ ਹਨ। ਸੋਨਾ ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਸਾਲ 2020 ਦੇ ਅਖੀਰ ਤਕ ਸੋਨੇ ਦੀ ਕੀਮਤ 50 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੀ ਉਚਾਈ ਤਕ ਪਹੁੰਚ ਸਕਦੀ ਹੈ। ਬੇਸ਼ੱਕ ਭਾਰਤ ’ਚ ਸੋਨੇ ਦੀਆਂ ਕੀਮਤਾਂ ਉਚਾਈ ’ਤੇ ਪਹੁੰਚ ਗਈਆਂ ਪਰ ਸੋਨੇ ਦੀਆਂ ਵੱਧ ਕੀਮਤਾਂ ਹੋ ਜਾਣ ਕਾਰਣ ਲੋਕਾਂ ਵਲੋਂ ਪੁਰਾਣੇ ਸੋਨੇ ਅਤੇ ਗਹਿਣਿਆਂ ਦੀ ਵਿਕਰੀ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਦੇਸ਼ ’ਚ ਲੋਕ ਰੀਸਾਈਕਲਿੰਗ ਕਰਵਾ ਕੇ ਵਿਆਹ-ਸ਼ਾਦੀਆਂ ਅਤੇ ਪਰਿਵਾਰਕ ਕੰਮਾਂ ਲਈ ਪੁਰਾਣੇ ਸੋਨੇ ਦੀ ਵਰਤੋਂ ਕਰ ਰਹੇ ਹਨ। ਸੋਨੇ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਾਲ 2020 ’ਚ ਦੇਸ਼ ਵਿਚ ਸੋਨੇ ਦੀ ਮੰਗ ਲੱਗਭਗ 500 ਤੋਂ 550 ਟਨ ਦੇ ਕਰੀਬ ਆ ਜਾਵੇਗੀ। ਨਾਲ ਹੀ ਦੇਸ਼ ’ਚ 300 ਤੋਂ 350 ਟਨ ਪੁਰਾਣੇ ਸੋਨੇ ਨੂੰ ਪਿਘਲਾ ਕੇ ਭਾਵ ਰੀਸਾਈਕਲਿੰਗ ਕਰ ਕੇ ਨਵੇਂ ਗਹਿਣੇ ਬਣਾਏ ਜਾਣਗੇ। ਦੇਸ਼ ਦੇ ਸੋਨੇ ਦੇ ਮਾਹਿਰਾਂ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 2020 ’ਚ ਸੋਨੇ ਦੀ ਰੀਸਾਈਕਲਿੰਗ ਲੱਗਭਗ 110 ਫੀਸਦੀ ਵਧ ਜਾਵੇਗੀ। ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਮਹਿੰਗਾ ਹੋਣ ਕਾਰਣ ਸੋਨੇ ਦੀ ਮੰਗ ਘਟਣ ਦੇ ਸਿੱਟੇ ਵਜੋਂ ਦੇਸ਼ ’ਚ ਸੋਨੇ ਦੀ ਦਰਾਮਦ ਘਟ ਰਹੀ ਹੈ। 15 ਮਾਰਚ ਨੂੰ ਪ੍ਰਕਾਸ਼ਿਤ ਨਵੇਂ ਅੰਕੜਿਆਂ ਅਨੁਸਾਰ ਚਾਲੂ ਵਿੱਤੀ ਵਰ੍ਹੇ 2019-20 ’ਚ ਅਪ੍ਰੈਲ-ਫਰਵਰੀ ਦੌਰਾਨ ਦਰਾਮਦ ਲੱਗਭਗ 9 ਫੀਸਦੀ ਘਟ ਕੇ 27 ਅਰਬ ਡਾਲਰ ਰਹੀ। ਇਸ ਤੋਂ ਪਹਿਲਾਂ ਵਿੱਤੀ ਸਾਲ 2018-19 ਦੇ ਇਸ ਅਰਸੇ ’ਚ ਇਸ ਮੁੱਲਵਾਨ ਧਾਤੂ ਦੀ ਦਰਾਮਦ 29.62 ਅਰਬ ਡਾਲਰ ਸੀ। ਸੋਨੇ ਦੀ ਦਰਾਮਦ ’ਚ ਕਮੀ ਨਾਲ ਦੇਸ਼ ਦਾ ਵਪਾਰ ਘਾਟਾ ਘਟ ਕੇ ਅਪ੍ਰੈਲ-ਫਰਵਰੀ ਅਰਸੇ ’ਚ 143 ਅਰਬ ਡਾਲਰ ਰਿਹਾ, ਜਦਕਿ ਇਕ ਸਾਲ ਪਹਿਲਾਂ ਇਸੇ ਅਰਸੇ ’ਚ ਇਹ 173 ਅਰਬ ਡਾਲਰ ਰਿਹਾ ਸੀ। ਅਜਿਹੀ ਹਾਲਤ ’ਚ ਸੋਨੇ ਦੀ ਦਰਾਮਦ ਆਉਣ ਵਾਲੇ ਵਿੱਤੀ ਸਾਲ 2020-21 ’ਚ ਵੀ ਘਟੇਗੀ। ਇਸ ਨਾਲ ਦੇਸ਼ ਦਾ ਵਪਾਰ ਘਾਟਾ ਘੱਟ ਹੋਵੇਗਾ। ਇਹ ਵੀ ਵਰਣਨਯੋਗ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ’ਚ ਭਾਰੀ ਕਮੀ ਅਤੇ ਸੋਨੇ ਦੀ ਦਰਾਮਦ ’ਚ ਕਮੀ ਦੇ ਨਾਲ-ਨਾਲ ਚੀਨ ਤੋਂ ਦਰਾਮਦ ’ਚ ਕਮੀ ਅਤੇ ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ ’ਚ ਬਰਾਮਦ ਵਧਣ ਦੀਆਂ ਨਵੀਆਂ ਸੰਭਾਵਨਾਵਾਂ ਲਾਭਦਾਇਕ ਹਨ ਕਿਉਂਕਿ ਚੀਨ ਤੋਂ ਦਰਾਮਦ ਕੀਤੇ ਕੱਚੇ ਮਾਲ ਅਤੇ ਵਸਤੂਆਂ ’ਤੇ ਦੇਸ਼ ਦੇ ਕਈ ਉਦਯੋਗ-ਕਾਰੋਬਾਰ ਨਿਰਭਰ ਹਨ ਅਤੇ ਇਨ੍ਹਾਂ ਦੀ ਦਰਾਮਦ ’ਚ ਕਮੀ ਆਉਣ ਨਾਲ ਖਾਸ ਤੌਰ ’ਤੇ ਦਵਾਈ ਉਦਯੋਗ, ਵਾਹਨ ਉਦਯੋਗ, ਸਟੀਲ ਉਦਯੋਗ, ਖਿਡੌਣਾ ਕਾਰੋਬਾਰ, ਇਲੈਕਟ੍ਰਾਨਿਕਸ, ਇਲੈਕਟ੍ਰੀਕਲਸ, ਕੈਮੀਕਲ, ਡਾਇਮੰਡ ਆਦਿ ਕਾਰੋਬਾਰ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਦਿਖਾਈ ਦੇ ਰਹੇ ਹਨ ਪਰ ਇਨ੍ਹਾਂ ਦੀ ਦਰਾਮਦ ’ਚ ਕਮੀ ਨਾਲ ਭਾਰਤ ਦੇ ਵੱਖ-ਵੱਖ ਉਦਯੋਗਾਂ ਸਾਹਮਣੇ ਆਏ ਸੰਕਟ ਨਾਲ ਸਥਾਈ ਤੌਰ ’ਤੇ ਨਜਿੱਠਣ ਲਈ ਰਣਨੀਤਕ ਪਹਿਲ ਸ਼ੁਰੂ ਕਰ ਦਿੱਤੀ ਹੈ ਭਾਵ ਦਵਾਈ ਉਦਯੋਗ ਦੇ ਕੱਚੇ ਮਾਲ ਦੀ ਚੀਨ ’ਤੇ ਨਿਰਭਰਤਾ ਖਤਮ ਕਰਨ ਲਈ ਸਰਕਾਰ ਨੇ 2000 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਬਣਾਈ ਹੈ। ਇਸੇ ਤਰ੍ਹਾਂ ਭਾਰਤ ’ਚ ਰੈਡੀਮੇਡ ਗਾਰਮੈਂਟਸ, ਲੈਦਰ ਅਤੇ ਹੋਰ ਉਤਪਾਦਾਂ ਦੀ ਬਰਾਮਦ ਵਧਣੀ ਭਾਰਤ ਲਈ ਲਾਭਦਾਇਕ ਵੀ ਹੈ। ਅਸੀਂ ਆਸ ਕਰੀਏ ਕਿ ਸਰਕਾਰ ਨੇ ਕੱਚੇ ਤੇਲ ਦੀਆਂ ਕੀਮਤਾਂ ’ਚ ਵਿਸ਼ਵ ਪੱਧਰੀ ਕਮੀ ਤੋਂ ਬਾਅਦ ਜਿਸ ਤਰ੍ਹਾਂ ਪੈਟਰੋਲ ਅਤੇ ਡੀਜ਼ਲ ’ਤੇ ਉਤਪਾਦ ਫੀਸ ’ਚ ਤਿੰਨ ਰੁਪਏ ਪ੍ਰਤੀ ਲਿਟਰ ਦਾ ਜੋ ਵਾਧਾ ਕੀਤਾ ਹੈ, ਉਸ ਨਾਲ ਢਾਂਚਾਗਤ ਵਿਕਾਸ ਨੂੰ ਰਫਤਾਰ ਮਿਲੇਗੀ, ਨਾਲ ਹੀ ਇਹ ਵੀ ਬਹੁਤ ਜ਼ਰੂਰੀ ਹੋਵੇਗਾ ਕਿ ਕੋਰੋਨਾ ਪ੍ਰਕੋਪ ਦੀਆਂ ਆਰਥਿਕ ਮੁਸ਼ਕਿਲਾਂ ਤੋਂ ਪ੍ਰੇਸ਼ਾਨ ਭਾਰਤੀ ਖਪਤਕਾਰਾਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵੱਡੀ ਰਾਹਤ ਦਿੰਦੇ ਹੋਏ ਦਿਖਾਈ ਦੇਵੇਗੀ, ਨਾਲ ਹੀ ਸਰਕਾਰ ਸੋਨੇ ਦੀ ਦਰਾਮਦ ’ਚ ਕਮੀ ਨਾਲ ਸੋਨੇ ’ਤੇ ਹੋਣ ਵਾਲੇ ਵਿਦੇਸ਼ੀ ਕਰੰਸੀ ਦੇ ਖਰਚ ’ਚ ਕਮੀ ਦਾ ਆਰਥਿਕ ਲਾਭ ਲਵੇਗੀ ਅਤੇ ਦੇਸ਼ ਦੇ ਸਰਕਾਰੀ ਖਜ਼ਾਨੇ ਦੀ ਸਥਿਤੀ ਨੂੰ ਮੁਸ਼ਕਿਲਾਂ ਤੋਂ ਬਚਾਉਂਦੇ ਹੋਏ ਦਿਖਾਈ ਦੇਵੇਗੀ, ਨਾਲ ਹੀ ਅਸੀਂ ਆਸ ਕਰੀਏ ਕਿ ਸਰਕਾਰ ਵਿਸ਼ਵ ਬਾਜ਼ਾਰ ’ਚ ਕੱਚੇ ਤੇਲ ਦੀਆਂ ਘਟੀਆਂ ਹੋਈਆਂ ਕੀਮਤਾਂ ਦਾ ਲਾਭ ਲੈਂਦਿਆਂ ਦੇਸ਼ ’ਚ ਉਤਪਾਦਨ ਅਤੇ ਬਰਾਮਦ ਦੇ ਮੌਕੇ ਵਧਾਉਣ ਲਈ ਮੇਕ ਇਨ ਇੰਡੀਆ ਮੁਹਿੰਮ ਨੂੰ ਸਰਵਉੱਚ ਪਹਿਲ ਦੇ ਨਾਲ ਗਤੀਸ਼ੀਲ ਕਰੇਗੀ। ਇਸ ਦੇ ਨਾਲ ਇਕ ਪਾਸੇ ਭਾਰਤ ਚੀਨ ਤੋਂ ਬਰਾਮਦ ਕੀਤੀਆਂ ਜਾਣ ਵਾਲੀਆਂ ਵਸਤੂਆਂ ਦਾ ਉਤਪਾਦਨ ਦੇਸ਼ ’ਚ ਹੀ ਵਧਾ ਸਕੇਗਾ, ਉਥੇ ਹੀ ਦੂਜੇ ਪਾਸੇ ਵਿਸ਼ਵ ਦਰਾਮਦ ਬਾਜ਼ਾਰ ’ਚ ਭਾਰਤ ਕਈ ਵਸਤੂਆਂ ਦੀ ਦਰਾਮਦ ਲਈ ਨਵੀਂ ਜਗ੍ਹਾ ਲੈਂਦੇ ਹੋਏ ਵੀ ਦਿਖਾਈ ਦੇ ਸਕੇਗਾ। ਇਸ ਨਾਲ ਯਕੀਨੀ ਤੌਰ ’ਤੇ ਸਾਲ 2020 ’ਚ ਸਰਕਾਰ ਦਾ ਵਿੱਤੀ ਬੋਝ ਘੱਟ ਹੋ ਸਕੇਗਾ। ਅਜਿਹਾ ਹੋਣ ’ਤੇ ਹੀ ਕੋਰੋਨਾ ਪ੍ਰਕੋਪ ਨਾਲ ਆਰਥਿਕ ਮਹਾਮਾਰੀ ਦਾ ਸਾਹਮਣਾ ਕਰ ਰਹੀ ਭਾਰਤੀ ਅਰਥਵਿਵਸਥਾ ਲਈ ਸਾਲ 2020 ’ਚ ਕੁਝ ਆਰਥਿਕ ਸਕੂਨ ਭਰਿਆ ਦ੍ਰਿਸ਼ ਦਿਖਾਈ ਦੇ ਸਕਦਾ ਹੈ।


Bharat Thapa

Content Editor

Related News