ਭਗਤ ਸਿੰਘ ਦੀ ਸੋਚ ’ਤੇ ਲਾਹੌਰ ’ਚ ਪਹਿਰਾ ਦਿੰਦਾ ਕੁਰੈਸ਼ੀ ਪਰਿਵਾਰ
Saturday, Mar 23, 2024 - 03:05 PM (IST)
ਲਾਹੌਰ ਪੁਲਸ ਮੁਖੀ ਨੂੰ ਪਾਕਿਸਤਾਨ ਦੀ ਇਕ ਅਦਾਲਤ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ 93ਵੀਂ ਬਰਸੀ ਦੇ ਮੌਕੇ 23 ਮਾਰਚ ਨੂੰ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰੋਗਰਾਮ ਲਈ ਸਖਤ ਸੁਰੱਖਿਆ ਪ੍ਰਦਾਨ ਕਰਨ ਦਾ ਹੁਕਮ ਦਿੱਤਾ।
ਇਸ ਤੋਂ ਪਹਿਲਾਂ, ਇਕ ਪਾਕਿਸਤਾਨੀ ਅਦਾਲਤ ਨੇ ਭਗਤ ਸਿੰਘ ਦੇ ਨਾਂ ’ਤੇ ਸ਼ਾਦਮਾਨ ਚੌਕ ਦਾ ਨਾਂ ਰੱਖਣ ਦੇ ਸਬੰਧ ’ਚ ਅਦਾਲਤ ਦੇ ਹੁਕਮ ਦਾ ਪਾਲਣ ਨਾ ਕਰਨ ਲਈ 3 ਚੋਟੀ ਦੇ ਅਧਿਕਾਰੀਆਂ ਵਿਰੁੱਧ ਹੁਕਮ ਅਦੂਲੀ ਦੀ ਕਾਰਵਾਈ ਦੀ ਮੰਗ ਵਾਲੀ ਪਟੀਸ਼ਨ ’ਤੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤਾ ਸੀ।
ਫਾਊਂਡੇਸ਼ਨ ਦੇ ਵਰਕਰ ਪਿਛਲੇ 14 ਸਾਲਾਂ ਤੋਂ ਇਸੇ ਚੌਕ ’ਚ ਇਕੱਠੇ ਹੋ ਕੇ ਯਾਦਗਾਰੀ ਪ੍ਰੋਗਰਾਮ ਦਾ ਆਯੋਜਨ ਕਰਦੇ ਆ ਰਹੇ ਹਨ।
ਭਗਤ ਸਿੰਘ ਨੂੰ ਰਾਜਗੁਰੂ ਅਤੇ ਸੁਖਦੇਵ ਦੇ ਨਾਲ 23 ਮਾਰਚ, 1931 ਨੂੰ ਫੁਆਰਾ ਚੌਕ, ਸ਼ਾਦਮਾਨ ਲਾਹੌਰ ’ਚ ਫਾਂਸੀ ਦਿੱਤੀ ਗਈ ਸੀ। ਫਾਊਂਡੇਸ਼ਨ ਦੀ ਲੰਬੇ ਸਮੇਂ ਤੋਂ ਮੰਗ ਹੈ ਕਿ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ’ਤੇ ਰੱਖਿਆ ਜਾਵੇ। ਹਾਫਿਜ਼ ਸਈਦ ਦੀ ਜਮਾਤ-ਉਦ-ਦਾਅਵਾ ਸਮੇਤ ਧਾਰਮਿਕ ਕੱਟੜਪੰਥੀ ਇਸ ਸੁਝਾਅ ਦਾ ਵਿਰੋਧ ਕਰ ਰਹੇ ਹਨ ਅਤੇ ਇਸ ਸਬੰਧੀ ਪਹਿਲਾਂ ਵੀ ਵਿਰੋਧ-ਪ੍ਰਦਰਸ਼ਨ ਕਰ ਚੁੱਕੇ ਹਨ।
ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ ਦਾ ਪਰਿਵਾਰ ਦਾ ਪਿਛੋਕੜ ਅਬੋਹਰ ਤੋਂ ਹੈ। ਇਮਤਿਆਜ਼ ਦੇ ਪਿਤਾ ਅਬਦੁਲ ਰਸ਼ੀਦ ਕੁਰੈਸ਼ੀ ਇਕ ਮਜ਼ਬੂਤ ਰਾਸ਼ਟਰਵਾਦੀ ਅਤੇ ਕਾਂਗਰਸ ਵਰਕਰ ਸਨ। ਉਨ੍ਹਾਂ ਦਾ ਜਨਮ 11 ਦਸੰਬਰ, 1936 ਨੂੰ ਸੁਖੇਰਾ ਬਸਤੀ, ਅਬੋਹਰ ਵਿਚ ਹੋਇਆ। ਸੁਖੇਰਾ ਬਸਤੀ ਨੂੰ ਮੀਆਂ ਬਾਗ ਅਲੀ ਸੁਖੇਰਾ ਵਲੋਂ ਵਿਕਸਿਤ ਕੀਤਾ ਗਿਆ ਸੀ, ਜੋ 1946 ਵਿਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਸਨ।
ਜਦੋਂ ਕੁਰੈਸ਼ੀ ਪਰਿਵਾਰ ਅਗਸਤ 1947 ਵਿਚ ਲਾਹੌਰ ਚਲਾ ਗਿਆ, ਤਾਂ ਅਬਦੁਲ ਰਸ਼ੀਦ ਕੁਰੈਸ਼ੀ ਅਤੇ ਉਸਦੇ ਪਿਤਾ ਅਬਦੁਲ ਰਹਿਮਾਨ ਕੁਰੈਸ਼ੀ ਨੇ ਉੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਦੋਵਾਂ ਨੇ ਸੁਪਰੀਮ ਕੋਰਟ ਵਿਚ ਵਕੀਲ ਵਜੋਂ ਕੰਮ ਕੀਤਾ।
ਅਬਦੁਲ ਰਸ਼ੀਦ ਕੁਰੈਸ਼ੀ ਦੀ 13 ਅਗਸਤ, 2021 ਨੂੰ ਮੌਤ ਹੋ ਗਈ ਅਤੇ ਉਨ੍ਹਾਂ ਨੂੰ ਮਿਆਨੀ ਸਾਹਿਬ ਕਬਰਿਸਤਾਨ, ਲਾਹੌਰ ਵਿਚ ਦਫ਼ਨਾਇਆ ਗਿਆ।
ਆਪਣੇ ਦਾਦਾ ਅਤੇ ਪਾਕਿਸਤਾਨ ਸੁਪਰੀਮ ਕੋਰਟ ਦੇ ਵਕੀਲ ਹਾਜੀ ਅਬਦੁਲ ਰਹਿਮਾਨ ਕੁਰੈਸ਼ੀ ਨੂੰ ਦਿੱਤੇ ਵਾਅਦੇ ਨੂੰ ਪੂਰਾ ਕਰਦੇ ਹੋਏ, ਲਾਹੌਰ ਸਥਿਤ ਹਾਈ ਕੋਰਟ ਦੇ ਵਕੀਲ ਇਮਤਿਆਜ਼ ਨੇ ਆਪਣੇ ਮਾਤਾ-ਪਿਤਾ ਦੀਆਂ ਜੜ੍ਹਾਂ ਦਾ ਪਤਾ ਲਗਾਉਣ ਲਈ 2017 ਵਿਚ ਗਾਂਧੀ ਜੈਅੰਤੀ ’ਤੇ ਅਬੋਹਰ ਦਾ ਦੌਰਾ ਕੀਤਾ।
ਇਮਤਿਆਜ਼ 200 ਸਾਲ ਪਹਿਲਾਂ ਭਗਤ ਸਿੰਘ ਦੇ ਦਾਦਾ ਅਰਜੁਨ ਸਿੰਘ ਵਲੋਂ ਲਾਏ ਗਏ ਅੰਬ ਦੇ ਰੁੱਖ ਦੀਆਂ ਪੱਤੀਆਂ ਤੋਂ ਇਲਾਵਾ ਪਿੰਡ ਬੰਗਾ (ਤਹਿਸੀਲ ਜੜ੍ਹਾਂਵਾਲਾ, ਜ਼ਿਲਾ ਲਾਇਲਪੁਰ (ਹੁਣ ਫੈਸਲਾਬਾਦ) ’ਚੋਂ ਸ਼ਹੀਦ ਦੇ ਘਰ ਤੋਂ ਪਾਣੀ ਲਿਆਏ ਸਨ।
ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨੂੰ ਮਿਲਣ ਅਤੇ ਉਨ੍ਹਾਂ ਦੀ ਸਮਾਧ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਦੇ ਹੁਸੈਨੀਵਾਲਾ ਦਾ ਦੌਰਾ ਕੀਤਾ ਸੀ।
ਇਮਤਿਆਜ਼ ਨੇ ਦੇਖਿਆ ਕਿ ਅਬੋਹਰ ਰੇਲਵੇ ਸਟੇਸ਼ਨ ’ਤੇ ਵੰਡ ਪਿੱਛੋਂ ਬਹੁਤ ਵੱਡਾ ਬਦਲਾਅ ਆਇਆ ਹੈ। ਉਨ੍ਹਾਂ ਨੇ ਮੰਡੀ ਕੇਸਰਗੰਜ (ਪੁਰਾਣੀ ਅਨਾਜ ਮੰਡੀ) ਗੇਟ ਨੂੰ ਉਸ ਦੇ ਮੂਲ ਸਰੂਪ ’ਚ ਪਾਇਆ। ਇਸ ਦੀ ਉਸਾਰੀ 1894 ’ਚ ਬਰਤਾਨਵੀ ਹਕੂਮਤ ਦੌਰਾਨ ਕੀਤੀ ਗਈ ਸੀ।
ਇਮਤਿਆਜ਼ ਨੇ ਸੁਖੇਰਾ ਬਸਤੀ ਅਬੋਹਰ ਦਾ ਦੌਰਾ ਕੀਤਾ। ਇੱਥੇ ਇਕ ਮਸਜਿਦ ’ਚ ਵੀ ਗਏ ਜਿੱਥੇ ਉਨ੍ਹਾਂ ਦੇ ਮਾਤਾ-ਪਿਤਾ ਨਮਾਜ਼ ਪੜ੍ਹਦੇ ਸਨ। ਇਸ ਕੰਪਲੈਕਸ ’ਤੇ ਹੁਣ ਪੱਛਮੀ ਪੰਜਾਬ (ਪਾਕਿਸਤਾਨ) ਦੇ ਸਾਹੀਵਾਲ (ਜ਼ਿਲਾ ਮਿੰਟਗੁਮਰੀ) ਦੇ ਹਿੰਦੂ ਪ੍ਰਵਾਸੀਆਂ ਦਾ ਕਬਜ਼ਾ ਹੈ। ਇਮਤਿਆਜ਼ ਨੇ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਅਬਦੁਲ ਰਸ਼ੀਦ ਕੁਰੈਸ਼ੀ ਗਊਸ਼ਾਲਾ ਤੋਂ ਦੁੱਧ ਲਿਆਉਣਾ ਪਸੰਦ ਕਰਦੇ ਸਨ।
ਰਾਜ ਸਦੋਸ਼