ਲੋਕ ਸਭਾ ਚੋਣਾਂ ’ਚ ਪੰਜਾਬ ਦੀ ਸਿਆਸੀ ਧੁੰਦ ਉੱਡ ਜਾਣੀ ਚਾਹੀਦੀ

Sunday, Mar 24, 2024 - 01:40 PM (IST)

ਲੋਕ ਸਭਾ ਚੋਣਾਂ ਭਾਰਤ ਦੇ ਲੋਕਤੰਤਰ ’ਚ ਇਕ ਮਹਾਨ ਤਿਉਹਾਰ ਹੈ। ਭਾਰਤ ਦਾ ਲੋਕਤੰਤਰ ਦੁਨੀਆ ਭਰ ’ਚ ਸ਼ਾਨਦਾਰ ਅਤੇ ਵੱਡਾ ਹੈ। ਲੋਕਤੰਤਰ ’ਚ ‘ਏ ਪੀਪਲ ਗੈੱਟ ਦਾ ਗਵਰਨਮੈਂਟ ਵਿਚ ਦੇ ਡਿਜ਼ਰਵ’, ਲੋਕਾਂ ਨੂੰ ਉਹੀ ਸਰਕਾਰ ਮਿਲਦੀ ਹੈ ਜਿਸ ਦੇ ਉਹ ਅਧਿਕਾਰੀ ਹੁੰਦੇ ਹਨ। ਭਾਰਤ ’ਚ ਨਿਰਪੱਖ ਲੋਕ ਰਾਇ ਹੈ। ਲੋਕਤੰਤਰ ’ਚ ਲੋਕ ਹੀ ਤਾਕਤ ਹਨ। ਜਿੱਥੇ ਹਰ 5 ਸਾਲ ਪਿੱਛੋਂ ਜਨਤਾ ਆਪਣਾ ਆਗੂ ਚੁਣ ਲੈਂਦੀ ਹੈ। ਲੋਕਤੰਤਰ ’ਚ ਵੋਟਰ ਹੀਰੋ ਹੈ। 100 ’ਚੋਂ 51 ਵੋਟਾਂ ਲੈਣ ਵਾਲਾ ਆਗੂ ਅਤੇ 100 ’ਚੋਂ 49 ਵੋਟਾਂ ਲੈਣ ਵਾਲੀ ਵਿਰੋਧੀ ਧਿਰ। ਲੋਕਤੰਤਰ ’ਚ ਸਿਰ ਗਿਣੇ ਜਾਂਦੇ ਹਨ, ਵਿਚਾਰ ਨਹੀਂ। ਜਨਤਾ ਦੀਆਂ ਵੋਟਾਂ ਨਾਲ ਸਰਕਾਰਾਂ ਬਣਦੀਆਂ ਹਨ, ਵਿਗੜਦੀਆਂ ਰਹਿੰਦੀਆਂ ਹਨ। ਲੋਕਤੰਤਰ ’ਚ ਜਿਹੜਾ ਜਿੱਤਿਆ ਉਹੀ ਸਿਕੰਦਰ।

ਜਨਤਾ ਅਤੇ ਵੋਟਿੰਗ ਨਾਲ ਵੱਡੇ-ਵੱਡੇ ਆਗੂਆਂ ਦੇ ਪੈਰ ਉੱਖੜ ਜਾਂਦੇ ਹਨ ਅਤੇ ਲੱਲੂ-ਲਾਲ ਜਿੱਤ ਜਾਂਦੇ ਹਨ। ਹਾਲ ਦੀ ਘੜੀ ’ਚ ਤਾਂ ਦੇਸ਼ ’ਚ ਵਿਰੋਧੀ ਧਿਰ ਮਰੀਅਲ ਹਾਲਤ ’ਚ ਹੈ। ਹਰ ਪਾਸੇ ਇਕ ਹੀ ਵਿਅਕਤੀ ਦੀ ਹਵਾ ਚੱਲ ਰਹੀ ਹੈ। ਖਿੱਲਰੀ ਹੋਈ ਵਿਰੋਧੀ ਧਿਰ ਲੋਕਤੰਤਰ ’ਚ ਖਤਰੇ ਦੀ ਘੰਟੀ ਹੈ।

ਦੂਜੇ ਪਾਸੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਅਜੇ ਤੱਕ ਤਾਂ ਧੁੰਦ ਛਾਈ ਹੋਈ ਹੈ। ਇਹ ਤਾਂ ਠੀਕ ਹੈ ਕਿ ਪੰਜਾਬ ’ਚ ਲੋਕ ਸਭਾ ਚੋਣਾਂ ਸੱਤਵੇਂ ਭਾਵ ਆਖਰੀ ਪੜਾਅ ’ਚ ਹੋਣਗੀਆਂ। ਪੰਜਾਬ ਦੀ ਜਨਤਾ ਦੁਬਿਧਾ ’ਚ ਹੈ। ਪੰਜਾਬ ਦੀ ਜਨਤਾ ਨੂੰ ਪਤਾ ਹੀ ਨਹੀਂ ਕਿ ‘ਆਪ’ ਅਤੇ ਕਾਂਗਰਸ ਦਾ ਸਮਝੌਤਾ ਹੋਵੇਗਾ ਕਿ ਨਹੀਂ ਕਿਉਂਕਿ ਲੋਕ ਸਭਾ ਦੀਆਂ 8 ਸੀਟਾਂ ’ਤੇ ਤਾਂ ਆਮ ਆਦਮੀ ਪਾਰਟੀ ਨੇ ਨਾਵਾਂ ਦਾ ਐਲਾਨ ਕਰ ਕੇ ਫਿਰ ਉਨ੍ਹਾਂ ਨਾਵਾਂ ਨੂੰ ਵਾਪਸ ਵੀ ਲੈ ਲਿਆ। ਰੱਬ ਜਾਣੇ ‘ਆਪ’ ਅਤੇ ਕਾਂਗਰਸ ’ਚ ਸੀਟਾਂ ਦਾ ਤਾਲਮੇਲ ਹੁੰਦਾ ਹੈ ਜਾਂ ਨਹੀਂ?

ਚੰਡੀਗੜ੍ਹ ਨੂੰ ਮਿਲਾ ਕੇ ਪੰਜਾਬ ’ਚ ਲੋਕ ਸਭਾ ਦੀਆਂ 14 ਸੀਟਾਂ ਹਨ। ‘ਆਪ’ ਤਾਂ ਆਪਣੇ ਦਮ ’ਤੇ 14 ਦੀਆਂ 14 ਸੀਟਾਂ ਨੂੰ ਜਿੱਤਣ ਦਾ ਦਾਅਵਾ ਕਰ ਰਹੀ ਹੈ। ਪੰਜਾਬ ਦੀ ਜਨਤਾ ਸੋਚ ਰਹੀ ਹੈ ਕਿ ‘ਆਪ’ ਪੰਜਾਬ ਵਿਧਾਨ ਸਭਾ ਦੀਆਂ 92 ਸੀਟਾਂ ’ਤੇ ਕਬਜ਼ਾ ਕਰ ਸਕਦੀ ਹੈ ਤਾਂ 14 ਲੋਕ ਸਭਾ ਸੀਟਾਂ ਨੂੰ ਜਿੱਤਣਾ ਉਸ ਲਈ ਕੀ ਮੁਸ਼ਕਿਲ ਹੈ? ਪਰ ਸਿਆਸਤ ਦੇ ਮਾਹਿਰ ਕਿਸੇ ਹੋਰ ਪਾਸੇ ਇਸ਼ਾਰਾ ਕਰ ਰਹੇ ਹਨ।

ਇਹ ਵੀ ਸੱਚ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਪਿੱਛੋਂ ਅਕਾਲੀ ਦਲ ਕਮਜ਼ੋਰ ਹੋਇਆ ਹੈ। ਸ. ਪ੍ਰਕਾਸ਼ ਸਿੰਘ ਬਾਦਲ ’ਚ ਜਮਾਂਦਰੂ ਸਿਆਸੀ ਗੁਣ ਸਨ, ਇਸ ਲਈ ਉਹ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ। ਫਿਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਨੌਜਵਾਨ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਲ ’ਚ ਖਲਾਰੇ ਨੂੰ ਰੋਕਣ ਦਾ ਯਤਨ ਕਰ ਰਹੇ ਹਨ। ਕੁਝ ਹੱਦ ਤੱਕ ਉਹ ਸਫਲ ਵੀ ਹੋਏ ਹਨ। ਫਿਰ ਵੀ ਉਨ੍ਹਾਂ ਸਾਹਮਣੇ ਕਈ ਸਿਆਸੀ ਚੁਣੌਤੀਆਂ ਹਨ। ਉਨ੍ਹਾਂ ਨੇ ਢੀਂਡਸਾ ਗਰੁੱਪ, ਬ੍ਰਹਮਪੁਰਾ ਗਰੁੱਪ ਅਤੇ ਬੀਬੀ ਜਗੀਰ ਕੌਰ ਨੂੰ ਵਾਪਸ ਅਕਾਲੀ ਦਲ ’ਚ ਲਿਆ ਕੇ ਆਪਣੇ ਕਾਡਰ ਦਾ ਉਤਸ਼ਾਹ ਵਧਾਇਆ ਤਾਂ ਵੀ ਸ. ਰਵੀ ਇੰਦਰ ਸਿੰਘ ਦਾ ਅਕਾਲੀ ਦਲ ਅਤੇ ਟੌਹੜਾ ਸਾਹਿਬ ਦਾ ਗਰੁੱਪ ਸ. ਸੁਖਬੀਰ ਸਿੰਘ ਦੀਆਂ ਲੱਤਾਂ ਖਿੱਚਣ ਤੋਂ ਗੁਰੇਜ਼ ਕਰਨਗੇ? ਉੱਪਰੋਂ ਕਿਸਾਨੀ ਅੰਦੋਲਨ ਅਕਾਲੀ ਦਲ ਦੀ ਕੁੰਡਲੀ ’ਚ ਬੈਠਾ ਨਜ਼ਰ ਆ ਰਿਹਾ ਹੈ।

ਜਦ ਤੱਕ ਇਹ ਕਿਸਾਨੀ ਅੰਦੋਲਨ ਖਤਮ ਨਹੀਂ ਹੁੰਦਾ ਤਦ ਤੱਕ ਸ਼੍ਰੋਮਣੀ ਅਕਾਲੀ ਦਲ ਨਾ ਇਸ ਵੱਲ ਆ ਸਕਦਾ ਹੈ, ਨਾ ਦੂਜੇ ਪਾਸੇ ਜਾ ਸਕਦਾ ਹੈ। ਮੈਂ ਆਪਣੇ ਦੋਵਾਂ ਭਰਾਵਾਂ ਸ. ਸੁਖਬੀਰ ਸਿੰਘ ਬਾਦਲ ਅਤੇ ਸ. ਬਿਕਰਮ ਸਿੰਘ ਮਜੀਠੀਆ ਨੂੰ ਇਹੀ ਕਹਾਂਗਾ ਕਿ ਹੌਸਲਾ ਨਾ ਛੱਡਣ। ਆਪਣੇ ਸਿਆਸੀ ਪਿਛੋਕੜ ਨੂੰ ਧਿਆਨ ’ਚ ਰੱਖ ਕੇ ਅੱਗੇ ਦੀ ਸਿਆਸਤ ਪੰਜਾਬ ਅਤੇ ਕੇਂਦਰ ’ਚ ਕਰਨ। ਸ਼੍ਰੋਮਣੀ ਅਕਾਲੀ ਦਲ ’ਚ ਵੀ ਅਜੇ ਤੱਕ ਧੁੰਦ ਛਾਈ ਹੋਈ ਹੈ। ਜੇ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਇਕੱਲਿਆਂ ਲੋਕ ਸਭਾ ਚੋਣਾਂ ਲੜਦਾ ਹੈ ਤਾਂ ਨਤੀਜਾ ਜ਼ੀਰੋ ਹੋਵੇਗਾ। ਪੁੱਛੋ ਕਿਉਂ? ਕਿਉਂਕਿ ਪੰਜਾਬ ’ਚ ਭਿਅੰਕਰ ਬਹੁਮਤ ਹਾਸਲ ਕਰ ਕੇ ‘ਆਪ’ ਸਰਕਾਰ ਰਾਜ ਕਰ ਰਹੀ ਹੈ।

ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸ. ਬਿਕਰਮ ਸਿੰਘ ਮਜੀਠੀਆ ਦੀਆਂ ਸਾਰੀਆਂ ਫਾਈਲਾਂ ਆਪਣੇ ਟੇਬਲ ’ਤੇ ਰੱਖ ਕੇ ਬੈਠੇ ਹਨ। ਸ. ਬਿਕਰਮ ਸਿੰਘ ਮਜੀਠੀਆ ਨਾਲ ਤਾਂ ਲੱਗਦਾ ਹੈ ਕਿ ਉਨ੍ਹਾਂ ਦਾ ਸ਼ੁਰੂ ਤੋਂ ਹੀ 36 ਦਾ ਅੰਕੜਾ ਹੈ। ਅਜਿਹੇ ’ਚ ਜੇ ਸ. ਸੁਖਬੀਰ ਸਿੰਘ ਬਾਦਲ ਪੰਜਾਬ ਦੀ ਸਿਆਸਤ ’ਚ ਬਣੇ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਦੇ ਸਾਹਮਣੇ ਇਕ ਹੀ ਬਦਲ ਹੈ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ? ਵਿਚਾਰ ਕਰ ਲੈਣ ਸੌਦਾ ਘਾਟੇ ਦਾ ਨਹੀਂ ਹੋਵੇਗਾ?

ਇਹ ਵੀ ਸੱਚ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਪੁਰਾਣੇ ਵਰਕਰਾਂ ’ਤੇ ਭਰੋਸਾ ਨਹੀਂ ਰਿਹਾ, ਉਹ ਸਿਰਫ ਇਸ ਲਈ ਹੈ ਕਿ ਪਾਰਟੀ ਨੂੰ ਨਵੇਂ-ਨਵੇਂ ਨੌਜਵਾਨ ਵਰਕਰਾਂ ਦੀ ਭੀੜ ਲਗਾਤਾਰ ਮਿਲਦੀ ਜਾ ਰਹੀ ਹੈ। ਵਿਰੋਧੀ ਧਿਰ ਦਾ ਹਰ ਛੋਟਾ-ਵੱਡਾ ਨੇਤਾ ਭਾਜਪਾ ’ਚ ਸ਼ਾਮਲ ਹੋ ਰਿਹਾ ਹੈ।

ਅਜਿਹਾ ਲੱਗਦਾ ਹੈ ਕਿ ਭਾਜਪਾ ਦੇ ਸਾਹਮਣੇ ਵਿਰੋਧੀ ਧਿਰ ਨੂੰ ਅਧਰੰਗ ਹੋ ਗਿਆ ਹੈ। ਵਿਰੋਧੀ ਧਿਰ ਗੱਠਜੋੜ ਇੰਡੀਆ ਨੂੰ ਜਿਵੇਂ ਸੱਪ ਸੁੰਘ ਗਿਆ ਹੈ। ਜਿੱਧਰ ਵੀ ਨਜ਼ਰ ਮਾਰੋ, ਵਿਰੋਧੀ ਧਿਰ ਖਿੱਲਰੀ ਹੋਈ ਹੀ ਨਜ਼ਰ ਆਉਂਦੀ ਹੈ। ਅੱਜ ਫਿਰ ਪੰਜਾਬ ਦੀ ਸਿਆਸਤ 1967 ਵਾਲੇ ਗੱਠਜੋੜ ਵੱਲ ਇਸ਼ਾਰਾ ਕਰ ਰਹੀ ਹੈ। ਅੱਜ ਦੋਵਾਂ ਪਾਰਟੀਆਂ ਨੂੰ 1967 ਦੇ ਆਪਣੇ ਪੁਰਾਣੇ ਤੇ ਤਜਰਬੇਕਾਰ ਆਗੂਆਂ ਨੂੰ ਯਾਦ ਕਰਨਾ ਚਾਹੀਦਾ ਹੈ। ਭਾਜਪਾ ਨੂੰ ਵੀ ਆਪਣੇ ਜਨਸੰਘ ਰੂਪ ਨੂੰ ਪਛਾਣਨਾ ਚਾਹੀਦਾ ਹੈ। 1967 ਦੇ ਗੱਠਜੋੜ ਵਿਚ ਜਨਸੰਘ, ਸਵਤੰਤਰ ਪਾਰਟੀ, ਕਮਿਊਨਿਸਟ, ਸ਼੍ਰੋਮਣੀ ਅਕਾਲੀ ਦਲ ਸਾਰੇ ਇਕ ਹੋ ਗਏ ਸਨ। ਤਦ ਸ਼੍ਰੋਮਣੀ ਅਕਾਲੀ ਦਲ ਅਤੇ ਜਨਸੰਘ ਦੇ ਬੜੇ ਗੰਭੀਰ ਅਤੇ ਧੀਰਜ ਵਾਲੇ ਆਗੂ ਸਨ। ਹੁਸ਼ਿਆਰਪੁਰ ਤੋਂ ਚੌਧਰੀ ਬਲਬੀਰ ਸਿੰਘ, ਕਮਿਊਨਿਸਟਾਂ ਤੋਂ ਸੱਤਪਾਲ ਡਾਂਗ ਅੰਮ੍ਰਿਤਸਰ ਤੋਂ, ਮਹੰਤ ਰਾਮ ਪ੍ਰਕਾਸ਼ ਦਾਸ ਦਾਤਾਰਪੁਰ, ਇਹ ਸਭ ਵੱਡੇ ਆਗੂ ਸਨ।

ਸ਼੍ਰੋਮਣੀ ਅਕਾਲੀ ਦਲ ਤੋਂ ਸੰਤ ਫਤਹਿ ਸਿੰਘ, ਸ. ਗੁਰਚਰਨ ਸਿੰਘ ਟੌਹੜਾ, ਸ. ਗੁਰਨਾਮ ਸਿੰਘ, ਸ. ਪ੍ਰਕਾਸ਼ ਸਿੰਘ ਬਾਦਲ , ਸ. ਲਛਮਣ ਸਿੰਘ ਗਿੱਲ, ਹਿੰਦ ਸਮਾਚਾਰ ਗਰੁੱਪ ਦੇ ਮਹਾਨ ਸੰਪਾਦਕ ਸ਼ਹੀਦ ਲਾਲਾ ਜਗਤ ਨਾਰਾਇਣ, ਜਨਸੰਘ ਤੋਂ ਡਾ. ਬਲਦੇਵ ਪ੍ਰਕਾਸ਼, ਵੀਰ ਯੱਗ ਦੱਤ ਸ਼ਰਮਾ, ਮਨਮੋਹਨ ਕਾਲੀਆ, ਹਰਬੰਸ ਲਾਲ ਖੰਨਾ, ਵਿਸ਼ਵਨਾਥਨ, ਬਾਬੂ ਹਿਤਾਭਿਲਾਸ਼ੀ, ਕਿੰਨੀਆਂ ਅਦਭੁੱਤ ਸ਼ਖ਼ਸੀਅਤਾਂ ਸਨ।

1992 ’ਚ ਫਿਰ ਇਕ ਨਵੀਂ ਸਵੇਰ ਨੇ ਅੰਗੜਾਈ ਲਈ। ਹਜ਼ਾਰਾਂ ਲੋਕਾਂ, ਆਗੂਆਂ ਦੀ ਸ਼ਹਾਦਤ ਪਿੱਛੋਂ 1992 ’ਚ ਫਿਰ ਇਕ ਨਵਾਂ ਸਵੇਰਾ ਪੰਜਾਬ ਦੀ ਸਿਆਸਤ ’ਚ ਦੇਖਣ ਨੂੰ ਮਿਲਿਆ। 1997 ’ਚ ਇਕ ਵਾਰ ਫਿਰ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਬਣੀ। 2007 ’ਚ ਮੁੜ ਗੱਠਜੋੜ ਪੰਜਾਬ ’ਚ ਜੇਤੂ ਰਿਹਾ। ਪੰਜਾਬ ’ਚ ਸਿਆਸੀ ਸਥਿਰਤਾ ਪਰਤੀ, ਪੰਜਾਬ ਵਿਕਾਸ ਵੱਲ ਵਧਿਆ।

ਫਿਰ ਪਤਾ ਨਹੀਂ 2022 ਦੀਆਂ ਚੋਣਾਂ ’ਚ ਪੰਜਾਬ ਦੀ ਸਿਆਸਤ ’ਚ ਇਕ ਨਵਾਂ ਅਧਿਆਏ ਜੁੜਿਆ ਕਿ ‘ਆਪ’ ਵਿਧਾਨ ਸਭਾ ਦੀਆਂ 117 ’ਚੋਂ 92 ਸੀਟਾਂ ਲੈ ਕੇ ਸਾਰੀਆਂ ਕਲਾਸੀਕਲ ਸਿਆਸੀ ਪਾਰਟੀਆਂ ਨੂੰ ਹਰਾ ਕੇ ਆਪਣੀ ਸਰਕਾਰ ਬਣਾ ਗਈ।

ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕੀਤਾ ਪਰ ਸਿਰਫ 2 ਵਿਧਾਇਕਾਂ ਦੀ ਪਾਰਟੀ ਬਣ ਕੇ ਰਹਿ ਗਿਆ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਵੀ 2 ਵਿਧਾਇਕਾਂ ਤੋਂ ਅੱਗੇ ਨਾ ਵਧ ਸਕੀ। 2024 ਦੀਆਂ ਲੋਕ ਸਭਾ ਚੋਣਾਂ ’ਚ ਦੋਵਾਂ ਪਾਰਟੀਆਂ ਨੂੰ ਮਿਲ-ਬੈਠ ਕੇ ਵਿਚਾਰ ਕਰਨੀ ਪਵੇਗੀ। ਆਪਸੀ ਕੁੜੱਤਣ ਭੁਲਾ ਕੇ ਮਿਲ ਕੇ ਚੋਣ ਲੜਨੀ ਹੋਵੇਗੀ। ਸਿਆਸੀ ਨਕਸ਼ਾ ਪੰਜਾਬ ’ਚ ਬਦਲਿਆ ਹੈ।

ਮਾ. ਮੋਹਨ ਲਾਲ (ਸਾਬਕਾ ਟ੍ਰਾਂਸਪੋਰਟ ਮੰਤਰੀ, ਪੰਜਾਬ)


Rakesh

Content Editor

Related News