ਪਾਵਰਕਾਮ ਵਲੋਂ ਪੰਜਾਬ ਵਿਚ ਬਿਜਲੀ ਦੀ ਬੱਚਤ ਲਈ ਉਪਰਾਲੇ

Saturday, Dec 14, 2024 - 01:04 PM (IST)

ਬਿਜਲੀ ਇਕ ਕੌਮੀ ਸਰਮਾਇਆ ਹੈ। ਕਿਸੇ ਵੀ ਦੇਸ਼ ਦੀ ਆਰਥਿਕ ਤਰੱਕੀ ਤੇ ਪ੍ਰਫੁੱਲਤਾ ਲਈ ਬਿਜਲੀ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ, ਦੂਸਰੇ ਸ਼ਬਦਾਂ ਵਿਚ ਬਿਜਲੀ ਤੋਂ ਬਿਨਾਂ ਕਿਸੇ ਵੀ ਦੇਸ਼ ਵਿਚ ਤਰੱਕੀ ਤੇ ਪ੍ਰਫੁੱਲਤਾ ਸੰਭਵ ਨਹੀਂ। ਬਿਜਲੀ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਬਣ ਚੁੱਕੀ ਹੈ। ਰੋਟੀ ਤੋਂ ਬਿਨਾਂ ਤਾਂ ਮਨੁੱਖ ਇਕ ਜਾਂ ਦੋ ਦਿਨ ਆਪਣਾ ਜੀਵਨ ਬਤੀਤ ਕਰ ਸਕਦਾ ਹੈ ਪਰ ਬਿਜਲੀ ਤੋਂ ਬਿਨਾਂ ਇਕ ਦਿਨ ਵੀ ਸੁਖਮਈ ਮਨੁੱਖੀ ਜੀਵਨ ਬਤੀਤ ਕਰਨਾ ਸੰਭਵ ਨਹੀਂ ਹੈ। ਭਾਰਤ ਦੇਸ਼ ਦੇ ਸਾਰੇ ਨਾਗਰਿਕਾਂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਬਿਜਲੀ ਦੀ ਬੱਚਤ ਕਰੀਏ ਅਤੇ ਬਿਜਲੀ ਨੂੰ ਸੰਜਮ ਨਾਲ ਵਰਤੋਂ ਕਰਨ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਈਏ। ਭਾਰਤ ਵਿਚ ਹਰ ਸਾਲ 14 ਦਸੰਬਰ ਰਾਸ਼ਟਰੀ ਊਰਜਾ ਬੱਚਤ ਦਿਵਸ ਵਜੋਂ ਮਨਾਇਆ ਜਾਂਦਾ ਹੈ। ਭਾਰਤ ਸਰਕਾਰ ਵਲੋਂ ਐਨਰਜੀ ਕੰਜ਼ਰਵੇਸ਼ਨ ਐਕਟ 2001 ਅਧੀਨ ਬਿਊਰੋ ਆਫ ਐਨਰਜੀ ਐਫੀਸ਼ੈਂਸੀ ਸਥਾਪਤ ਕੀਤੀ ਗਈ ਹੈ, ਜਿਸ ਦਾ ਮੁੱਖ ਉਦੇਸ਼ ਊਰਜਾ ਸੰਜਮ ਸਬੰਧੀ ਨੀਤੀਆਂ, ਨਿਯਮ ਅਤੇ ਰਾਸ਼ਟਰੀ ਪੱਧਰ ’ਤੇ ਬਿਜਲੀ ਦੀ ਬੱਚਤ ਸਬੰਧੀ ਜਾਗਰੂਕਤਾ ਲਈ ਲੋੜੀਂਦੇ ਯਤਨ ਕਰਨਾ ਹੈ। ਭਾਰਤ ਭਰ ਵਿਚ ਵੱਖ-ਵੱਖ ਰਾਜਾਂ ਦੀਆਂ ਬਿਜਲੀ ਇਕਾਈਆਂ ਵਲੋਂ ਬਿਜਲੀ ਦੀ ਮੰਗ ਅਤੇ ਬਿਜਲੀ ਦੀ ਪੈਦਾਵਾਰ ਵਿਚਕਾਰ ਖੱਪੇ ਨੂੰ ਪੂਰਾ ਕਰਨ ਲਈ ਸਮੇਂ-ਸਮੇਂ ’ਤੇ ਉਪਰਾਲੇ ਕੀਤੇ ਜਾਂਦੇ ਹਨ। ਦੇਸ਼ ਵਿਚ ਲੋਕ ਸਭਾ ਅਤੇ ਰਾਜ ਸਭਾ ਵਲੋਂ ਵੀ ਬਿਜਲੀ ਦੀ ਬੱਚਤ ਸਬੰਧੀ ਬਿੱਲ ਪਾਸ ਕੀਤੇ ਹੋਏ ਹਨ।

ਬਿਜਲੀ, ਪਾਣੀ, ਕੋਲਾ, ਪ੍ਰਮਾਣੂ ਬਿਜਲੀ, ਸੋਲਰ ਤੇ ਹੋਰ ਅਨੇਕਾਂ ਸਾਧਨਾਂ ਰਾਹੀਂ ਇਕ ਯੋਜਨਾਬੱਧ ਤਕਨੀਕ ਪ੍ਰਣਾਲੀ ਅਧੀਨ ਬਿਜਲੀ ਦੀ ਪੈਦਾਵਾਰ ਕੀਤੀ ਜਾਂਦੀ ਹੈ। ਬੇਸ਼ੱਕ ਵਿਗਿਆਨ ਨੇ ਵੱਖ-ਵੱਖ ਖੇਤਰਾਂ ਵਿਚ ਵੱਡੀਆਂ-ਵੱਡੀਆਂ ਮੱਲਾਂ ਮਾਰੀਆਂ ਅਤੇ ਮਨੁੱਖਤਾ ਦੀ ਭਲਾਈ ਲਈ ਨਵੀਆਂ ਤਕਨੀਕਾਂ ਵਿਕਸਤ ਕੀਤੀਆਂ ਹਨ ਪਰ ਵਿਗਿਆਨ ਅਜੇ ਇਲੈਕਟ੍ਰੀਕਲ ਬਿਜਲੀ ਨੂੰ ਸਟੋਰ ਕਰਨ ਦੀ ਵਿਧੀ ਨਹੀਂ ਵਿਕਸਤ ਕਰ ਸਕਿਆ। ਜੇਕਰ ਇਲੈਕਟ੍ਰੀਕਲ ਬਿਜਲੀ ਨੂੰ ਸਟੋਰ ਕਰਨ ਦੀ ਪ੍ਰਣਾਲੀ ਹੋਂਦ ਵਿਚ ਆ ਜਾਵੇ ਤਾਂ ਇਸ ਨਾਲ ਬਿਜਲੀ ਖੇਤਰ ਵਿਚ ਬਹੁਤ ਵੱਡਾ ਇਨਕਲਾਬ ਆ ਜਾਵੇਗਾ ਅਤੇ ਬਿਜਲੀ ਖਪਤਕਾਰਾਂ ਨੂੰ ਬਹੁਤ ਲਾਭ ਮਿਲਣਗੇ। ਬਿਜਲੀ ਦੀ ਕੋਈ ਘਾਟ ਨਹੀਂ ਰਹੇਗੀ, ਬਿਜਲੀ ਦੀ ਫਜ਼ੂਲ ਵਰਤੋਂ ਵੀ ਰੋਕੀ ਜਾ ਸਕਦੀ ਹੈ। ਕਿਸੇ ਵੀ ਦੇਸ਼ ਜਾਂ ਸੂਬੇ ਦੀ ਆਰਥਿਕ ਤਰੱਕੀ ਵਿਚ ਬਿਜਲੀ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਕਿਸੇ ਵੀ ਸੂਬੇ ਵਿਚ ਵੱਖ-ਵੱਖ ਖੇਤਰਾਂ ਵਿਚ ਤਰੱਕੀ ਦਾ ਮਾਪਦੰਡ ਉਸ ਸੂਬੇ ਦੇ ਨਾਗਰਿਕਾਂ ਵਲੋਂ ਕੀਤੀ ਗਈ ਬਿਜਲੀ ਦੀ ਖ਼ਪਤ ਨੂੰ ਹੀ ਪ੍ਰਮੁੱਖ ਅਾਧਾਰ ਮੰਨਿਆ ਜਾਂਦਾ ਹੈ। ਸੂਬੇ ਦੀ ਤਰੱਕੀ ਲਈ ਵਧੇਰੇ ਬਿਜਲੀ ਦੀ ਜ਼ਰੂਰਤ ਪੈਂਦੀ ਹੈ। ਬਿਜਲੀ ਦੀ ਕਮੀ ਨੂੰ ਬਿਜਲੀ ਦੀ ਪੈਦਾਵਾਰ ਨੂੰ ਵਧਾ ਕੇ ਜਾਂ ਬਿਜਲੀ ਦੀ ਬੱਚਤ ਜਾਂ ਬਿਜਲੀ ਦੀ ਸੰਜਮ ਨਾਲ ਵਰਤੋਂ ਕਰ ਕੇ ਹੀ ਪੂਰਾ ਕੀਤਾ ਜਾ ਸਕਦਾ ਹੈ। ਬਿਜਲੀ ਦੀ ਪੈਦਾਵਾਰ ਨੂੰ ਵਧਾਉਣ ਲਈ ਨਵੇਂ ਪ੍ਰਾਜੈਕਟ ਲਗਾਉਣੇ ਪੈਂਦੇ ਹਨ ਪਰ ਬਿਜਲੀ ਦੀ ਬੱਚਤ ਰਾਹੀਂ ਬਹੁਤ ਘੱਟ ਸਮੇਂ ਵਿਚ ਬਿਜਲੀ ਦੀ ਘਾਟ ਨੂੰ ਪੂਰਾ ਕਰ ਸਕਦੇ ਹਾਂ। ਬਿਜਲੀ ਦੀ ਬੱਚਤ ਅੱਜ ਪੂਰੇ ਵਿਸ਼ਵ ਭਰ ਵਿਚ ਸਮੇਂ ਦੀ ਮੁੱਖ ਲੋੜ ਬਣ ਗਈ ਹੈ।

ਪਾਠਕਾਂ ਨਾਲ ਇਹ ਤੱਥ ਸਾਂਝਾ ਕੀਤਾ ਜਾਂਦਾ ਹੈ ਕਿ ਬਿਜਲੀ ਦੀ ਇਕ ਯੂਨਿਟ ਦੀ ਬੱਚਤ ਕਰਨ ਨਾਲ 1.25 ਯੂਨਿਟ ਬਿਜਲੀ ਪੈਦਾ ਕਰਨ ਦੇ ਬਰਾਬਰ ਹੈ। ਜੇਕਰ ਪੰਜਾਬ ਦਾ ਹਰ ਖਪਤਕਾਰ ਰੋਜ਼ਾਨਾ ਇਕ ਯੂਨਿਟ ਬਿਜਲੀ ਦੀ ਬੱਚਤ ਕਰੇ ਤਾਂ ਇਸ ਨਾਲ ਕਲਪਨਾ ਕੀਤੀ ਜਾ ਸਕਦੀ ਹੈ ਕਿ ਕਿੰਨੇ ਵੱਡੇ ਪੱਧਰ ’ਤੇ ਬਿਜਲੀ ਦੀ ਬੱਚਤ ਹੋਵੇਗੀ ਅਤੇ ਬਿਜਲੀ ਦੀ ਘਾਟ ਵੀ ਪੂਰੀ ਹੋ ਸਕੇਗੀ, ਕਿੰਨੇ ਸੋਮਿਆਂ ਦੀ ਬੱਚਤ ਹੋਵੇਗੀ ਅਤੇ ਇਸ ਨਾਲ ਬਿਜਲੀ ਖਪਤਕਾਰਾਂ ਦੇ ਵਿੱਤੀ ਸਾਧਨ ਵੀ ਮਜ਼ਬੂਤ ਕਰਨ ਵਿਚ ਯੋਗਦਾਨ ਪਾ ਸਕਦੇ ਹਾਂ। ਇਸ ਸਮੇਂ ਪੰਜਾਬ ਰਾਜ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਇਕ ਕਰੋੜ ਪੰਜ ਲੱਖ ਤੋਂ ਵੱਧ ਵੱਖ-ਵੱਖ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਦੇ ਅਹਾਤਿਆਂ ਨੂੰ ਬਿਜਲੀ ਨਾਲ ਰੁਸ਼ਨਾ ਰਿਹਾ ਹੈ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੰਜਾਬ ਦੇ ਸਰਬਪੱਖੀ ਵਿਕਾਸ ਵਿਚ ਮੁੱਖ ਧੁਰਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਐਨਰਜੀ ਆਡਿਟ ਤੇ ਇਨਫੋਰਸਮੈਂਟ ਵਿੰਗ ਦੇ ਮੁੱਖ ਇੰਜੀਨੀਅਰ ਇੰਜੀ. ਇੰਦਰਪਾਲ ਸਿੰਘ ਅਨੁਸਾਰ ਕਫਾਇਤੀ ਲੈਂਪ ਬੱਚਤ ਯੋਜਨਾ ਦੇ ਪਹਿਲੇ ਪੜਾਅ ਸੰਨ 2018 ਵਿਚ ਬਿਊਰੋ ਆਫ ਐਨਰਜੀ ਐਫੀਸ਼ੈਂਸੀ ਅਤੇ ਈ. ਐੱਸ. ਐੱਸ. ਐੱਲ. ਦੇ ਸਹਿਯੋਗ ਨਾਲ ਪਾਵਰਕਾਮ ਵੱਲੋਂ ਘਰੇਲੂ ਖਪਤਕਾਰਾਂ ਨੂੰ ਪੰਜਾਬ ਵਿਚ 9 ਵਾਟ ਦੇ 15.73 ਲੱਖ ਐੱਲ. ਈ. ਡੀ. ਬੱਲਬ ਵੰਡੇ ਗਏ। ਪਾਵਰਕਾਮ ਦੇ ਡੀ. ਐੱਸ. ਐੱਮ. ਦੇ ਉਪ ਮੁੱਖ ਇੰਜੀਨੀਅਰ ਇੰਜੀ. ਸਲੀਮ ਮੁਹੰਮਦ ਅਨੁਸਾਰ ਡੀ. ਐੱਸ. ਐੱਮ. ਵਲੋਂ ਪਾਵਰਕਾਮ ਦੇ ਡਿਸਕੋਮ ਖੇਤਰ ਅਧੀਨ ਊਰਜਾ ਤਿਮਾਹੀ ਅਤੇ ਸਾਲਾਨਾ ਖਾਤਿਆਂ ਦਾ ਲੇਖਾ-ਜੋਖਾ ਬਣਾਇਆ ਜਾਂਦਾ ਹੈ ਅਤੇ ਇਸ ਨੂੰ ਪੰਜਾਬ ਸਰਕਾਰ ਅਤੇ ਬਿਊਰੋ ਆਫ ਐਨਰਜੀ ਐਫੀਸ਼ੈਂਸੀ ਊਰਜਾ ਮੰਤਰਾਲਾ ਭਾਰਤ ਸਰਕਾਰ ਨੂੰ ਭੇਜਿਆ ਜਾਂਦਾ ਹੈ। ਇਸ ਉਪਰੰਤ ਬਿਜਲੀ ਖੇਤਰ ਲਈ ਲੋੜੀਂਦੇ ਨਿਯਮਾਂ ਅਨੁਸਾਰ ਵਿੱਤੀ ਸਾਧਨ ਮੁਹੱਈਆ ਕਰਵਾਏ ਜਾਂਦੇ ਹਨ। 2023 ਵਿਚ ਭਾਰਤ ਸਰਕਾਰ ਵਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਉੱਤਮ ਕਾਰਗੁਜ਼ਾਰੀ ਲਈ ਐਵਾਰਡ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਵੱਲੋਂ ਪੀ. ਏ. ਟੀ. ਸਾਈਕਲ-2 ਦੌਰਾਨ ਪੀ. ਐੱਸ. ਪੀ. ਸੀ. ਐੱਲ. ਨੂੰ 80,686 ਐਨਰਜੀ ਸੇਵਿੰਗ ਸਰਟੀਫਿਕੇਟ ਜਾਰੀ ਕੀਤੇ ਗਏ ਸਨ।

ਪੰਜਾਬ ਸਰਕਾਰ ਵਲੋਂ ਵੀ ਬਿਜਲੀ ਦੀ ਬੱਚਤ ਲਈ ਬਣਾਈਆਂ ਯੋਜਨਾਵਾਂ ਨੂੰ ਸਰਲ ਤਰੀਕਿਆਂ ਨਾਲ ਲਾਗੂ ਕੀਤਾ ਜਾਂਦਾ ਹੈ। ਪੈਡਾ ਵਲੋਂ ਪੰਜਾਬ ਵਿਚ ਬਿਜਲੀ ਦੀ ਬੱਚਤ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਕਈ ਯੋਜਨਾਵਾਂ ਅਤੇ ਕੰਮ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚ ਐਨਰਜੀ ਆਡਿਟ ਲਈ ਸਿਫਾਰਸ਼ਾਂ, ਬਿਜਲੀ ਦੀ ਬੱਚਤ ਲਈ ਐੱਲ. ਈ. ਡੀ. ਲਾਈਟਾਂ, ਬਿਜਲੀ ਦੀ ਬੱਚਤ ਸਬੰਧੀ ਸੂਚਨਾ ਅਤੇ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ, ਵਰਕਸ਼ਾਪਾਂ ਅਤੇ ਬਿਲਡਿੰਗ ਕੋਡ ਸਬੰਧੀ ਯਤਨ ਕਰਨੇ। ਪੈਡਾ ਪੰਜਾਬ ਵਿਚ ਵੱਖ-ਵੱਖ ਪੱਧਰ ’ਤੇ ਵਿਦਿਆਰਥੀਆਂ ਵਿਚ ਬਿਜਲੀ ਦੀ ਬੱਚਤ ਅਤੇ ਬਿਜਲੀ ਦੀ ਸੰਜਮ ਨਾਲ ਵਰਤੋਂ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਲਈ ਵੀ ਪੜ੍ਹਾਈ ਵਿਚ ਪਾਠਕ੍ਰਮ ਸ਼ਾਮਲ ਕਰਨ ਲਈ ਉਪਰਾਲੇ ਕਰ ਰਿਹਾ ਹੈ। ਪਾਵਰਕਾਮ ਦੇ ਮੁੱਖ ਇੰਜੀਨੀਅਰ ਟੈਕਨੀਕਲ ਆਡਿਟ ਅਤੇ ਪੜਤਾਲ ਇੰਜੀ. ਇੰਦਰਜੀਤ ਸਿੰਘ ਬਾਜਵਾ ਅਨੁਸਾਰ ਪਾਵਰਕਾਮ ਵਲੋਂ ਆਪਣੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਦੀ ਬੱਚਤ, ਬਿਜਲੀ ਦੀ ਮਹੱਤਤਾ ਅਤੇ ਬਿਜਲੀ ਦੀ ਬੱਚਤ ਨਾਲ ਹੋਣ ਵਾਲੇ ਅਨੇਕਾਂ ਫਾਇਦਿਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਮੇਂ-ਸਮੇਂ ’ਤੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਪੰਜਾਬ ਭਰ ਵਿਚ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਜਲੀ ਦੀ ਬੱਚਤ, ਬਿਜਲੀ ਦੀ ਮਹੱਤਤਾ ਅਤੇ ਬਿਜਲੀ ਦੀ ਬੱਚਤ ਨਾਲ ਸਮਾਜ ਨੂੰ ਹੋਣ ਵਾਲੇ ਆਰਥਿਕ ਲਾਭਾਂ ਸਬੰਧੀ ਪੇਪਰ ਰੀਡਿੰਗ ਮੁਕਾਬਲੇ ਕਰਵਾਏ ਜਾਂਦੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਆ ਵੀ ਜਾਂਦਾ ਹੈ। ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਨਾਲ ਸੰਪਰਕ ਕਰ ਕੇ ਬਿਜਲੀ ਬੱਚਤ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ। ਪਾਵਰਕਾਮ ਵਲੋਂ ਵੱਖ-ਵੱਖ ਅਖਬਾਰਾਂ, ਆਲ ਇੰਡੀਆ ਰੇਡੀਓ ਅਤੇ ਟੀ. ਵੀ. ਚੈਨਲਾਂ ਰਾਹੀਂ ਬਿਜਲੀ ਦੀ ਬੱਚਤ ਸਬੰਧੀ ਪ੍ਰਚਾਰ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਕਿਸਾਨ ਮਿਲਣੀਆਂ ਵਿਚ ਖੇਤੀਬਾੜੀ ਖਪਤਕਾਰਾਂ ਨੂੰ ਚੰਗੇ ਕੰਪਨੀ ਦੇ ਸ਼ੰਟ ਕਪੈਸਟਰ ਦੀ ਵਰਤੋਂ ਕਰਨ ਸਬੰਧੀ ਰੰਗਦਾਰ ਛਪਣ ਸਮੱਗਰੀ ਰਾਹੀਂ ਅਪੀਲ ਤੇ ਜਾਣਕਾਰੀ ਦਿੱਤੀ ਜਾਂਦੀ ਹੈ ।

ਡੀ. ਐੱਸ. ਐੱਮ. ਸੈੱਲ ਵਲੋਂ ਪੰਜਾਬ ਵਿਚ ਵੱਖ-ਵੱਖ ਜ਼ੋਨਾਂ ਵਿਚ ਖੇਤੀਬਾੜੀ ਖਪਤਕਾਰਾਂ ਦੇ ਪੰਪ ਸੈੱਟਾਂ ’ਤੇ ਐੱਲ. ਟੀ. ਸ਼ੰਟ ਕਪੈਸਟਰ ਲਾਉਣ ਲਈ ਸਕੀਮ ਤਿਆਰ ਕੀਤੀ ਗਈ ਹੈ। ਇਸ ਸਕੀਮ ਨੂੰ ਮਾਣਯੋਗ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਇਸ ਸਕੀਮ ਤਹਿਤ 8883 ਖਪਤਕਾਰਾਂ ਦੇ ਐੱਲ. ਟੀ. ਸ਼ੰਟ ਕਪੈਸਟਰ ਲਾਏ ਜਾਣਗੇ। ਇਸ ਦਾ ਸਾਰਾ ਖਰਚਾ ਪਾਵਰਕਾਮ ਵੱਲੋਂ ਕੀਤਾ ਜਾਵੇਗਾ। ਇਸ ਨਾਲ ਖੇਤੀਬਾੜੀ ਖਪਤਕਾਰਾਂ ਨੂੰ ਸਹੀ ਵੋਲਟੇਜ ਨਾਲ ਬਿਜਲੀ ਸਪਲਾਈ ਤੇ ਨਾ ਸਿਰਫ ਮੋਟਰਾਂ ਦੀ ਕਾਰਜਕਾਰੀ ਮਿਆਦ ਵਿਚ ਵਾਧੇ ਦਾ ਲਾਭ ਮਿਲੇਗਾ ਸਗੋਂ ਸਿੰਜਾਈ ਲਈ ਵੱਧ ਪਾਣੀ ਵੀ ਮੁਹੱਈਆ ਹੋ ਸਕੇਗਾ ਅਤੇ ਇਸ ਨਾਲ ਟਰਾਂਸਫਾਰਮਰਾਂ ਦੇ ਸੜਨ ਦੀ ਦਰ ਵੀ ਘਟੇਗੀ। ਇਸ ਸਕੀਮ ਨੂੰ ਜਲਦੀ ਹੀ ਲਾਗੂ ਕਰਵਾਉਣ ਹਿੱਤ ਡੀ. ਐੱਸ. ਐੱਮ. ਸੈੱਲ ਉਪਰਾਲੇ ਕਰ ਰਿਹਾ ਹੈ। ਕੇਂਦਰ ਸਰਕਾਰ ਦੀ ਕੰਪਨੀ ਮੈਸਰਜ਼ ਈ. ਈ. ਐੱਸ. ਐੱਲ. (ਐਨਰਜੀ ਐਫੀਸ਼ੀਐਂਸੀ ਸਰਵਿਸਿਜ਼ ਲਿਮਟਿਡ M/s EESL (Energy Efficiency Services Limited) ਵਲੋਂ ਆਪਣੀ ਵੈੱਬਸਾਈਟ ਰਾਹੀਂ ਬਿਜਲੀ ਖਪਤਕਾਰਾਂ ਨੂੰ ਬਿਜਲੀ ਦੀ ਘੱਟ ਖਪਤ ਕਰਨ ਵਾਲੇ ਉਪਕਰਨਾਂ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਪੀ. ਐੱਸ. ਪੀ. ਸੀ. ਐੱਲ. ਦੀ ਵੈੱਬਸਾਈਟ ’ਤੇ ਬਿਜਲੀ ਖਪਤਕਾਰਾਂ ਲਈ ਬਿਜਲੀ ਦੀ ਬੱਚਤ ਕਰਨ ਲਈ ਉਪਰਾਲਿਆਂ ਦੀ ਜਾਣਕਾਰੀ ਉਪਲੱਬਧ ਹੈ। ਪਿਛਲੇ ਸਾਲ 2023 ਵਿਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਡਮੁੱਲੇ ਪ੍ਰਸ਼ਾਸਨਿਕ ਉਪਰਾਲੇ ਤਹਿਤ ਪੰਜਾਬ ਦੇ ਸਾਰੇ ਦਫ਼ਤਰਾਂ ਦਾ 2 ਮਈ ਤੋਂ 15 ਜੁਲਾਈ, 2023 ਤੱਕ ਸਮਾਂ ਸਵੇਰੇ 7:30 ਤੋਂ ਬਾਅਦ ਦੁਪਹਿਰ 2:00 ਵਜੇ ਕਰਦੇ ਹੋਏ ਬਿਜਲੀ ਖਪਤ ’ਤੇ ਕੰਟਰੋਲ ਕਰਨ ਨਾਲ ਬਿਜਲੀ ਬੱਚਤ ਕੀਤੀ ਗਈ ਸੀ।

ਮਨਮੋਹਨ ਸਿੰਘ


DIsha

Content Editor

Related News